ਪੱਤਰਕਾਰਾਂ ਸਾਹਮਣੇ 'ਫਿਲਮਾਏ' ਗਏ ਯੂਪੀ ਪੁਲਿਸ ਦੇ ਐਨਕਾਊਂਟਰ ਦਾ ਸੱਚ - ਗ੍ਰਾਊਂਡ ਰਿਪੋਰਟ

ਤਸਵੀਰ ਸਰੋਤ, Hirdesh Kumar
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ, ਅਲੀਗੜ੍ਹ ਤੋਂ
ਇੱਕ ਸਾਫ਼ ਪਰ ਠਹਿਰੀ ਹੋਈ ਨਹਿਰ ਦੇ ਨੇੜੇ ਕੁਝ ਖੰਡਰ ਹਨ। ਬ੍ਰਿਟਿਸ਼ ਰਾਜ ਦੌਰਾਨ ਇਹ ਆਲੀਸ਼ਾਨ ਬੰਗਲਾ ਸੀ ਜਿਸ ਵਿੱਚ ਸੰਚਾਈ ਵਿਭਾਗ ਦੇ ਅਫ਼ਸਰ ਠਹਿਰਦੇ ਸਨ।
ਦਹਾਕਿਆਂ ਤੋਂ ਲਾਲ ਇੱਟਾਂ ਵਾਲਾ ਬੰਗਲਾ ਖਾਲੀ ਪਿਆ ਹੈ ਅਤੇ ਇਸ ਦੇ ਪਿੱਛੇ ਵਾਲੇ ਮੈਦਾਨ ਵਿੱਚ ਹੁਣ ਪਿੰਡ ਦਾ ਬਾਜ਼ਾਰ ਲਗਦਾ ਹੈ। 20 ਸਤੰਬਰ, 2018 ਤੋਂ ਬਾਅਦ ਖੰਡਰ ਦੇ ਕਈ ਹਿੱਸਿਆਂ 'ਤੇ ਦਰਜਨਾਂ ਗੋਲੀਆਂ ਦੇ ਨਿਸ਼ਾਨ ਹਨ।
ਅੰਦਰ ਇੱਕ ਵੱਡੇ ਕਮਰੇ ਦੇ ਕੋਨੇ ਵਿੱਚ ਖੂਨ ਦੇ ਦੋ ਛੋਟੇ ਦਾਗ ਹਨ ਅਤੇ ਅਜਿਹਾ ਹੀ ਇੱਕ ਦਾਗ ਨਾਲ ਵਾਲੇ ਕਮਰੇ ਵਿੱਚ ਹੈ।
ਇਹ ਵੀ ਪੜ੍ਹੋ:
ਖ਼ੂਨ ਦੇ ਇਨ੍ਹਾਂ ਧੱਬਿਆਂ ਦੇ ਕੋਲ ਪੁਲਿਸ ਨੇ ਚਾਕ ਨਾਲ ਇੱਕ ਗੋਲਾ ਬਣਾ ਦਿੱਤਾ ਹੈ ਕਿਉਂਕਿ ਉਨ੍ਹਾਂ ਦੇ ਮੁਤਾਬਕ ਇਹ ਦਾਗ ਉਨ੍ਹਾਂ ਦੋ "ਬਦਮਾਸ਼ਾਂ ਦੇ ਖ਼ੂਨ ਹਨ ਜਿਹੜੇ ਇੱਥੇ ਭੱਜ ਕੇ ਲੁਕੇ ਸਨ ਅਤੇ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ"।

ਤਸਵੀਰ ਸਰੋਤ, Hirdesh Kumar
ਇਹ ਅਲੀਗੜ੍ਹ ਦਾ ਹਰਦੁਆਗੰਜ ਇਲਾਕਾ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ "ਪਿਛਲੇ ਇੱਕ ਮਹੀਨੇ ਵਿੱਚ ਇਲਾਕੇ 'ਚ ਹੋਈਆਂ ਕਤਲ ਦੀਆਂ 6 ਵਾਰਦਾਤਾਂ ਵਿੱਚ ਜਿਸ ਗੈਂਗ ਦਾ ਹੱਥ ਹੈ ਉਸ ਵਿੱਚ ਇਹ ਦੋਵੇਂ ਵੀ ਸ਼ਾਮਲ ਸਨ"।
ਅਸਲ ਵਿੱਚ ਕੀ ਹੋਇਆ ਸੀ
ਅਲੀਗੜ੍ਹ ਦੇ ਇੱਕ ਪੱਤਰਕਾਰ ਕੋਲ ਸਵੇਰੇ ਸਾਢੇ 6 ਵਜੇ ਐਸਐਸਪੀ ਦੇ ਪੀਆਰਓ ਦਾ ਫ਼ੋਨ ਆਇਆ ਕਿ "ਇੱਕ ਐਨਕਾਊਂਟਰ ਚੱਲ ਰਿਹਾ ਹੈ"।
ਅਗਲੇ 20 ਮਿੰਟ ਬਾਅਦ ਜਦੋਂ ਇਹ ਆਪਣੇ ਕਮਰੇ ਦੇ ਨਾਲ ਕਿਨਾਰੇ ਵਾਲੇ ਖੰਡਰ ਵੱਲ ਵਧੇ ਤਾਂ 100 ਮੀਟਰ ਪਹਿਲਾਂ ਹੀ ਇਨ੍ਹਾਂ ਨੂੰ ਰੋਕ ਦਿੱਤਾ ਗਿਆ।
ਆਲੇ-ਦੁਆਲੇ ਕੁਝ ਹੋਰ ਪੱਤਰਕਾਰ ਵੀ ਪਹੁੰਚ ਚੁੱਕੇ ਸਨ। ਉਹ ਵੀ "ਪੁਲਿਸ ਦੇ ਫ਼ੋਨ ਕਰਨ 'ਤੇ" ਆਏ ਸਨ।

ਤਸਵੀਰ ਸਰੋਤ, Hirdesh Kumar
ਗੋਲੀਆਂ ਦੀ ਆਵਾਜ਼ ਆ ਰਹੀ ਸੀ ਅਤੇ ਦੋ ਦਰਜਨ ਤੋਂ ਵੱਧ ਹਥਿਆਰਬੰਦ ਪੁਲਿਸ ਵਾਲਿਆਂ ਨੇ ਖੰਡਰ ਵੱਲ ਪੋਜ਼ੀਸ਼ਨ ਲਈ ਹੋਈ ਸੀ।
ਜ਼ਿਲ੍ਹੇ ਦੇ ਐਸਐਸਪੀ, ਐਸਪੀ ਸਮੇਤ ਸਾਰੇ ਸੀਨੀਅਰ ਅਧਿਕਾਰੀ ਬੁਲਟਪ੍ਰੂਫ਼ ਜੈਕਟਾਂ ਵਿੱਚ ਤਾਇਨਾਤ ਸੀ ਅਤੇ ਫਾਇਰਿੰਗ ਕਰ ਰਹੇ ਸਨ।
ਅੱਧੇ ਘੰਟੇ ਬਾਅਦ ਇਸ ਥਾਂ ਤੋਂ ਗੱਡੀਆਂ ਨਿਕਲੀਆਂ ਅਤੇ ਦੱਸਿਆ ਗਿਆ ਕਿ "ਦੋ ਬਦਮਾਸ਼ ਅਤੇ ਇੱਕ ਪੁਲਿਸ ਇੰਸਪੈਕਟਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ"।

ਤਸਵੀਰ ਸਰੋਤ, Hirdesh Kumar
ਜ਼ਿਲ੍ਹੇ ਦੇ ਐਸਐਸਪੀ ਅਜੇ ਸਾਹਨੀ ਨੇ ਬੀਬੀਸੀ ਨੂੰ ਕਿਹਾ, "ਸਾਡੇ ਇੰਸਪੈਕਟਰ ਦੇ ਪੈਰ ਵਿੱਚ ਗੋਲੀ ਲੱਗੀ ਸੀ ਅਤੇ ਦੋਵੇਂ ਇਨਾਮੀ ਬਦਮਾਸ਼ ਵੀ ਜ਼ਖ਼ਮੀ ਹੋਏ ਸਨ। ਉਨ੍ਹਾਂ ਦੇ ਕੋਲ ਪਿਸਟਲ-ਰਿਵਾਲਵਰ ਅਤੇ ਦਰਜਨਾਂ ਕਾਰਤੂਸ ਵੀ ਬਰਾਮਦ ਹੋਏ।"
"ਨੇੜੇ ਉਹ ਮੋਟਰਸਾਈਕਲ ਪਿਆ ਸੀ ਜਿਸ ਨੂੰ ਇਨ੍ਹਾਂ ਦੋਵਾਂ ਨੇ ਪਿਛਲੀ ਰਾਤ ਚੋਰੀ ਕੀਤਾ ਸੀ ਅਤੇ ਸਵੇਰੇ 6 ਵਜੇ ਪੁਲਿਸ ਟੀਮ ਨੇ ਜਦੋਂ ਇਨ੍ਹਾਂ ਨੂੰ ਇੱਕ ਨਾਕੇ 'ਤੇ ਰੋਕਿਆ ਉਦੋਂ ਇਹ ਭੱਜ ਕੇ ਇੱਥੇ ਖੰਡਰ ਵਿੱਚ ਲੁਕ ਗਏ ਸੀ।"
ਕਰੀਬ ਦੋ ਘੰਟੇ ਬਾਅਦ ਜ਼ਖ਼ਮੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਆ ਗਈ।
ਪੁਲਿਸ ਦਾ ਦਾਅਵਾ ਹੈ ਕਿ ਕਈ ਚਸ਼ਮਦੀਦ ਹਨ, ਜਿਨ੍ਹਾਂ ਨੇ ਐਨਕਾਊਂਟਰ ਤੋਂ ਬਾਅਦ ਇਨ੍ਹਾਂ ਦੋਵਾਂ ਬਦਮਾਸ਼ਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਂਦੇ ਹੋਏ ਦੇਖਿਆ ਹੈ।
ਹਾਲਾਂਕਿ ਪੱਤਰਕਾਰਾਂ ਸਮੇਤ ਜਿੰਨੇ ਵੀ ਚਸ਼ਮਦੀਦਾਂ ਨਾਲ ਬੀਬੀਸੀ ਨੇ ਗੱਲਬਾਤ ਕੀਤੀ, ਸਾਰਿਆਂ ਦੇ ਮੁਤਾਬਕ ਗੱਡੀਆਂ ਵਿੱਚ ਕਿਸ ਨੂੰ ਲਿਜਾਇਆ ਗਿਆ ਇਹ ਕਿਸੇ ਨੇ ਨਹੀਂ ਦੇਖਿਆ ਕਿਉਂਕਿ 100 ਮੀਟਰ ਦੇ ਅੰਦਰ ਜਾਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਮਿਲੀ ਸੀ।

ਖੰਡਰ ਦੇ ਕੋਲ ਵਾਲੀ ਨਹਿਰ ਦੇ ਚੌਰਾਹੇ 'ਤੇ ਇੱਕ ਚਾਹ-ਨਾਸ਼ਤੇ ਦੀ ਦੁਕਾਨ ਹੈ ਅਤੇ ਨੇੜੇ ਇੱਕ ਬਜ਼ੁਰਗ ਮਹਿਲਾ ਠੇਲੇ 'ਤੇ ਪਾਨ-ਸਿਗਰੇਟ ਆਦਿ ਵੇਚਦੀ ਹੈ।
ਸਵੇਰੇ 6 ਵਜੇ ਤੱਕ ਇਹ ਲੋਕ ਇੱਥੇ ਪਹੁੰਚ ਜਾਂਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦਿਨਾਂ ਇਨ੍ਹਾਂ ਨੂੰ , "ਦੁਕਾਨ ਤੋਂ ਥੋੜ੍ਹਾ ਪਹਿਲਾਂ ਹੀ ਰੋਕ ਦਿੱਤਾ ਗਿਆ। ਇਲਾਕੇ ਵਿੱਚ ਪੁਲਿਸ ਦਾ ਘੇਰਾਬੰਦੀ ਸੀ। ਦੋ ਘੰਟੇ ਬਾਅਦ ਸਭ ਲੋਕ ਚਲੇ ਗਏ ਅਤੇ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੱਤਾ।"
ਨਾਮ ਨਾ ਲੈਣ ਦੀ ਸ਼ਰਤ 'ਤੇ ਇਸੇ ਚੌਰਾਹੇ 'ਤੇ ਘੱਟੋ-ਘੱਟ 8 ਸਥਾਨਕ ਲੋਕਾਂ ਨਾਲ ਸਾਡੀ ਗੱਲਬਾਤ ਹੋਈ।
ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ, "ਇੱਕ ਦਿਨ ਪਹਿਲਾਂ ਕੁਝ ਲੋਕ ਇਹ ਪੁੱਛਣ ਆਏ ਸੀ ਕਿ ਕੀ ਇਸ ਖੰਡਰ ਵਿੱਚ ਕੋਈ ਚੌਕੀਦਾਰ ਹੈ?"
ਦੂਜੇ ਨੇ ਕਿਹਾ, "ਹਰਿਆਣਾ ਨੰਬਰ ਪਲੇਟ ਵਾਲੀ ਇੱਕ ਗੱਡੀ ਨੂੰ ਅਸੀਂ ਇੱਥੇ ਕਈ ਦਿਨ ਚੱਕਰ ਲਗਾਉਂਦੇ ਦੇਖਿਆ ਸੀ। ਉਸ ਵਿੱਚ ਕੁਝ ਲੰਬੇ-ਚੌੜੇ ਲੋਕ ਸਨ ਜਿਹੜੇ ਸਾਦੇ ਕੱਪੜਿਆਂ ਵਿੱਚ ਸੀ।"
ਇੱਕ ਤੀਜੇ ਨੇ ਕਿਹਾ, "ਤੁਸੀਂ ਅੰਦਰ ਜਾ ਕੇ ਖ਼ੂਨ ਦੇ ਦੋ ਛੋਟੇ ਧੱਬਿਆਂ ਨੂੰ ਦੇਖਿਆ ਹੈ? ਕਿਸੇ ਵੀ ਜਵਾਨ ਆਦਮੀ ਨੂੰ ਜੇਕਰ ਇੱਕ ਵੀ ਗੋਲੀ ਲਗਦੀ ਹੈ, ਤਾਂ ਖ਼ੂਨ ਦਾ ਫੁਹਾਰਾ ਨਿਕਲ ਪੈਂਦਾ ਹੈ। ਇੱਥੇ ਤਾਂ ਦੋ ਲੋਕਾਂ ਨੂੰ ਕਈ ਗੋਲੀਆਂ ਲੱਗਣ ਦੀ ਗੱਲ ਹੋ ਰਹੀ ਹੈ ਸਾਹਿਬ।"
ਇਹ ਵੀ ਪੜ੍ਹੋ:
ਪੁੱਛਣ 'ਤੇ ਅਲੀਗੜ੍ਹ ਪੁਲਿਸ ਦੇ ਐਸਐਸਪੀ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਬੀਬੀਸੀ ਨੂੰ ਉਨ੍ਹਾਂ ਚਸ਼ਮਦੀਦਾਂ ਦੇ ਵੀਡੀਓ ਦਿਖਾਏ ਜਿਨ੍ਹਾਂ ਮੁਤਾਬਕ "ਐਨਕਾਊਂਟਰ ਹੋਇਆ ਸੀ"।
ਇਹ ਤਿੰਨ ਵੀਡੀਓ ਇਸ ਖੰਡਰ ਸਾਹਮਣੇ 'ਫਿਲਮਾਏ ਗਏ ਹਨ'। ਪਰ ਪੁਲਿਸ ਨੇ ਇਨ੍ਹਾਂ ਨੂੰ ਕਦੋਂ ਅਤੇ ਕਿਉਂ ਫਿਲਮਾਇਆ ਇਸ ਉੱਤੇ ਅਜੇ ਬਹਿਸ ਜਾਰੀ ਹੈ।
ਬਹਿਸ ਇਸ ਉੱਤੇ ਵੀ ਜਾਰੀ ਹੈ ਕਿ ਜਦੋਂ ਪੱਤਰਕਾਰਾਂ ਤੱਕ ਨੇ ਕਿਸੇ ਸ਼ਖ਼ਸ ਨੂੰ ਪੁਲਿਸ ਦੀ ਗੱਡੀ ਵਿੱਚ ਜਾਂਦੇ ਨਹੀਂ ਦੇਖਿਆ ਤਾਂ ਇਹ ਚਸ਼ਮਦੀਦ ਕਿੱਥੇ ਸਨ।
ਐਸਐਸਪੀ ਅਜੈ ਸਾਹਨੀ ਦਾ ਤਰਕ ਹੈ, "ਐਨਕਾਊਂਟਰ ਦੇ ਸਮੇਂ ਲੋਕ ਦੂਰ-ਦੂਰ ਤੋਂ, ਨਹਿਰ ਦੇ ਪਾਰ ਦਰਖ਼ਤਾਂ 'ਤੇ ਚੜ੍ਹ ਕੇ ਕਾਰਵਾਈ ਨੂੰ ਦੇਖ ਰਹੇ ਸਨ।"

ਜਦਕਿ ਇਨ੍ਹਾਂ ਚਸ਼ਮਦੀਦਾਂ ਦੀ ਬੀਬੀਸੀ ਨਾਲ ਗੱਲਬਾਤ ਹੋਈ ਉਨ੍ਹਾਂ ਦਾ ਮੰਨਣਾ ਹੈ ਕਿ, "ਪੁਲਿਸ ਨੇ ਪਹਿਲਾਂ ਤੋਂ ਹੀ ਇਲਾਕੇ ਨੂੰ ਕਬਜ਼ੇ ਵਿੱਚ ਲੈ ਲਿਆ ਸੀ। ਅਜੀਬ ਜਿਹੀ ਗੱਲ ਹੈ ਕਿ ਮੋਟਰਸਾਈਕਲ 'ਤੇ ਭੱਜੇ ਨੌਜਵਾਨਾਂ ਨੇ ਨਹਿਰ ਦੇ ਕਿਨਾਰੇ ਖੰਡਰ ਵਿੱਚ ਕਿਉਂ ਲੁਕਣ ਬਾਰੇ ਸੋਚਿਆ ਹੋਵੇਗਾ। ਇਸਦੇ ਤਿੰਨੇ ਪਾਸੇ ਖੇਤ ਹਨ ਅਤੇ ਪੱਕੀਆਂ ਸੜਕਾਂ ਵੀ। ਅੱਗੇ ਕਿਉਂ ਨਹੀਂ ਜਾ ਸਕੇ?"
ਮਾਮਲਾ ਕੀ ਹੈ
ਅਲੀਗੜ੍ਹ ਜ਼ਿਲ੍ਹੇ ਵਿੱਚ ਪਿਛਲੇ ਇੱਕ ਮਹੀਨੇ 'ਚ 6 ਭਿਆਨਕ ਕਤਲ ਹੋਏ ਹਨ। ਇਨ੍ਹਾਂ ਦਾ ਮੁੱਖ ਕਾਰਨ ਲੁੱਟ ਦੱਸੀ ਜਾਂਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਆਪਸੀ ਰੰਜਿਸ਼।
ਇਨ੍ਹਾਂ ਹੱਤਿਆਵਾਂ ਤੋਂ ਬਾਅਦ ਪ੍ਰਸ਼ਾਸਨ 'ਤੇ ਖਾਸ ਦਬਾਅ ਰਿਹਾ ਹੈ। ਜਿਨ੍ਹਾਂ 6 ਲੋਕਾਂ ਦੇ ਕਤਲ ਵੱਖ-ਵੱਖ ਮੌਕਿਆਂ 'ਤੇ ਹੋਏ ਉਨ੍ਹਾਂ ਵਿੱਚੋਂ ਦੋ ਪੁਜਾਰੀ ਸਨ ਜਦਕਿ ਇੱਕ ਜੋੜਾ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਮੌਜੂਦਾ ਰਾਜਪਾਲ ਕਲਿਆਣ ਸਿੰਘ ਦੇ ਦੂਰ ਦੇ ਰਿਸ਼ਤੇਦਾਰ ਹਨ।
ਘਟਨਾਵਾਂ ਹੋਈਆਂ ਵੀ ਅਲੀਗੜ੍ਹ ਦੇ ਅਤਰੌਲੀ ਖੇਤਰ ਦੇ ਆਲੇ-ਦੁਆਲੇ ਹਨ ਜਿਹੜੇ ਭਾਜਪਾ ਦੇ ਦਿੱਗਜ ਨੇਤਾ ਕਲਿਆਣ ਸਿੰਘ ਦਾ ਗੜ੍ਹ ਰਿਹਾ ਹੈ।
ਉਨ੍ਹਾਂ ਦੇ ਮੁੰਡੇ ਰਾਜਵੀਰ ਸਿੰਘ ਏਟਾ ਲੋਕਸਭਾ ਤੋਂ ਸਾਂਸਦ ਹਨ ਅਤੇ ਪੋਤੇ ਸੰਦੀਪ ਸਿੰਘ ਕਲਿਆਣ ਅਤਰੌਲੀ ਤੋਂ ਵਿਧਾਇਕ ਅਤੇ ਯੋਗੀ ਅਦਿਤਿਆਨਾਥ ਸਰਕਾਰ ਵਿੱਚ ਮੰਤਰੀ ਹਨ।
ਅਲੀਗੜ੍ਹ ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਕਤਲਾਂ ਦੇ ਪਿੱਛੇ ਜਿਨ੍ਹਾਂ ਅੱਠ ਲੋਕਾਂ ਦਾ ਹੱਥ ਹੈ ਉਨ੍ਹਾਂ ਵਿੱਚੋਂ "ਦੋ ਨੂੰ ਮਾਰ ਦਿੱਤਾ ਗਿਆ ਹੈ, ਪੰਜ ਹਿਰਾਸਤ ਵਿੱਚ ਹਨ ਅਤੇ ਇੱਕ ਫਰਾਰ ਹੈ"।
ਕਦੋਂ ਅਤੇ ਕਿਉਂ ਹੋਇਆ- ਪਰਿਵਾਰ ਦਾ ਪੱਖ
ਪਰਿਵਾਰ ਦੇ ਮੈਂਬਰਾਂ ਅਤੇ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ, 16 ਸਤੰਬਰ ਦੀ ਦੁਪਹਿਰ ਨੂੰ ਅਲੀਗੜ੍ਹ ਸ਼ਹਿਰ ਤੋਂ ਕਰੀਬ ਅੱਧਾ ਘੰਟਾ ਦੂਰ ਭੈਂਸਪਾੜਾ ਬਸਤੀ ਵਿੱਚ ਦੋ ਨੌਜਵਾਨ ਇਕੱਠੇ ਖਾਣਾ ਖਾ ਰਹੇ ਸੀ।
ਮੁਸਤਕੀਮ ਅਤੇ ਨੌਸ਼ਾਦ ਰਿਸ਼ਤੇ ਤੋਂ ਜੀਜਾ-ਸਾਲੇ ਸਨ ਅਤੇ ਨੇੜੇ ਦੀ ਇੱਕ ਦੁਕਾਨ ਵਿੱਚ ਕਢਾਈ ਦੇ ਕੰਮ ਵਿੱਚ ਮਦਦ ਕਰਦੇ ਸਨ ਅਤੇ ਕੱਪੜੇ ਦੀ ਦੁਕਾਨ ਵਿੱਚ ਕੰਮ ਕਰਦੇ ਸਨ।
ਦੋਵਾਂ ਦੀ ਆਮਦਨੀ 2-3 ਤਿੰਨ ਹਜ਼ਾਰ ਰੁਪਏ ਮਹੀਨਾ ਸੀ ਅਤੇ ਇਹ ਲੋਕ ਸਾਈਕਲ ਤੋਂ ਕੰਮ 'ਤੇ ਜਾਂਦੇ ਸਨ।
ਨੌਸ਼ਾਦ ਦੀ ਮਾਂ ਅਤੇ ਮੁਸਤਕੀਮ ਦੀ ਸੱਸ ਸ਼ਾਹੀਨ ਐਤਵਾਰ ਦੀ ਉਸ ਦੁਪਹਿਰ ਨੂੰ ਯਾਦ ਕਰਕੇ ਉੱਚੀ-ਉੱਚੀ ਰੋਣ ਲਗਦੀ ਹੈ।

"ਢਾਈ ਵਜੇ ਦਾ ਸਮਾਂ ਸੀ ਜਦੋਂ ਮੈਂ ਮਜ਼ਦੂਰੀ ਕਰਕੇ ਘਰ ਵਾਪਿਸ ਪਰਤੀ। ਕੁੜੀ ਰੋ ਰਹੀ ਸੀ ਅਤੇ ਉਸ ਨੇ ਦੱਸਿਆ ਪੁਲਿਸ ਵਾਲੇ ਘਰ ਆਏ ਸੀ ਅਤੇ ਮੇਰੇ ਮੁੰਡੇ ਨੂੰ ਚੁੱਕ ਕੇ ਲੈ ਗਏ। ਮੁਸਤਕੀਮ ਨੂੰ ਵੀ ਮਾਰ-ਕੁੱਟ ਕੇ ਲੈ ਗਏ।"
ਉਨ੍ਹਾਂ ਨੇ ਅੱਗੇ ਦੱਸਿਆ, "ਸਭ ਨੇ ਹੌਸਲਾ ਦਿੱਤਾ ਕਿ ਪੁਲਿਸ ਉਨ੍ਹਾਂ ਨੂੰ ਛੇੜ ਦੇਵੇਗੀ ਕਿਉਂਕਿ ਉਨ੍ਹਾਂ ਨੇ ਕੋਈ ਗ਼ੁਨਾਹ ਨਹੀਂ ਕੀਤਾ ਹੈ। ਕੁਝ ਲੋਕ ਥਾਣੇ ਵੀ ਗਏ ਤਾਂ ਉਨ੍ਹਾਂ ਨੂੰ ਝਿੜਕ ਕੇ ਭਜਾ ਦਿੱਤਾ ਗਿਆ।"
ਮੁਸਤਕੀਮ ਦੀ ਦਾਦੀ ਰਫੀਕਨ ਖ਼ੁਦ ਨੂੰ ਘਟਨਾ ਦੀ ਗਵਾਹ ਦੱਸਦੀ ਹੈ।
ਉਨ੍ਹਾਂ ਮੁਤਾਬਕ, "ਘਰ ਤੋਂ ਨੌਸ਼ਾਦ ਅਤੇ ਮੁਸਤਕੀਮ ਨੂੰ ਲੈ ਵੀ ਗਏ ਅਤੇ ਬੁਰੀ ਤਰ੍ਹਾਂ ਕੁੱਟਿਆ ਵੀ। ਫਿਰ ਘੜੀਸਦੇ ਹੋਏ ਲੈ ਗਏ ਅਤੇ ਸਾਡੇ ਅੰਗੂਠਿਆਂ ਦੇ ਨਿਸ਼ਾਨ ਵੀ ਲਏ ਉਨ੍ਹਾਂ ਨੇ ਕੁਝ ਕਾਗਜ਼ਾਂ 'ਤੇ।"
ਗੁਆਂਢੀਆਂ ਅਤੇ ਚਸ਼ਮਦੀਦਾਂ ਮੁਤਾਬਿਕ ਐਤਵਾਰ ਨੂੰ ਦੋ ਵਜੇ ਇਸ ਛੋਟੀ ਜਿਹੀ ਬਸਤੀ ਵਿੱਚ ''ਪੁਲਿਸ ਵਾਲਿਆਂ ਦੀ ਰੇਡ ਹੋਈ ਸੀ''।
ਘਟਨਾ ਦੇ ਗਵਾਹ ਅਸਲਮ ਖ਼ਾਨ ਨੇ ਦੱਸਿਆ, "ਕੁਝ ਪੁਲਿਸ ਵਾਲੇ ਸਾਦੇ ਕਪੜਿਆਂ ਵਿੱਚ ਸਨ ਅਤੇ ਕਈਆਂ ਨੇ ਵਰਦੀ ਪਾਈ ਹੋਈ ਸੀ। ਮੁਸਤਕੀਮ ਅਤੇ ਨੌਸ਼ਾਦ ਨੂੰ ਕੁੱਟਦੇ ਹੋਏ ਘੜੋਂ ਕੱਢਿਆ ਅਤੇ ਗੱਡੀ ਵਿੱਚ ਬਿਠਾ ਦਿੱਤਾ। ਮੁਸਤਕੀਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬੇਰਹਿਮੀ ਨਾਲ ਕੁੱਟਿਆ।"
ਇੱਕ ਦੂਜੇ ਗੁਆਂਢੀ ਤਾਹਿਰ ਨੇ ਕਿਹਾ, "ਇਨ੍ਹਾਂ ਦਾ ਪਰਿਵਾਰ ਕਰੀਬ 9 ਮਹੀਨੇ ਪਹਿਲਾਂ ਬਸਤੀ ਵਿੱਚ ਆਇਆ ਸੀ ਅਤੇ ਦੋਵੇਂ ਬੱਚੇ ਸਾਈਕਲ ਰਾਹੀਂ ਕੰਮ 'ਤੇ ਜਾਂਦੇ ਸਨ, ਕਢਾਈ ਦਾ ਕੰਮ ਕਰਨ।"

ਹਸ਼ਮਤ ਅਲੀ ਵੀ ਮੁਸਤਕੀਮ ਦੇ ਗੁਆਂਢੀ ਹਨ।
ਉਨ੍ਹਾਂ ਨੇ ਕਿਹਾ,''ਐਤਵਾਰ ਨੂੰ ਮੈਂ ਮੌਜੂਦ ਸੀ ਜਦੋਂ ਪੁਲਿਸ ਵਾਲੇ ਇਨ੍ਹਾਂ ਦੋਵਾਂ ਨੂੰ ਅਤੇ ਮੁਹੱਲੇ ਦੇ ਸਲਮਾਨ ਅਤੇ ਨਫ਼ੀਸ ਨੂੰ ਵੀ ਚੁੱਕ ਕੇ ਲੈ ਗਏ। ਹੈਰਾਨੀ ਇਹ ਸੀ ਕਿ ਮੰਗਲਾਵਰ ਨੂੰ ਪੁਲਿਸ ਵਾਲੇ ਇਹ ਦੱਸਣ ਫਿਰ ਆਏ ਕਿ ਮੁਸਕੀਮ ਅਤੇ ਨੌਸ਼ਾਦ ਫਰਾਰ ਹਨ। ਅਸੀਂ ਸੋਚਿਆ ਕਿ ਜਦੋਂ ਐਨੀ ਬੁਰੀ ਤਰ੍ਹਾਂ ਉਨ੍ਹਾਂ ਨੂੰ ਐਤਵਾਰ ਨੂੰ ਮਾਰਿਆ-ਕੁੱਟਿਆ ਗਿਆ ਸੀ ਤਾਂ ਉਹ ਫਰਾਰ ਕਿਵੇਂ ਹੋ ਸਕਦੇ ਸਨ ਅਤੇ ਉਹ ਵੀ ਪੁਲਿਸ ਵਾਲਿਆਂ ਕੋਲੋ।"
ਭੈਂਸਪਾੜਾ ਬਸਤੀ ਵਿੱਚ ਦਰਜਨਾਂ ਹਿੰਦੂ-ਮੁਸਲਿਮ ਪਰਿਵਾਰ ਰਹਿੰਦੇ ਹਨ। ਬਸਤੀ ਵਿੱਚ ਭਰੇ ਨਾਲੇ ਦਾ ਪਾਣੀ ਰਸਤਿਆਂ ਵਿੱਚ ਵਹਿ ਰਿਹਾ ਹੈ ਅਤੇ ਸੰਕਰੀ ਗਲੀਆਂ ਵਿੱਚ ਲੋਕ ਰਹਿ ਰਹੇ ਹਨ।
ਕੁਝ ਹਿੰਦੂ ਔਰਤਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, "ਮੁੰਡੇ ਤਾਂ ਠੀਕ ਹੀ ਲਗਦੇ ਸੀ। ਮੇਰੀ ਸਮਝ ਵਿੱਚ ਨਹੀਂ ਆਇਆ ਕਿ ਮੋਟਰਸਾਈਲ ਚਲਾਉਣਾ ਅਤੇ ਚੋਰੀ ਕਰਨਾ ਕਦੋਂ ਅਤੇ ਕਿੱਥੇ ਸਿੱਖ ਗਏ।"
ਦੋਵਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਇਹ ਵੀ ਇਲਜ਼ਾਮ ਹੈ ਕਿ ਸਥਾਨਕ ਪੁਲਿਸ ਨੇ "ਮੁਸਤਕੀਮ ਅਤੇ ਨੌਸ਼ਾਦ ਨੂੰ ਉਸੇ ਦਿਨ ਜਲਦੀ-ਜਲਦੀ ਵਿੱਚ ਦਫ਼ਨਾ ਵੀ ਦਿੱਤਾ ਅਤੇ ਦੋ ਔਰਤਾਂ ਤੋਂ ਇਲਾਵਾ ਪਰਿਵਾਰ-ਰਿਸ਼ਤੇਦਾਰਾਂ ਨੂੰ ਕਬਰਿਸਤਾਨ ਵਿੱਚ ਆਉਣ ਵੀ ਨਹੀਂ ਦਿੱਤਾ। ਨਾਲ ਹੀ ਦਫਨਾਉਣ ਤੋਂ ਪਹਿਲਾਂ ਹੋਣ ਵਾਲੀਆਂ ਧਾਰਮਿਕ ਰਸਮਾਂ ਨੂੰ ਵਿਚਾਲੇ ਹੀ ਛੱਡ ਦਿੱਤਾ।"
ਕਦੋਂ ਅਤੇ ਕੀ ਹੋਇਆ- ਪੁਲਿਸ ਦਾ ਪੱਖ
ਅਸੀਂ ਅਲੀਗੜ੍ਹ ਦੇ ਐਸਐਸਪੀ ਅਜੈ ਸਾਹਨੀ ਤੋਂ ਪੁੱਛਿਆ, "ਕੀ ਮੁਸਤਕੀਮ ਅਤੇ ਨੌਸ਼ਾਦ ਨੂੰ ਪੁਲਿਸ ਵਾਲਿਆਂ ਨੇ ਐਤਵਾਰ ਨੂੰ ਉਨ੍ਹਾਂ ਨੇ ਘਰੋਂ ਚੁੱਕਿਆ ਸੀ?"
ਜਵਾਬ ਮਿਲਿਆ, "ਨਹੀਂ, ਪੁਲਿਸ ਦੀ ਇੱਕ ਟੀਮ ਸਿਰਫ਼ ਛਾਣਬੀਣ ਦੇ ਸਿਲਸਿਲੇ ਵਿੱਚ ਉੱਥੇ ਗਈ ਸੀ ਅਤੇ ਉਨ੍ਹਾਂ ਦੀ ਤਸਵੀਰ ਲੈ ਕੇ ਵਾਪਿਸ ਆ ਗਈ।"
ਭੈਂਸਪਾੜਾ ਦੇ ਚਸ਼ਮਦੀਦਾਂ ਅਤੇ ਪੁਲਿਸ ਦੇ ਬਿਆਨ ਵਿੱਚ ਫ਼ਰਕ ਸਾਫ਼ ਹੈ।
ਅਸੀਂ ਪੁੱਛਿਆ, "ਕੀ ਪੁਲਿਸ ਨੇ ਮੁਸਤਕੀਮ, ਨੌਸ਼ਾਦ, ਸਲਮਾਨ ਅਤੇ ਨਫ਼ੀਸ ਨੂੰ ਭੈਂਸਪਾੜਾ ਤੋਂ ਨਹੀਂ ਫੜਿਆ ਸੀ?"

ਤਸਵੀਰ ਸਰੋਤ, BBC/Nitin Srivastava
ਕੋਲ ਬੈਠੇ ਅਲੀਗੜ੍ਹ ਦੇ ਐਸਪੀ ਅਤੁਲ ਸ਼੍ਰੀਵਾਸਤਵ ਦਾ ਜਵਾਬ ਸੀ, "ਨਹੀਂ, ਮੁਸਤਕੀਮ ਅਤੇ ਨੌਸ਼ਾਦ ਫਰਾਰ ਸਨ ਜਦਕਿ ਦੂਜਿਆਂ ਨੂੰ ਕਿਤੋਂ ਹੋਰ ਗਿਰਫ਼ਤਾਰ ਕੀਤਾ ਗਿਆ।"
ਪੁਲਿਸ ਦਾ ਦਾਅਵਾ ਹੈ ਕਿ ਮੁਸਤਕੀਮ ਅਤੇ ਨੌਸ਼ਾਦ ਦੇ ਪਰਿਵਾਰਾਂ ਦੇ "ਇਤਿਹਾਸ ਦੀ ਛਾਣਬੀਣ ਕੀਤੀ ਜਾ ਰਹੀ ਹੈ। ਇਹ ਲੋਕ 9 ਮਹੀਨੇ ਪਹਿਲਾਂ ਇਸ ਇਲਾਕੇ ਵਿੱਚ ਕਿਰਾਏ 'ਤੇ ਰਹਿਣ ਆਏ ਸੀ।
ਉਸ ਤੋਂ ਪਹਿਲਾਂ ਇਹ ਲੋਕ ਛਰਰਾ ਇਲਾਕੇ ਵਿੱਚ ਕਈ ਸਾਲ ਤੋਂ ਰਹਿ ਰਹੇ ਸਨ। ਇਸ ਤੋਂ ਪਹਿਲਾਂ ਦਾ ਇਤਿਹਾਸ ਇਹ ਅਜੇ ਦੱਸ ਨਹੀਂ ਸਕੇ ਹਨ।
ਓਧਰ ਨੌਸ਼ਾਦ ਦੀ ਮਾਂ ਅਤੇ ਮੁਸਤਕੀਮ ਦੀ ਦਾਦੀ, ਦੋਵਾਂ ਦਾ ਦਾਅਵਾ ਹੈ ਕਿ "15 ਸਾਲ ਪਹਿਲਾਂ ਸਾਡੇ ਗਰੀਬ ਪਰਿਵਾਰ ਬਿਹਾਰ ਤੋਂ ਯੂਪੀ ਦੇ ਇਸ ਕੋਨੇ ਵਿੱਚ ਆਏ ਸਨ"।
ਪੁਲਿਸ ਦਾ ਕਹਿਣਾ ਹੈ ਕਿ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਂਦੇ ਸਮੇਂ "ਨੌਸ਼ਾਦ ਅਤੇ ਮੁਸਤਕੀਮ ਨੇ ਕਤਲਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਲਈ ਸੀ।"
ਪੂਰੇ ਐਨਕਾਊਂਟਰ ਨੂੰ ਨਾ ਸਿਰਫ਼ ਬਾਹਰ ਤੋਂ ਮੀਡੀਆ ਵਾਲਿਆਂ ਨੇ ਸਗੋਂ ਕੁਝ ਇੱਕ ਪੁਲਿਸ ਵਾਲਿਆਂ ਨੇ ਵੀ ਸ਼ਾਇਦ ਆਪਣੇ ਮੋਬਾਈਲ ਫੋਨਾਂ 'ਤੇ ਫਿਲਮਾਇਆ ਲਗਦਾ ਹੈ।
ਕੀ ਜਿਸ ਸਮੇਂ ਨੌਸ਼ਾਦ ਅਤੇ ਮੁਸਤਕੀਮ 'ਗੁਨਾਹ ਕਬੂਲ ਰਹੇ ਸਨ' ਉਸ ਸਮੇਂ ਕਿਸੇ ਵੀ ਪੁਲਿਸ ਵਾਲੇ ਦੇ ਹੱਥ-ਜੇਬ ਵਿੱਚ ਇੱਕ ਵੀ ਕੈਮਰੇ ਵਾਲਾ ਮੋਬਾਈਲ ਨਹੀਂ ਸੀ?

20 ਸਤੰਬਰ ਦੀ ਸ਼ਾਮ ਨੂੰ ਰਾਸ਼ਟਰੀ ਮੀਡੀਆ ਦੇ ਕੁਝ ਪੱਤਰਕਾਰਾਂ ਨੇ ਅਲੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਲਾਸ਼ਾਂ ਰੱਖਣ ਵਾਲੇ ਕਮਰੇ ਵਿੱਚ ਦੋਵਾਂ ਦੀਆਂ ਦੇਹਾਂ ਦੇਖਣ ਦੀ ਗੱਲ ਪੁਲਿਸ ਨੇ ਕਹੀ ਸੀ।
ਉਨ੍ਹਾਂ ਮੁਤਾਬਕ, "ਦੋਵਾਂ ਨੌਜਵਾਨਾਂ ਵਿੱਚੋਂ ਇੱਕ ਦੀ ਮਾਂ ਅਤੇ ਦੂਜੇ ਦੀ ਪਤਨੀ ਨੂੰ ਮੀਡੀਆ ਵਾਲਿਆਂ ਤੋਂ ਦੂਰ ਰੱਖਿਆ ਗਿਆ ਸੀ।"
ਹਾਲਾਂਕਿ, ਅਲੀਗੜ੍ਹ ਪੁਲਿਸ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਹਿੰਦੀ ਹੈ, "ਨਾ ਤਾਂ ਅਸੀਂ ਕਿਸੇ ਨੂੰ ਲਾਸ਼ਾਂ ਰੱਖਣ ਵਾਲੇ ਕਮਰੇ ਵਿੱਚ ਰੋਕਿਆ ਅਤੇ ਨਾ ਹੀ ਮ੍ਰਿਤਕਾਂ ਨੂੰ ਦਫ਼ਨਾਉਂਦੇ ਸਮੇਂ।"
ਇੱਕ ਹੋਰ ਅਹਿਮ ਗੱਲ 'ਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਅਤੇ ਪੁਲਿਸ ਵਾਲਿਆਂ ਦੀ ਥਿਊਰੀ ਮਿਲਦੀ ਨਹੀਂ।
ਪਰਿਵਾਰ ਵਾਲਿਆਂ ਦੇ ਮੁਤਾਬਕ ਮੁਸਤਕੀਮ ਦੀ ਉਮਰ 22 ਸਾਲ ਅਤੇ ਨੌਸ਼ਾਦ ਦੀ ਉਮਰ 17 ਸਾਲ ਸੀ।
ਜਦਕਿ ਪੁਲਿਸ ਦੇ ਮੁਤਾਬਿਕ ਮੁਸਤਕੀਮ ਦੀ ਉਮਰ 25 ਅਤੇ ਨੌਸ਼ਾਦ ਦੀ ਉਮਰ 22 ਸਾਲ ਦੀ ਸੀ।
ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ "ਘਰ ਵਿੱਚ ਛਾਪੇ ਦੌਰਾਨ ਪੁਲਿਸ ਸਾਰੇ ਕਾਗ਼ਜ਼-ਪ੍ਰਮਾਣ ਚੁੱਕ ਕੇ ਲੈ ਗਈ। "
ਉੱਧਰ ਪੁਲਿਸ ਦਾ ਕਹਿਣਾ ਹੈ ਕਿ "ਇਨ੍ਹਾਂ ਦੇ ਇਤਿਹਾਸ ਅਤੇ ਪਛਾਣ ਦੇ ਠੋਸ ਪ੍ਰਮਾਣ 'ਤੇ ਗਹਿਰੀ ਜਾਂਚ ਚੱਲ ਰਹੀ ਹੈ।"
ਪੁਲਿਸ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ ਕਿ ਕੁਝ ਪੱਤਰਕਾਰਾਂ ਨੂੰ "ਬਦਮਾਸ਼ਾਂ ਦੇ ਨਾਲ ਜਾਰੀ ਮੁੱਠਭੇੜ ਬਾਰੇ ਦੱਸਿਆ ਗਿਆ ਸੀ ਕਿ ਕਿਉਂਕਿ ਮੀਡੀਆ ਤੋਂ ਵੀ ਪੁੱਛਗਿੱਛ ਸ਼ੁਰੂ ਹੋ ਗਈ ਸੀ।"
ਮਾਮਲੇ ਨੇ ਹੁਣ ਸਿਆਸੀ ਮੋੜ ਲੈ ਲਿਆ ਹੈ।

ਤਸਵੀਰ ਸਰੋਤ, BBC/NITIN SRIVASTAVA
ਜ਼ਿਲ੍ਹੇ ਵਿੱਚ ਬਹੁਜਨ ਸਮਾਜ ਪਾਰਟੀ, ਰਾਸ਼ਟਰੀ ਲੋਕ ਦਲ, ਸਮਾਦਜਵਾਦੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪ੍ਰਸ਼ਾਸਨ 'ਤੇ 'ਫ਼ਰਜ਼ੀ ਐਨਕਾਊਂਟਰ' ਕਰਨ ਦਾ ਇਲਜ਼ਾਮ ਲਗਾਇਆ ਹੈ।
ਮ੍ਰਿਤਕ ਦੇ ਪਰਿਵਾਰ ਅਤੇ ਕੁਝ ਸਮਾਜਿਕ ਕਾਰਕੁਨਾਂ ਨੇ ਪ੍ਰੈੱਸ ਕਾਨਫਰੰਸਾਂ ਦੇ ਜ਼ਰੀਏ ਮਾਮਲੇ ਦੀ ਨਿਰਪੱਖ ਜਾਂਚ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੇ ਦਖ਼ਲ ਦੀ ਮੰਗ ਕੀਤੀ ਹੈ।
ਇਸ ਵਿਚਾਲੇ ਜ਼ਿਲ੍ਹੇ ਦੇ ਤਮਾਮ 'ਗੈਰ-ਸਿਆਸੀ ਸੰਗਠਨਾਂ' ਨੇ ਪ੍ਰਸ਼ਾਸਨ ਦੀ ਤਾਰੀਫ਼ ਦੇ ਪੁਲ ਬੰਨ੍ਹੇ ਹਨ।
ਇਹ ਵੀ ਪੜ੍ਹੋ:
ਐਸਐਸਪੀ ਦੇ ਦਫ਼ਤਰ ਵਿੱਚ ਸਾਡੀ ਮੌਜੂਦਗੀ ਵਿੱਚ ਘੱਟੋ ਘੱਟ ਤਿੰਨ ਅਜਿਹੇ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਆ ਕੇ ਐਸਐਸਪੀ ਅਤੇ ਐਸਪੀ ਨੂੰ ਪਿਛਲੇ ਮਹੀਨੇ ਹੋਏ 6 ਕਤਲਾਂ ਦੇ ਮਾਮਲੇ ਨੂੰ ਸੁਲਝਾਉਣ 'ਤੇ ਵਧਾਈ ਦਿੱਤੀ।
ਗੌਰਤਲਬ ਹੈ ਕਿ ਉੱਤਰ-ਪ੍ਰਦੇਸ਼ ਵਿੱਚ ਪਿਛਲੇ ਇੱਕ ਸਾਲ ਤੋਂ ਜਾਰੀ ਪੁਲਿਸ ਐਨਕਾਊਂਟਰ ਦੇ ਸਿਲਸਲਿਆਂ ਦੀ ਇਹ ਸਭ ਤੋਂ ਤਾਜ਼ੀ ਕੜੀ ਹੈ।
ਸੂਬੇ ਦੀ ਭਾਜਪਾ ਸਰਕਾਰ ਦਾ ਕਹਿਣਾ ਹੈ ਕਿ ਉਸਦੀ ਮੁਹਿੰਮ ਅਪਰਾਧ ਨੂੰ ਲੈ ਕੇ 'ਜ਼ੀਰੋ ਟਾਲਰੈਂਸ' ਦਾ ਹਿੱਸਾ ਹੈ।
ਪਿਛਲੇ ਕਰੀਬ ਦੋ ਸਾਲਾਂ ਤੋਂ ਬਣੀ ਸੂਬਾ ਸਰਕਾਰ ਦੇ ਕਾਰਜਕਾਲ ਵਿੱਚ 1000 ਤੋਂ ਵੱਧ ਪੁਲਿਸ ਐਨਕਾਊਂਟਰ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਮਾਰੇ ਗਏ 'ਅਪਰਾਧੀਆਂ' ਦੀ ਸੰਖਿਆ ਹੁਣ 67 ਹੋ ਚੁੱਕੀ ਹੈ।












