You’re viewing a text-only version of this website that uses less data. View the main version of the website including all images and videos.
ਪੁਲਵਾਮਾ ਹਮਲਾ : ਪਾਕਿਸਤਾਨੀ ਮੁਟਿਆਰਾਂ ਨੇ ਸੋਸ਼ਲ ਮੀਡਿਆ ’ਤੇ ਸ਼ੁਰੂ ਕੀਤੀ 'ਅਮਨ ਦੀ ਲਹਿਰ'
- ਲੇਖਕ, ਸ਼ੁਮਾਇਲਾ ਜਾਫ਼ਰੀ
- ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ
ਭਾਰਤ-ਸ਼ਾਸਤ ਕਸ਼ਮੀਰ ਵਿੱਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਬਾਬਤ ਪਾਕਿਸਤਾਨ ਦੀਆਂ ਕੁਝ ਮੁਟਿਆਰਾਂ ਨੇ ਸੋਸ਼ਲ ਮੀਡੀਆ ਉੱਪਰ ਇੱਕ ਲਹਿਰ ਸ਼ੁਰੂ ਕੀਤੀ ਹੈ, #AntiHateChallenge ਭਾਵ 'ਨਫ਼ਰਤ ਨੂੰ ਚੁਣੌਤੀ'।
ਇਸ ਦਾ ਮੁੱਖ ਟੀਚਾ ਹੈ ਪੁਲਵਾਮਾ ਵਿੱਚ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਨਾ, ਇਕਮੁੱਠਤਾ ਦਿਖਾਉਣਾ।
ਇਸ ਦੀ ਸ਼ੁਰੂਆਤ ਪੱਤਰਕਾਰ ਅਤੇ ਸ਼ਾਂਤੀ ਕਾਰਕੁਨ ਸਹਿਰ ਮਿਰਜ਼ਾ ਨੇ ਕੀਤੀ ਜਿਨ੍ਹਾਂ ਨੇ ਫੇਸਬੁੱਕ ਉੱਪਰ ਇੱਕ ਤਸਵੀਰ ਪਾਈ ਜਿਸ ਵਿੱਚ ਉਨ੍ਹਾਂ ਨੇ ਇੱਕ ਬੈਨਰ ਹੱਥ ਵਿੱਚ ਫੜ੍ਹਿਆ ਹੋਇਆ ਹੈ: 'ਮੈਂ ਇੱਕ ਪਾਕਿਸਤਾਨੀ ਹਾਂ, ਮੈਂ ਪੁਲਵਾਮਾ ਹਮਲੇ ਦੀ ਨਿਖੇਧੀ ਕਰਦੀ ਹਾਂ।'
ਫੇਸਬੁੱਕ ਉੱਤੇ 'ਅਮਨ ਕੀ ਆਸ਼ਾ' ਗਰੁੱਪ ਵਿੱਚ ਸਾਂਝੇ ਕੀਤੇ ਇਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, "ਅਸੀਂ ਕਸ਼ਮੀਰ ਵਿੱਚ ਨਿਰਦੋਸ਼ਾਂ ਦੀਆਂ ਜਾਨਾਂ ਲੈਣ ਵਾਲੇ ਇਸ ਦਰਦਨਾਕ ਆਤੰਕੀ ਹਮਲੇ ਤੋਂ ਬਹੁਤ ਪਰੇਸ਼ਾਨ ਹਾਂ।"
ਇਹ ਵੀ ਜ਼ਰੂਰ ਪੜ੍ਹੋ
ਸਹਿਰ ਮਿਰਜ਼ਾ ਨੇ ਸਲਾਹ ਦਿੱਤੀ ਹੈ ਕੀ ਦਹਿਸ਼ਤਗਰਦੀ ਅਤੇ ਜੰਗ ਦੇ ਮਾਹੌਲ ਖਿਲਾਫ ਦੋਵਾਂ ਦੇਸ਼ਾਂ ਵਿੱਚ ਆਵਾਜ਼ ਉੱਠਣੀ ਚਾਹੀਦੀ ਹੈ।
ਉਨ੍ਹਾਂ ਨੇ ਪਾਕਿਸਤਾਨੀਆਂ ਨੂੰ ਸੱਦਾ ਦਿੱਤਾ ਕੀ ਉਹ ਵੀ ਪੁਲਵਾਮਾ ਹਮਲੇ ਦੀ ਨਿਖੇਧੀ ਖੁੱਲ੍ਹ ਕੇ ਕਰਨ ਅਤੇ ਹੈਸ਼ਟੈਗ #AntiHateChallenge ਤੋਂ ਇਲਾਵਾ #NoToWar (ਜੰਗ ਨੂੰ ਨਾਂਹ), #WeStandWithIndia (ਅਸੀਂ ਭਾਰਤ ਦੇ ਨਾਲ ਹਾਂ), #CondemnPulwamaAttack (ਪੁਲਵਾਮਾ ਹਮਲੇ ਦੀ ਨਿਖੇਧੀ), ਸੋਸ਼ਲ ਮੀਡਿਆ ਪੋਸਟ ਵਿੱਚ ਵਰਤ ਕੇ ਵਿਚਾਰ ਸਾਂਝੇ ਕਰਨ।
ਸਹਿਰ ਨੇ ਬੀਬੀਸੀ ਨੂੰ ਦੱਸਿਆ ਕੀ ਜੰਗ ਵਰਗੀ ਇਹ ਸਥਿਤੀ ਬਹੁਤ ਪਰੇਸ਼ਾਨ ਕਰਨ ਵਾਲੀ ਹੈ।
"ਇਹ ਨਜ਼ਰ ਆ ਹੀ ਰਿਹਾ ਹੈ ਕੀ ਭਾਰਤ ਦੇ ਲੋਕ ਗੁੱਸੇ ਵਿੱਚ ਹਨ, ਉਨ੍ਹਾਂ ਨੂੰ ਦਰਦ ਵੀ ਮਹਿਸੂਸ ਹੋ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਹਰ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।"
ਇਹ ਵੀ ਜ਼ਰੂਰ ਪੜ੍ਹੋ
ਇਸੇ ਲਈ ਸਹਿਰ ਅਤੇ ਉਨ੍ਹਾਂ ਦੇ ਦੋਸਤਾਂ ਨੇ ਫੈਸਲਾ ਕੀਤਾ ਕੀ ਪਾਕਿਸਤਾਨ ਵੱਲੋਂ ਵੀ ਚੁੱਪ ਤੋੜਨੀ ਚਾਹੀਦੀ ਹੈ।
"ਮੈਨੂੰ ਲੱਗਦਾ ਹੈ ਕਿ ਗੁੱਸੇ, ਦੁੱਖ ਅਤੇ ਦਰਦ ਦੇ ਇਸ ਮਾਹੌਲ ਵਿੱਚ ਸਾਨੂੰ ਇੱਕ-ਦੂਜੇ ਨੂੰ ਪਲੋਸਣ ਲਈ ਵੀ ਕੁਝ ਥਾਵਾਂ ਬਣਾਉਣੀਆਂ ਚਾਹੀਦੀਆਂ ਹਨ। ਇਹ ਸਿਰਫ ਪਿਆਰ ਨਾਲ ਹੀ ਸੰਭਵ ਹੈ।"
ਆਪਣੀ ਫੇਸਬੁੱਕ ਪੋਸਟ ਵਿੱਚ ਸਹਿਰ ਨੇ ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਦੀਆਂ ਕੁਝ ਉਰਦੂ ਸਤਰਾਂ ਵੀ ਅੰਗਰੇਜ਼ੀ ਤਰਜ਼ੁਮਾ ਕਰ ਕੇ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਹਨ:
'ਖੂਨ ਅਪਨਾ ਹੋ ਯਾ ਪਰਾਯਾ ਹੋ,
ਨਸਲ-ਏ-ਆਦਮ ਕਾ ਖੂਨ ਹੈ ਆਖਿਰ,
ਜੰਗ ਮਸ਼ਰਿਕ ਮੈ ਹੋ ਯਾ ਮਗ਼ਰਿਬ ਮੇਂ
ਅਮਨ-ਏ-ਆਲਮ ਕਾ ਖੂਨ ਹੈ ਆਖਿਰ...'
ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਅਪੀਲ ਤੋਂ ਬਾਅਦ ਸੰਦੇਸ਼ ਪਾਏ ਉਨ੍ਹਾਂ ਵਿੱਚ ਲਾਹੌਰ ਦੀ ਵਕੀਲ ਸ਼ਮਾਇਲਾ ਖ਼ਾਨ ਹਨ।
ਸ਼ਮਾਇਲਾ ਨੇ ਲਿਖਿਆ, "ਸਾਨੂੰ ਲੱਗਿਆ ਕਿ ਜੋ ਗੱਲਬਾਤ ਇਸ ਹਮਲੇ ਤੋਂ ਬਾਅਦ ਹੋਈ ਉਸ ਵਿੱਚ ਅਮਨ ਦੀ ਗੱਲ ਨਹੀਂ ਸੀ।"
"ਦੋਵਾਂ ਪਾਸੋਂ ਅਤਿ-ਰਾਸ਼ਟਰਵਾਦ ਦੀ ਗੱਲ ਹੋਣ ਲੱਗੀ ਸੀ। ਅਸੀਂ ਦੋਹਾਂ ਪਾਸਿਓਂ ਨਾਗਰਿਕਾਂ ਦੁਆਰਾ ਸ਼ੁਰੂ ਕੀਤਾ ਇੱਕ ਅਮਨ ਦਾ ਪੈਗਾਮ ਪੇਸ਼ ਕਰਨਾ ਚਾਹੁੰਦੇ ਸੀ।"
ਟਵਿੱਟਰ ਉੱਪਰ ਵੀ ਇਸ ਨੂੰ ਸਮਰਥਨ ਮਿਲਿਆ ਹੈ। 'ਅਮਨ ਕੀ ਆਸ਼ਾ' ਫੇਸਬੁੱਕ ਗਰੁੱਪ ਨੂੰ ਚਲਾਉਣ ਵਾਲੀ ਪਾਕਿਸਤਾਨੀ ਪੱਤਰਕਾਰ ਬੀਨਾ ਸਰਵਰ ਨੇ ਵੀ ਅਪੀਲ ਨੂੰ ਅੱਗੇ ਵਧਾਇਆ ਹੈ।
ਬੀਨਾ ਸਰਵਰ ਨੇ ਫੇਸਬੁੱਕ ਉੱਪਰ ਲਿਖਿਆ ਕਿ ਅਜਿਹੇ ਸੰਦੇਸ਼ ਰਾਹੀਂ ਨਫਰਤ ਦੇ ਖਿਲਾਫ ਬੋਲਣਾ ਕੋਈ "ਦੋਸ਼ ਦਾ ਇਕਰਾਰ" ਨਹੀਂ।
ਭਾਰਤ ਵਿੱਚ ਵੀ ਕਈਆਂ ਨੇ ਇਸ ਦੀ ਸ਼ਲਾਘਾ ਕੀਤੀ।
ਟਵਿੱਟਰ ਉੱਪਰ ਵਿਨਾਇਕ ਪਦਮਦਿਓ ਨੇ ਲਿਖਿਆ, "ਇਨਸਾਨੀਅਤ ਵਿੱਚ ਮੇਰਾ ਵਿਸ਼ਵਾਸ ਮੁੜ ਹੋ ਗਿਆ ਹੈ।"
ਰਾਜੀਵ ਸਿੰਘ ਨੇ ਸਹਿਰ ਮਿਰਜ਼ਾ ਦੀ ਤਾਰੀਫ ਕੀਤੀ।
ਸਿੱਧਾਰਥ ਦਾਸ ਨੇ ਲਿਖਿਆ, "ਭਾਵੇਂ ਇਨ੍ਹਾਂ ਦੀ ਗਿਣਤੀ ਘੱਟ ਹੈ ਪਰ ਪਾਕਿਸਤਾਨ ਵਿੱਚ ਵੀ ਇਨਸਾਨੀਅਤ ਰੱਖਣ ਵਾਲੇ ਲੋਕ ਮੌਜੂਦ ਹਨ।"
ਸਹਿਰ ਮਿਰਜ਼ਾ ਨੇ ਦੱਸਿਆ ਕਿ ਪ੍ਰਤੀਕਿਰਿਆ ਮਿਲੀ-ਜੁਲੀ ਰਹੀ ਹੈ। ਬਹੁਤ ਲੋਕ ਉਨ੍ਹਾਂ ਨੂੰ ਗਾਲਾਂ ਵੀ ਕੱਢ ਰਹੇ ਹਨ।
"ਕਈਆਂ ਨੂੰ ਲੱਗਿਆ ਕਿ ਸਾਡੀਆਂ ਤਸਵੀਰਾਂ ਫਰਜ਼ੀ ਹਨ। ਦੋਵਾਂ ਪਾਸੇ ਹੀ ਅਮਨ-ਪਸੰਦ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਗੱਲ ਸਾਹਮਣੇ ਲਿਆਈਏ।"
ਇਸ 'ਚੈਲੇਂਜ' ਦੀ ਨਿਖੇਧੀ ਕਰਨ ਵਾਲਿਆਂ ਵਿੱਚ ਕਈ ਅਜਿਹੇ ਸਨ ਜਿਨ੍ਹਾਂ ਮੁਤਾਬਕ ਭਾਰਤੀ ਫੌਜ ਵੱਲੋਂ ਕਸ਼ਮੀਰ ਵਿੱਚ ਤਸ਼ੱਦਦ ਹੀ ਇਸ ਹਮਲੇ ਲਈ ਜ਼ਿੰਮੇਵਾਰ ਹੈ।
ਬੁਰਹਾਨ ਗਿਲਾਨੀ ਨੇ ਟਵਿੱਟਰ 'ਤੇ ਲਿਖਿਆ, "ਜੇ ਪਾਕਿਸਤਾਨ ਦੇ ਅਮੀਰ ਵਰਗ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਸਾਡੇ ਪੜੋਸੀ ਖਿੱਤੇ ਵਿੱਚ ਕੀ ਹੋ ਰਿਹਾ ਹੈ ਤਾਂ ਇਸ ਵਰਗ ਦੇ ਲੋਕਾਂ ਨੂੰ ਅਜਿਹੇ (ਹਮਲੇ ਦੀ) ਨਿਖੇਧੀ ਦੇ ਸੰਦੇਸ਼ ਨਹੀਂ ਦੇਣੇ ਚਾਹੀਦੇ। ਸੋਚੋ, ਅਮਨ ਉਦੋਂ ਹੀ ਆਵੇਗਾ ਜਦੋਂ ਕਬਜ਼ਾ ਮੁੱਕ ਜਾਵੇਗਾ।"
ਇਹ ਵੀ ਜ਼ਰੂਰ ਪੜ੍ਹੋ
ਸ਼ੁਮਾਇਲਾ ਖ਼ਾਨ ਮੁਤਾਬਕ ਕਈ ਲੋਕ ਪਰਿਪੇਖ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ ਅਤੇ ਕਹਿ ਰਹੇ ਹਨ ਕਿ ਅਜਿਹੇ ਗੁੰਝਲਦਾਰ ਮਸਲੇ ਨੂੰ ਇੱਕ ਸੋਸ਼ਲ ਮੀਡੀਆ ਲਹਿਰ 'ਚ ਨਹੀਂ ਸਮੇਟਿਆ ਜਾ ਸਕਦਾ।
"ਅਸੀਂ ਇਹ ਬਹਿਸ ਸ਼ੁਰੂ ਕਰ ਕੇ ਖੁਸ਼ ਹਾਂ ਕਿ ਪਾਕਿਸਤਾਨੀਆਂ ਨੂੰ ਅਜਿਹੇ ਹਮਲੇ ਤੋਂ ਬਾਅਦ ਕਹਿਣਾ ਕੀ ਚਾਹੀਦਾ ਹੈ। ਸਾਨੂੰ ਸੋਚਣਾ ਪਵੇਗਾ ਕਿ ਕਸ਼ਮੀਰੀਆਂ ਦਾ ਖਿਆਲ ਰੱਖਦੇ ਹੋਏ ਅਸੀਂ ਅਮਨ ਦੀ ਗੱਲ ਕਿਵੇਂ ਕਰ ਸਕਦੇ ਹਾਂ।"
ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਨਾਗਰਿਕ ਇਸ ਬਹਿਸ ਵਿੱਚ ਹਿੱਸਾ ਲੈਣ, "ਬਜਾਇ ਕਿ ਸਰਕਾਰਾਂ ਹੀ ਇਸ ਉੱਪਰ ਬਹਿਸਦੀਆਂ ਰਹਿਣ ਅਤੇ ਆਪਣੇ-ਆਪਣੇ ਰਾਸ਼ਟਰਵਾਦ ਦਾ ਹਵਾਲਾ ਦਿੰਦੀਆਂ ਰਹਿਣ"।
ਇਹ ਵੀਡੀਓ ਵੀ ਜ਼ਰੂਰ ਦੇਖੋ