ਨਰਿੰਦਰ ਮੋਦੀ ਦੀ ਨਵੀਂ ਨਰਮੀ ਪਿੱਛੇ ਰਾਹੁਲ ਗਾਂਧੀ ਦਾ ਅਸਰ? ਜਾਣੋ ਬਦਲੇ ਸੁਰ ਦਾ ਰਾਜ਼ — ਨਜ਼ਰੀਆ

    • ਲੇਖਕ, ਸਾਗਰਿਕਾ ਘੋਸ਼
    • ਰੋਲ, ਸੀਨੀਅਰ ਪੱਤਰਕਾਰ

ਨਵਾਂ ਸਾਲ 2019 ਚੋਣਾਂ ਦਾ ਵੀ ਸਾਲ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਸ਼ੁਰੂਆਤ ਉਸੇ ਹਿਸਾਬ ਨਾਲ ਕੀਤੀ ਹੈ।

ਚੋਣ ਪ੍ਰਚਾਰ ਗਰਮਾਗਰਮੀ ਵਾਲਾ ਹੋਵੇਗਾ ਅਤੇ ਮੰਗਲਵਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੋਦੀ ਨੇ ਇਸੇ ਲਈ ਸਾਲ ਦੀ ਸ਼ੁਰੂਆਤ ਸਿਆਸੀ ਬਿਆਨਬਾਜ਼ੀ ਨਾਲ ਕੀਤੀ।

ਇੱਕ ਖ਼ਬਰ ਏਜੰਸੀ ਨੂੰ ਇੰਟਰਵਿਊ ਲਈ ਜਨਵਰੀ ਦੀ ਪਹਿਲੀ ਤਰੀਕ ਵੀ ਉਨ੍ਹਾਂ ਨੇ ਯੋਜਨਾ ਤਹਿਤ ਹੀ ਚੁਣੀ ਹੋਵੇਗੀ, ਕਿਉਂਕਿ ਪ੍ਰਚਾਰ ਲਈ ਮੀਡੀਅਮ ਦੀ ਵਰਤੋਂ ਦੇ ਉਹ ਮਾਹਰ ਹਨ। ਉਹ ਜਾਣਦੇ ਹਨ ਕਿ ਮੀਡੀਆ ਦੀ ਵਰਤੋਂ ਕਦੋਂ ਕਰਨੀ ਹੈ, ਕਿੰਨੀ ਕਰਨੀ ਹੈ।

ਇਹ ਵੀ ਜ਼ਰੂਰ ਪੜ੍ਹੋ

ਜੇ ਉਨ੍ਹਾਂ ਦੇ ਜਵਾਬਾਂ ਦੀ ਗੱਲ ਕਰੀਏ ਤਾਂ ਰਾਮ ਮੰਦਰ ਬਾਰੇ ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਪ੍ਰੀਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਆਰਡੀਨੈਂਸ ਲਿਆਉਣ ਬਾਰੇ ਸੋਚਿਆ ਜਾਵੇਗਾ।

ਮੈਨੂੰ ਨਹੀਂ ਲਗਦਾ ਕਿ ਉਹ ਇਸ ਤੋਂ ਪਿੱਛੇ ਹਟਣਗੇ। ਇਹ ਉਨ੍ਹਾਂ ਦਾ ਦੋਹਰਾ ਰਵੱਈਆ ਹੋ ਸਕਦਾ ਹੈ ਕਿਉਂਕਿ ਉਹ ਸਮੇਂ ਅਨੁਸਾਰ ਵੱਖ-ਵੱਖ ਗੱਲਾਂ ਕਰਦੇ ਹਨ। ਜਦੋਂ ਹਿੰਦੂਤਵ ਦੀ ਗੱਲ ਆਉਂਦੀ ਹੈ ਤਾਂ ਉਹ ਕੁਝ ਹੋਰ ਹੀ ਬੋਲਦੇ ਹਨ।

ਨਿਮਰਤਾ ਪਿੱਛੇ ਕੀ?

ਕਿਸ ਤਰ੍ਹਾਂ ਮੋਦੀ ਇੰਟਰਵਿਊ ਦੌਰਾਨ ਪੇਸ਼ ਆਏ ਵੇਖਣ ਲਾਇਕ ਸੀ। ਉਨ੍ਹਾਂ ਦਾ ਵਤੀਰਾ ਬਹੁਤ ਨਿਮਰਤਾ ਵਾਲਾ ਸੀ।

ਰੈਲੀਆਂ ਵਿੱਚ ਤਾਂ ਉਹ ਦਬੰਗ ਵਾਂਗ ਪੇਸ਼ ਆਉਂਦੇ ਹਨ, ਆਪਣੀ "56 ਇੰਚ ਦੀ ਛਾਤੀ" ਦਾ ਜ਼ਿਕਰ ਕਰਦੇ ਹਨ, ਕੌੜੇ ਲਹਿਜੇ ਦੀ ਵੀ ਵਰਤੋਂ ਕਰਦੇ ਹਨ।

ਪਰ ਇਸ ਇੰਟਰਵਿਊ ਵਿੱਚ ਉਨ੍ਹਾਂ ਦਾ ਲਹਿਜ਼ਾ ਵੱਖਰਾ ਸੀ, ਉਹ ਸੌਫਟ-ਸਪੋਕਨ ਸਨ।

ਇਸ ਨਾਲ ਉਹ ਮਿਡਲ ਕਲਾਸ ਅਤੇ ਸ਼ਹਿਰੀ ਵੋਟਰਾਂ ਨੂੰ ਆਕਰਸ਼ਿਤ ਕਰਦੇ ਨਜ਼ਰ ਆਏ। ਲਗਦਾ ਹੈ ਕਿ ਹਾਲ ਹੀ ਵਿੱਚ ਕੁਝ ਸੂਬਿਆਂ 'ਚ ਹਾਰ ਤੋਂ ਬਾਅਦ ਭਾਜਪਾ ਨੂੰ ਅਹਿਸਾਸ ਹੋ ਗਿਆ ਹੈ ਕਿ ਕੱਟੜ ਹਿੰਦੂਤਵ ਨਾਲ ਗੱਲ ਬਣਨੀ ਨਹੀਂ।

ਇਹ ਵੀ ਜ਼ਰੂਰ ਪੜ੍ਹੋ

ਜਿਸ ਤਰ੍ਹਾਂ ਗਊਆਂ ਦੀ ਸੁਰੱਖਿਆ ਦੇ ਨਾਂ 'ਤੇ ਹਿੰਸਾ ਹੋ ਰਹੀ ਹੈ, ਬੁਲੰਦਸ਼ਹਿਰ ਵਿੱਚ ਪੁਲਿਸ ਵਾਲੇ ਦੀ ਹੱਤਿਆ ਹੋਈ ਹੈ, ਅਦਾਕਾਰ ਨਸੀਰੁੱਦੀਨ ਸ਼ਾਹ ਨੇ ਆਪਣੇ ਡਰ ਦਾ ਜ਼ਿਕਰ ਕੀਤਾ ਹੈ, ਇਨ੍ਹਾਂ ਘਟਨਾਵਾਂ ਨੇ ਭਾਜਪਾ ਉੱਤੇ ਅਸਰ ਪਾਇਆ ਲਗਦਾ ਹੈ।

ਹਾਰ ਨੇ ਲਿਆਉਂਦਾ ਬਦਲਾਅ

ਮੋਦੀ ਨੇ ਹਾਲ ਵਿੱਚ ਤਿੰਨ ਸੂਬਿਆਂ ਵਿੱਚ ਮਿਲੀ ਹਾਰ ਨੂੰ ਮੰਨਿਆ ਅਤੇ ਨਰਮ ਨਜ਼ਰ ਆਏ, ਹਾਲਾਂਕਿ ਇਨ੍ਹਾਂ ਚੋਣਾਂ ਦੀਆਂ ਰੈਲੀਆਂ ਵਿੱਚ ਉਨ੍ਹਾਂ ਦਾ ਤੇਵਰ ਕੁਝ ਹੋਰ ਸੀ।

ਉਹ ਇਹ ਵੀ ਸਮਝ ਰਹੇ ਹਨ ਕਿ ਉਨ੍ਹਾਂ ਦੇ ਬੋਲਣ ਦੇ ਤਰੀਕੇ ਤੋਂ ਲੋਕ ਖਿੱਝ ਰਹੇ ਹਨ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤਾਂ ਪਹਿਲਾਂ ਹੀ ਮੋਦੀ ਉੱਪਰ ਇਲਜ਼ਾਮ ਲਗਾਉਂਦੇ ਹਨ ਕਿ ਉਹ ਨਫ਼ਰਤ ਦੀ ਗੱਲ ਕਰਦੇ ਹਨ।

ਤਿੰਨ ਸੂਬਿਆਂ ਵਿੱਚ ਜਦੋਂ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਸਹੁੰ-ਚੁੱਕ ਸਮਾਗਮ ਸਨ ਤਾਂ ਉੱਥੇ ਭਾਜਪਾ ਦੇ ਆਗੂਆਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨਾਲ ਰਾਹੁਲ ਦੇ ਨਰਮ ਵਤੀਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਬਹੁਤ ਚੱਲੀਆਂ।

ਇਹ ਵੀ ਜ਼ਰੂਰ ਪੜ੍ਹੋ

ਸ਼ਾਇਦ ਇਸੇ ਲਈ ਮੋਦੀ ਨੇ ਆਪਣਾ ਬੋਲਣ ਦਾ ਤਰੀਕਾ ਅਤੇ ਆਪਣੀਆਂ ਗੱਲਾਂ ਨੂੰ ਘੱਟੋ-ਘੱਟ ਇਸ ਇੰਟਰਵਿਊ ਲਈ ਤਾਂ ਨਰਮ ਹੀ ਰੱਖਿਆ।

ਰਾਹੁਲ ਇਫੈਕਟ

ਰਾਹੁਲ ਗਾਂਧੀ ਦੀ ਵੀ ਇਮੇਜ ਕੁਝ ਬਦਲੀ ਹੈ। ਉਨ੍ਹਾਂ ਨੂੰ ਇੱਕ ਗੰਭੀਰ ਨੇਤਾ ਵਜੋਂ ਵੇਖਿਆ ਜਾ ਰਿਹਾ ਹੈ। ਭਾਜਪਾ ਪਹਿਲਾਂ ਕਹਿੰਦੀ ਰਹੀ ਹੈ ਕਿ ਰਾਹੁਲ ਤਾਂ ਸੀਰੀਅਸ ਸਿਆਸਤਦਾਨ ਨਹੀਂ ਹਨ ਅਤੇ ਅਜੇ ਸਿੱਖ ਰਹੇ ਹਨ।

ਰਾਹੁਲ ਨੇ ਉਸ ਵੇਲੇ ਮਾਹੌਲ ਬਦਲਣ ਵੱਲ ਕਦਮ ਪੁੱਟਿਆ ਸੀ ਜਦੋਂ ਉਨ੍ਹਾਂ ਨੇ ਸੰਸਦ ਵਿੱਚ ਖੁਦ ਕਿਹਾ ਸੀ ਕਿ ਭਾਜਪਾ ਉਨ੍ਹਾਂ ਨੂੰ 'ਪੱਪੂ' ਆਖਦੀ ਹੈ ਪਰ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ। ਇਸ ਤੋਂ ਬਾਅਦ ਉਹ ਆਪਣੀ ਸੀਟ ਤੋਂ ਉੱਠ ਕੇ ਮੋਦੀ ਨੂੰ ਜੱਫੀ ਵੀ ਪਾ ਆਏ ਸਨ।

ਮੈਨੂੰ ਲਗਦਾ ਹੈ ਕਿ ਇਸ ਸਾਰੇ ਘਟਨਾਕ੍ਰਮ ਨੇ ਨਰਿੰਦਰ ਮੋਦੀ ਨੂੰ ਬਦਲਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਪਿਆਰ ਜ਼ਰੂਰ ਲੋਕਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰਦਾ ਹੈ।

ਇਸ ਬਾਰੇ ਕੁਝ ਕਹਿਣਾ ਔਖਾ ਹੈ ਕਿ ਮੋਦੀ ਦਾ ਇਹ ਲਹਿਜਾ ਕਿੰਨੇ ਦਿਨ ਕਾਇਮ ਰਹੇਗਾ ਕਿਉਂਕਿ ਚੋਣਾਂ ਦੇ ਮੌਸਮ 'ਚ ਚੀਜ਼ਾਂ ਛੇਤੀ ਬਦਲ ਸਕਦੀਆਂ ਹਨ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)