ਤੁਸੀਂ ਵੀ ਨਵੇਂ ਸਾਲ ’ਚ ਕੰਮਾਂ ਦੀ ਲਿਸਟ ਬਣਾਈ ਹੈ? ਜਾਣੋ ਇਸ ਦੇ 7 ਫ਼ਾਇਦੇ

ਕੀ ਤੁਸੀਂ ਕੰਮ ਨੂੰ ਸਮੇਂ ਸਿਰ ਕਰਨਾ ਚਾਹੁੰਦੇ ਹੋ? ਭਾਵੇਂ ਸ਼ੌਪਿੰਗ ਹੋਵੇ, ਨਵੇਂ ਸਾਲ ਦੇ ਨਵੇਂ ਸੰਕਲਪ ਹੋਣ, ਜ਼ਿੰਦਗੀ ਦੇ ਵੱਡੇ ਟੀਚੇ ਹੋਣ ਜਾਂ ਉਂਝ ਹੀ ਕੋਈ ਰੋਜ਼ਾਨਾ ਦੇ ਕੰਮ, ਲਿਸਟ ਜਾਂ ਸੂਚੀ ਬਣਾਉਣਾ ਇਸ ਵੱਲ ਪਹਿਲਾ ਕਦਮ ਹੋ ਸਕਦਾ ਹੈ।

ਆਪਣੇ ਖਿਆਲਾਂ ਨੂੰ ਵੀ ਜੇ ਤੁਸੀਂ ਸੂਚੀ ਵਿੱਚ ਪਾ ਲਵੋਗੇ ਤਾਂ ਸਕੂਨ ਵੀ ਮਿਲੇਗਾ ਅਤੇ ਖਿਆਲਾ ਨੂੰ ਅਸਲੀਅਤ ਬਣਾਉਣ ਵਿੱਚ ਮਦਦ ਵੀ ਮਿਲੇਗੀ।

ਆਓ, ਤੁਹਾਨੂੰ ਨੁਕਤਾ-ਦਰ-ਨੁਕਤਾ ਦੱਸਦੇ ਹਾਂ ਕਿ ਲਿਸਟ ਬਣਾਉਣ ਦਾ ਫ਼ਾਇਦਾ ਕੀ ਹੈ। ਹਾਂ ਜੀ, ਤੁਸੀਂ ਠੀਕ ਪੜ੍ਹ ਰਹੇ ਹੋ, ਇਹ ਵਾਕਈ ਲਿਸਟਾਂ ਬਣਾਉਣ ਦੇ ਤਰੀਕਿਆਂ ਤੇ ਫਾਇਦਿਆਂ ਬਾਰੇ ਇੱਕ ਲਿਸਟ ਹੈ:

1. ਖਿਆਲਾਂ ਨੂੰ ਆਜ਼ਾਦ ਕਰੋ

ਸਾਰੇ ਕੰਮਾਂ ਨੂੰ ਲਿਖ ਲੈਣ ਨਾਲ ਇੱਕ ਫ਼ਾਇਦਾ ਇਹ ਹੁੰਦਾ ਹੈ ਕਿ ਵੱਡੇ ਕੰਮ ਨਿੱਕੇ-ਨਿੱਕੇ ਟੀਚਿਆਂ 'ਚ ਤੋੜ ਕੇ ਕੀਤੇ ਜਾ ਸਕਦੇ ਹਨ।

ਇਸ ਨਾਲ ਦਿਲ-ਦਿਮਾਗ ਨੂੰ ਸ਼ਾਂਤੀ ਵੀ ਮਿਲਦੀ ਹੈ। ਫਿਰ ਜਦੋਂ ਇੱਕ-ਇੱਕ ਕਰ ਕੇ ਟੀਚੇ ਪੂਰੇ ਹੁੰਦੇ ਹਨ ਤਾਂ ਲਿਸਟ 'ਤੇ ਕਾਂਟੇ ਮਾਰਨ ਦਾ ਵੀ ਸਕੂਨ ਮਿਲਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਗੱਲ ਜਚੀ ਨਹੀਂ? ਨਿਊਰੋ-ਸਾਇੰਟਿਸਟ ਡੈਨੀਅਲ ਲੈਵਿਟੀਨ ਦਾ ਕਹਿਣਾ ਹੈ ਕਿ ਇੱਕ ਸਮੇਂ ਸਾਡਾ ਦਿਮਾਗ ਚਾਰ ਖਿਆਲ ਹੀ ਸਾਂਭ ਸਕਦਾ ਹੈ, ਇਸੇ ਲਈ ਲਿਸਟ ਬਣਾਉਣਾ ਜ਼ਰੂਰੀ ਹੈ, ਤਾਂ ਜੋ ਦਿਮਾਗ ਵੱਲੋਂ ਬਾਹਰ ਸੁੱਟੀਆਂ ਚੀਜ਼ਾਂ ਵੀ ਬਾਅਦ ਵਿੱਚ ਯਾਦ ਆ ਜਾਣ।

2. ਕਾਮਯਾਬੀ ਵੱਲ ਕਦਮ

ਸੂਚੀਆਂ ਤੁਹਾਨੂੰ ਕਾਮਯਾਬੀ ਦੇ ਰਾਹ 'ਤੇ ਅਗਾਂਹ ਵਧਾਉਂਦੀਆਂ ਹਨ।

ਮਨੋਵਿਗਿਆਨੀ ਜੌਰਡਨ ਪੀਟਰਸਨ ਦੀ ਰਿਸਰਚ ਦੱਸਦੀ ਹੈ ਕਿ ਸੂਚੀਆਂ ਬਣਾ ਕੇ ਆਪਣੀਆਂ ਪੁਰਾਣੀਆਂ ਗਲਤੀਆਂ ਦਾ ਧਿਆਨ ਰੱਖਣ ਵਾਲੇ ਵਿਦਿਆਰਥੀ ਪੜ੍ਹਾਈ ਵਿੱਚ ਬਿਹਤਰ ਪ੍ਰਦਰਸ਼ਨ ਕਰਦੇ ਹਨ।

ਸਾਲ 2013 'ਚ ਐੱਫ.ਐੱਲ. ਸ਼ਮਿਟ ਦੁਆਰਾ ਕੀਤੇ ਇੱਕ ਸ਼ੋਧ ਮੁਤਾਬਕ ਵੀ ਜੇ ਅਸੀਂ ਆਪਣੇ ਲਈ ਚੁਣੌਤੀਪੂਰਨ ਪਰ ਯਥਾਰਥਵਾਦੀ ਟੀਚੇ ਰੱਖਾਂਗੇ ਤਾਂ 10 ਫ਼ੀਸਦੀ ਵੱਧ ਕੰਮ ਕਰ ਸਕਾਂਗੇ। ਇਸ ਦਾ ਫ਼ਾਇਦਾ ਤੁਹਾਨੂੰ ਨਿੱਜੀ ਜ਼ਿੰਦਗੀ 'ਚ ਵੀ ਮਿਲੇਗਾ।

3. ਪੈਸੇ ਵੀ ਬਚਾਓ

ਸ਼ੌਪਿੰਗ ਲਿਸਟ ਜਾਂ ਖਰੀਦਦਾਰੀ ਦੀ ਸੂਚੀ ਬਣਾਉਣ ਨਾਲ ਕੇਵਲ ਇੰਨਾ ਹੀ ਫ਼ਾਇਦਾ ਨਹੀਂ ਹੈ ਕਿ ਤੁਸੀਂ ਕੋਈ ਘਿਓ-ਖੰਡ ਲੈਣੀ ਭੁੱਲੋਗੇ ਨਹੀਂ! ਲੰਮੇ ਸਮੇਂ ਸੂਚੀਆਂ ਨਾਲ ਚੱਲਣ ਨਾਲ ਤੁਹਾਡੇ ਖ਼ਾਸੇ ਪੈਸੇ ਵੀ ਬਚਣਗੇ।

ਜੇ ਸਾਰੀਆਂ ਜ਼ਰੂਰਤਾਂ ਲਿੱਖ ਕੇ ਲਿਜਾਓਗੇ ਤਾਂ ਫ਼ਿਜ਼ੂਲਖ਼ਰਚੀ ਨਹੀਂ ਕਰੋਗੇ।

ਇਹ ਵੀ ਜ਼ਰੂਰ ਪੜ੍ਹੋ

ਹਾਂ, ਸੰਜਮ ਤਾਂ ਚਾਹੀਦਾ ਹੀ ਹੈ। ਜ਼ਿਆਦਾ ਔਖਾ ਲੱਗੇ ਤਾਂ ਤੈਅ ਕਰੋ ਕਿ ਲਿਸਟ ਤੋਂ ਇਲਾਵਾ ਇੱਕ ਚੀਜ਼ ਹੀ ਖਰੀਦੋਗੇ। ਇਸ ਉੱਪਰ ਵੀ ਤੁਸੀਂ ਇੱਕ ਸੀਮਾ ਤੈਅ ਕਰ ਸਕਦੇ ਹੋ, ਕਿ ਉਸ ਇੱਕ ਚੀਜ਼ 'ਤੇ ਇਸ ਤੋਂ ਵੱਧ ਪੈਸੇ ਨਹੀਂ ਖਰਚਣੇ।

4. ਖੁਦ ਉੱਪਰ ਯਕੀਨ

ਜੇ ਕਦੇ ਲੱਗੇ ਕਿ ਤੁਹਾਡੇ ਤਾਂ ਪੱਲੇ ਹੀ ਕੁਝ ਨਹੀਂ ਜਾਂ ਤੁਸੀਂ ਕਿਸੇ ਕੰਮ ਦੇ ਨਹੀਂ ਹੋ, ਤਾਂ ਲਿਸਟ ਬਣਾਓ ਤੇ ਆਪਣੀਆਂ ਉਪਲਬਧੀਆਂ ਲਿਖੋ!

ਵੱਡੀਆਂ ਉਪਲਬਧੀਆਂ ਦੀ ਕੋਈ ਲੋੜ ਨਹੀਂ, ਆਪਣੇ ਆਪ ਨੂੰ ਦੱਸੋ ਕਿ ਤੁਸੀਂ ਨਿੱਕੇ-ਨਿੱਕੇ ਚੰਗੇ ਕੰਮ ਕਰਦੇ ਰਹਿੰਦੇ ਹੋ।

ਪਹਾੜ ਫਤਹਿ ਕਰਨ ਤੋਂ ਲੈ ਕੇ ਕੋਈ ਇਮਤਿਹਾਨ ਪਾਸ ਕਰਨ ਤੱਕ, ਜਾਂ ਫਿਰ ਕਿਸੇ ਦੋਸਤ ਦਾ ਜਨਮਦਿਨ ਯਾਦ ਰੱਖ ਕੇ ਉਸ ਨੂੰ ਖੁਸ਼ ਕਰਨ ਤਕ — ਕੁਝ ਵੀ ਹੋ ਸਕਦਾ ਹੈ ਜੋ ਤੁਹਾਡੀ ਇਸ ਲਿਸਟ ਨੂੰ ਲੰਮਾ ਕਰ ਦੇਵੇ।

ਮਾਨਸਿਕ ਸਿਹਤ ਬਾਰੇ ਕੰਮ ਕਰਨ ਵਾਲੀ ਇੱਕ ਸੰਸਥਾ 'ਮਾਇੰਡ' ਨੇ ਸਲਾਹ ਦਿੱਤੀ ਹੈ ਕਿ ਤੁਸੀਂ 50 ਅਜਿਹੀਆਂ ਚੀਜ਼ਾਂ ਦੀ ਲਿਸਟ ਬਣਾਓ ਜੋ ਤੁਹਾਨੂੰ ਆਪਣੇ ਅੰਦਰ ਪਸੰਦ ਹਨ।

ਭਾਵੇਂ ਕਈ ਦਿਨ ਲੱਗ ਜਾਣ ਪਰ ਇਹ ਜ਼ਰੂਰ ਕਰੋ, ਭਾਵੇਂ ਯਾਰਾਂ-ਬੇਲੀਆਂ ਤੋਂ ਪੁੱਛਣਾ ਪਵੇ। ਇਸ ਨਾਲ ਤੁਹਾਡਾ ਸਵੈ-ਵਿਸ਼ਵਾਸ ਵਧੇਗਾ ਅਤੇ ਤੁਸੀਂ ਨਵੀਂ ਊਰਜਾ ਵੀ ਪ੍ਰਾਪਤ ਕਰੋਗੇ।

5. ਗ਼ਲਤੀਆਂ ਤੋਂ ਬਚਾਅ

ਚੈੱਕ-ਲਿਸਟ ਇੱਕ ਖਾਸ ਤਰ੍ਹਾਂ ਦੀ ਸੂਚੀ ਹੈ ਜੋ ਤੁਹਾਨੂੰ ਗਲਤੀਆਂ ਤੋਂ ਬਚਾ ਸਕਦੀ ਹੈ।

ਵਿਆਹ ਦੀਆਂ ਤਿਆਰੀਆਂ ਹੋਣ ਜਾਂ ਛੁੱਟੀ ਦਾ ਪਲਾਨ, ਇਹ ਜ਼ਰੂਰੀ ਹੈ ਕਿ ਸੂਚੀ ਬਣਾ ਕੇ ਕੰਮ ਕੀਤਾ ਜਾਵੇ — 'ਅੰਗੂਠੀ ਲੈ ਲਈ', 'ਟੈਂਟ ਬੁਕ ਹੋ ਗਿਆ', 'ਪਾਸਪੋਰਟ ਪੈਕ ਕਰ ਲਿਆ'!

ਹਸਪਤਾਲਾਂ ਵਰਗੀਆਂ ਥਾਵਾਂ 'ਤੇ ਤਾਂ ਇਸ ਨਾਲ ਵੱਡੀ ਸਮੱਸਿਆ ਹੋਣ ਤੋਂ ਰੋਕੀ ਜਾ ਸਕਦੀ ਹੈ।

ਅਮਰੀਕਾ ਵਿੱਚ ਪਹਿਲੀ ਵਾਰ ਹਸਪਤਾਲ ਵਿੱਚ ਚੈੱਕ-ਲਿਸਟ ਇਸ ਕੰਮ ਲਈ ਬਣਾਈ ਗਈ ਸੀ ਕਿ ਨਲੀਆਂ ਨੂੰ ਮਰੀਜ਼ਾਂ ਦੀਆਂ ਨਸਾਂ 'ਚ ਪੰਜ ਸਰਲ ਕਦਮਾਂ ਨਾਲ ਪਾਇਆ ਜਾਵੇ। ਇਸ ਨਾਲ ਇਨਫੈਕਸ਼ਨ ਖਤਮ ਹੋ ਗਈ ਅਤੇ ਸਵਾ ਸਾਲ 'ਚ ਕਰੀਬ 1500 ਜਾਨਾਂ ਬਚੀਆਂ।

6. ਪੂਰਾ ਧਿਆਨ ਟੀਚੇ 'ਤੇ

ਤੁਸੀਂ 'ਜ਼ੈਗਰਨਿਕ ਇਫ਼ੈਕਟ' ਬਾਰੇ ਸੁਣਿਆ ਹੈ?

ਮਨੋਵਿਗਿਆਨੀਆਂ ਮੁਤਾਬਕ ਇਹ ਉਹ ਅਵਸਥਾ ਹੈ ਜਿਸ 'ਚ ਤੁਹਾਨੂੰ ਪੂਰੇ ਕੀਤੇ ਕੰਮ ਤਾਂ ਭੁੱਲ ਜਾਂਦੇ ਹਨ ਪਰ ਇਹ ਯਾਦ ਰਹਿੰਦਾ ਹੈ ਕਿ ਕਿਹੜੇ-ਕਿਹੜੇ ਕੰਮ ਅਜੇ ਰਹਿੰਦੇ ਹਨ। ਇਸ ਨਾਲ ਤੁਹਾਡਾ ਧਿਆਨ ਭੰਗ ਹੁੰਦਾ ਰਹਿੰਦਾ ਹੈ।

ਇਸ ਦਾ ਕੀ ਇਲਾਜ ਹੈ? ਮਾਹਰਾਂ ਮੁਤਾਬਕ ਤੁਹਾਨੂੰ ਬਾਕੀ ਰਹਿ ਗਏ ਕੰਮਾਂ ਦੀ ਇੱਕ ਲਿਸਟ ਬਣਾ ਲੈਣੀ ਚਾਹੀਦੀ ਹੈ ਤਾਂ ਜੋ ਦਿਮਾਗ ਨੂੰ ਇਹ ਸੰਕੇਤ ਸਾਫ਼ ਜਾਵੇ ਕਿ ਤੁਸੀਂ ਜਾਣਦੇ ਹੋ ਕੀ ਕਰਨਾ ਹੈ, ਕੀ ਰਹਿ ਗਿਆ, ਕੀ ਕਦੋਂ ਤਕ ਹੋ ਜਾਵੇਗਾ।

7. ਕੰਮ ਟਾਲੋਗੇ ਨਹੀਂ

ਕੁਝ ਕੰਮ ਅਜਿਹੇ ਵੀ ਹੁੰਦੇ ਹਨ ਜਿੰਨਾ ਨੂੰ ਕਰਨ ਦਾ ਦਿਲ ਹੀ ਨਹੀਂ ਕਰਦਾ। ਹੁਣ ਵਕਤ ਹੈ ਕਿ ਤੁਸੀਂ ਇੰਨਾ ਨੂੰ ਲਿਖੋ ਤੇ ਫਿਰ ਇੱਕ-ਇੱਕ ਕਰ ਕੇ ਕਰਦੇ ਜਾਓ।

ਇਹ ਵੀ ਜ਼ਰੂਰ ਪੜ੍ਹੋ

ਅਜਿਹੇ ਕੰਮਾਂ ਨੂੰ ਕਰਨ ਨਾਲ ਗਜਬ ਦੀ ਸੰਤੁਸ਼ਟੀ ਮਿਲਦੀ ਹੈ। ਨਾਲ ਹੀ ਜੇ ਤੁਸੀਂ ਸਾਰੇ ਅਜਿਹੇ ਕੰਮਾਂ ਦੀ ਇੱਕ ਲਿਸਟ ਤਿਆਰ ਕਰ ਲਓਗੇ ਤਾਂ ਬੋਝ ਇੱਕੋ ਵਾਰੀ ਹਲਕਾ ਹੋ ਜਾਵੇਗਾ, ਕਿਉਂਕਿ ਤੁਸੀਂ ਯੋਜਨਾ ਤਹਿਤ ਕੰਮ ਕਰ ਸਕੋਗੇ। ਚੱਲੋ, ਹੋ ਜਾਓ ਸ਼ੁਰੂ!

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)