ਸ੍ਰੀ ਲੰਕਾ: ਧਮਾਕਿਆਂ ਤੋਂ ਬਾਅਦ ਚਿਹਰੇ ਢਕਣ 'ਤੇ ਲੱਗੀ ਰੋਕ

ਈਸਟਰ ਦੇ ਦਿਨ 21 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀ ਲੰਕਾ ਦੀ ਸਰਕਾਰ ਨੇ ਚਿਹਰੇ ਨੂੰ ਢਕਣ ਵਾਲੇ ਸਾਰੇ ਕੱਪੜਿਆਂ 'ਤੇ ਰੋਕ ਲਗਾ ਦਿੱਤੀ ਹੈ।

ਈਸਟਰ 'ਤੇ ਹੋਏ ਸਿਲਸਿਲੇਵਾਰ ਆਤਮਘਾਤੀ ਹਮਲਿਆਂ ਵਿੱਚ ਢਾਈ ਸੌ ਤੋਂ ਵੱਧ ਲੋਕ ਮਾਰੇ ਗਏ ਸਨ।

ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਦੇਖਦੇ ਹੋਏ ਅਚਾਨਕ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਸੋਮਵਾਰ ਤੋਂ ਲਾਗੂ ਹੋ ਰਹੀ ਇਸ ਰੋਕ ਵਿੱਚ ਮੁਸਲਮਾਨ ਔਰਤਾਂ ਦੇ ਪਹਿਨੇ ਜਾਣ ਵਾਲੇ ਨਕਾਬ ਜਾਂ ਬੁਰਕੇ ਦਾ ਜ਼ਿਕਰ ਨਹੀਂ ਹੈ।

ਇਹ ਵੀ ਪੜ੍ਹੋ:

ਹੁਕਮ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਦੇ ਚਿਹਰੇ ਪੂਰੀ ਤਰ੍ਹਾਂ ਦਿਖਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।

ਬੀਬੀਸੀ ਪੱਤਰਕਾਰ ਅੱਜ਼ਾਮ ਅਮੀਨ ਮੁਤਾਬਕ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਨੂੰਨ ਮੰਤਰੀ ਤੋਂ ਇਸ ਬਾਰੇ ਇੱਕ ਡਰਾਫਟ ਤਿਆਰ ਕਰਨ ਲਈ ਕਿਹਾ ਸੀ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਕਾਨੂੰਨ ਮੰਤਰੀ ਸ੍ਰੀ ਲੰਕਾ ਵਿੱਚ ਮੁਸਲਿਮ ਧਾਰਮਿਕ ਗੁਰੂਆਂ ਦੀ ਮੁੱਖ ਸੰਸਥਾ ਆਈਸੀਜੇਯੂ ਦੇ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਡਰਾਫਟ ਤਿਆਰ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਜ਼ਿਕਰਯੋਗ ਹੈ ਕਿ ਆਈਸੀਜੇਯੂ ਨੇ ਖ਼ੁਦ ਹੀ ਇੱਕ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਚਿਹਰਾ ਢੱਕਣ ਵਾਲੇ ਕੱਪੜਿਆਂ ਨੂੰ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਜਾਵੇ।

ਇਸ ਹਮਲੇ ਦੇ ਲਈ ਅੱਤਵਾਦੀ ਇਸਲਾਮੀ ਸੰਗਠਨ ਨੈਸ਼ਨਲ ਤੋਹੀਦ ਜਮਾਤ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ। ਸਰਕਾਰ ਦੇ ਮੁਤਾਬਕ ਸ੍ਰੀ ਲੰਕਾ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਖ਼ੁਦ ਨੂੰ ਇਸਲਾਮਿਕ ਸਟੇਟ ਕਹਿਣ ਵਾਲੇ ਅੱਤਵਾਦੀ ਸੰਗਠਨ ਤੋਂ ਪ੍ਰਭਾਵਿਤ ਸਨ। ਇਸਲਾਮਿਕ ਸਟੇਟ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈ।

ਇਸਟਰ ਦੇ ਦਿਨ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀ ਲੰਕਾ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਕਈ ਕਦਮ ਚੁੱਕੇ ਹਨ। ਰਾਸ਼ਟਰਪਤੀ ਨੇ ਨੈਸ਼ਨਲ ਤੌਹੀਦ ਜਮਾਤ ਅਤੇ ਜਮੀਅਤ ਮਿੱਲਤ ਇਬਰਾਹਿਮ ਵਰਗੇ ਸੰਗਠਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇ ਸਾਰੇ ਦਫ਼ਤਰ ਸੀਲ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਬੈਂਕ ਖਾਤੇ ਫਰੀਜ਼ ਕਰ ਦਿੱਤੇ ਗਏ ਹਨ।

ਸਰਕਾਰ ਕੁਝ ਹੋਰ ਸੰਗਠਨਾਂ 'ਤੇ ਪਾਬੰਦੀ ਲਗਾਉਣ ਦਾ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ:

ਇਸ ਵਿਚਾਲੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਸ੍ਰੀ ਲੰਕਾ ਪੁਲਿਸ ਨੇ ਕਿਹਾ ਕਿ ਆਤਮਘਾਤੀ ਧਮਾਕਿਆਂ ਦੇ ਮੁੱਖ ਸ਼ੱਕੀ ਜ਼ਹਿਰਾਨ ਹਾਸ਼ਿਮ ਦੇ ਪਿਤਾ ਅਤੇ ਦੋ ਭਰਾ ਸੁਰੱਖਿਆ ਬਲਾਂ ਦੇ ਇੱਕ ਆਪ੍ਰੇਸ਼ਨ ਵਿੱਚ ਸ਼ੁੱਕਰਵਾਰ ਨੂੰ ਮਾਰੇ ਗਏ ਸਨ।

ਪੁਲਿਸ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ ਹਾਸ਼ਿਮ ਦੀ ਮਾਂ ਵੀ ਮਾਰੀ ਗਈ ਹੈ। ਇਨ੍ਹਾਂ ਸਭ ਦੀ ਮੌਤ ਉਸ ਵੇਲੇ ਹੋਈ ਜਦੋਂ ਸੁਰੱਖਿਆ ਕਰਮੀਆਂ ਨੇ ਹਮਲੇ ਦੇ ਸ਼ੱਕੀਆਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਰਿਪੋਰਟਾਂ ਦੇ ਮੁਤਾਬਕ ਹਾਸ਼ਿਮ ਦੇ ਪਿਤਾ ਅਤੇ ਭਰਾ ਨੇ ਧਮਾਕੇ ਵਿੱਚ ਖ਼ੁਦ ਨੂੰ ਉਡਾ ਲਿਆ।

ਸ੍ਰੀ ਲੰਕਾ ਸਰਕਾਰ ਦੇ ਮੁਤਾਬਕ ਹਾਸ਼ਿਮ ਦੀ ਵੀ ਕੋਲੰਬੋ ਦੇ ਇੱਕ ਹੋਟਲ ਵਿੱਚ ਆਤਮਘਾਤੀ ਹਮਲੇ ਵਿੱਚ ਮੌਤ ਹੋ ਗਈ। ਇਹ ਕਿਹਾ ਜਾਂਦਾ ਹੈ ਕਿ ਉਹ ਇਸਲਾਮਿਕ ਗਰੁੱਪ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ਦੇ ਨੇਤਾ ਸਨ। ਇਸ ਸੰਗਠ 'ਤੇ ਹੁਣ ਰੋਕ ਲਗਾ ਦਿੱਤੀ ਗਈ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)