You’re viewing a text-only version of this website that uses less data. View the main version of the website including all images and videos.
ਸਮਲਿੰਗੀ ਵਿਆਹ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਏਸ਼ੀਆਈ ਦੇਸ ਬਣਿਆ ਤਾਈਵਾਨ
ਤਾਈਵਾਨ ਦੀ ਸੰਸਦ ਨੇ ਇੱਕ ਇਤਿਹਾਸਕ ਫ਼ੈਸਲਾ ਲਿਆ ਹੈ। ਤਾਈਵਾਨ ਏਸ਼ੀਆ ਦਾ ਪਹਿਲਾ ਅਜਿਹਾ ਦੇਸ ਬਣ ਗਿਆ ਹੈ ਜਿੱਥੇ ਸਮਲਿੰਗੀ ਵਿਆਹ ਕਰਨਾ ਹੁਣ ਗ਼ੈਰ-ਕਾਨੂੰਨੀ ਨਹੀਂ ਰਿਹਾ।
ਸ਼ੁੱਕਰਵਾਰ ਨੂੰ ਸੰਸਦ 'ਚ ਇਸ ਕਾਨੂੰਨ ਲਈ ਵੋਟਿੰਗ ਹੋਈ ਜਿਸ ਤੋਂ ਬਾਅਦ ਸੰਸਦ ਨੇ ਇਹ ਫ਼ੈਸਲਾ ਲਿਆ।
2017 'ਚ ਤਾਈਵਾਨ ਦੀ ਸੰਵੈਧਾਨਿਕ ਅਦਾਲਤ ਨੇ ਇਹ ਫ਼ੈਸਲਾ ਦਿੱਤਾ ਸੀ ਕਿ ਸਮਲਿੰਗੀ ਜੋੜੇ ਨੂੰ ਵਿਆਹ ਕਰਨ ਦੀ ਆਗਿਆ ਨਹੀਂ ਦੇਣਾ ਸੰਵਿਧਾਨ ਦੀ ਉਲੰਘਣਾ ਹੋਵੇਗਾ।
ਸੰਸਦ ਨੂੰ ਦੋ ਸਾਲ ਦਾ ਸਮਾਂ ਦਿੱਤਾ ਗਿਆ ਸੀ ਅਤੇ 24 ਮਈ ਤੱਕ ਇਸ ਕਾਨੂੰਨ ਨੂੰ ਪਾਸ ਕਰਨ ਦਾ ਸਮਾਂ ਸੀ।
ਇਸ ਕ੍ਰਮ ਵਿੱਚ ਤਿੰਨ ਵੱਖ-ਵੱਖ ਕਾਨੂੰਨਾਂ 'ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਵਧੇਰੇ ਪ੍ਰਗਤੀਸ਼ੀਲ ਮੰਨੇ ਜਾਣ ਵਾਲੇ ਸਰਕਾਰੀ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਇਸ ਫ਼ੈਸਲੇ ਦੇ ਇੰਤਜ਼ਾਰ 'ਚ ਰਾਜਧਾਨੀ ਤਾਈਪੇ 'ਚ ਮੀਂਹ ਦੇ ਬਾਵਜੂਦ ਸੰਸਦ ਤੋਂ ਬਾਹਰ ਸਮਲਿੰਗੀ ਅਧਿਕਾਰ ਦੇ ਹਜ਼ਾਰਾਂ ਸਮਰਥਕ ਇਕੱਠੇ ਹੋਏ।
ਇਹ ਵੀ ਪੜ੍ਹੋ-
ਜਿਵੇਂ ਹੀ ਇਹ ਫ਼ੈਸਲਾ ਆਇਆ ਕਿ ਸੰਸਦ ਨੇ ਸਮਲਿੰਗੀ ਵਿਆਹ ਨਾਲ ਜੁੜੇ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਉਹ ਖੁਸ਼ੀ ਨਾਲ ਉਛਲਣ ਲੱਗੇ ਅਤੇ ਭਾਵੁਕ ਹੋ ਕੇ ਇੱਕ ਦੂਜੇ ਨੂੰ ਗਲੇ ਵੀ ਲਗਾਇਆ।
ਹਾਲਾਂਕਿ ਰੂੜੀਵਾਦੀ ਵਿਰੋਧੀ ਧਿਰ ਇਸ ਫ਼ੈਸਲੇ ਤੋਂ ਨਾਰਾਜ਼ ਹੈ।
ਬਿੱਲ 'ਚ ਕੀ ਹੈ?
ਰੂੜੀਵਾਦੀ ਸੰਸਦ ਮੈਂਬਰਾਂ ਵੱਲੋਂ ਪੇਸ਼ ਕੀਤੇ ਦੋ ਹੋਰ ਕਾਨੂੰਨਾਂ 'ਚ 'ਵਿਆਹ' ਦੀ ਬਜਾਇ 'ਸੇਮ-ਸੈਕਸ' ਫੈਮਿਲੀ ਰਿਲੇਸ਼ਨਸ਼ਿਪ' ਜਾਂ 'ਸੇਮ-ਸੈਕਸ ਯੂਨੀਅਨ' ਦਾ ਉਲੇਖ ਕੀਤਾ ਗਿਆ ਸੀ।
ਪਰ ਬੱਚਾ ਗੋਦ ਲੈਣ ਦੇ ਸੀਮਤ ਅਧਿਕਾਰ ਦੇਣ ਵਾਲੇ ਇੱਕੋ-ਇੱਕ ਸਰਕਾਰੀ ਕਾਨੂੰਨ ਸੰਸਦ ਵਿੱਚ ਵਧੇਰੇ ਗਿਣਤੀ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਦੇ ਸੰਸਦ ਮੈਂਬਰਾਂ ਦੇ ਸਮਰਥਨ ਦੀ ਬਦੌਲਤ 66-27 ਵੋਟਾਂ ਨਾਲ ਪਾਸ ਕੀਤਾ ਗਿਆ।
ਹੁਣ ਤਾਈਵਾਨ ਨੇ ਰਾਸ਼ਟਰਪਤੀ ਸਾਈ ਇੰਗ-ਵੇਨ ਦੀ ਮੁਹਰ ਤੋਂ ਬਾਅਦ ਇਹ ਕਾਨੂੰਨ ਵਜੋਂ ਅਮਲ ਵਿੱਚ ਆ ਜਾਵੇਗਾ।
ਇਸ 'ਤੇ ਵੋਟਾਂ ਤੋਂ ਪਹਿਲਾਂ ਕਈ ਸਮਲਿੰਗੀ ਵਰਕਰਾਂ ਨੇ ਕਿਹਾ ਸੀ ਕਿ ਉਹ ਕੇਵਲ ਇਸੇ ਕਾਨੂੰਨ ਨੂੰ ਸਵੀਕਾਰ ਕਰਨਗੇ।
ਤਾਈਵਾਨ ਦੇ 'ਮੈਰਿਜ ਇਕੁਆਲਿਟੀ ਕੋਏਲਿਸ਼ਨ ਅਧਿਕਾਰ ਸਮੂਹ' ਦੀ ਮੁੱਖ ਕਨਵੀਨਰ ਜੈਨੀਫਰ ਲੂ ਨੇ ਬੀਬੀਸੀ ਨੂੰ ਦੱਸਿਆ, "ਇਹ ਪੂਰੀ ਤਰ੍ਹਾਂ ਵਿਆਹ ਦਾ ਅਧਿਕਾਰ ਨਹੀਂ ਹੈ। ਅਸੀਂ ਇੱਕ ਵਿਦੇਸ਼ੀ ਅਤੇ ਤਾਈਵਾਨ ਨਾਗਰਿਕ ਵਿਚਾਲੇ ਸਮਲਿੰਗੀ ਵਿਆਹ ਅਤੇ ਸਮਾਨ ਸਿੱਖਿਆ ਦੇ ਲਿੰਗਕ ਅਧਿਕਾਰ ਨੂੰ ਲੈ ਕੇ ਅਜੇ ਵੀ ਸਪੱਸ਼ਟ ਨਹੀਂ ਹਾਂ।"
"ਇਹ ਬੇਹੱਦ ਮਹੱਤਵਪੂਰਨ ਪਲ ਹੈ ਪਰ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ। ਅਸੀਂ ਆਪਣੇ ਭਵਿੱਖ ਲਈ ਇਹ ਮਹੱਤਵਪੂਰਨ ਅਧਿਕਾਰ ਚਾਹੁੰਦੇ ਹਾਂ।"
ਤਾਈਵਾਨ ਦੇ ਗਾਇਕ ਜੋਲਿਨ ਸਾਈ ਨੇ ਫੇਸਬੁਕ 'ਤੇ ਇੱਕ ਤਸਵੀਰ ਪੋਸਟ ਕਰ ਕੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਹੋਇਆ ਲਿਖਿਆ, "ਵਧਾਈ ਹੋਵੇ!! ਸਾਰੇ ਇਸ ਖੁਸ਼ੀ ਦੇ ਪਾਤਰ ਹਨ।"
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ