ਕੀ ਸਮੁੰਦਰ 'ਚ ਸਭ ਤੋਂ ਮਾੜੀ ਥਾਂ ਫਸਿਆ ਸੀ ਭਾਰਤੀ ਨੇਵੀ ਦਾ ਕਮਾਂਡਰ?

Abhilash Tomy

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੌਮੀ ਅਜਿਹੀ ਥਾਂ ਫਸੇ ਸਨ ਜਿਹੜੀ "ਦੁਨੀਆਂ ਦੀਆਂ ਸਭ ਤੋਂ ਦੂਰ-ਦੁਰੇਡੀਆਂ ਥਾਵਾਂ ਵਿੱਚ ਸ਼ਾਮਲ ਹੈ

ਭਾਰਤੀ ਸਮੁੰਦਰੀ ਫੌਜ ਦੇ ਕਮਾਂਡਰ ਅਭਿਲਾਸ਼ ਟੌਮੀ, ਜਿਨ੍ਹਾਂ ਨੂੰ ਹੁਣ ਬਚਾ ਲਿਆ ਗਿਆ ਹੈ, ਸਮੁੰਦਰ ਵਿੱਚ ਕਿੱਥੇ ਫੱਸ ਗਏ ਸਨ? ਆਸਟਰੇਲੀਆ ਦੇ ਤੱਟ ਤੋਂ 3,200 ਕਿਲੋਮੀਟਰ ਦੂਰ, ਹਿੰਦ ਮਹਾਂਸਾਗਰ ਵਿਚਕਾਰ, ਟੁੱਟੀ ਹੋਈ ਕਿਸ਼ਤੀ ਵਿੱਚ ਇਕੱਲੇ — ਕਿਸੇ ਦੇ ਫਸਣ ਲਈ ਸ਼ਾਇਦ ਇਸ ਤੋਂ ਮਾੜੀ ਥਾਂ ਸਾਰੀ ਦੁਨੀਆ 'ਚ ਨਹੀਂ ਹੈ।

ਹਿੰਦ ਮਹਾਂਸਾਗਰ ਦੇ ਦੱਖਣੀ ਹਿੱਸੇ ਵਿਚ ਇਨਸਾਨੀ ਆਬਾਦੀ ਨਾਂਹ ਦੇ ਬਰਾਬਰ ਹੈ। ਅਭਿਲਾਸ਼ ਨੂੰ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਉਨ੍ਹਾਂ ਦੀ ਕਿਸ਼ਤੀ 'ਥੂਰੀਆ' ਦਾ ਮਸਤੂਲ (ਮਾਸਟ) ਬੀਤੇ ਸ਼ੁੱਕਰਵਾਰ ਨੂੰ ਇੱਕ ਤੂਫ਼ਾਨ ਵਿੱਚ ਟੁੱਟ ਗਿਆ।

ਉਹ 'ਗੋਲਡਨ ਗਲੋਬ ਰਾਊਂਡ-ਦਿ-ਵਰਲਡ' ਨਾਂ ਦੀ ਰੇਸ ਵਿੱਚ ਭਾਗ ਲੈ ਰਹੇ ਸਨ। ਇਸ ਵਿੱਚ ਇਕੱਲੇ ਇਨਸਾਨ ਨੇ ਕਿਸ਼ਤੀ 'ਚ ਧਰਤੀ ਦਾ ਚੱਕਰ ਲਾਉਣਾ ਹੁੰਦਾ ਹੈ।

ਇਹ ਵੀ ਪੜ੍ਹੋ:

ਅਭਿਲਾਸ਼ 2013 ਵਿੱਚ ਪਹਿਲੇ ਭਾਰਤੀ ਬਣੇ ਸਨ ਜਿਨ੍ਹਾਂ ਨੇ ਸਮੁੰਦਰੀ ਮਾਰਗ ਜ਼ਰੀਏ ਪੂਰੀ ਦੁਨੀਆਂ ਦਾ ਚੱਕਰ ਲਗਾਇਆ ਸੀ।

ਇਸ ਸਾਲ ਦੀ ਦੌੜ ਲਈ ਟੌਮੀ ਦੀ ਕਿਸ਼ਤੀ ਉਸ ਕਿਸ਼ਤੀ ਦੀ ਨਕਲ ਸੀ ਜਿਸ ਵਿੱਚ 1968 ਵਿੱਚ ਪਹਿਲੀ ਰੇਸ ਜਿੱਤੀ ਗਈ ਸੀ।

ਕਿਵੇਂ ਨਿਕਲੇ ਟੌਮੀ?

ਦੌੜ ਦੇ ਆਯੋਜਕਾਂ ਮੁਤਾਬਕ ਅਭਿਲਾਸ਼ ਟੌਮੀ ਉੱਥੇ ਫਸੇ ਸਨ ਜਿੱਥੇ ਬਚਾਅ ਦੀ ਉਮੀਦ ਲਗਭਗ ਮੁੱਕ ਜਾਂਦੀ ਹੈ। ਟੌਮੀ ਨੇ ਮੈਸੇਜ ਭੇਜਿਆ ਸੀ ਕਿ ਉਹ ਬੁਰੇ ਤਰੀਕੇ ਨਾਲ ਜ਼ਖ਼ਮੀ ਹਨ।

Tony Bullimore's yacht
ਤਸਵੀਰ ਕੈਪਸ਼ਨ, 1997 ਵਿੱਚ ਯੂਕੇ ਦੇ ਮਲਾਹ ਦੀ ਕਿਸ਼ਤੀ 4 ਦਿਨ ਬਾਅਦ ਪਲਟ ਗਈ ਸੀ

ਕਈ ਦੇਸਾਂ ਦੇ ਬਚਾਅ ਮੁਲਾਜ਼ਮ ਟੌਮੀ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ।

ਬਚਾਅ ਦੀਆਂ ਕੋਸ਼ਿਸ਼ਾਂ ਦੇ ਤਾਲਮੇਲ ਲਈ ਜ਼ਿੰਮੇਵਾਰ, ਆਸਟਰੇਲੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੌਮੀ ਅਜਿਹੀ ਥਾਂ ਫਸੇ ਸਨ ਜਿਹੜੀ ਦੁਨੀਆਂ ਦੀਆਂ ਸਭ ਤੋਂ ਦੂਰ-ਦੁਰਾਡੀਆਂ ਥਾਵਾਂ ਵਿੱਚ ਸ਼ਾਮਲ ਹੈ ਜੋਕਿ ਹਰੇਕ ਬਚਾਅ ਕੇਂਦਰ ਤੋਂ ਬਰਾਬਰ ਦੂਰੀ 'ਤੇ ਹੀ ਹੈ।

ਅਭਿਲਾਸ਼ ਦੀ ਕਿਸਮਤ ਚੰਗੀ ਸੀ ਕਿ ਫਰਾਂਸੀਸੀ ਮਛੇਰਿਆਂ ਦੀ ਕਿਸ਼ਤੀ 'ਔਸੀਰੀਸ' ਉਨ੍ਹਾਂ ਕੋਲ ਪਹੁੰਚ ਸਕੀ ਅਤੇ ਸੋਮਵਾਰ ਨੂੰ ਉਨ੍ਹਾਂ ਨੂੰ ਕੱਢ ਲਿਆਈ। ਨਹੀਂ ਤਾਂ ਕੁਝ ਵੀ ਹੋ ਸਕਦਾ ਸੀ।

ਕਿੰਨਾ ਵੱਡਾ ਹੈ ਮਹਾਂਸਾਗਰ?

ਜਾਣਕਾਰਾਂ ਮੁਤਾਬਕ ਹਿੰਦ ਮਹਾਂਸਾਗਰ 70.6 ਮਿਲੀਅਨ (7 ਕਰੋੜ) ਸੁਕੇਅਰ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।

ਅੰਤਰਰਾਸ਼ਟਰੀ ਸਮੁੰਦਰੀ ਬਚਾਅ ਸੰਘ ਦੇ ਅਧਿਕਾਰੀ ਡੇਵਿਡ ਜਾਰਡੀਨ-ਸਮਿਥ ਦੱਸਦੇ ਹਨ, "ਇਸ ਮਹਾਂਸਾਗਰ ਦੇ ਕੁਝ ਵੱਡੇ ਹਿੱਸਿਆਂ ਵਿੱਚ ਕਈ ਵਾਰ ਪੂਰੇ ਸਾਲ ਵਿੱਚ ਹੀ ਕੋਈ ਇਨਸਾਨੀ ਹਲਚਲ ਨਹੀਂ ਹੁੰਦੀ। ਇਸ ਦੇ ਆਕਾਰ ਦਾ ਅੰਦਾਜ਼ਾ ਲਾਉਣਾ ਹੀ ਮੁਸ਼ਕਿਲ ਹੈ।"

Thuriya

ਤਸਵੀਰ ਸਰੋਤ, Indian Navy

ਤਸਵੀਰ ਕੈਪਸ਼ਨ, ਪਿਛਲੇ ਹਫ਼ਤੇ ਥੂਰੀਆ ਕਿਸ਼ਤੀ ਤੂਫਾਨ ਕਾਰਨ ਟੁੱਟ ਗਈ ਸੀ

ਜਦੋਂ ਕੋਈ ਕਿਸ਼ਤੀ ਕਿਸੇ ਆਬਾਦੀ ਵਾਲੇ ਇਲਾਕੇ ਤੋਂ ਦੂਰ ਫਸ ਜਾਂਦੀ ਹੈ — ਜਿਵੇਂ ਕਿ ਅਭਿਲਾਸ਼ ਟੌਮੀ ਦੀ 'ਥੂਰੀਆ' — ਤਾਂ ਕੌਮੀ ਜਾਂ ਸਰਕਾਰੀ ਅਦਾਰੇ ਕਈ ਵਾਰ ਮਦਦ ਕਰਨ ਵਿੱਚ ਅਸਮਰਥ ਹੋ ਜਾਂਦੇ ਹਨ। ਉਹ ਉਸੇ ਇਲਾਕੇ ਵਿੱਚ ਮੌਜੂਦ ਹੋਰ ਕਿਸ਼ਤੀਆਂ ਨੂੰ ਸੰਪਰਕ ਕਰਕੇ ਮਦਦ ਕਰਨ ਦੀ ਅਪੀਲ ਕਰਦੇ ਹਨ।

ਕੌਮਾਂਤਰੀ ਕਾਨੂੰਨ ਮੁਤਾਬਕ ਕਿਸੇ ਵੀ ਕਿਸ਼ਤੀ ਜਾਂ ਸਮੁੰਦਰੀ ਜਹਾਜ਼ ਦੇ ਕਪਤਾਨ ਨੂੰ ਫਸੇ ਹੋਏ ਲੋਕਾਂ ਦੀ ਮਦਦ ਕਰਨੀ ਪੈਂਦੀ ਹੈ, ਭਾਵੇਂ ਫਸੇ ਹੋਏ ਲੋਕ ਕਿਸੇ ਵੀ ਦੇਸ ਦੇ ਹੋਣ।

ਡੇਵਿਡ ਜਾਰਡੀਨ-ਸਮਿਥ ਮੁਤਾਬਕ, "ਜੇਕਰ ਇਨ੍ਹਾਂ ਲੋਕਾਂ ਨੂੰ ਛੇਤੀ ਨਾ ਬਚਾਇਆ ਜਾਵੇ ਤਾਂ ਇਹ ਡੁੱਬ ਜਾਂਦੇ ਹਨ ਜਾਂ ਠੰਢ ਨਾਲ ਮਰ ਜਾਂਦੇ ਹਨ।"

ਇਹ ਵੀ ਪੜ੍ਹੋ:

ਜਿੱਥੇ ਅਭਿਲਾਸ਼ ਟੌਮੀ ਦੀ ਕਿਸ਼ਤੀ ਫਸੀ ਸੀ, ਹਿੰਦ ਮਹਾਂਸਾਗਰ ਦਾ ਉਹ ਇਲਾਕਾ ਆਮ ਸਫ਼ਰ ਕਰਨ ਲਈ ਬਹੁਤਾ ਨਹੀਂ ਵਰਤਿਆ ਜਾਂਦਾ।

ਜਾਣਕਾਰ ਸਟੂਅਰਟ ਕੈਰਦਰਜ਼ ਕਹਿੰਦੇ ਹਨ ਕਿ ਇਹ ਇਲਾਕਾ ਅਟਲਾਂਟਿਕ ਮਹਾਸਾਗਰ ਵਾਂਗ ਨਹੀਂ ਹੈ, "ਜਿੱਥੇ ਇੰਨੀਆਂ ਕਿਸ਼ਤੀਆਂ ਚਲਦੀਆਂ ਹਨ ਕਿ ਤੁਸੀਂ ਹੱਥ ਹਿਲਾ ਕੇ ਨੇੜਿਓਂ ਲੰਘਦੀ ਕਿਸੇ ਕਿਸ਼ਤੀ ਨੂੰ ਰੋਕਣ ਲਈ ਆਖ ਸਕਦੇ ਹੋ।"

ਪਹੁੰਚ ਕੇ ਵੀ ਕੰਮ ਸੌਖਾ ਨਹੀਂ

ਜੇ ਕੋਈ ਬਚਾਅ ਕਰਨ ਕਿਸ਼ਤੀ ਕੋਲ ਪਹੁੰਚ ਵੀ ਜਾਵੇ ਤਾਂ ਸਮੁੰਦਰੀ ਤਾਕਤਾਂ ਕੰਮ ਵਿਗਾੜ ਸਕਦੀਆਂ ਹਨ।

ਡੇਵਿਡ ਜਾਰਡੀਨ-ਸਮਿਥ ਕਹਿੰਦੇ ਹਨ, "ਲਹਿਰਾਂ ਦੇ ਬਦਲਦੇ ਸੁਭਾਅ ਦੌਰਾਨ ਕਿਸੇ ਨੂੰ ਸਟਰੈਚਰ ਉੱਤੇ ਲਿਟਾ ਕੇ ਇੱਕ ਕਿਸ਼ਤੀ ਤੋਂ ਦੂਜੀ 'ਤੇ ਪਹੁੰਚਾਉਣਾ ਔਖਾ ਕੰਮ ਹੈ। ਇਹ ਬੜੀ ਸਫ਼ਾਈ ਨਾਲ ਕਰਨਾ ਪੈਂਦਾ ਹੈ। ਅਭਿਲਾਸ਼ ਟੌਮੀ ਨੂੰ ਬਚਾ ਕੇ ਲਿਆਉਣ ਵਾਲਿਆਂ ਨੇ ਇਹ ਕੰਮ ਬੜੀ ਚੰਗੀ ਤਰ੍ਹਾਂ ਕਰ ਲਿਆ।"

Abhilash Tomy, 1 July 2018

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਭਿਲਾਸ਼ 2013 ਵਿੱਚ ਪਹਿਲੇ ਭਾਰਤੀ ਬਣੇ ਸਨ ਜਿਨ੍ਹਾਂ ਨੇ ਸਮੁੰਦਰੀ ਮਾਰਗ ਜ਼ਰੀਏ ਪੂਰੀ ਦੁਨੀਆਂ ਦਾ ਚੱਕਰ ਲਗਾਇਆ ਸੀ

ਅਭਿਲਾਸ਼ ਦੀ ਕਿਸਮਤ ਇੰਝ ਵੀ ਚੰਗੀ ਸੀ ਕਿ ਉਨ੍ਹਾਂ ਨੂੰ ਬਚਾਉਣ ਆਈ ਕਿਸ਼ਤੀ ਦੇ ਪਹੁੰਚਣ ਤੋਂ ਪਹਿਲਾਂ ਹੀ 46 ਫੁੱਟ ਉੱਚੀਆਂ ਲਹਿਰਾਂ ਤੇ ਤੇਜ਼ ਹਵਾਵਾਂ ਸ਼ਾਂਤ ਹੋ ਗਈਆਂ ਸਨ।

ਟੌਮੀ ਤੋਂ ਵੀ ਮਾੜੇ ਹਾਲਾਤ

ਅਭਿਲਾਸ਼ ਟੌਮੀ ਜਿੱਥੇ ਫਸੇ ਸਨ ਉਹ ਇਸ ਮਾਮਲੇ ਵਿੱਚ ਦੁਨੀਆਂ ਦਾ ਸਭ ਤੋਂ ਮਾੜਾ ਇਲਾਕਾ ਵੀ ਨਹੀਂ ਹੈ।

ਸਾਲ 1992 ਵਿੱਚ ਕ੍ਰੋਏਸ਼ੀਆ-ਕੈਨੇਡਾ ਮੂਲ ਦੇ ਇੱਕ ਇੰਜੀਨੀਅਰ, ਹਰਵੋਯੇ ਲੂਕਾਟੇਲਾ ਨੇ ਖੋਜ ਕੀਤੀ ਕਿ "ਸਮੁੰਦਰੀ ਪਹੁੰਚ ਦਾ ਛੋਰ" ਪ੍ਰਸ਼ਾਂਤ ਮਹਾਸਾਗਰ ਦੇ ਦੱਖਣੀ ਹਿੱਸੇ ਵਿੱਚ ਪੈਂਦਾ ਹੈ।

Abhilash Tomy

ਤਸਵੀਰ ਸਰੋਤ, Getty Images

ਇਸ ਦਾ ਨਾਂ ਰੱਖਿਆ ਗਿਆ ਪੁਆਇੰਟ ਨੀਮੋ, ਜਿਸਦੇ ਉੱਤਰ ਵਿੱਚ ਡੂਸੀ ਆਈਲੈਂਡ ਹੈ; ਉੱਤਰ-ਪੂਰਬ ਵਿੱਚ ਹਨ ਈਸਟਰ ਆਈਲੈਂਡ ਅਤੇ ਦੱਖਣ ਵਿੱਚ ਪੈਂਦਾ ਹੈ ਐਂਟਾਰਕਟਿਕ ਦਾ ਮਾਅਰ ਆਈਲੈਂਡ। ਇਨ੍ਹਾਂ ਟਾਪੂਆਂ 'ਤੇ ਕੋਈ ਨਹੀਂ ਰਹਿੰਦਾ।

ਕਿੱਥੇ ਹੋਇਆ ਇਲਾਜ

ਅਭਿਲਾਸ਼ ਟੌਮੀ ਨੂੰ ਬਚਾ ਕੇ ਫਰਾਂਸ ਦੇ ਅਧੀਨ ਆਉਂਦੇ ਐਮਸਟਰਡਮ ਆਈਲੈਂਡ ਲਿਜਾਇਆ ਗਿਆ। ਇੱਥੇ ਜੁਆਲਾਮੁਖੀ ਵਿਸ਼ਲੇਸ਼ਣ ਕਰਦੇ ਕੁਝ ਕਰਮੀ ਰਹਿੰਦੇ ਹਨ ਅਤੇ ਇੱਕ ਹਸਪਤਾਲ ਵੀ ਹੈ।

ਇਹ ਵੀ ਪੜ੍ਹੋ:

ਕਿਹਾ ਜਾ ਰਿਹਾ ਹੈ ਕਿ ਇਲਾਜ ਤੋਂ ਬਾਅਦ ਅਭਿਲਾਸ਼ ਨੂੰ ਆਸਟਰੇਲਿਆ ਦੀ ਸਮੁੰਦਰੀ ਫੌਜ ਦਾ ਇੱਕ ਜਹਾਜ਼ ਲੈ ਜਾਵੇਗਾ। ਸਫ਼ਰ ਉਹ ਵੀ ਲੰਮਾ ਹੀ ਹੋਵੇਗਾ। ਹੋਣ ਨੂੰ ਤਾਂ ਇਸ ਤੋਂ ਵੀ ਮਾੜਾ ਹੋ ਸਕਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)