ਯੂਕੇ 'ਚ ਦੋ ਬੱਚਿਆਂ ਦੀ ਮਾਂ ਦਾ ਕਤਲ, ਦੋਸ਼ੀ ਪੰਜਾਬ 'ਚ ਭੁਗਤੇਗਾ ਸਜ਼ਾ

ਤਸਵੀਰ ਸਰੋਤ, GOOGLE MAPS
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਸਾਲ 2014 ਵਿੱਚ ਬਰਤਾਨੀਆ ਵਿੱਚ ਇੱਕ ਵਿਆਹੁਤਾ ਦੇ ਕਤਲ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਨੌਜਵਾਨ ਨੂੰ ਭਾਰਤ ਭੇਜਿਆ ਜਾ ਰਿਹਾ ਹੈ।
ਮ੍ਰਿਤਕਾ ਅਮਨਦੀਪ ਕੌਰ ਹੇਠੀ ਦੀ ਗੁਰਮਿੰਦਰ ਸਿੰਘ ਨਾ ਦੇ ਨੌਜਵਾਨ ਨਾਲ ਦੋਸਤੀ ਸੀ। ਉਸ ਨੇ ਵੂਲਵਰਹੈਂਪਟਨ ਦੇ ਇੱਕ ਹੋਟਲ ਵਿੱਚ ਅਮਨਦੀਪ ਕੌਰ ਹੇਠੀ ਦਾ ਕਤਲ ਕਰ ਦਿੱਤਾ ਸੀ।
ਪੰਜਾਬ ਦੇ ਇੱਕ ਅਧਿਕਾਰੀ ਮੁਤਾਬਕ 33 ਸਾਲਾ ਗੁਰਮਿੰਦਰ ਸਿੰਘ ਦੀ ਹਵਾਲਗੀ ਪੰਜਾਬ ਪੁਲਿਸ ਦੀ ਟੀਮ ਮੰਗਲਵਾਰ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ਉੱਤੇ ਬਰਤਾਨੀਆ ਦੇ ਅਧਿਕਾਰੀਆਂ ਤੋਂ ਹਾਸਲ ਕਰੇਗੀ।
ਇਹ ਵੀ ਪੜ੍ਹੋ:
ਪੰਜਾਬ ਪੁਲਿਸ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਅਜਿਹੇ ਮਾਮਲਿਆਂ ਦੀ ਜ਼ਿਆਦਾ ਪਬਲੀਸਿਟੀ ਨਾ ਕੀਤੀ ਜਾਵੇ।
ਭਾਰਤ ਪਹੁੰਚਣ ਉੱਤੇ ਗੁਰਮਿੰਦਰ ਸਿੰਘ ਆਪਣੀ ਬਾਕੀ ਦੀ ਸਜ਼ਾ ਪੰਜਾਬ ਦੀ ਜੇਲ੍ਹ ਵਿਚ ਪੂਰੀ ਕਰੇਗਾ।

ਤਸਵੀਰ ਸਰੋਤ, WEST MIDLANDS POLICE
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹਰਪ੍ਰੀਤ ਔਲਖ ਨੂੰ ਬਰਤਾਨੀਆ ਤੋਂ ਭਾਰਤ ਭੇਜਿਆ ਗਿਆ ਸੀ।
ਹਰਪ੍ਰੀਤ ਔਲਖ 'ਤੇ ਆਪਣੀ ਪਤਨੀ ਗੀਤਾ ਔਲਖ ਦਾ ਕਤਲ ਕਰਨ ਦਾ ਦੋਸ਼ ਹੈ ਅਤੇ ਇਸ ਮਾਮਲੇ ਵਿੱਚ ਬਰਤਾਨੀਆ ਦੀ ਅਦਾਲਤ ਨੇ ਉਸ ਨੂੰ 28 ਸਾਲ ਦੀ ਸਜ਼ਾ ਸੁਣਾਈ ਹੋਈ ਹੈ।
ਕੀ ਹੈ ਮਾਮਲਾ
ਕਤਲ ਦੇ ਮਾਮਲੇ ਵਿਚ ਵੁਲਵਰਹੈਂਪਟਨ ਕ੍ਰਾਊਨ ਕੋਰਟ ਨੇ ਗੁਰਮਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਘੱਟੋਂ ਘੱਟ 24 ਸਾਲ ਜੇਲ੍ਹ ਵਿਚ ਰੱਖਣ ਦਾ ਹੁਕਮ ਸੁਣਾਇਆ ਹੋਇਆ ਹੈ।
ਸਰਕਾਰੀ ਪੱਖ ਦਾ ਕਹਿਣਾ ਹੈ ਕਿ ਗੁਰਮਿੰਦਰ ਸਿੰਘ ਦੇ ਮ੍ਰਿਤਕਾ ਅਮਨਦੀਪ ਕੌਰ ਹੋਠੀ ਜੋ ਕਿ ਵਿਆਹੁਤਾ ਸੀ ਅਤੇ ਦੋ ਬੱਚਿਆ ਦੀ ਮਾਂ ਨਾਲ ਸਬੰਧ ਸਨ।

ਤਸਵੀਰ ਸਰੋਤ, Getty Images
ਅਮਨਦੀਪ ਕੌਰ ਦੀ ਲਾਸ਼ 2013 ਵਿਚ ਇੱਕ ਹੋਟਲ ਵਿੱਚ ਮਿਲੀ ਸੀ ਅਤੇ ਉਸ ਦੇ ਸਰੀਰ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਹੋਏ ਸਨ।
ਗੁਰਮਿੰਦਰ ਸਿੰਘ ਨੇ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਉਹ ਇਸ ਵਿਚ ਅਸਫਲ ਹੋ ਗਿਆ ਤਾਂ ਉਸ ਨੇ ਮਦਦ ਲਈ ਐਮਰਜੈਂਸੀ ਸਰਵਿਸਿਜ਼ ਨੂੰ ਕਾਲ ਕੀਤੀ।
ਇਹ ਵੀ ਪੜ੍ਹੋ:
ਪੰਜਾਬ ਪੁਲਿਸ ਮੁਤਾਬਕ ਹਰਪ੍ਰੀਤ ਔਲਖ ਵਾਂਗ ਗੁਰਮਿੰਦਰ ਦੀ ਬੇਨਤੀ ਉੱਤੇ ਹੀ ਬਰਤਾਨੀਆ ਤੋਂ ਉਸ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕੇ।
ਕੈਦੀਆਂ ਦੀ ਵਾਪਸੀ ਸਬੰਧੀ ਭਾਰਤੀ ਐਕਟ ਦੇ ਮੁਤਾਬਕ ਕੁਝ ਦੇਸਾਂ ਦੇ ਕੈਦੀ, ਜਿੰਨ੍ਹਾਂ ਵਿਚ ਬਰਤਾਨੀਆ ਵੀ ਸ਼ਾਮਲ ਹੈ, ਭਾਰਤ ਵਿਚ ਤਬਦੀਲ ਹੋਣ ਦੀ ਬੇਨਤੀ ਕਰ ਸਕਦੇ ਹਨ।
ਇਸ ਐਕਟ ਦੇ ਤਹਿਤ ਫਾਂਸੀ ਦੀ ਸਜਾ ਯਾਫ਼ਤਾ ਅਤੇ ਪੈਂਡਿੰਗ ਕੇਸ ਵਾਲਾ ਵਿਅਕਤੀ ਅਪੀਲ ਨਹੀਂ ਕਰ ਸਕਦਾ।












