ਜ਼ੀਕਾ ਵਾਇਰਸ ਦੀ ਦਹਿਸ਼ਤ ਦੌਰਾਨ ਜਨਮਿਆ ਪਹਿਲਾ ਬੱਚਾ – ਗਰਾਊਂਡ ਰਿਪੋਰਟ

    • ਲੇਖਕ, ਜ਼ੂਬੈਰ ਅਹਿਮਦ
    • ਰੋਲ, ਪੱਤਰਕਾਰ, ਬੀਬੀਸੀ

ਸੋਮਵਾਰ ਨੂੰ ਜੈਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੀਕਾ ਵਾਇਰਸ ਤੋਂ ਪੀੜਤ ਇੱਕ ਮਹਿਲਾ ਨੇ ਆਪਣੇ ਚੌਥੇ ਬੱਚੇ ਨੂੰ ਜਨਮ ਦਿੱਤਾ।

ਇਹ ਪਹਿਲੀ ਵਾਰ ਹੈ ਜਦੋਂ ਜੈਪੁਰ ਵਿੱਚ ਜ਼ੀਕਾ ਵਾਇਰਸ ਦੇ ਫੈਲਣ ਤੋਂ ਬਾਅਦ ਇਸ ਨਾਲ ਪੀੜਤ ਕਿਸੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ।

ਜਨਮ ਤੋਂ ਪਹਿਲਾਂ ਬੱਚੇ ਦੇ ਮਾਤਾ-ਪਿਤਾ ਕਾਫੀ ਘਬਰਾਏ ਹੋਏ ਸਨ। ਉਨ੍ਹਾਂ ਦੀਆਂ ਨਿਗਾਹਾਂ ਡਾਕਟਰ ਅੰਜੁਲਾ ਚੌਧਰੀ 'ਤੇ ਟਿਕੀਆਂ ਹੋਈਆਂ ਸਨ।

ਇੱਥੋਂ ਤੱਕ ਕਿ ਪ੍ਰਸ਼ਾਸਨ ਨੂੰ ਵੀ ਇਸ ਬੱਚੇ ਦੇ ਜਨਮ ਦਾ ਬੇਸਬਰੀ ਤੋਂ ਇੰਤਜ਼ਾਰ ਸੀ।

ਇਹ ਵੀ ਪੜ੍ਹੋ:

ਸੋਮਵਾਰ ਦੀ ਰਾਤ ਜਦੋਂ ਡਾਕਟਰ ਨੇ ਜਣੇਪਾ ਸੈਕਸ਼ਨ ਤੋਂ ਜਨਮੇ ਬੱਚੇ ਨੂੰ ਸਿਹਤਮੰਦ ਐਲਾਨਿਆ ਤਾਂ ਉਸ ਦੇ ਮਾਪਿਆਂ ਦੀ ਸਾਰੀ ਬੇਚੈਨੀ ਦੂਰ ਹੋ ਗਈ। ਇਸ 'ਤੇ ਸਥਾਨਕ ਪ੍ਰਸ਼ਾਸਨ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

ਬਾਅਦ ਵਿੱਚ ਡਾਕਟਰ ਅੰਜੁਲਾ ਚੌਧਰੀ ਨੇ ਬੀਬੀਸੀ ਨੂੰ ਕਿਹਾ, "ਔਰਤ ਦੇ ਗਰਭਵਤੀ ਹੋਣ ਤੋਂ ਪਹਿਲਾਂ ਤਿੰਨ ਮਹੀਨੇ ਵਿੱਚ ਜੇ ਉਹ ਜ਼ੀਕਾ ਤੋਂ ਪੀੜਤ ਹੋਣ ਤਾਂ ਬੱਚੇ 'ਤੇ ਜ਼ੀਕਾ ਵਾਇਰਸ ਦਾ ਅਸਰ ਹੁੰਦਾ ਹੈ।

ਇਸ ਮਹਿਲਾ ਵਿੱਚ ਜ਼ੀਕਾ ਵਾਇਰਸ ਪੌਜ਼ਟਿਵ ਉਸ ਵਕਤ ਮਿਲਿਆ ਜਦੋਂ ਉਹ ਬੱਚੇ ਨੂੰ ਜਨਮ ਦੇਣ ਦੇ ਬੇਹੱਦ ਕਰੀਬ ਸੀ।

ਜ਼ੀਕਾ ਕਿਵੇਂ ਫੈਲਦਾ ਹੈ

ਜ਼ੀਕਾ ਵਾਇਰਸ ਪ੍ਰਭਾਵਿਤ ਵਿਅਕਤੀਆਂ ਤੋਂ ਮੱਛਰਾਂ ਰਾਹੀਂ ਫੈਲ ਇੱਕ ਹਫ਼ਤੇ ਤੱਕ ਫੈਲ ਸਕਦਾ ਹੈ। ਵੀਰਜ ਵਿੱਚ ਇਹ ਵਾਇਰਸ ਦੋ ਹਫ਼ਤਿਆਂ ਤੱਕ ਜਿਉਂਦਾ ਰਹਿ ਸਕਦਾ ਹੈ। ਇਸ ਕਰਕੇ ਸਰੀਰਕ ਸੰਬੰਧਾਂ ਰਾਹੀਂ ਇਸ ਦੇ ਫੈਲਣ ਦੀ ਤਕੜੀ ਸੰਭਾਵਨਾ ਰਹਿੰਦੀ ਹੈ।

ਵਿਸ਼ਵ ਸਿਹਤ ਸੰਗਠਨ ਵੱਲੋਂ ਸ਼ੱਕੀ ਵਿਅਕਤੀਆਂ (ਭਲੇ ਹੀ ਉਨ੍ਹਾਂ ਵਿੱਚ ਇਸ ਦੇ ਲੱਛਣ ਸਾਹਮਣੇ ਨਾ ਆਏ ਹੋਣ) ਨੂੰ ਜ਼ੀਕਾ ਦੇ ਇਲਾਕੇ ਵਿੱਚੋਂ ਪਰਤਣ ਤੋਂ ਛੇ ਮਹੀਨੇ ਤੱਕ ਸਰੀਰਕ ਸੰਬੰਧਾਂ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਦਾ ਸਭ ਤੋਂ ਵੱਧ ਖ਼ਤਰਾ ਗਰਭ ਵਿੱਚ ਪਲ ਰਹੇ ਬੱਚੇ ਨੂੰ ਹੋ ਸਕਦਾ ਹੈ ਜਿਸ ਦੇ ਦਿਮਾਗੀ ਵਿਕਾਸ ਵਿੱਚ ਰੁਕਾਵਟ ਹੋ ਸਕਦੀ ਹੈ, ਸਮੇਂ ਤੋਂ ਪਹਿਲਾਂ ਜਨਮ ਜਾਂ ਜਨਮ ਤੋਂ ਪਹਿਲਾਂ ਮੌਤ ਹੋ ਸਕਦੀ ਹੈ।

ਮਲੇਰੀਏ ਵਾਲੇ ਮੱਛਰਾਂ ਦੇ ਉਲਟ ਜ਼ੀਕਾ ਫੈਲਾਉਣ ਵਾਲੇ ਮੱਛਰ ਦਿਨ ਸਮੇਂ ਕਾਰਜਸ਼ੀਲ ਰਹਿੰਦੇ ਹਨ। ਇਸ ਕਾਰਨ ਮੱਛਰਦਾਨੀਆਂ ਇਨ੍ਹਾਂ ਤੋਂ ਬਚਾਅ ਨਹੀਂ ਕਰ ਸਕਦੀਆਂ। ਜੇ ਉਨ੍ਹਾਂ ਨੇ ਪ੍ਰਭਾਵਿਤ ਵਿਅਕਤੀ ਦਾ ਲਹੂ ਪੀਤਾ ਹੋਵੇ ਤਾਂ ਉਹ ਅਗਲੇ ਵਿਅਕਤੀ ਨੂੰ ਇਹ ਵਾਇਰਸ ਦੇ ਸਕਦੇ ਹਨ।

ਜ਼ੀਕਾ ਵਾਇਰਸ ਤੋਂ ਬਚਣ ਲਈ ਦੇਖੋ ਵੀਡੀਓ

ਇਸ ਦੇ ਲੱਛਣਾਂ ਵਿੱਚ ਸ਼ਾਮਲ ਹਨ

  • ਹਲਕਾ ਬੁਖ਼ਾਰ
  • ਕਨਜੰਕਟਿਵਿਟੀਜ਼ ( ਲਾਲ ਅਤੇ ਸੁੱਜੀਆਂ ਅੱਖਾਂ)
  • ਸਿਰ ਦਰਦ
  • ਜੋੜਾਂ ਵਿੱਚ ਦਰਦ
  • ਚਮੜੀ ਉੱਪਰ ਚਟੱਕੇ

200 ਟੀਮਾਂ ਦਾ ਗਠਨ

ਇਹ ਪਰਿਵਾਰ ਬਿਹਾਰ ਤੋਂ ਆ ਕੇ ਇੱਥੇ ਵਸਿਆ ਹੈ। ਬੱਚੇ ਦੇ ਜਨਮ 'ਤੇ ਪਰਿਵਾਰ ਵਿੱਚ ਹੋਰ ਵੀ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਤਿੰਨ ਕੁੜੀਆਂ ਤੋਂ ਬਾਅਦ ਬੇਟੇ ਦਾ ਜਨਮ ਹੋਇਆ ਹੈ।

ਜੈਪੁਰ ਵਿੱਚ ਜ਼ੀਕਾ ਵਾਇਰਸ ਕਰਕੇ ਫੈਲੀ ਦਹਿਸ਼ਤ ਵਿਚਾਲੇ ਇਸ ਬੱਚੇ ਦੇ ਜਨਮ ਨੂੰ ਇੱਕ ਵੱਡੀ ਖ਼ਬਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਸ਼ਹਿਰ ਵਿੱਚ 29 ਜ਼ੀਕਾ ਪੀੜਤਾਂ ਵਿੱਚੋਂ ਤਿੰਨ ਦੇ ਗਰਭਵਤੀ ਹੋਣ ਦੀ ਸੂਚਨਾ ਹੈ ਅਤੇ ਉਨ੍ਹਾਂ ਨੂੰ ਸਿਹਤ ਅਫ਼ਸਰ ਰੋਜ਼ ਮਾਨੀਟਰ ਕਰ ਰਹੇ ਹਨ।

ਜ਼ੀਕਾ ਵਾਇਰਸ ਜ਼ਿਆਦਾਤਰ ਮੱਛਰਾਂ ਕਾਰਨ ਫੈਲਦਾ ਹੈ ਪਰ ਜ਼ੀਕਾ ਸਰੀਰਕ ਸਬੰਧਾਂ ਨਾਲ ਵੀ ਫੈਲਦਾ ਹੈ।

ਗਰਭ ਅਵਸਥਾ ਤੋਂ ਪਹਿਲਾਂ ਤਿੰਨ ਮਹੀਨੇ ਵਿੱਚ ਜੇ ਔਰਤ ਜ਼ੀਕਾ ਵਾਇਰਸ ਨਾਲ ਪੀੜਤ ਹੋ ਜਾਵੇ ਤਾਂ ਪੈਦਾ ਹੋਣ ਵਾਲੇ ਬੱਚੇ ਦੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ। ਬੱਚੇ ਦੇ ਸਿਰ ਦਾ ਆਕਾਰ ਬਦਲ ਜਾਂਦਾ ਹੈ ਅਤੇ ਇਸ ਦਾ ਫਿਲਹਾਲ ਕੋਈ ਇਲਾਜ ਵੀ ਨਹੀਂ ਹੈ।

ਜੈਪੁਰ ਵਿੱਚ ਕੇਂਦਰੀ ਸਿਹਤ ਮੰਤਰਾਲੇ ਦੀ ਇੱਕ ਟੀਮ ਦੀ ਮਦਦ ਨਾਲ ਸੂਬਾ ਸਰਕਾਰ ਜ਼ੀਕਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਵਿੱਚ ਲੱਗੀ ਹੈ।

ਸਿਹਤ ਮੰਤਰੀ ਕਾਲੀ ਚਰਣ ਸਰਾਫ ਨੇ ਦੱਸਿਆ, "ਪੂਰੇ ਸੂਬੇ ਵਿੱਚ 200 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਉਨ੍ਹਾਂ ਸਾਰੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਜ਼ੀਕਾ ਤੋਂ ਬਚਣ ਦੀ ਜਾਣਕਾਰੀ ਦੇ ਰਹੀਆਂ ਹਨ ਜਿੱਥੇ ਇਹ ਵਾਇਰਸ ਫੈਲ ਸਕਦਾ ਹੈ।''

ਖ਼ਾਸ ਨਿਸ਼ਾਨਾ ਹਨ ਔਰਤਾਂ

ਕੇਂਦਰੀ ਸਿਹਤ ਮੰਤਰਾਲੇ ਅਤੇ ਰਾਜਸਥਾਨ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਿਲ ਕੇ ਜ਼ੀਕਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਅਭਿਆਨ ਸ਼ੁਰੂ ਕੀਤਾ ਹੈ।

ਇਹ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਸੂਬੇ ਦੇ ਸਿਹਤ ਮੰਤਰੀ ਸਰਾਫ ਕਹਿੰਦੇ ਹਨ, "ਅਸੀਂ ਸਾਰੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਜੰਗੀ ਪੱਧਰ 'ਤੇ ਜ਼ੀਕਾ ਵਾਇਰਸ ਨਾਲ ਮੁਕਾਬਲਾ ਕੀਤਾ ਜਾਵੇ।''

ਬੁੱਧਵਾਰ ਨੂੰ ਜ਼ੀਕਾ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ ਨਾਲ ਪ੍ਰਸ਼ਾਸਨ ਨੇ ਰਾਹਤ ਦੇ ਸਾਹ ਲਏ ਹਨ। ਖੂਨ ਦੇ ਸੈਂਪਲ ਅਜੇ ਵੀ ਲਏ ਜਾ ਰਹੇ ਹਨ। ਉਨ੍ਹਾਂ ਦਾ ਨਤੀਜਾ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਸਕਦੀ ਹੈ।

ਹੁਣ ਤੱਕ ਕਿੰਨਾ ਅਸਰ

ਜੈਪੁਰ ਦਾ ਸ਼ਾਸ਼ਤਰੀ ਨਗਰ ਮੁਹੱਲਾ ਜ਼ੀਕਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਹੁਣ ਤੱਕ ਸਾਹਮਣੇ ਆਏ 32 ਮਾਮਲਿਆਂ ਵਿੱਚੋਂ 26 ਮਾਮਲੇ ਇਸੇ ਇਲਾਕੇ ਦੇ ਹਨ।

ਇਸ ਮੁਹੱਲੇ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਵਿੱਚ ਸਿਹਤ ਮੁਲਾਜ਼ਮ ਫੈਲੇ ਹੋਏ ਹਨ ਅਤੇ ਲੋਕਾਂ ਨੂੰ ਜ਼ੀਕਾ ਤੋਂ ਬਚਣ ਦੇ ਤਰੀਕੇ ਦੱਸ ਰਹੇ ਹਨ।

ਇਹ ਵੀ ਪੜ੍ਹੋ:

ਸਿਹਤ ਅਤੇ ਕੇਂਦਰ ਸਰਕਾਰ ਦੇ ਸਿਹਤ ਅਫਸਰਾਂ ਨਾਲ ਬਣੀ ਇੱਕ ਵੱਡੀ ਟੀਮ ਨੇ ਮੁਹੱਲੇ ਵਿੱਚ ਇੱਕ ਕੈਂਪ ਲਗਾਇਆ ਹੈ, ਜਿੱਥੇ ਹਰ ਸਵੇਰ ਨੂੰ ਅਧਿਕਾਰੀ ਕਈ ਟੁਕੜੀਆਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੇ ਬਲੱਡ ਸੈਂਪਲ ਲੈ ਰਹੇ ਹਨ।

ਇੱਥੇ ਕਈ ਲੋਕ ਹਨ ਜਿਨ੍ਹਂ ਵਿੱਚ ਜ਼ੀਕਾ ਵਾਇਰਸ ਦੇ ਲੱਛਣ ਮਿਲੇ ਹਨ।

ਇਸ ਮੁਹਿੰਮ ਦਾ ਲੋਕਾਂ 'ਤੇ ਹੁਣ ਤੱਕ ਕਿੰਨਾ ਅਸਰ ਹੋਇਆ ਹੈ?

ਇਸ ਦੇ ਜਵਾਬ ਵਿੱਚ ਸ਼ਾਸ਼ਤਰੀ ਨਗਰ ਦੀਆਂ ਕਈ ਔਰਤਾਂ ਨੇ ਕਿਹਾ ਕਿ ਅਧਿਕਾਰੀ ਆਏ ਸਨ ਅਤੇ ਉਹ ਸਫ਼ਾਈ ਰੱਖਣ ਦੀ ਸਲਾਹ ਦੇ ਗਏ।

ਪਰ ਮੁਹੱਲੇ ਦੇ ਵਧੇਰੇ ਲੋਕਾਂ ਨੇ ਖੁੱਲ੍ਹੀ ਨਾਲੀਆਂ ਅਤੇ ਕੂੜੇ ਦੇ ਢੇਰ ਵੱਲ ਇਸ਼ਾਰਾ ਕਰੇ ਹੋਏ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੇ ਇਲਾਕੇ ਦੀ ਸਫ਼ਾਈ ਨਹੀਂ ਕਰਦਾ ਹੈ।

ਇਨ੍ਹਾਂ ਮੁਹੱਲਿਆਂ ਵਿੱਚ ਸੰਘਣੀ ਆਬਾਦੀ ਹੈ ਅਤੇ ਜ਼ਿਆਦਾਤਰ ਮਕਾਨ ਕੱਚੇ ਹਨ। ਇੱਥੇ ਲੋਕ ਗੰਦਗੀ ਵਿਚਾਲੇ ਰਹਿ ਰਹੇ ਹਨ।

ਨੇੜੇ ਹੀ ਕੂੜੇ ਦੇ ਢੇਰ ਨਾਲ ਭਰਿਆ ਮੈਦਾਨ ਹੈ ਜਿੱਥੇ ਸੂਰ ਅਤੇ ਦੂਜੇ ਜਾਨਵਰ ਘੁੰਮਦੇ ਨਜ਼ਰ ਆਉਂਦੇ ਹਨ। ਇਸੇ ਦੇ ਨੇੜੇ ਮੁਹੱਲੇ ਦੇ ਬੱਚੇ ਵੀ ਖੇਡਦੇ ਨਜ਼ਰ ਆਉਂਦੇ ਹਨ।

ਵਾਇਰਸ ਕਿੱਥੋਂ ਆਇਆ?

ਇਸੇ ਮੁਹੱਲੇ ਦੇ ਇੱਕ ਸ਼ਖਸ ਨੇ ਕੂੜੇ ਦੇ ਪਹਾੜ ਨਾਲ ਲੱਗਦੀ ਇੱਕ ਇਮਾਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਸਰਕਾਰੀ ਸਕੂਲ ਹੈ ਜਿੱਥੇ ਬੱਚੇ ਗੰਦਗੀ ਕਾਰਨ ਜੀਅ ਵੀ ਨਹੀਂ ਸਕਦੇ।

ਭਾਵੇਂ ਪ੍ਰਸ਼ਾਸਨ ਦੀ ਪ੍ਰਥਾਮਿਕਤਾ ਜ਼ੀਕਾ ਵਾਇਰਸ ਨਾਲ ਜੰਗ ਕਰਨਾ ਹੈ ਪਰ ਇੱਥੋਂ ਦੇ ਲੋਕਾਂ ਅਨੁਸਾਰ ਇਨ੍ਹਾਂ ਮੁਹੱਲਿਆਂ ਦੀ ਸਫ਼ਾਈ ਨਹੀਂ ਕਰਵਾਈ ਗਈ ਤਾਂ ਵਾਇਰਸ ਦਾ ਖ਼ਤਰਾ ਬਣਿਆ ਰਹੇਗਾ।

ਉੱਥੇ ਹੀ ਸਰਕਾਰ ਲਈ ਇਹ ਪਤਾ ਲਗਾਉਣਾ ਵੀ ਜ਼ਰੂਰੀ ਹੈ ਕਿ ਇਹ ਵਾਇਰਸ ਆਇਆ ਕਿੱਥੋਂ ਹੈ।

ਸਿਹਤ ਮੰਤਰੀ ਸਰਾਫ ਨੇ ਕਿਹਾ ਕਿ ਇਹ ਵਾਇਰਸ ਬਾਹਰ ਤੋਂ ਆਇਆ ਹੈ ਅਤੇ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਸ ਦਾ ਸੁਰਾਗ ਹੁਣ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ ਹੈ।

ਬਿਹਾਰ-ਯੂਪੀ ਵਿੱਚ ਅਲਰਟ

ਪਿਛਲੇ ਸਾਲ ਅਹਿਮਦਾਬਾਦ ਵਿੱਚ ਜ਼ੀਕਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਸਨ। ਗੁਜਰਾਤ ਸਰਕਾਰ ਇਸ ਨੂੰ ਫੌਰਨ ਰੋਕਣ ਵਿੱਚ ਕਾਮਯਾਬ ਰਹੀ।

ਜ਼ੀਕਾ ਵਾਇਰਸ ਦੇ ਮਾਮਲੇ 30 ਦੇਸਾਂ ਵਿੱਚ ਮਿਲੇ ਹਨ। ਤਿੰਨ ਸਾਲ ਪਹਿਲਾਂ ਬ੍ਰਾਜ਼ੀਲ ਵਿੱਚ ਇਸ ਦੇ ਸੈਂਕੜੇ ਲੋਕ ਪੀੜਤ ਹੋਏ ਸਨ।

ਜੈਪੁਰ ਦੇ ਪੀੜਤਾਂ ਵਿੱਚ ਕਿਸੇ ਨੇ ਵਿਦੇਸ਼ ਦੀ ਯਾਤਰਾ ਕਦੇ ਨਹੀਂ ਕੀਤੀ ਸੀ।

ਅਜਿਹੇ ਵਿੱਚ ਡਾਕਟਰਾਂ ਦੀ ਇੱਕ ਰਾਇ ਇਹ ਵੀ ਹੈ ਕਿ ਇਹ ਵਾਇਰਸ ਦੇਸ ਦੇ ਦੂਜੇ ਇਲਾਕਿਆਂ ਤੋਂ ਇੱਥੇ ਆ ਕੇ ਵਸੇ ਲੋਕਾਂ ਕਾਰਨ ਫੈਲਿਆ ਹੈ।

ਉਨ੍ਹਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਇਨ੍ਹਾਂ ਪ੍ਰਵਾਸੀਆਂ ਨਾਲ ਵਾਇਰਸ ਕਿਤੇ ਦੂਜੇ ਸੂਬਿਆਂ ਵਿੱਚ ਨਾ ਫੈਲ ਜਾਵੇ।

ਇਹ ਵੀ ਪੜ੍ਹੋ:

ਜੈਪੁਰ ਵਿੱਚ ਰਹਿਣ ਵਾਲਾ ਬਿਹਾਰ ਦਾ ਇੱਕ ਵਿਅਕਤੀ ਜ਼ੀਕਾ ਵਾਇਰਸ ਨਾਲ ਪੀੜਤ ਹੋਣ ਦੇ ਬਾਅਦ ਆਪਣੇ ਪਿੰਡ ਪਰਤ ਗਿਆ ਸੀ।

ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਮਜ਼ਦੂਰ ਇੱਥੇ ਰਹਿੰਦੇ ਹਨ। ਸ਼ਾਇਦ ਇਸ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਸਰਕਾਰਾਂ ਵੀ ਹੁਣ ਹਾਈ ਅਲਰਟ 'ਤੇ ਹਨ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)