ਰਾਫੇਲ ਸੌਦੇ 'ਤੇ ਨਵੇਂ ਖੁਲਾਸੇ ਤੋਂ ਬਾਅਦ ਘਿਰੇ ਨਰਿੰਦਰ ਮੋਦੀ, ਰੱਖਿਆ ਵਿਭਾਗ ਨੇ ਕਿਹਾ ਸਰਕਾਰ ਦਾ ਰੋਲ ਨਹੀਂ

ਭਾਰਤੀ ਰੱਖਿਆ ਵਿਭਾਗ ਨੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਔਲਾਂਦੇ ਦੇ ਉਸ ਦਾਅਵੇ ਨੂੰ ਨਕਾਰਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਾਫੇਲ ਡੀਲ ਵਿੱਚ ਲੋਕਲ ਕਮਰਸ਼ੀਅਲ ਪਾਰਟਨਰ ਵਜੋਂ ਅਨਿਲ ਅੰਬਾਨੀ ਦੀ ਕਪੰਨੀ ਦੇ ਨਾਂ ਦਾ ਪ੍ਰਸਤਾਵ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਸੀ।

ਇੱਕ ਟਵੀਟ ਰਾਹੀਂ ਰੱਖਿਆ ਵਿਭਾਗ ਦੇ ਬੁਲਾਰੇ ਨੇ ਦੁਹਰਾਇਆ ਕਿ ਇਸ ਸੌਦੇ ਵਿੱਚ ਭਾਰਤ ਜਾਂ ਫਰਾਂਸ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ।

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਔਲਾਂਦੇ ਨੇ ਰਾਫੇਲ ਡੀਲ ਮਾਮਲੇ ਵਿੱਚ ਖੁਲਾਸਾ ਕਰਦਿਆਂ ਕਿਹਾ ਸੀ ਕਿ ਇਸ ਸੌਦੇ ਵਿੱਚ ਲੋਕਲ ਪਾਰਟਨਰ ਦੀ ਚੋਣ ਦਾ ਪ੍ਰਸਤਾਵ ਭਾਰਤ ਵੱਲੋਂ ਦਿੱਤਾ ਗਿਆ ਸੀ।

ਫਰਾਂਸ ਦੇ ਇੱਕ ਮੈਗਜ਼ੀਨ ਮੀਡੀਆ ਪਾਰਟ ਵੱਲੋਂ ਇੰਟਰਵਿਊ ਦੌਰਾਨ ਹੌਲਾਂਡੇ ਨੂੰ ਜਦੋਂ ਪੁੱਛਿਆ ਗਿਆ ਕਿ ਰਾਫੇ਼ਲ ਲੜਾਕੂ ਜਹਾਜ਼ਾਂ ਦੇ ਸੌਦੇ ਵਿਚ ਅਨਿਲ ਅੰਬਾਨੀ ਦੀ ਰਿਲਾਇਸ ਕੰਪਨੀ ਨੂੰ ਭਾਈਵਾਲ ਕਿਸ ਨੇ ਬਣਾਇਆ ਸੀ। ਇਸ ਮੈਗਜ਼ੀਨ ਦੇ ਲੇਖ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਕਤ ਸਵਾਲ ਦੇ ਜਵਾਬ ਵਿਚ ਹੌਲਾਂਡੇ ਨੇ ਕਿਹਾ, 'ਰਿਲਾਇਸ ਦੇ ਨਾਂ ਦਾ ਪ੍ਰਸਤਾਵ ਭਾਰਤ ਸਰਕਾਰ ਦਾ ਸੀ ਅਤੇ ਡਾਸਾਲਟ ਕੋਲ ਉਸ ਕੰਪਨੀ ਦਾ ਨਾਂ ਸ਼ਾਮਲ ਕਰਨ ਤੋਂ ਇਲਾਲਾ ਹੋਰ ਕੋਈ ਵਿਕਲਪ ਨਹੀਂ ਸੀ।'

'ਸਾਡੀ ਇਸ ਵਿਚ ਕੋਈ ਭੂਮਿਕਾ ਨਹੀਂ ਸੀ । ਭਾਰਤ ਸਰਕਾਰ ਨੇ ਇਸ ਕੰਪਨੀ ਦੇ ਨਾਂ ਦਾ ਪ੍ਰਸਤਾਵ ਦਿੱਤਾ ਅਤੇ ਡਾਸਾਲਟ ਨੇ ਅੰਬਾਨੀ ਨਾਲ ਸੌਦਾ ਤੈਅ ਕੀਤਾ। ਸਾਡੀ ਕੋਈ ਭੂਮਿਕਾ ਨਹੀਂ ਸੀ , ਜਿਹੜੇ ਸਾਲਸ ਸਾਨੂੰ ਮੁਹੱਈਆ ਕਰਵਾਏ ਗਏ ਉਨ੍ਹਾਂ ਨਾਲ ਹੀ ਸਾਨੂੰ ਗੱਲ ਕਰਨੀ ਪਈ।'

ਇਸ ਮੁੱਦੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਮੋਦੀ ਤੇ ਨਿਸ਼ਾਨਾ ਸਾਧਿਆ ਹੈ ਤੇ ਸਾਬਕਾ ਰਾਸ਼ਟਰਪਤੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੇ ਵਿਅਕਤੀਗਤ ਰੂਪ ਤੋਂ ਬੈਂਕਕਰੱਪਟ ਅਨਿਲ ਅੰਬਾਨੀ ਨੂੰ ਅਰਬਾਂ ਦੀ ਡੀਲ ਦਿੱਤੀ ਸੀ। ਉਨ੍ਹਾਂ ਲਿਖਿਆ ਕਿ ਮੋਦੀ ਨੇ ਭਾਰਤੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ।

ਸੀਨੀਅਰ ਵਕੀਲ ਤੇ ਸਮਾਜਿਕ ਕਾਰਕੁਨ ਪ੍ਰਸ਼ਾਤ ਭੂਸ਼ਨ ਨੇ ਵੀ ਬੜੇ ਹੀ ਵਿਅੰਗਮਈ ਅੰਦਾਜ਼ ਵਿਚ ਮੋਦੀ ਨੂੰ ਸਵਾਲ ਕੀਤਾ, 'ਮੋਦੀ ਜੀ ਕੀ ਇਹ ਵੀ ਸੀਕਰੇਟ ਹੈ।'

ਕਾਂਗਰਸ ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ ਨੇ ਟਵੀਟ ਜ਼ਰੀਏ ਰਾਫੇਲ ਨੂੰ 1947 ਤੋਂ ਬਾਅਦ ਦੂਜਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਵੱਡਾ ਘੁਟਾਲਾ ਨੋਟਬੰਦੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)