7 ਮੰਜ਼ਿਲਾ ਇਮਾਰਤ ਦੇ ਮਲਬੇ ’ਚ ਇੰਝ ਲੱਭਿਆ 11 ਮਹੀਨੇ ਦਾ ਬੱਚਾ

ਰੂਸ ਦੇ ਮੈਗਨੀਟੋਗੋਰਸਕ ਸ਼ਹਿਰ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਡਿੱਗੀ ਤਾਂ ਜ਼ਿੰਦਗੀਆਂ ਬਚਣ ਦੀ ਆਸ ਘਟਦੀ ਜਾ ਰਹੀ ਸੀ ਪਰ ਅਚਾਨਕ ਇੱਕ ਬੱਚੇ ਦੀ ਰੋਣ ਦੀ ਆਵਾਜ਼ ਨੇ ਨਿਰਾਸ਼ਾ ਨੂੰ ਆਸ 'ਚ ਬਦਲ ਦਿੱਤਾ।

ਮੈਗਨੀਟੋਗੋਰਸਕ ਸ਼ਹਿਰ ਵਿੱਚ ਵਾਪਰੇ ਇਸ ਹਾਦਸੇ ਵਿੱਚ ਜ਼ਿੰਦਾ ਮਿਲੇ ਇੱਕ 11 ਮਹੀਨੇ ਦਾ ਬੱਚਾ ਹੋਸ਼ ਵਿੱਚ ਤਾਂ ਹੈ ਪਰ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਰੂਸ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਬੱਚੇ ਨੂੰ ਕਈ ਸੱਟਾਂ ਲਗੀਆਂ ਹਨ ਤੇ ਲੱਤਾਂ ਵਿੱਚ ਫਰੈਕਚਰ ਹਨ। ਬੱਚੇ ਨੂੰ ਹੋਰ ਇਲਾਜ ਲਈ ਮਾਸਕੋ ਭੇਜ ਦਿੱਤਾ ਹੈ। ਬੱਚੇ ਦਾ ਨਾਂ ਈਵਾਨ ਹੈ।

ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਇਮਾਰਤ ਗੈਸ ਧਮਾਕੇ ਕਾਰਨ ਢਹਿ-ਢੇਰੀ ਹੋਈ ਹੈ। ਇਸ ਹਾਦਸੇ ਵਿੱਚ ਹੁਣ ਤੱਕ ਘੱਟੋ-ਘੱਟ 21 ਲੋਕਾਂ ਦੀ ਜਾਨ ਗਈ ਹੈ।

ਈਵਾਨ ਦੀ ਮਾਂ ਵੀ ਇਸ ਹਾਦਸੇ ਵਿੱਚ ਬਚ ਗਈ ਹੈ। ਈਵਾਨ ਨੇ ਕਰੀਬ 30 ਘੰਟੇ ਸਿਫਰ ਤੋਂ ਕਈ ਡਿਗਰੀ ਹੇਠਾਂ ਵਾਲੇ ਤਾਪਮਾਨ ਵਿੱਚ ਬਿਤਾਏ ਜਿਸ ਤੋਂ ਬਾਅਦ ਉਸ ਨੂੰ ਮਲਬੇ ਤੋਂ ਬਚਾਇਆ ਜਾ ਸਕਿਆ।

ਕਿਵੇਂ ਮਿਲਿਆ ਈਵਾਨ?

ਈਵਾਨ ਇੱਕ ਕੰਬਲ ਵਿੱਚ ਲਪੇਟਿਆ ਹੋਇਆ ਮਿਲਿਆ। ਮਾਸਕੋ ਦੇ ਪੂਰਬ ਵਿੱਚ 1695 ਕਿਲੋਮੀਟਰ ਦੂਰ ਸਥਿਤ ਇਸ ਸ਼ਹਿਰ ਵਿੱਚ ਦਿਨ ਵਿੱਚ ਤਾਪਮਾਨ ਸਿਫਰ ਤੋਂ 17 ਡਿਗਰੀ ਥੱਲੇ ਹੁੰਦਾ ਹੈ।

ਬਚਾਅ ਕਾਰਜ ਵਿੱਚ ਲੱਗੇ ਪਿਓਤਰ ਗਰਿਤਸੈਨਕੋ ਨੇ ਪਹਿਲਾਂ ਬੱਚੇ ਨੂੰ ਕੁੜੀ ਸਮਝਿਆ ਸੀ।

ਉਨ੍ਹਾਂ ਨੇ ਰੋਜ਼ੀਆ 24 ਟੀਵੀ ਚੈਨਲ ਨੂੰ ਦੱਸਿਆ, "ਅਸੀਂ ਸ਼ਾਂਤੀ ਬਣਾਈ ਹੋਈ ਸੀ ਤਾਂ ਜੋ ਅਸੀਂ ਆਵਾਜ਼ਾਂ ਨੂੰ ਸੁਣ ਸਕੀਏ।''

"ਸਾਡੇ ਗਰੁੱਪ ਦੇ ਇੱਕ ਬਚਾਅ ਮੁਲਾਜ਼ਮ ਐਂਡਰੀ ਵਾਲਮੈਨ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਇਹ ਆਵਾਜ਼ ਨਾਲ ਦੇ ਅਪਾਰਟਮੈਂਟ ਦੇ ਬਲੌਕ ਤੋਂ ਆ ਰਹੀ ਸੀ ਜਿਸ ਦਾ ਇੱਕ ਹਿੱਸਾ ਅਜੇ ਵੀ ਖੜ੍ਹਾ ਸੀ।''

ਇਹ ਵੀ ਪੜੋ:

ਅਸੀਂ ਸਾਰੀ ਮਸ਼ੀਨਰੀ ਰੋਕ ਦਿੱਤੀ ਤਾਂ ਜੋ ਅਸੀਂ ਆਵਾਜ਼ ਫਿਰ ਤੋਂ ਸੁਣ ਸਕੀਏ। ਜਦੋਂ ਅਸੀਂ ਕਿਹਾ ਚੁੱਪ ਹੋ ਜਾਓ ਤਾਂ ਸਾਰੇ ਚੁੱਪ ਹੋ ਗਏ, ਬੱਚਾ ਵੀ ਚੁੱਪ ਹੋ ਗਿਆ। ਜਦੋਂ ਅਸੀਂ ਕਿਹਾ 'ਤੁਸੀਂ ਕਿੱਥੇ ਹੋ' ਤਾਂ ਉਸ ਨੇ ਮੁੜ ਤੋਂ ਰੋਣਾ ਸ਼ੁਰੂ ਕਰ ਦਿੱਤਾ।

ਜਦੋਂ ਸਾਨੂੰ ਪੂਰਾ ਭਰੋਸਾ ਹੋ ਗਿਆ ਤਾਂ ਸਾਡੇ ਸੈਂਟਰ ਦੇ ਮੁਖੀ ਜੋ ਕਾਫੀ ਤਜਰਬੇਗਾਰ ਸਨ, ਨੇ ਕਿਹਾ, "ਅਸੀਂ ਇੱਥੇ ਕੰਮ ਕਰਾਂਗੇ'', ਫਿਰ ਅਸੀਂ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ।

ਕਿਵੇਂ ਹੋਇਆ ਧਮਾਕਾ?

ਕਰੀਬ 06:02 ਵਜੇ ਦੇ ਸਥਾਨਕ ਸਮੇਂ 'ਤੇ ਇਮਰਾਤ ਦੀ ਪਹਿਲੀ ਮੰਜ਼ਿਲ 'ਤੇ ਧਮਾਕਾ ਹੋ ਗਿਆ ਅਤੇ ਸੱਤ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ।

ਇਮਾਰਤ ਵਿੱਚ 48 ਫਲੈਟਾਂ ਵਿੱਚ 120 ਲੋਕ ਰਹਿੰਦੇ ਸਨ। ਆਲੇ-ਦੁਆਲੇ ਦੇ ਫਲੈਟਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਇੱਕ ਚਸ਼ਮਦੀਦ ਨੇ ਰਸ਼ੀਅਨ ਟੈਲੀਵਿਜ਼ਨ ਨੂੰ ਦੱਸਿਆ, ਮੈਂ ਜਦੋਂ ਉੱਠਿਆ ਤਾਂ ਖੁਦ ਨੂੰ ਡਿੱਗਦਿਆਂ ਮਹਿਸੂਸ ਕੀਤਾ।

ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਉਸ ਨੇ ਅੱਗ ਦੀਆਂ ਲਪਟਾਂ ਦੇਖੀਆਂ।

ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਮੈਗਨੀਟੋਗੋਰਸਕ ਵਿੱਚ ਸੋਗ ਦਾ ਦਿਨ ਐਲਾਨਿਆ ਗਿਆ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)