ਕੀ ਪੈਸੇ ਨੇ ਸਾਡੀ ਉਮਰ ਵਧਾ ਦਿੱਤੀ ਹੈ

ਬਜ਼ੁਰਗ ਆਦਮੀ
    • ਲੇਖਕ, ਅਮਾਂਡਾ ਰਗੇਰੀ
    • ਰੋਲ, ਬੀਬੀਸੀ ਫਿਊਚਰ

ਪਿਛਲੇ ਕੁਝ ਦਹਾਕਿਆਂ ਵਿੱਚ ਪੂਰੀ ਦੁਨੀਆਂ ਵਿੱਚ ਲੋਕਾਂ ਦੀ ਔਸਤ ਉਮਰ ਬੜੀ ਤੇਜ਼ੀ ਨਾਲ ਵੱਧ ਰਹੀ ਹੈ। 1960 ਦੇ ਦਹਾਕੇ ਵਿੱਚ ਪੈਦਾ ਹੋਣ ਵਾਲੇ ਲੋਕ ਔਸਤਨ 52.5 ਸਾਲ ਜਿਉਂਦੇ ਸਨ, ਅੱਜ ਇਹ ਔਸਤ 72 ਸਾਲ ਹੈ।

ਬ੍ਰਿਟੇਨ ਵਿੱਚ ਕਾਫ਼ੀ ਪਹਿਲਾਂ ਤੋਂ ਆਬਾਦੀ ਦੇ ਜਨਮ ਅਤੇ ਮੌਤ ਦੇ ਰਿਕਾਰਡ ਰੱਖੇ ਜਾਂਦੇ ਰਹੇ ਹਨ। 1841 ਵਿੱਚ ਪੈਦਾ ਹੋਈ ਕਿਸੇ ਬੱਚੀ ਦੇ ਸਿਰਫ਼ 42 ਸਾਲ ਦੀ ਉਮਰ ਤੱਕ ਜਿਉਣ ਦੀ ਉਮੀਦ ਕੀਤੀ ਜਾਂਦੀ ਸੀ। ਉੱਥੇ ਹੀ ਕਿਸੇ ਮੁੰਡੇ ਦੀ ਔਸਤ ਉਮਰ ਉਸ ਤੋਂ ਵੀ ਘੱਟ ਯਾਨਿ 40 ਸਾਲ ਹੁੰਦੀ ਸੀ।

2016 ਵਿੱਚ ਪੈਦਾ ਹੋਈ ਕਿਸੀ ਬੱਚੀ ਦੇ ਔਸਤਨ 83 ਸਾਲ ਅਤੇ ਮੁੰਡੇ ਦੇ ਔਸਤਨ 79 ਸਾਲ ਤੱਕ ਜਿਉਣ ਦੀ ਉਮੀਦ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:

ਮੰਨਿਆ ਜਾਂਦਾ ਹੈ ਕਿ ਮੈਡੀਕਲ ਵਿਗਿਆਨ ਦੀ ਤਰੱਕੀ ਅਤੇ ਬਿਹਤਰ ਸਹਿਤ ਸਹੂਲਤਾਂ ਨੇ ਇਨਸਾਨ ਦੀ ਔਸਤਨ ਉਮਰ ਵਧਾ ਦਿੱਤੀ ਹੈ।

ਪਰ, ਸ਼ਾਇਦ ਅਸੀਂ ਤਰੱਕੀ ਦੇ ਉਸ ਪੱਧਰ 'ਤੇ ਪਹੁੰਚੇ ਗਏ ਹਾਂ, ਜਿੱਥੇ ਸਾਇੰਸ ਅਤੇ ਸਿਹਤ ਸਹੂਲਤਾਂ ਬਿਹਤਰ ਕਰਕੇ ਵੀ ਇਨਸਾਨ ਦੀ ਉਮਰ ਨਹੀਂ ਵਧਾਈ ਜਾ ਸਕਦੀ। ਸਤੰਬਰ 2018 ਵਿੱਚ ਜਾਰੀ ਹੋਏ ਬ੍ਰਿਟੇਨ ਦੇ ਅੰਕੜੇ ਤਾਂ ਇਹੀ ਕਹਾਣੀ ਕਹਿੰਦੇ ਹਨ।

ਇਨ੍ਹਾਂ ਮੁਤਾਬਕ, ਬ੍ਰਿਟੇਨ ਵਿੱਚ ਲੋਕਾਂ ਦੀ ਔਸਤਨ ਉਮਰ ਵਧਣ ਦਾ ਸਿਲਸਿਲਾ ਰੁੱਕ ਗਿਆ ਹੈ। ਉੱਥੇ ਹੀ, ਬਾਕੀ ਦੁਨੀਆਂ ਵਿੱਚ ਔਸਤਨ ਉਮਰ ਵਧਣ ਦੀ ਰਫ਼ਤਾਰ ਹੌਲੀ ਹੋ ਗਈ ਹੈ।

ਮੈਡੀਕਲ ਸਹੂਲਤਾਂ ਨਾਲ ਨਹੀਂ ਵਧੀ ਉਮਰ

ਮੰਨਿਆ ਜਾਣ ਲੱਗਾ ਹੈ ਕਿ ਇਨਸਾਨ ਆਪਣੀ ਉਮਰ ਦੇ ਮਾਮਲੇ ਵਿੱਚ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਸੋਚ ਨਾਲ ਕੁਝ ਗ਼ਲਤਫਹਿਮੀਆਂ ਵੀ ਵਧਦੀਆਂ ਹਨ। ਮੰਨਿਆ ਜਾਂਦਾ ਹੈ ਕਿ ਜੇਕਰ ਪ੍ਰਾਚੀਨ ਕਾਲ ਦੇ ਯੂਨਾਨੀ ਜਾਂ ਰੋਮਨ ਲੋਕ ਇਨਸਾਨ ਨੂੰ 50-60 ਸਾਲ ਤੋਂ ਵੱਧ ਸਾਲ ਤੱਕ ਜਿਉਂਦਾ ਦੇਖਦੇ, ਤਾਂ ਸੋਚ ਵਿੱਚ ਪੈ ਜਾਂਦੇ।

ਰੋਮਨ ਸਮਰਾਟ ਆਗਸਟਨ

ਤਸਵੀਰ ਸਰੋਤ, BBC/Getty

ਤਸਵੀਰ ਕੈਪਸ਼ਨ, ਰੋਮਨ ਸਮਰਾਟ ਆਗਸਟਨ 75 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ

ਸਾਡਾ ਇਹ ਸੋਚਣਾ ਕਿ ਮੈਡੀਕਲ ਸਹੂਲਤਾਂ ਕਾਰਨ ਇਨਸਾਨ ਦੀ ਉਮਰ ਵੱਧ ਗਈ ਹੈ, ਗ਼ਲਤ ਹੈ। ਅੱਜ ਔਸਤ ਉਮਰ ਇਸ ਲਈ ਵੱਧ ਰਹੀ ਹੈ ਕਿਉਂਕਿ ਇਨਸਾਨ ਵਿਕਾਸ ਦੀ ਧਾਰਾ ਵਿੱਚ ਵਹਿੰਦਾ ਹੋਇਆ ਇੱਥੇ ਤੱਕ ਪੁੱਜਿਆ ਹੈ।

ਸਟੈਨਫੋਰਡ ਯੂਨੀਵਰਸਿਟੀ ਦੇ ਇਤਿਹਾਸਕਾਰ ਵੌਲਟਰ ਸ਼ੀਡੇਲ ਕਹਿੰਦੇ ਹਨ, "ਔਸਤ ਉਮਰ ਵਧਣ ਅਤੇ ਉਮਰ ਵਧਣ ਵਿੱਚ ਬਹੁਤ ਫ਼ਰਕ ਹੈ। ਲੋਕਾਂ ਦੀ ਉਮਰ ਦੀ ਗੱਲ ਕਰੀਏ, ਤਾਂ ਉਸ ਵਿੱਚ ਬਹੁਤ ਜ਼ਿਆਦਾ ਬਦਲਾਅ ਨਹੀਂ ਆਇਆ ਹੈ।"

ਔਸਤ ਉਮਰ ਇੱਕ ਔਸਤ ਹੈ। ਜੇਕਰ ਕਿਸੇ ਦੇ ਦੋ ਬੱਚੇ ਹਨ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਅਤੇ ਦੂਜਾ ਬੱਚਾ 70 ਸਾਲ ਤੱਕ ਜਿਉਂਦਾ ਹੈ, ਤਾਂ ਔਸਤ ਉਮਰ 35 ਸਾਲ ਹੁੰਦੀ ਹੈ।

ਗਣਿਤ ਦੇ ਲਿਹਾਜ਼ ਨਾਲ ਇਹ ਸਹੀ ਹੈ। ਇਹ ਕਿਸੇ ਬੱਚੇ ਦੀ ਪਰਵਰਿਸ਼ ਦੇ ਤੌਰ-ਤਰੀਕੇ ਦੇ ਬਾਰੇ ਵਿੱਚ ਵੀ ਦੱਸਦਾ ਹੈ। ਪਰ ਇਹ ਪੂਰੀ ਤਸਵੀਰ ਨਹੀਂ ਦੱਸਦਾ।

ਸਾਨੂੰ ਯਾਦ ਰੱਖਣਾ ਹੋਵੇਗਾ ਕਿ ਇਨਸਾਨ ਇਤਿਹਾਸ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਨਵ-ਜੰਮੇ ਦੀ ਮੌਤ ਦੀ ਦਰ ਬਹੁਤ ਜ਼ਿਆਦਾ ਰਹੀ ਹੈ। ਅੱਜ ਵੀ ਕਈ ਦੇਸਾਂ ਵਿੱਚ ਬੱਚੇ ਪੈਦਾ ਹੁੰਦੇ ਹੀ ਮਰ ਜਾਂਦੇ ਹਨ।

ਔਸਤ ਉਮਰ ਕੱਢਣ ਨਾਲ ਕਈ ਵਾਰ ਅਜਿਹੇ ਸੰਕੇਤ ਮਿਲਦੇ ਹਨ ਕਿ ਲੋਕ ਘੱਟ ਉਮਰ ਹੀ ਜਿਉਂਦੇ ਸਨ। ਜਿਵੇਂ ਪੁਰਾਣੇ ਜ਼ਮਾਨੇ ਵਿੱਚ ਰੋਮਨ ਜਾਂ ਯੂਨਾਨੀ ਸਾਮਰਾਜ ਵਿੱਚ ਰਹਿਣ ਵਾਲਿਆਂ ਦੀ ਔਸਤ ਉਮਰ 30-35 ਸਾਲ ਦੱਸੀ ਗਈ ਸੀ।

ਪਰ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ?

ਜੇਕਰ ਅਸੀਂ ਬਹੁਤ ਜ਼ਿਆਦਾ ਬੁਢਾਪੇ ਦੀ ਗੱਲ ਕਰੀਏ ਤਾਂ ਈਸਾ ਤੋਂ ਸੱਤ ਸਦੀ ਪਹਿਲਾਂ ਇਹ ਯੂਨਾਨੀ ਕਵੀ ਹੇਸੀਓਡ ਨੇ ਲਿਖਿਆ ਸੀ, "ਤੁਹਾਨੂੰ 30 ਸਾਲ ਤੋਂ ਬਹੁਤ ਘੱਟ ਉਮਰ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੀਦਾ।"

ਪੁਰਾਣੇ ਰੋਮਨ ਸਾਮਰਾਜ ਦੀ ਬਿਊਰੋਕਰੇਸੀ 'ਕਰਸਸ ਹੋਨੋਰਮ' ਜਿਹੜਾ ਸਭ ਤੋਂ ਛੋਟੇ ਅਹੁਦੇ 'ਤੇ ਸੀ, ਉਸ 'ਤੇ ਕੋਈ 30 ਸਾਲ ਤੋਂ ਘੱਟ ਉਮਰ ਦਾ ਆਦਮੀ ਨਹੀਂ ਬਹਾਲ ਕੀਤਾ ਜਾ ਸਕਦਾ ਸੀ। ਬਾਅਦ ਵਿੱਚ ਰੋਮਨ ਸਮਰਾਟ ਔਗਸਟਨ ਨੇ ਇਹ ਉਮਰ ਘਟਾ ਕੇ 25 ਸਾਲ ਕਰ ਦਿੱਤੀ ਸੀ।

ਸੁਈਕੋ

ਤਸਵੀਰ ਸਰੋਤ, BBC/Getty images

ਤਸਵੀਰ ਕੈਪਸ਼ਨ, ਛੇਵੀਂ ਸਦੀ ਦੀ ਮਹਾਰਾਣੀ ਸੁਈਕੋ ਦੀ 74 ਸਾਲ ਦੀ ਉਮਰ ਵਿੱਚ ਮੌਤ ਹੋਈ ਸੀ

ਖ਼ੁਦ ਔਗਸਟਨ ਦੀ ਮੌਤ 75 ਸਾਲ ਦੀ ਉਮਰ ਵਿੱਚ ਹੋਈ ਸੀ। ਰੋਮਨ ਸਾਮਰਾਜ ਦਾ ਦੂਤ ਬਣਨ ਦੀਆਂ ਸ਼ਰਤਾਂ ਵਿੱਚੋਂ ਇੱਕ ਸੀ ਉਮੀਦਵਾਰ ਦਾ 43 ਸਾਲ ਦਾ ਹੋਣਾ। ਜਦਕਿ ਅੱਜ ਅਮਰੀਕੀ ਰਾਸ਼ਟਰਪਤੀ ਬਣਨ ਲਈ ਘੱਟੋ-ਘੱਟ ਉਮਰ 35 ਸਾਲ ਹੈ।

ਰੋਮਨ ਭੂਗੋਲਵਿਦ ਪਿਲਨੀ ਨੇ ਪਹਿਲੀ ਸਦੀ ਵਿੱਚ ਲਿਖੀ ਆਪਣੀ ਕਿਤਾਬ ਵਿੱਚ ਅਜਿਹੇ ਲੋਕਾਂ ਦੀ ਸੂਚੀ ਬਣਾਈ ਸੀ, ਜਿਨ੍ਹਾਂ ਨੇ ਲੰਬੀ ਉਮਰ ਗੁਜ਼ਾਰੀ। ਇਨ੍ਹਾਂ ਵਿੱਚੋਂ ਇੱਕ ਸਨ ਕੌਨਸੁਲ ਵੈਲੇਰੀਅਸ ਕੌਰਵੀਨਸ, ਜਿਹੜੇ 100 ਸਾਲ ਤੱਕ ਜਿਉਂਦੇ ਰਹੇ।

ਸਿਸੇਰੋ ਦੀ ਪਤਨੀ ਟੇਰੇਂਸ਼ੀਆ 103 ਸਾਲ ਅਤੇ ਕਲੋਡੀਆ ਨਾਮ ਦੀ ਦੂਜੀ ਔਰਤ ਤਾਂ 115 ਸਾਲ ਜਿਉਂਦੀ ਰਹੀ। ਪਿਲਨੀ ਦੀ ਕਿਤਾਬ ਵਿੱਚ ਲੁਕੇਚੀਆ ਨਾਮ ਦੀ ਅਦਾਕਾਰਾ ਦਾ ਵੀ ਜ਼ਿਕਰ ਹੈ, ਜਿਸ ਨੇ 100 ਸਾਲ ਦੀ ਉਮਰ ਵਿੱਚ ਸਟੇਜ ਪਰਫਾਰਮੈਂਸ ਦਿੱਤੀ ਸੀ।

ਇਹ ਵੀ ਪੜ੍ਹੋ:

ਮਿਸਰ ਦੇ ਸ਼ਹਿਰ ਅਲ ਸਿਕੰਦਰੀਆ ਵਿੱਚ ਇੱਕ ਕਬਰ ਮਿਲਦੀ ਹੈ, ਜਿਹੜੀ ਈਸਾ ਤੋਂ 3 ਸਦੀ ਪਹਿਲਾਂ ਦੀ ਇੱਕ ਔਰਤ ਦੀ ਹੈ। ਉਸਦੇ ਬਾਰੇ ਲਿਖਿਆ ਹੈ ਕਿ 80 ਸਾਲ ਦੀ ਉਮਰ ਵਿੱਚ ਵੀ ਉਸਦੇ ਹੱਥ ਕੰਬਦੇ ਨਹੀਂ ਸਨ। ਉਹ ਸ਼ਾਨਦਾਰ ਕਸ਼ੀਦਾਕਾਰੀ ਕਰਦੀ ਸੀ।

ਉਂਝ ਪਿਲਨੀ ਨੇ ਬੁਢਾਪੇ ਨੂੰ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਮਾੜਾ ਸਮਾਂ ਦੱਸਿਆ ਹੈ।

ਪਿਲਨੀ ਨੇ ਲਿਖਿਆ ਹੈ, "ਇਨਸਾਨ ਨੂੰ ਜਿਹੜੀ ਸਭ ਤੋਂ ਵੱਡੀ ਕੁਦਰਤੀ ਬਖਸ਼ੀਸ਼ ਮਿਲੀ ਹੈ, ਉਹ ਹੈ ਘੱਟ ਉਮਰ ਵਿੱਚ ਮਰ ਜਾਣ ਦੀ। ਜ਼ਿਆਦਾ ਉਮਰ ਤੱਕ ਜਿਉਣ ਨਾਲ ਪੈਰ ਅਕੜ ਜਾਂਦੇ ਹਨ। ਹੱਥ ਹਿਲਦੇ ਨਹੀਂ। ਦਿਖਦਾ-ਸੁਣਦਾ ਹੈ ਨਹੀਂ। ਦੰਦ ਟੁੱਟ ਜਾਂਦੇ ਹਨ। ਪੇਟ ਕਮਜ਼ੋਰ ਹੋਣ ਕਰਕੇ ਰੋਟੀ ਪਚਦੀ ਨਹੀਂ। ਯਾਨਿ ਇਨਸਾਨ ਦੇ ਮਰਨ ਤੋਂ ਪਹਿਲਾਂ ਉਸਦੇ ਸਰੀਰ ਦਾ ਇੱਕ-ਇੱਕ ਅੰਗ ਮਰ ਚੁੱਕਿਆ ਹੁੰਦਾ ਹੈ।"

ਰੋਮਨ ਸਮਰਾਟ ਤਿਬੇਰੀਅਸ

ਤਸਵੀਰ ਸਰੋਤ, BBC/Getty images

ਤਸਵੀਰ ਕੈਪਸ਼ਨ, ਰੋਮਨ ਸਮਰਾਟ ਤਿਬੇਰੀਅਸ 77 ਸਾਲ ਤੱਕ ਜਿਉਂਦੇ ਰਹੇ ਅਤੇ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਸੀ

ਪਿਲਨੀ ਦੀ ਨਜ਼ਰ ਵਿੱਚ ਸਿਰਫ਼ ਇੱਕ ਸ਼ਖ਼ਸ ਅਜਿਹਾ ਗੁਜ਼ਰਿਆ ਸੀ, ਜਿਹੜਾ 105 ਸਾਲ ਦੀ ਉਮਰ ਵਿੱਚ ਵੀ ਚੁਸਤ ਸੀ।

ਸਾਮਰਾਜਵਾਦ ਦੇ ਦੌਰ ਦੀ ਗੱਲ ਕਰੀਏ, ਤਾਂ ਵੀ ਉਮਰ ਦੇ ਅਜਿਹੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲਦੇ ਹਨ।

1994 ਵਿੱਚ ਇੱਕ ਰਿਸਰਚ ਹੋਈ ਸੀ ਜਿਸ ਵਿੱਚ ਆਕਸਫੋਰਡ ਕਲਾਸੀਕਲ ਡਿਕਸ਼ਨਰੀ ਵਿੱਚ ਦਰਜ ਇਤਿਹਾਸਕ ਲੋਕਾਂ ਦੀ ਉਮਰ ਦੀ ਪੜਤਾਲ ਹੋ ਗਈ। ਇਨ੍ਹਾਂ ਦੀ ਤੁਲਨਾ ਚੈਂਬਰਸ ਬਾਇਓਗ੍ਰਾਫ਼ੀਕਲ ਡਿਕਸ਼ਨਰੀ ਵਿੱਚ ਦਰਜ ਲੋਕਾਂ ਦੇ ਨਾਮ ਨਾਲ ਕੀਤੀ ਗਈ।

ਜਦੋਂ ਟੀਬੀ ਵੀ ਇੱਕ ਮਾਰੂ ਬਿਮਾਰੀ ਸੀ

ਆਕਸਫੋਰਡ ਡਿਕਸ਼ਨਰੀ ਵਿੱਚ 397 ਲੋਕਾਂ ਵਿੱਚ 99 ਦੀ ਮੌਤ ਹਿੰਸਾ ਜਾਣੀ ਕਤਲ, ਖ਼ੁਦਕੁਸ਼ੀ ਜਾਂ ਲੜਾਈ ਦੇ ਮੈਦਾਨ ਵਿੱਚ ਲੜਨ ਕਾਰਨ ਹੋਈ।

ਈਸਾ ਤੋਂ ਕੋਈ 100 ਸਾਲ ਪਹਿਲਾਂ ਜਨਮੇ ਬਾਕੀਨ ਦੇ 298 ਲੋਕਾਂ ਦੀ ਔਸਤ ਉਮਰ 72 ਸਾਲ ਮਿੱਥੀ ਗਈ। ਜਦਕਿ ਇਸ ਤੋਂ ਬਾਅਦ ਪੈਦਾ ਹੋਣ ਵਾਲਿਆਂ ਦੀ ਔਸਤ ਉਮਰ 66 ਸਾਲ ਦੇਖੀ ਗਈ। ਇਸ ਦੀ ਵਜ੍ਹਾ ਸੀਸੇ ਤੋਂ ਫੈਲਣ ਵਾਲਾ ਜ਼ਹਿਰੀਲਾ ਰਸਾਇਣ ਮੰਨਿਆ ਗਿਆ।

ਦੇਖਿਆ ਜਾਵੇ ਤਾਂ ਈਸਾ ਤੋਂ ਪਹਿਲਾਂ ਅਤੇ ਬਾਅਦ ਪੈਦਾ ਹੋਣ ਵਾਲੇ ਲੋਕਾਂ ਵਿੱਚ ਕੋਈ ਬੁਨਿਆਦੀ ਫਰਕ ਤਾਂ ਨਹੀਂ ਹੋ ਸਕਦਾ।

ਇਸ ਵੰਨਗੀ ਵਿੱਚ ਔਰਤਾਂ ਸ਼ਾਮਲ ਨਹੀਂ ਸਨ। ਇਹ ਸਮਾਜ ਦੇ ਸੰਪਨ ਵਰਗ ਤੋਂ ਸਨ ਜਿਨ੍ਹਾਂ ਕੋਲ ਜ਼ਿੰਦਗੀ ਜਿਊਣ ਦੇ ਬਿਹਤਰ ਸਾਧਨ ਸਨ।

ਸ਼ੀਡੇਲ ਮੁਤਾਬਕ ਇਸ ਖੋਜ ਦੇ ਨਤੀਜਿਆਂ ਨੂੰ ਨਕਾਰਿਆ ਨਹੀਂ ਜਾ ਸਕਦਾ।

ਲਾ ਸੈਪਿਏੰਜ਼ ਯੂਨੀਵਰਸਿਟੀ ਇਟਲੀ ਦੀ ਵੈਲੈਂਟਿਨਾ ਗਜ਼ਾਨਿਗਾ ਕਹਿੰਦੀ ਹੈ ਕਿ ਉਸ ਸਮੇਂ ਵੀ ਅਮੀਰ-ਗਰੀਬ ਦਰਿਮਿਆਨ ਡੂੰਘਾ ਪਾੜਾ ਸੀ।

ਸਾਲ 2016 ਵਿੱਚ ਛਪੀ ਇੱਕ ਖੋਜ ਲਈ ਵੈਲੈਂਟਿਨਾ ਨੇ ਪ੍ਰਾਚੀਨ ਰੋਮ ਦੇ 2000 ਕੰਕਾਲਾਂ ਦਾ ਅਧਿਐਨ ਕੀਤਾ ਜਿਨ੍ਹਾਂ ਦੀ ਔਸਤ ਉਮਰ 30 ਸਾਲ ਹੈ। ਇਨ੍ਹਾਂ ਵਿੱਚੋਂ ਬਹੁਤੇ ਲੋਕ ਮਿਹਨਤ-ਮਜ਼ਦੂਰੀ ਦੇ ਬੋਝ ਹੇਠ ਆਏ ਸਨ ਜਾਂ ਕਿਸੇ ਬਿਮਾਰੀ ਦੇ ਸ਼ਿਕਾਰ ਬਣੇ ਸਨ।

ਉਸ ਸਮੇਂ ਜਿੱਥੇ ਮਰਦ ਮਿਹਨਤ ਦੇ ਨਾਲ ਹੋਰ ਤਸ਼ਦੱਦ ਸਹਿੰਦੇ ਸਨ ਉੱਥੇ ਹੀ ਔਰਤਾਂ ਵੀ ਕਿਸੇ ਚੰਗੀ ਹਾਲਤ ਵਿੱਚ ਨਹੀਂ ਸਨ। ਸਗੋਂ ਮਰਦਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰਦੀਆਂ ਸਨ।

ਔਰਤਾਂ ਜਣੇਪੇ ਦੌਰਾਨ ਵੀ ਮਰ ਜਾਂਦੀਆਂ ਸਨ। ਗਰਭ ਅਵਸਥਾ ਨਾਲ ਜੁੜੀਆਂ ਦਿੱਕਤਾਂ ਕਰਕੇ ਵੀ ਉਨ੍ਹਾਂ ਦੀ ਸਿਹਤ ਕਮਜ਼ੋਰ ਹੋ ਜਾਂਦੀ ਸੀ।

ਆਕਸਫੋਰਡ ਯੂਨੀਵਰਸਿਟੀ ਦੇ ਇਤਿਹਾਸਕਾਰ ਜੇਨ ਹਮਫਰਿਸ ਮੁਤਾਬਕ, "ਗਰਭਵਤੀ ਹੋਣ ਨਾਲ ਤੁਹਾਡੀ ਸਰੀਰ ਰੱਖਿਆ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਫਿਰ ਹੋਰ ਬਿਮਾਰੀਆਂ ਹੋਣ ਦਾ ਡਰ ਵਧ ਜਾਂਦਾ ਹੈ। ਇਸ ਹਾਲਤ ਵੀ ਤਪੈਦਿਕ ਦਾ ਮੁਕਾਬਲਾ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਤਾਂ ਤਪੈਦਿਕ ਵੀ ਭਿਆਨਕ ਬਿਮਾਰੀ ਸੀ।"

ਵੈਲੈਂਟਿਨਾ ਮੁਤਾਬਕ ਉਸ ਸਮੇਂ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਖੁਰਾਕ ਵੀ ਥੋੜ੍ਹੀ ਮਿਲਦੀ ਸੀ। ਜਿਸ ਕਰਕੇ ਕੁੜੀਆਂ ਦਾ ਵਿਕਾਸ ਠੀਕ ਨਹੀਂ ਸੀ ਹੋ ਪਾਉਂਦਾ ਅਤੇ ਜਣੇਪੇ ਵਿੱਚ ਹੀ ਕਈਆਂ ਦੀ ਮੌਤ ਹੋ ਜਾਂਦੀ ਸੀ।

ਪੁਰਾਣੇ ਸਮਿਆਂ ਦੇ ਜਨਸੰਖਿਆ ਦੇ ਅੰਕੜੇ ਨਾ ਹੋਣ ਕਰਕੇ ਉਮਰ ਬਾਰੇ ਸਹੀ ਤਰੀਕੇ ਨਾਲ ਕੁਝ ਕਿਹਾ ਵੀ ਨਹੀਂ ਜਾ ਸਕਦਾ।

ਇਸ ਬਾਰੇ ਬਹੁਤੀ ਜਾਣਕਾਰੀ ਟੈਕਸ ਦੇ ਕਾਗਜ਼ਾਂ ਅਤੇ ਕਬਰਾਂ ਦੇ ਸ਼ਿਲਾਲੇਖਾਂ ਤੋਂ ਹੀ ਮਿਲਦੀ ਹੈ।

ਸ਼ੀਡੇਲ ਮੁਤਾਬਕ ਠੋਸ ਨਤੀਜੇ ਉੱਪਰ ਪਹੁੰਚਣ ਲਈ ਅੰਕੜਿਆਂ ਦਾ ਹੋਣਾ ਪਹਿਲੀ ਸ਼ਰਤ ਹੈ।

ਕੁਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਉਸ ਕਾਲ ਦੇ ਰੋਮਨਾਂ ਦੀ ਔਸਤ ਉਮਰ ਵਿੱਚ ਕੋਈ ਬਹੁਤਾ ਵੱਡਾ ਫਰਕ ਨਹੀਂ ਸੀ।

ਇਹ ਵੀ ਕਿਹਾ ਜਾ ਸਕਦਾ ਹੈ ਕਿ ਨਵਜਾਤਾਂ ਅਤੇ ਗਰਭਵਤੀਆਂ ਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਏ ਹਨ।

ਮਹਾਰਾਣੀ ਵਿਕਟੋਰੀਆ

ਤਸਵੀਰ ਸਰੋਤ, BBC/Getty images

ਤਸਵੀਰ ਕੈਪਸ਼ਨ, ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਦੀ 1901 ਵਿੱਚ 81 ਸਾਲ ਦੀ ਉਮਰ ਵਿੱਚ ਮੌਤ ਹੋਈ ਸੀ

ਜਿਵੇਂ-ਜਿਵੇਂ ਸਾਡੇ ਕੋਲ ਵਸੋਂ, ਉਮਰ ਅਤੇ ਹੋਰ ਬਾਕੀ ਅੰਕੜੇ ਇਕਠੇ ਹੋਣ ਲੱਗੇ ਨਤੀਜੇ ਕੱਢਣੇ ਸੌਖੇ ਹੋ ਗਏ।

ਅੰਕੜੇ ਦਸਦੇ ਹਨ ਕਿ ਪਿਛਲੀ ਸਦੀ ਵਿੱਚ ਬੱਚਿਆਂ ਦੀ ਮੌਤ ਦਰ ਬਹੁਤ ਵੱਧ ਸੀ। ਜੇ ਕੋਈ ਵਿਅਕਤੀ 21 ਸਾਲ ਦੀ ਉਮਰ ਦਾ ਹੋ ਜਾਂਦਾ ਸੀ ਤਾਂ ਉਸ ਦੇ ਬਚਣ ਦੀ ਉਮੀਦ ਅਜੋਕੇ ਲੋਕਾਂ ਦੇ ਬਰਾਬਰ ਹੀ ਹੋ ਜਾਂਦੀ ਸੀ। ਸਿਰਫ 14ਵੀਂ ਸਦੀ ਵਿੱਚ ਹੀ ਪਲੇਗ ਕਾਰਨ ਇਨਸਾਨਾਂ ਦੀ ਔਸਤ ਉਮਰ 45 ਸਾਲ ਰਹਿ ਗਈ ਸੀ।

ਪੈਸਾ ਹੋਣ ਕਰਕੇ ਵੱਧ ਉਮਰ ਤੱਕ ਜਿਉਂਦੇ ਹਨ ਲੋਕ?

ਇਸ ਸਵਾਲ ਦਾ ਜਵਾਬ ਹਮੇਸ਼ਾ ਹਾਂ ਵਿੱਚ ਹੋਵੇ ਇਹ ਜ਼ਰੂਰੀ ਨਹੀਂ। ਮੱਧ ਯੁਗ ਦੇ ਇੱਕ ਲੱਖ 15 ਹਜ਼ਾਰ ਯੂਰਪੀ ਲੋਕਾਂ ਦੀ ਉਮਰ ਦੇ ਅੰਕੜੇ ਦੱਸਦੇ ਹਨ ਕਿ ਉਹ ਆਪਣੇ ਰਾਜਾ ਜਾਂ ਉਨ੍ਹਾਂ ਦੇ ਮੰਤਰੀਆਂ ਤੋਂ 6 ਸਾਲ ਵੱਧ ਜਿਉਂਦੇ ਸਨ।

17ਵੀਂ ਸ਼ਤਾਬਦੀ ਵਿੱਚ ਇੰਗਲੈਂਡ ਵਿੱਚ ਰਾਜਸੀ ਤਬਕੇ ਦੇ ਲੋਕਾਂ ਤੋਂ ਵੱਧ ਉਮਰ ਪਿੰਡ ਵਿੱਚ ਰਹਿਣ ਵਾਲਿਆਂ ਦੀ ਹੋਇਆ ਕਰਦੀ ਸੀ।

ਰਈਸ ਲੋਕ ਤਮਾਮ ਸਰੋਤ ਹੋਣ ਦੇ ਬਾਵਜੂਦ ਇਸ ਲਈ ਘੱਟ ਉਮਰ ਹੀ ਜਿਉਂਦੇ ਸਨ ਕਿਉਂਕਿ 18ਵੀਂ ਸਦੀ ਤੱਕ ਦੇ ਸ਼ਹਿਰਾਂ ਵਿੱਚ ਗੰਦਗੀ ਅਤੇ ਬਿਮਾਰੀਆਂ ਕਾਫੀ ਸਨ। ਨਤੀਜਾ ਇਹ ਹੁੰਦਾ ਸੀ ਕਿ ਉਹ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਸਨ।

ਇਹ ਵੀ ਪੜ੍ਹੋ:

ਮੰਨਿਆ ਜਾਂਦਾ ਹੈ ਕਿ ਜੇ ਆਦੀ ਮਾਨਵ ਸਾਰੀਆਂ ਮੁਸੀਬਤਾਂ ਤੋਂ ਪਾਰ ਹੋ ਗਿਆ ਤਾਂ ਉਸਦੀ ਔਸਤ ਉਮਰ 51 ਤੋਂ 58 ਸਾਲ ਰਹੀ ਹੋਵੇਗੀ।

ਹਾਲਾਂ ਕਿ ਇੱਕ ਹੋਰ ਖੋਜ ਮੁਤਾਬਕ ਉਸਦੀ ਔਸਤ ਉਮਰ 30 ਤੋਂ 37 ਸਾਲ ਦੇ ਵਿਚਕਾਰ ਹੀ ਰਹੀ ਹੋਵੇਗੀ। ਉੱਥੇ ਹੀ ਜੋ ਔਰਤਾਂ 45 ਸਾਲ ਤੱਕ ਜਿਊਂ ਜਾਂਦੀਆਂ ਹੋਣਗੀਆਂ ਉਨ੍ਹਾਂ ਦੀ ਔਸਤ ਉਮਰ 65 ਤੋਂ 67 ਸਾਲ ਤੱਕ ਹੋ ਜਾਂਦੀ ਹੋਵੇਗੀ।

ਆਸਟਰੇਲੀਆ ਦੇ ਮਾਨਵ ਵਿਗਿਆਨੀ ਕ੍ਰਿਸਟੀਨ ਕੇਵ ਅਤੇ ਮਾਰਕ ਔਕਸੇਨਹੈਮ ਨੇ 15 ਸੌ ਸਾਲ ਪੁਰਾਣੇ ਕੰਕਾਲਾਂ ਦੇ ਅਧਿਐਨ ਤੋਂ ਸਿੱਟਾ ਕੱਢਿਆ ਸੀ ਕਿ ਵਧੇਰੇ ਲੋਕ 65 ਸਾਲ ਤੱਕ ਜਿਉਂਦੇ ਹੋਣਗੇ। ਇਨ੍ਹਾਂ ਵਿੱਚੋਂ 16 ਲੋਕ ਅਜਿਹੇ ਵੀ ਸਨ ਜੋ 65 ਤੋਂ 75 ਸਾਲ ਤੱਕ ਜਿਉਂਦੇ ਰਹੇ ਸਨ। ਨੌਂ ਅਜਿਹੇ ਵੀ ਸਨ ਜਿਨਾਂ ਨੇ 75 ਦੀ ਉਮਰ ਪਾਰ ਕਰ ਲਈ ਸੀ।

ਤਾਂ ਇਹੀ ਕਹਿਣਾ ਸਹੀ ਹੋਵੇਗਾ ਕਿ ਸਾਡੀ ਵੱਧੋ-ਵੱਧ ਉਮਰ ਵਿੱਚ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਕੋਈ ਵਧੇਰੇ ਫਰਕ ਨਹੀਂ ਆਇਆ।

ਮੈਡੀਕਲ ਵਿਗਿਆਨ ਦੀ ਤਰੱਕੀ ਅਤੇ ਸਿਹਤ ਸਹੂਲਤਾਂ ਦੇ ਬਿਹਤਰੀ ਨੇ ਇਹ ਯਕੀਨੀ ਬਣਾਇਆ ਹੈ ਕਿ ਸਾਡੇ ਵਿੱਚੋ ਜ਼ਿਆਦਾ ਲੋਕ ਇਸ ਤੱਕ ਪਹੁੰਚ ਪਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)