ਪੋਪ ਨੇ ਚਰਚ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ 'ਤੇ ਮੰਗੀ ਮਾਫੀ

ਪੋਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, "ਰੱਬ ਦੇ ਲੋਕਾਂ" ਨੂੰ ਸੰਬੋਧਿਤ ਚਿੱਠੀ ਵਿਚ ਰੋਮਨ ਕੈਥੋਲਿਕ ਈਸਾਈ ਧਰਮ ਦੇ ਮੁਖੀ ਨੇ ਕਿਹਾ ਕਿ ਇਸ ਸ਼ੋਸ਼ਣ ਨੂੰ ਖਤਮ ਕਰਨ ਦੀ ਲੋੜ ਹੈ

ਪੋਪ ਫਰਾਂਸਿਸ ਨੇ 1.2 ਅਰਬ ਈਸਾਈਆਂ ਨੂੰ ਲਿਖੀ ਚਿੱਠੀ ਵਿਚ ਚਰਚਾਂ 'ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਇਨ੍ਹਾਂ ਘਟਨਾਵਾਂ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਨੂੰ "ਅਤਿਆਚਾਰ" ਦੱਸਦਿਆਂ ਉਨ੍ਹਾਂ ਦੀ ਨਿਖੇਧੀ ਕੀਤੀ ਹੈ।

"ਰੱਬ ਦੇ ਲੋਕਾਂ" ਨੂੰ ਸੰਬੋਧਿਤ ਚਿੱਠੀ ਵਿਚ ਰੋਮਨ ਕੈਥੋਲਿਕ ਈਸਾਈ ਧਰਮ ਦੇ ਮੁਖੀ ਨੇ ਕਿਹਾ ਕਿ ਇਸ ਸ਼ੋਸ਼ਣ ਨੂੰ ਖਤਮ ਕਰਨ ਦੀ ਲੋੜ ਹੈ। ਉਹ ਚਿੱਠੀ ਵਿਚ ਸ਼ੋਸ਼ਣ ਨੂੰ ਖਤਮ ਕਰਨ 'ਚ ਹੋਈਆਂ ਨਾਕਾਮੀਆਂ ਨੂੰ ਵੀ ਮੰਨਦੇ ਹਨ ਅਤੇ ਮਾਫੀ ਮੰਗਦੇ ਹਨ।

ਪਿਛਲੇ ਹਫ਼ਤੇ ਹੀ ਅਮਰੀਕਾ ਦੇ ਪੇਂਸਿਲਵੇਨੀਆ 'ਚ ਸੱਤ ਦਹਾਕਿਆਂ ਤੋਂ ਹੋ ਰਹੇ ਸ਼ੋਸ਼ਣ ਦੇ ਵੇਰਵੇ ਸਾਹਮਣੇ ਆਏ ਸਨ। ਅਦਾਲਤ 'ਚ ਪੇਸ਼ ਇੱਕ ਵੱਡੀ ਜਾਂਚ 'ਚ ਇਹ ਪਤਾ ਲੱਗਿਆ ਕਿ 1,000 ਤੋਂ ਜ਼ਿਆਦਾ ਪਛਾਣੇ ਗਏ ਨਾਬਾਲਿਗ 300 ਪਾਦਰੀ ਦੁਆਰਾ ਸ਼ੋਸ਼ਣ ਦੇ ਸ਼ਿਕਾਰ ਬਣਾਏ ਗਏ। ਪੀੜਤਾਂ ਦੀ ਗਿਣਤੀ ਕਈ ਹੋਰ ਹਜ਼ਾਰਾਂ 'ਚ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਜਾਂਚ ਦੇ ਮੁਤਾਬਕ ਚਰਚ ਨੇ ਮਾਮਲਿਆਂ ਨੂੰ ਵਿਵਸਥਿਤ ਢੰਗ ਨਾਲ ਲੁਕਾਉਣ ਦੀ ਕੋਸ਼ਿਸ਼ ਕੀਤੀ। ਕਈ ਮਾਮਲੇ ਹੁਣ ਐਨੇ ਪੁਰਾਣੇ ਹੋ ਗਏ ਹਨ ਕਿ ਉਨ੍ਹਾਂ ਨੂੰ ਅਦਾਲਤ ਵਿਚ ਨਹੀਂ ਲਿਜਾਇਆ ਜਾ ਸਕਦਾ।

ਜਦੋਂ ਜਾਂਚ ਦੀ ਰਿਪੋਰਟ ਨੂੰ ਜਨਤਕ ਕਰ ਦਿੱਤਾ ਗਿਆ ਤਾਂ ਵੈਟੀਕਨ ਨੇ ਕਿਹਾ ਕਿ ਪੋਪ ਇਨ੍ਹਾਂ "ਸ਼ਿਕਾਰੀ" ਮਾਨਸਿਕਤਾ ਵਾਲੇ ਪਾਦਰੀਆਂ ਦੇ ਖਿਲਾਫ ਅਤੇ ਪੀੜਤਾਂ ਦੇ ਨਾਲ ਖੜ੍ਹੇ ਹਨ।

ਪੋਪ ਨੇ ਕਿਹਾ ਕੀ ਹੈ?

ਵੈਟੀਕਨ ਦੇ ਮੁਤਾਬਕ ਇਹ ਪਹਿਲਾ ਮੌਕਾ ਹੈ ਕਿ ਕਿਸੇ ਪੋਪ ਨੇ ਜਿਨਸੀ ਸ਼ੋਸ਼ਣ ਦੇ ਮੁੱਦੇ 'ਤੇ ਦੁਨੀਆਂ ਦੇ ਸਾਰੇ ਕੈਥੋਲਿਕ ਭਾਈਚਾਰੇ ਨੂੰ ਚਿੱਠੀ ਲਿਖੀ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ 2,000 ਸ਼ਬਦਾਂ ਦੀ ਇਹ ਚਿੱਠੀ ਸਿੱਧੇ ਤੌਰ 'ਤੇ ਅਮਰੀਕਾ ਦੇ ਸਕੈਂਡਲ ਦੀ ਗੱਲ ਕਰਦੀ ਹੈ ਅਤੇ ਮੰਨਦੀ ਹੈ ਕਿ ਚਰਚ ਨੇ ਇਸ ਦੇ ਖਿਲਾਫ ਸਮੇਂ ਸਿਰ ਕਾਰਵਾਈ ਨਹੀਂ ਕੀਤੀ।

ਪੋਪ ਇਸ ਵਿਚ "ਦਿਲ ਦੁਖਾਉਣ ਵਾਲੇ ਦਰਦ" ਦੀ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਪੀੜਤਾਂ ਨੂੰ "ਲੰਮੇ ਸਮੇਂ ਤਕ ਅਣਡਿੱਠਾ ਕੀਤਾ ਗਿਆ, ਚੁੱਪ ਕਰਨ ਲਈ ਕਿਹਾ ਗਿਆ ਜਾ ਚੁੱਪ ਕਰਾ ਦਿੱਤਾ ਗਿਆ"।

ਪੋਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੋਪ ਫਰਾਂਸਿਸ ਨੇ 1.2 ਅਰਬ ਈਸਾਈਆਂ ਨੂੰ ਲਿਖੀ ਚਿੱਠੀ ਵਿਚ ਚਰਚਾਂ 'ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਇਨ੍ਹਾਂ ਘਟਨਾਵਾਂ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਨੂੰ "ਅਤਿਆਚਾਰ" ਦੱਸਦਿਆਂ ਨਿੰਦਿਆ ਹੈ

ਉਨ੍ਹਾਂ ਨੇ ਲਿਖਿਆ, "ਸ਼ਰਮ ਤੇ ਪਛਤਾਵੇ ਦੇ ਭਾਵ ਨਾਲ ਅਸੀਂ ਇਹ ਮੰਨਦੇ ਹਨ ਕਿ ਇਕ ਧਾਰਮਿਕ ਭਾਈਚਾਰੇ ਵਜੋਂ ਅਸੀਂ ਇਸ ਮੁੱਦੇ 'ਤੇ ਉਹ ਨਹੀਂ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ। ਅਸੀਂ ਇਸ ਨਾਲ ਹੋਏ ਨੁਕਸਾਨ ਦੀ ਗੰਭੀਰਤਾ ਨੂੰ ਸਮਝ ਕੇ ਸਮਾਂ ਰਹਿੰਦਿਆਂ ਲੋੜੀਂਦੀ ਕਾਰਵਾਈ ਨਹੀਂ ਕੀਤੀ।" ਚਿੱਠੀ 'ਚ ਸਾਫ ਲਿਖਿਆ ਹੈ, "ਅਸੀਂ ਬੱਚਿਆਂ ਦੀ ਪ੍ਰਵਾਹ ਨਹੀਂ ਕੀਤੀ; ਅਸੀਂ ਉਨ੍ਹਾਂ ਨੂੰ ਵਿਸਾਰ ਦਿੱਤਾ।"

ਪੋਪ ਦਾ ਸੰਦੇਸ਼ ਬਾਈਬਲ ਦੀ ਇੱਕ ਸਤਰ ਦਾ ਹਵਾਲਾ ਵੀ ਦਿੰਦਾ ਹੈ, "ਜੇ ਇੱਕ ਸ਼ਖ਼ਸ ਦੁੱਖ ਝੱਲ ਰਿਹਾ ਹੈ ਤਾਂ ਸਮਝੋ ਸਭ ਇਕੱਠੇ ਦੁੱਖ ਝੱਲ ਰਹੇ ਹਨ।" ਪੋਪ ਈਸਾਈ ਭਾਈਚਾਰੇ ਨੂੰ ਇਕੱਠੇ ਹੋ ਕੇ ਦੁੱਖ ਤੇ ਸ਼ਰਮ ਦੇ ਭਾਵ ਨਾਲ ਇਨ੍ਹਾਂ ਅਤਿਆਚਾਰਾਂ ਨੂੰ ਨਿੰਦਣ ਦੀ ਅਪੀਲ ਕਰਦੇ ਹਨ।

ਹਾਲੀਆ ਘਟਨਾਵਾਂ

ਕੁਝ ਹੀ ਦਿਨਾਂ ਵਿਚ ਪੋਪ ਨੇ ਆਇਰਲੈਂਡ ਵਿਚ ਚਰਚ ਵੱਲੋਂ ਰੱਖੇ ਗਏ 'ਵਿਸ਼ਵ ਪੱਧਰੀ ਪਰਿਵਾਰਕ ਇਕੱਠ' ਲਈ ਜਾਣਾ ਹੈ। ਆਇਰਲੈਂਡ ਦੀ ਰੋਮਨ ਕੈਥੋਲਿਕ ਚਰਚ ਦੇ ਮੁਖੀ, ਆਰਚਬਿਸ਼ਪ ਈਮੋਨ ਮਾਰਟਿਨ, ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਪੋਪ ਫਰਾਂਸਿਸ ਡਬਲਿਨ ਵਿਖੇ ਪੀੜਤਾਂ ਨੂੰ ਮਿਲਣਗੇ।

ਇਹ ਵੀ ਪੜ੍ਹੋ:

ਬੱਚਿਆਂ ਦਾ ਜਿਨਸੀ ਸ਼ੋਸ਼ਣ ਸਾਰੀ ਦੁਨੀਆਂ ਵਿਚ ਚਰਚ ਦਾ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ।

ਬੱਚਿਆਂ ਦਾ ਜਿਨਸੀ ਸ਼ੋਸ਼ਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚਿਆਂ ਦਾ ਜਿਨਸੀ ਸ਼ੋਸ਼ਣ ਸਾਰੀ ਦੁਨੀਆਂ ਵਿਚ ਚਰਚ ਦਾ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ।

ਪਿਛਲੇ ਮਹੀਨੇ ਵਾਸ਼ਿੰਗਟਨ ਡੀ.ਸੀ. ਦੇ ਆਰਚਬਿਸ਼ਪ ਥੀਓਡੋਰ ਮੈਕ-ਕੈਰੀਕ ਨੇ ਇਲਜ਼ਾਮ ਲੱਗਣ ਤੋਂ ਬਾਅਦ ਆਪਣਾ ਔਹਦਾ ਛੱਡ ਦਿੱਤਾ ਸੀ। ਅਮਰੀਕੀ ਚਰਚ ਅਧਿਕਾਰੀਆਂ ਨੇ ਉਨ੍ਹਾਂ ਖਿਲਾਫ ਲੱਗੇ ਇਲਜ਼ਾਮ ਨੂੰ "ਭਰੋਸੇਯੋਗ" ਮੰਨਿਆ ਹੈ। ਪਰ ਆਰਚਬਿਸ਼ਪ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਅਜਿਹੀ ਘਟਨਾ ਯਾਦ ਨਹੀਂ ਹੈ।

ਕੀ ਪੋਪ ਦੀ ਚਿੱਠੀ ਕਾਫ਼ੀ ਹੈ?

ਉੱਤਰੀ ਆਇਰਲੈਂਡ ਵਿਚ ਪੀੜਤਾਂ ਦੀ ਮਦਦ ਕਰਨ ਵਾਲੀ ਇੱਕ ਸੰਸਥਾ ਲਈ ਕੰਮ ਕਰਨ ਵਾਲੀ ਮਾਰਗਰੇਟ ਮੈਕ-ਗਕੀਨ ਨੇ ਪੋਪ ਦੀ ਚਿੱਠੀ ਨੂੰ "ਕਾਫੀ ਘੱਟ ਤੇ ਕਾਫੀ ਦੇਰ ਨਾਲ" ਦਿੱਤਾ ਪ੍ਰਤੀਕਰਮ ਮੰਨਿਆ। ਉਨ੍ਹਾਂ ਮੁਤਾਬਕ ਇਸ ਚਿੱਠੀ ਤੋਂ ਬਾਅਦ ਕੁਝ ਨਹੀਂ ਬਦਲੇਗਾ।

ਇਹ ਵੀ ਪੜ੍ਹੋ:

ਆਇਰਲੈਂਡ ਦੀ ਹੀ ਕਾਰਕੁਨ ਮੈਰੀ ਕੋਲਿੰਸ, ਜੋ ਖੁਦ ਵੀ ਇੱਕ ਪੀੜਤ ਹਨ, ਨੇ ਪੋਪ ਵੱਲੋਂ ਕੀਤੀ ਨਖੇਧੀ ਦਾ ਸੁਆਗਤ ਕੀਤਾ ਹੈ ਪਰ ਕਿਹਾ ਹੈ ਕਿ ਕੁਝ ਠੋਸ ਕਦਮ ਚੁੱਕਣ ਦੀ ਅਤੇ ਜਵਾਬਦੇਹੀ ਤੈਅ ਕਰਨ ਦੀ ਵੀ ਲੋੜ ਹੈ। ਕੋਲਿੰਸ ਨੇ ਪਿਛਲੇ ਸਾਲ ਬੱਚਿਆਂ ਦੀ ਸੁਰੱਖਿਆ ਲਈ ਬਣਾਏ ਵੈਟੀਕਨ ਦੇ ਕਮਿਸ਼ਨ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਲਜ਼ਾਮ ਲਾਇਆ ਸੀ ਕਿ ਚਰਚ ਬਦਲਾਅ ਲਈ ਤਿਆਰ ਨਹੀਂ ਜਾਪਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)