ਪਾਕਿਸਤਾਨ 'ਚ ਔਰਤਾਂ ਨੂੰ ਤਲਾਕ ਦੀ ਕੀ ਕੀਮਤ ਅਦਾ ਕਰਨੀ ਪੈਂਦੀ ਹੈ

    • ਲੇਖਕ, ਮੋਨਾਅ ਰਾਣਾ
    • ਰੋਲ, ਲਾਹੌਰ ਤੋਂ ਬੀਬੀਸੀ ਪੰਜਾਬੀ ਲਈ

ਜਾਣਾ ਵਾਹਗੇ ਬਾਰਡਰ ਜਾਣਾ , ਗਾਣਾ ਗੀਤ ਪਿਆਰ ਦਾ ਗਾਣਾ

ਜਾਣਾ ਸ਼ਹਿਰ ਲਾਹੌਰ ਜਾਣਾ , ਗਾਣਾ ਗੀਤ ਪਿਆਰ ਦਾ ਗਾਣਾ

ਝਗੜਾ ਵੀਜ਼ੇ ਦਾ ਮਕਾਣਾ , ਗਾਣਾ ਗੀਤ ਪਿਆਰ ਦਾ ਗਾਣਾ

ਭਾਰਤ ਦੀ ਮਨੁੱਖੀ ਅਧਿਕਾਰਾਂ ਦੀ ਮੰਨੀ ਪ੍ਰਮੰਨੀ ਕਾਰਕੁਨ ਕਮਲਾ ਭਾਸੀਨ, ਆਸਮਾ ਜਹਾਂਗੀਰ ਕਾਨਫ਼ਰੰਸ ਵਿੱਚ ਭਾਗ ਲੈਣ ਲਈ ਇਹ ਪੈਗ਼ਾਮ ਲੈ ਕੇ ਲਾਹੌਰ ਆਈਆਂ ਸਨ।

ਦੋ ਦਿਨਾਂ ਤੱਕ ਲਾਹੌਰ ਦੇ ਇੱਕ ਵੱਡੇ ਹੋਟਲ ਵਿੱਚ ਹੋਈ ਇਸ ਕਾਨਫ਼ਰੰਸ ਦਾ ਵਿਸ਼ਾ ਸੀ - 'ਜਸਟਿਸ ਫ਼ਾਰ ਇੰਮਪਾਵਰਮੈਂਟ'।

ਇਸ ਕਾਨਫ਼ਰੰਸ ਵਿੱਚ ਜ਼ਿੰਦਗੀ ਦੇ ਹਰ ਸ਼ੋਅਬੇ ਨਾਲ਼ ਤਾਅਲੁੱਕ ਰੱਖਣ ਵਾਲੇ ਲੋਕਾਂ ਨੇ ਬਹੁਤ ਵੱਡੀ ਤਾਦਾਦ ਵਿੱਚ ਸ਼ਿਰਕਤ ਕੀਤੀ।

ਇੰਨ੍ਹਾਂ ਲੋਕਾਂ ਵਿੱਚ ਸਿਆਸਤਦਾਨ, ਜੱਜ, ਸੂਝਵਾਨ , ਡਿਵੈਲਪਮੈਟਸ ਮਨੁੱਖੀ ਅਧਿਕਾਰ ਦੇ ਕਾਰਕੁੰਨ , ਵਕੀਲ, ਸਟੂਡੈਂਟਸ ਤੇ ਫ਼ਨਕਾਰ ਸ਼ਾਮਿਲ ਸਨ।

ਇਸ ਕਾਨਫ਼ਰੰਸ ਦਾ ਟੀਚਾ ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਆਸਮਾ ਜਹਾਂਗੀਰ ਦੇ ਮਕਸਦ ਤੇ ਉਨ੍ਹਾਂ ਦੀਆਂ ਕੀਤੀਆਂ ਹੋਈਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਸੀ।

ਇਹ ਵੀ ਪੜ੍ਹੋ:

ਕਾਨਫ਼ਰੰਸ ਵਿੱਚ ਮਨੁੱਖੀ ਅਧਿਕਾਰ ਦੇ ਨਾਲ ਜੁੜੇ ਕਈ ਮਸਲਿਆਂ ਬਾਰੇ ਗੱਲਬਾਤ ਹੋਈ ਤੇ ਕਰੀਬ 21 ਵੱਖ-ਵੱਖ ਵਿਸ਼ਿਆਂ 'ਤੇ ਦਾਨਿਸ਼ਵਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।

ਪੂਰੀ ਦੁਨੀਆਂ ਤੋਂ ਆਏ ਮਨੁੱਖੀ ਅਧਿਕਾਰ ਦੇ ਇੰਨ੍ਹਾਂ ਕਾਰਕੁਨਾਂ ਨੇ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰ ਦੇ ਘਾਣ ਨਾਲ ਜੁੜੀਆਂ ਜ਼ਿਆਦਤੀਆਂ ਦੀ ਨਿਸ਼ਾਨਦੇਹੀ ਕੀਤੀ ਅਤੇ ਉਨ੍ਹਾਂ ਦਾ ਹੱਲ ਦੱਸਿਆ।

ਅਸਮਾ ਜਹਾਂਗੀਰ ਦੀ ਕਮੀ ਨਹੀਂ ਹੋ ਸਕਦੀ ਪੂਰੀ

ਉਨ੍ਹਾਂ ਸਾਰਿਆਂ ਨੇ ਆਸਮਾ ਜਹਾਂਗੀਰ ਦੇ ਮਨੁੱਖੀ ਅਧਿਕਾਰਾਂ ਲਈ ਕੀਤੀ ਜੱਦੋਜਹਿਦ ਦੀ ਤਾਰੀਫ ਕੀਤੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਪਿਸੇ ਹੋਏ ਲੋਕਾਂ ਲਈ ਜੋ ਕੰਮ ਉਨ੍ਹਾਂ ਨੇ ਕੀਤੇ ਸ਼ਾਇਦ ਹੋਰ ਕੋਈ ਨਾ ਕਰ ਸਕਦਾ ਤੇ ਉਨ੍ਹਾਂ ਦੇ ਚਲਾਣੇ ਮਗਰੋਂ ਸ਼ਾਇਦ ਹੀ ਘਾਟਾ ਪੂਰਾ ਹੋ ਸਕੇ।

ਕਾਨਫ਼ਰੰਸ ਦਾ ਉਦਘਾਟਨ ਪਾਕਿਸਤਾਨ ਦੇ ਚੀਫ਼ ਜਸਟਿਸ, ਜਸਟਿਸ ਸਾਕਿਬ ਨਿਸਾਰ ਨੇ ਕੀਤਾ।

ਉਨ੍ਹਾਂ ਨੇ ਆਪਣੀ ਤਕਰੀਰ ਵਿੱਚ ਆਸਮਾ ਜਹਾਂਗੀਰ ਦੇ ਹਵਾਲੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦੀਆਂ ਕਿਹਾ ਕਿ ਆਸਮਾ ਜਹਾਂਗੀਰ ਤੋਂ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਹੈ।

ਉਨ੍ਹਾਂ ਕਿਹਾ ਕਿ ਆਸਮਾ ਜਹਾਂਗੀਰ ਉਨ੍ਹਾਂ ਵਾਸਤੇ ਉਸਤਾਦ ਦਾ ਦਰਜਾ ਰੱਖਦੇ ਸਨ। ਆਸਮਾ ਜਹਾਂਗੀਰ ਨੇ ਉਨ੍ਹਾਂ ਨੂੰ ਮਨੁੱਖੀ ਹੱਕਾਂ ਦੀ ਅਹਿਮੀਅਤ ਬਾਰੇ ਦੱਸਿਆ।

ਚੀਫ਼ ਜਸਟਿਸ ਸਾਕਿਬ ਨਿਸਾਰ ਨੇ ਦੱਸਿਆ ਕਿ ਉਨ੍ਹਾਂ ਨੇ ਅਪਣਾ ਸਭ ਤੋਂ ਪਹਿਲਾਂ ਆਪਣੇ ਆਪ ਲਿਆ ਫੈਸਲਾ (ਸਿਉ ਮੋਟੋ) ਆਸਮਾ ਦੇ ਕਹਿਣ 'ਤੇ ਲਿਆ ਸੀ।

ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਜਸਟਿਸ ਆਸਮਾ ਜਹਾਂਗੀਰ ਨੂੰ ਆਪਾ ਕਹਿੰਦੇ ਸਨ ਤੇ ਉਨ੍ਹਾਂ ਦਾ ਸਤਿਕਾਰ ਵੱਡੀ ਭੈਣ ਵਜੋਂ ਕਰਦੇ ਸਨ।

ਚੀਫ਼ ਜਸਟਿਸ ਪਾਕਿਸਤਾਨ ਸਾਕਿਬ ਨਿਸਾਰ ਨੇ ਕਿਹਾ, "ਹੁਣ ਪਾਕਿਸਤਾਨ ਵਿੱਚ ਸਿਰਫ਼ ਜਮਹੂਰੀ ਨਿਜ਼ਾਮ ਹੀ ਰਹਿ ਸਕਦਾ ਹੈ।''

"ਆਸਮਾ ਜਹਾਂਗੀਰ ਨੇ ਵੀ ਹਮੇਸ਼ਾ ਜਮਹੂਰੀਅਤ ਲਈ ਆਵਾਜ਼ ਬੁਲੰਦ ਕੀਤੀ ਤੇ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਹੁਣ ਸਾਡਾ ਕੰਮ ਹੈ।''

ਕਾਨਫ਼ਰੰਸ ਵਿੱਚ ਜਿਨ੍ਹਾਂ ਵਿਸ਼ਿਆਂ ਬਾਰੇ ਬਹਿਸ ਹੋਈ, ਉਨ੍ਹਾਂ 'ਚੋਂ ਇਕ ਜਿਨਸੀ ਬਰਾਬਰੀ ਵੀ ਵਿਸ਼ਾ ਸੀ।

ਇਸ ਵਿਸ਼ੇ ਬਾਰੇ ਕਮਲਾ ਭਸੀਨ ਨੇ ਕਿਹਾ, "ਪਹਿਲਾਂ ਉਹ ਸਮਝਦੀਆਂ ਸਨ ਕਿ ਔਰਤਾਂ ਨੂੰ ਪਿੱਛੇ ਰੱਖਣ ਦਾ ਕਾਰਨ ਧਰਮ ਨਾਲ ਜੁੜਿਆ ਹੋਇਆ ਹੈ, ਕਿਉਂਕਿ ਮਜ਼੍ਹਬ ਸਾਨੂੰ ਸੱਭਿਅਕ ਸਮਾਜ ਦਾ ਆਦੇਸ਼ ਦਿੰਦਾ ਹੈ।''

ਪਰ ਪਿਛਲੇ ਕੁਝ ਅਰਸੇ ਤੋਂ ਮੈਂ ਵੇਖ ਰਹੀ ਹਾਂ ਕਿ ਮਜ਼੍ਹਬ ਦੀ ਥਾਂ ਸਰਾਮਾਏ ਨੇ ਲੈ ਲਈ ਹੈ। ਇਸ ਕਾਰਨ ਔਰਤਾਂ ਨੂੰ ਇੱਕ ਚੀਜ਼ ਸਮਝ ਕੇ ਇਸਤੇਮਾਲ ਕੀਤਾ ਜਾਂਦਾ ਹੈ।

ਔਰਤਾਂ ਨੂੰ ਮਕਸਦ ਤੋਂ ਪਰੇ ਕੀਤਾ

ਕਮਲਾ ਭਸੀਨ ਦਾ ਕਹਿਣਾ ਸੀ ਕਿ ਅਰਬਾਂ ਡਾਲਰਾਂ ਦੀ ਮੇਕਅੱਪ ਇੰਡਸਟਰੀ ਨੇ ਔਰਤਾਂ ਨੂੰ ਸੋਹਣਾ ਲੱਗਣ ਦੀ ਅਜਿਹੀ ਖ਼ਬਤ ਵਿੱਚ ਪ੍ਰੇਸ਼ਾਨ ਕਰ ਦਿੱਤਾ ਹੈ ਜਿਸ ਨੇ ਉਨ੍ਹਾਂ ਦੇ ਦੂਜੇ ਹੁਨਰਾਂ ਨੂੰ ਪ੍ਰਭਾਵਿਤ ਕੀਤਾ।

ਉਨ੍ਹਾਂ ਨੇ ਬੜੇ ਦੁਖ ਨਾਲ਼ ਕਿਹਾ ਕਿ ਅਰਬਾਂ ਡਾਲਰ ਦੀ ਪੋਰਨ ਇੰਡਸਟਰੀ ਤੇ ਬੱਚਿਆਂ ਦੀ ਪੋਰਨੋਗਰਾਫ਼ੀ ਨੇ ਤਾਂ ਔਰਤਾਂ ਨੂੰ ਉਨ੍ਹਾਂ ਦੇ ਜਿਸਮਾਨੀ ਨੁਮਾਇਸ਼ ਵਿੱਚ ਉਲਝਾ ਕੇ ਰੱਖ ਦਿੱਤਾ ਹੈ।

ਔਰਤ ਨੂੰ ਬਾਰਬੀ ਡੌਲ ਵਾਂਗ ਇੱਕ ਬੇਜਾਨ ਚੀਜ਼ ਬਣਾ ਕੇ ਉਨ੍ਹਾਂ ਦਾ ਇਸਤੇਸਾਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ 90 ਫ਼ੀਸਦ ਫ਼ਿਲਮਾਂ ਅਜਿਹੀਆਂ ਬਣਦੀਆਂ ਹਨ ਜਿਨ੍ਹਾਂ ਵਿੱਚ ਔਰਤਾਂ ਨੂੰ ਇੱਕ ਨੁਮਾਇਸ਼ ਤੇ ਜਿਨਸੀ ਜ਼ਰੂਰਤ ਬਣਾ ਕੇ ਪੇਸ਼ ਕੀਤਾ ਜਾਂਦਾ ਹੈ।

ਫਿਲਮ ਦਬੰਗ -2 ਕਰੋੜਾਂ ਰੁਪਏ ਕਮਾਉਂਦੀ ਹੈ। ਉਸ ਫਿਲਮ ਵਿੱਚ ਇੱਕ ਗੀਤ ਹੈ, 'ਮੈਂ ਤੰਦੂਰੀ ਮੁਰਗ਼ੀ ਹੂੰ ਯਾਰ ਕਟਵਾ ਸਈਆਂ...।' ਕਮਲਾ ਭਸੀਨ ਨੇ ਕਿਹਾ ਕਿ ਜਦ ਤੱਕ ਔਰਤ ਨੂੰ ਇਕ ਚੀਜ਼ ਨਹੀਂ ਬਲਕਿ ਬਰਾਬਰ ਦੇ ਇਨਸਾਨ ਦਾ ਦਰਜਾ ਨਾ ਦਿੱਤਾ ਗਿਆ ਉਦੋਂ ਤੱਕ ਦੁਨੀਆਂ ਤਰੱਕੀ ਨਹੀਂ ਕਰ ਸਕਦੀ।

ਇਸੇ ਤਰ੍ਹਾਂ ਸਵੀਡਨ ਤੋਂ ਆਈ ਮਨੁੱਖੀ ਅਧਿਕਾਰਦੀ ਡਾਇਰੈਕਟਰ ਅਨੇਕਾ ਬੀਨ ਡੇਵਿਡ ਨੇ ਇਸ ਵਿਸ਼ੇ 'ਤੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਉਨ੍ਹਾਂ ਦਾ ਮੁਲਕ ਔਰਤਾਂ ਦੀ ਬਰਾਬਰੀ ਦਾ ਬਹੁਤ ਅਲੰਬਰਦਾਰ ਹੈ।

ਸਾਡਾ ਮਿਸ਼ਨ ਹੈ ਕਿ ਦੁਨੀਆ ਦੇ ਹਰ ਮੁਲਕ ਵਿੱਚ ਔਰਤਾਂ ਨੂੰ ਬਰਾਬਰ ਦੇ ਹਕੂਕ ਮਿਲਣ।

ਅਨੇਕਾ ਬੀਨ ਡੇਵਿਡ ਦਾ ਕਹਿਣਾ ਸੀ ਕਿ ਰਿਸਰਚ ਅਨੁਸਾਰ ਜੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਨੌਕਰੀਆਂ ਦਿੱਤੀਆਂ ਜਾਣ, ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਤਨਖ਼ਾਹ ਮਿਲੇ ਤਾਂ ਦੁਨੀਆਂ ਦੀ ਅਰਥਵਿਵਸਥਾ ਵਿੱਚ 20 ਫ਼ੀਸਦ ਵਾਧਾ ਹੋ ਸਕਦਾ ਹੈ।

ਆਸਮਾ ਜਹਾਂਗੀਰ ਦੀ ਧੀ ਵਕੀਲ ਸਲੀਮਾ ਜਹਾਂਗੀਰ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਔਰਤਾਂ ਨਾਲ ਹਰ ਮਾੜਾ ਸਲੂਕ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੂੰ ਕੋਈ ਹਕੂਕ ਨਹੀਂ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਔਰਤ ਜਿਹੜੀ ਆਪਣੀ ਸਾਰੀ ਜ਼ਿੰਦਗੀ ਘਰ ਬਣਾਉਣ ਤੇ ਲੱਗਾ ਦਿੰਦੀ ਹੈ।

ਪਰ ਉਸ ਦਾ ਪਤੀ ਉਸ ਨੂੰ ਤਲਾਕ ਦਿੰਦਾ ਹੈ ਤੇ ਤਿੰਨਾਂ ਕੱਪੜਿਆਂ ਵਿੱਚ ਘਰੋਂ ਕੱਢ ਦਿੰਦਾ ਹੈ। ਸਲੀਮਾ ਜਹਾਂਗੀਰ ਨੇ ਦੱਸਿਆ ਕਿ ਪਾਕਿਸਤਾਨ ਇੱਕ ਅਜਿਹਾ ਦੇਸ ਹੈ ਜਿੱਥੇ ਔਰਤ ਤਲਾਕ ਦੀ ਕੀਮਤ ਅਦਾ ਕਰਦੀ ਹੈ।

'ਅੱਤਵਾਦ ਸਿਆਸਤ ਦਾ ਨਤੀਜਾ'

ਸਲੀਮਾ ਜਹਾਂਗੀਰ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਅਦਾਲਤਾਂ ਵਿੱਚ ਔਰਤ ਜੱਜਾਂ ਦੀ ਗਿਣਤੀ ਨਾਂਹ ਦੇ ਬਰਾਬਰ ਹੈ।

ਸੀਨੀਅਰ ਅਹੁਦੇ 'ਤੇ ਲਾਹੌਰ ਹਾਈ ਕੋਰਟ ਵਿੱਚ ਸਿਰਫ਼ ਦੋ ਔਰਤ ਜੱਜ ਹਨ ਅਤੇ ਬਲੋਚਿਸਤਾਨ ਵਿੱਚ ਇੱਕ ਹੈ।

ਜਦਕਿ ਸੁਪਰੀਮ ਕੋਰਟ ਵਿੱਚ ਕਦੇ ਕਿਸੇ ਔਰਤ ਨੂੰ ਜੱਜ ਨਹੀਂ ਬਣਾਇਆ ਗਿਆ। ਮਰਦਾਂ ਦੇ ਮੁਕਾਬਲੇ ਵਕੀਲ ਔਰਤਾਂ ਦੀ ਗਿਣਤੀ ਵੀ ਬਹੁਤ ਘੱਟ ਹੈ।

ਉਹ ਵੀ ਕੇਵਲ ਘਰੇਲੂ ਮਸਲਿਆਂ ਵਿੱਚ ਹੀ ਵਕਾਲਤ ਕਰਦੀਆਂ ਹਨ। ਉਹ ਕਦੇ ਜੁਰਮ ਦੇ ਕੇਸਾਂ ਵਿੱਚ ਵਕਾਲਤ ਨਹੀਂ ਕਰਦੀਆਂ। ਹੇਠਲੀਆਂ ਅਦਾਲਤਾਂ ਵਿੱਚ ਔਰਤਾਂ ਜੱਜਾਂ ਦੀ ਗਿਣਤੀ ਬਿਹਤਰ ਹੈ ਪਰ ਉਹ ਕੇਵਲ ਘਰੇਲੂ ਮਸਲੇ ਸੁਣਦੇ ਹਨ।

ਸਲੀਮਾ ਨੇ ਜ਼ੋਰ ਦਿੱਤਾ ਕਿ ਪਾਕਿਸਤਾਨ ਵਿੱਚ ਜਿਨਸੀ ਬਰਾਬਰੀ ਬਾਰੇ ਕਾਨੂੰਨ ਬਣਾਉਣ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਬਹੁਤ ਜ਼ਰੂਰੀ ਹੈ।

ਪਾਕਿਸਤਾਨ ਦੇ ਇਕ ਪਛੜੇ ਸ਼ਹਿਰ ਤੋਂ ਆਈ ਇੱਕ ਪੁਲਿਸ ਅਫ਼ਸਰ ਅਸਮਾਰਾ ਅਤਹਰ ਨੇ ਕਿਹਾ ਕਿ ਇਸ ਵੇਲੇ ਦੀ ਜ਼ਰੂਰਤ ਹੈ ਕਿ ਔਰਤਾਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਫ਼ੋਰਸ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਔਰਤਾਂ ਦੇ ਖ਼ਿਲਾਫ਼ ਹੋਣ ਵਾਲੇ ਜੁਰਮ 'ਤੇ ਕਾਬੂ ਪਾਇਆ ਜਾ ਸਕੇ ਤੇ ਉਨ੍ਹਾਂ ਦੀ ਗੱਲ ਸੁਣੀ ਜਾਵੇ।

ਸਰਕਾਰਾਂ ਬੇਵਸ ਨਜ਼ਰ ਆਈਆਂ

ਕਾਨਫਰੰਸ ਵਿੱਚ ਔਰਤਾਂ ਦੀਆਂ ਕੰਮ ਵਾਲੀਆਂ ਥਾਂਵਾਂ 'ਤੇ ਜਿਨਸੀ ਸ਼ੋਸ਼ਣ ਹੋਣ ਬਾਰੇ ਵੀ ਗੱਲ ਕੀਤੀ ਗਈ। ਇਸ ਬਾਰੇ ਜ਼ੋਰ ਦਿੱਤਾ ਗਿਆ ਕਿ ਇਸ ਵਿਸ਼ੇ ਬਾਰੇ ਕਾਨੂੰਨ ਬਣਾਇਆ ਜਾਵੇ ਅਤੇ ਉਸ ਨੂੰ ਸਖ਼ਤੀ ਨਾਲ ਲਾਗੂ ਜਾ ਸਕਦਾ ਹੈ।

ਦੱਖਣੀ ਏਸ਼ੀਆ ਵਿੱਚ ਮਜ਼੍ਹਬ ਦੇ ਆਧਾਰ 'ਤੇ ਅੱਤਵਾਦ ਦੇ ਵਿਸ਼ੇ ਬਾਰੇ ਸ੍ਰੀਲੰਕਾ, ਭਾਰਤ ਤੇ ਪਾਕਿਸਤਾਨ ਦੇ ਸੂਝਵਾਨਾਂ ਨੇ ਚਰਚਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਗੰਭੀਰ ਮਸਲਾ ਹੈ ਅਤੇ ਕੁਝ ਵਰ੍ਹਿਆਂ ਤੋਂ ਪਾਕਿਸਤਾਨ ਤੇ ਭਾਰਤ ਵਿੱਚ ਇਹ ਮਸਲਾ ਵਧ ਗਿਆ ਹੈ।

ਪਾਕਿਸਤਾਨੀ ਪੱਤਰਕਾਰ ਜ਼ਾਹਿਦ ਹੁਸੈਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਹਕੂਮਤ ਧਾਰਮਿਕ ਅੱਤਵਾਦ ਕਰਨ ਵਾਲਿਆਂ ਸਾਹਮਣੇ ਬੇਵਸ ਨਜ਼ਰ ਆਉਂਦੀ ਹੈ ਤੇ ਰੂਲ ਆਫ ਲਾਅ ਕਾਇਮ ਕਰਨ ਵਿੱਚ ਨਾਕਾਮ ਰਹੀ ਹੈ।

ਕਮਲਾ ਭਸੀਨ ਨੇ ਇਸ ਵਿਸ਼ੇ 'ਤੇ ਗੱਲ ਕਰਦਿਆਂ ਕਿਹਾ ਕਿ ਭਾਰਤ ਵਿੱਚ ਅੱਤਵਾਦ ਦੇ ਵਧਣ ਦਾ ਕਾਰਨ ਧਾਰਮਿਕ ਨਹੀਂ ਬਲਕਿ ਸਿਆਸੀ ਹੈ।

ਸਿਆਸਤਦਾਨ ਤਾਕਤ ਤੇ ਕੰਟਰੋਲ ਹਾਸਿਲ ਕਰਨ ਲਈ ਇਸ ਦਾ ਇਸਤੇਮਾਲ ਕਰਦੇ ਹਨ ਅਤੇ ਚੋਣਾਂ ਨੇੜੇ ਆਉਂਦੇ ਹੀ ਧਾਰਮਿਕ ਅਤਵਾਦ ਵਧ ਜਾਂਦਾ ਹੈ।

ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੀਆਂ ਕੁੜੀਆਂ ਵੀ ਸ਼ਾਮਿਲ ਸਨ।

ਕਾਨੂੰਨ ਦੀ ਵਿਦਿਆਰਥਣ ਫਜ਼ਾ ਅਹਿਮਦ ਨੇ ਕਿਹਾ, "ਕਾਨਫਰੰਸ ਵਿੱਚ ਸ਼ਿਰਕਤ ਕਰਨ ਨਾਲ ਉਨ੍ਹਾਂ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਔਰਤਾਂ ਦੇ ਹਕੂਕ ਬਾਰੇ ਕਾਫੀ ਕੁਝ ਪਤਾ ਲੱਗਿਆ ਹੈ।''

ਮੌਤ ਦੀ ਸਜ਼ਾ ਬਾਰੇ ਹੋਣੀ ਚਾਹੀਦੀ ਹੈ ਜਾਂ ਨਹੀਂ ਇਸ ਵਿਸ਼ੇ ਬਾਰੇ ਮਾਹਿਰਾਂ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਦੇ ਖਿਆਲਾਤ ਵਿੱਚ ਤਬਦੀਲੀ ਆਈ ਹੈ। ਮੌਤ ਦੀ ਸਜ਼ਾ ਸੋਚ ਸਮਝ ਕੇ ਦੇਣੀ ਚਾਹੀਦੀ ਹੈ ਤਾਂ ਜੋ ਕਿਸੇ ਨਾਲ ਬੇਇਨਸਾਫ਼ੀ ਨਾ ਹੋਵੇ।

ਇੱਕ ਹੋਰ ਵਿਦਿਆਰਥਣ ਆਮਨਾ ਲਗ਼ਾਰੀ ਨੇ ਕਿਹਾ ਕਿ ਇਸ ਵਿਸ਼ੇ 'ਤੇ ਵਿਚਾਰ ਸੁਣ ਕੇ ਉਨ੍ਹਾਂ ਨੇ ਰਾਇ ਬਣਾਈ ਹੈ ਕਿ ਬਹੁਤ ਜ਼ਾਲਮਾਨਾ ਤੇ ਵੱਡੇ ਜੁਰਮਾਂ ਲਈ ਮੌਤ ਦੀ ਸਜ਼ਾ ਹੋਣੀ ਚਾਹੀਦੀ।

ਕਾਨਫ਼ਰੰਸ ਦੇ ਅਖ਼ੀਰ ਵਿੱਚ ਪਾਕਿਸਤਾਨ ਦੀ ਮਨੁੱਖੀ ਅਧਿਕਾਰਦੀ ਵਜ਼ੀਰ ਸ਼ੀਰੀਨ ਮਜ਼ਾਰੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਤਕਰੀਰ ਕੀਤੀ।

ਸ਼ੀਰੀਨ ਮਜ਼ਾਰੀ ਨੇ ਦੱਸਿਆ ਕਿ ਆਸਮਾ ਜਹਾਂਗੀਰ ਉਨ੍ਹਾਂ ਦੀ ਬਚਪਨ ਦੀ ਸਹੇਲੀ ਸੀ । ਉਨ੍ਹਾਂ ਨੇ ਕਿਹਾ ਕਿ ਕਈ ਵਿਸ਼ਿਆਂ 'ਤੇ ਉਨ੍ਹਾਂ ਦੇ ਤੇ ਆਸਮਾ ਦੇ ਖ਼ਿਆਲਾਤ ਨਹੀਂ ਮਿਲਦੇ ਸਨ ਪਰ ਉਨ੍ਹਾਂ ਦੀ ਦੋਸਤੀ ਹਮੇਸ਼ਾ ਰਹੀ।

ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਦੀ ਵਜ਼ੀਰ ਹੋਣ ਦੇ ਨਾਤੇ ਉਨ੍ਹਾਂ ਦਾ ਇਹ ਫ਼ਰਜ਼ ਹੈ ਕਿ ਉਹ ਆਸਮਾ ਜਹਾਂਗੀਰ ਦਾ ਮਿਸ਼ਨ ਨੂੰ ਅੱਗੇ ਤੋਰਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਕੂਮਤ ਹਰ ਤਰ੍ਹਾਂ ਨਾਲ਼ ਇਨਸਾਨੀ ਹਕੂਕ ਦਾ ਖ਼ਿਆਲ ਰੱਖੇਗੀ।

ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਕਿਹਾ, "ਮੇਰੀ ਮਾਂ ਬੇਨਜ਼ੀਰ ਭੁੱਟੋ ਤੇ ਆਸਮਾ ਜਹਾਂਗੀਰ ਸਹੇਲੀਆਂ ਸਨ।''

"ਮੇਰੇ ਲਈ ਉਹ ਇੱਕ ਅਜ਼ੀਮ ਸ਼ਖਸ਼ੀਅਤ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਮਹੂਰੀਅਤ , ਇਨਸਾਨੀ ਹਕੂਕ ਦੀ ਬਿਹਤਰੀ ਤੇ ਕਾਨੂੰਨ ਦੀ ਵਡਿਆਈ ਵਾਸਤੇ ਕੰਮ ਕੀਤਾ।''

ਇਹ ਵੀ ਪੜ੍ਹੋ꞉

"ਆਸਮਾ ਜਹਾਂਗੀਰ ਨੇ ਦੱਬਿਆਂ - ਕੁਚਲਿਆਂ ਤੇ ਮਜਬੂਰ ਲੋਕਾਂ ਵਾਸਤੇ ਕੰਮ ਕੀਤਾ।''

ਆਸਮਾ ਜਹਾਂਗੀਰ ਦੀ ਵੱਡੀ ਧੀ ਮਨੀਜ਼ੇ ਜਹਾਂਗੀਰ ਨੇ ਕਿਹਾ ਕਿ ਇਸ ਕਾਨਫ਼ਰੰਸ ਨੇ ਸਮਾਜ ਵਿੱਚ ਮਨੁੱਖੀ ਅਧਿਕਾਰਦੇ ਖ਼ਿਲਾਫ਼ ਹੋਣ ਵਾਲੀਆਂ ਕਾਰਵਾਈਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਪਲੇਟਫਾਰਮ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਕੂਕ ਦਿੱਤੇ ਬਗ਼ੈਰ ਸਮਾਜ ਅੱਗੇ ਨਹੀਂ ਵਧ ਸਕਦਾ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)