ਅਸੀਂ ਗੱਲਬਾਤ ਕਰਦੇ, ਉਹ ਸਾਡੇ ਫੌਜੀਆਂ ਦੇ ਸਿਰ ਵੱਢਦੇ-ਸੁਸ਼ਮਾ ਸਵਰਾਜ

ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਤੀਜੀ ਵਾਰ ਪਾਕਿਸਤਾਨ ਨਾਲ ਗੱਲਬਾਤ ਦਾ ਮੌਕਾ ਗੁਆ ਦਿੱਤਾ ਹੈ।

ਸ਼ਾਹ ਮਹਿਮੂਦ ਕੁਰੈਸ਼ੀ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ 73ਵੀਂ ਸਾਲਾਨਾ ਮਹਾਸਭਾ ਵਿੱਚ ਬੋਲ ਰਹੇ ਸਨ।

ਉਨ੍ਹਾਂ ਕਿਹਾ, "ਅਸੀਂ ਮਜ਼ਬੂਤ ਅਤੇ ਗੰਭੀਰ ਗੱਲਬਾਤ ਦੇ ਜ਼ਰੀਏ ਤਮਾਮ ਮੁੱਦਿਆਂ ਦਾ ਹੱਲ ਚਾਹੁੰਦੇ ਹਾਂ। ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਅਤੇ ਭਾਰਤ ਦੀ ਤੈਅ ਮੁਲਾਕਾਤ ਤਮਾਮ ਮੁੱਦਿਆਂ 'ਤੇ ਗੱਲਬਾਤ ਕਰਨ ਦਾ ਇੱਕ ਚੰਗਾ ਮੌਕਾ ਸੀ ਪਰ ਆਪਣੇ ਰਵੱਈਏ ਕਾਰਨ ਮੋਦੀ ਸਰਕਾਰ ਨੇ ਇਹ ਮੌਕਾ ਗੁਆ ਦਿੱਤਾ ਹੈ।''

"ਉਨ੍ਹਾਂ ਨੇ ਸ਼ਾਂਤੀ ਤੇ ਸਿਆਸਤ ਨੂੰ ਤਰਜੀਹ ਦਿੱਤੀ ਹੈ ਅਤੇ ਅਜਿਹੀ ਡਾਕ ਟਿਕਟਾਂ ਨੂੰ ਮੁੱਦਾ ਬਣਾਇਆ ਜੋ ਮਹੀਨਿਆਂ ਪਹਿਲਾਂ ਜਾਰੀ ਹੋਈਆਂ ਸਨ।''

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਆਪਣੇ ਭਾਸ਼ਣ ਵਿੱਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ 9/11 ਦਾ ਮਾਸਟਰਮਾਈਂਡ ਤਾਂ ਮਾਰਿਆ ਗਿਆ ਪਰ 26/11 ਦਾ ਮਾਸਟਰਮਾਈਂਡ ਪਾਕਿਸਤਾਨ ਵਿੱਚ ਚੋਣਾਂ ਲੜ ਰਿਹਾ ਹੈ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।

'ਅੱਤਵਾਦ ਦੀ ਪਰਿਭਾਸ਼ਾ ਤੈਅ ਹੋਵੇ'

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੁਸ਼ਮਾ ਸਵਰਾਜ ਵੱਲੋਂ ਸਾਰਕ ਸਮਿਟ ਦੀ ਬੈਠਕ ਵਿਚਾਲੇ ਛੱਡਣ 'ਤੇ ਉਨ੍ਹਾਂ ਦੀ ਨਿਖੇਧੀ ਕੀਤੀ ਸੀ।

ਉਨ੍ਹਾਂ ਕਿਹਾ ਸੀ, "ਉਹ ਖੇਤਰੀ ਸਹਿਯੋਗ ਦੀ ਗੱਲ ਕਰਦੇ ਹਨ ਪਰ ਮੇਰਾ ਸਵਾਲ ਹੈ ਕਿ ਖੇਤਰੀ ਸਹਿਯੋਗ ਕਿਵੇਂ ਮਮੁਕਿਨ ਹੈ ਜਦੋਂ ਦੇਸ ਆਪਸ ਵਿੱਚ ਗੱਲਬਾਤ ਹੀ ਨਹੀਂ। ਤੁਸੀਂ ਇਸ ਗੱਲਬਾਤ ਦੀ ਸਭ ਤੋਂ ਵੱਡੀ ਰੁਕਾਵਟ ਹੋ।''

ਸੁਸ਼ਮਾ ਸਵਰਾਜ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭਾਵੇਂ ਇੰਡੋਨੇਸ਼ੀਆ ਵਿੱਚ ਸੁਨਾਮੀ ਦੇ ਪੀੜਤਾਂ ਨੂੰ ਸ਼ਰਧਾਂਜਲੀ ਨਾਲ ਕੀਤੀ ਪਰ ਉਸ ਤੋਂ ਬਾਅਦ ਆਪਣੇ ਭਾਸ਼ਣ ਰਾਹੀਂ ਪਾਕਿਸਤਾਨ 'ਤੇ ਹਮਲੇ ਕੀਤੇ।

ਸੁਸ਼ਮਾ ਸਵਰਾਜ ਨੇ ਕਿਹਾ, "ਭਾਰਤ ਨੇ ਪਾਕਿਸਤਾਨ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਖੁਦ ਇਸਲਾਮਾਬਾਦ ਜਾ ਕੇ ਗੱਲਬਾਤ ਦੀ ਸ਼ੁਰੂਆਤ ਕੀਤੀ ਪਰ ਉਸੇ ਵੇਲੇ ਹੀ ਪਠਾਨਕੋਟ ਵਿੱਚ ਸਾਡੇ ਏਅਰਬੇਸ 'ਤੇ ਹਮਲਾ ਕਰ ਦਿੱਤਾ ਗਿਆ।''

ਵਿਦੇਸ਼ ਮੰਤਰੀ ਨੇ ਕਿਹਾ, "ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨੇ ਨਿਊਯਾਰਕ ਵਿੱਚ ਦੋਵੇਂ ਦੇਸਾਂ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਦੀ ਗੱਲ ਕੀਤੀ ਸੀ ਪਰ ਇਸ ਦੇ ਠੀਕ ਬਾਅਦ ਉਨ੍ਹਾਂ ਨੇ ਸਾਡੇ ਸੁਰੱਖਿਆ ਮੁਲਾਜ਼ਮਾਂ ਦੇ ਸਿਰ ਵੱਢ ਦਿੱਤੇ।''

ਸੁਸ਼ਮਾ ਸਵਰਾਜ ਨੇ ਕਿਹਾ ਕਿ ਅਸੀਂ ਅੱਤਵਾਦ ਨਾਲ ਕਿਵੇਂ ਲੜਾਂਗੇ ਜਦੋਂ ਸੰਯੁਕਤ ਰਾਸ਼ਟਰ ਅੱਤਵਾਦ ਦੀ ਪਰਿਭਾਸ਼ਾ ਹੀ ਤੈਅ ਨਹੀਂ ਕਰ ਸਕਿਆ।

ਸੁਸ਼ਮਾ ਸਵਰਾਜ ਨੇ ਕਿਹਾ, "ਸੰਯੁਕਤ ਰਾਸ਼ਟਰ ਦੀ ਗਰਿਮਾ ਅਤੇ ਉਪਯੋਗਿਤਾ ਵਕਤ ਦੇ ਨਾਲ ਘੱਟ ਹੋ ਰਹੀ ਹੈ। ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦੀ ਲੋੜ ਹੈ। ਅੱਜ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਕੇਵਲ ਦੂਜੇ ਵਿਸ਼ਵ ਜੰਗ ਦੇ ਪੰਜ ਜੇਤੂਆਂ ਤੱਕ ਹੀ ਸੀਮਿਤ ਹੈ।''

"ਮੇਰੀ ਅਪੀਲ ਹੈ ਕਿ ਸੁਰੱਖਿਆ ਕੌਂਸਲ ਵਿੱਚ ਸੁਧਾਰ ਕੀਤਾ ਜਾਵੇ।''

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)