ਅਮਰੀਕਾ 'ਚ ਸਿੱਖ ਬਜ਼ੁਰਗ 'ਤੇ ਹਮਲਾ ਕਰਨ ਵਾਲਾ ਪੁਲਿਸ ਮੁਖੀ ਦਾ ਪੁੱਤਰ ਕਾਬੂ

ਤਸਵੀਰ ਸਰੋਤ, MANTECA POLICE DEPARTMENT
ਉੱਤਰੀ ਕੈਲੀਫੋਰਨੀਆ ਦੇ ਪੁਲਿਸ ਮੁਖੀ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ 71 ਸਾਲਾ ਸਿੱਖ ਬਜ਼ੁਰਗ 'ਤੇ ਹਮਲੇ ਦੀ ਗੱਲ ਪਤਾ ਲੱਗਣ 'ਤੇ ਉਨ੍ਹਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਹੈ।
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਸੋਮਵਾਰ ਨੂੰ ਤੁਰੇ ਜਾਂਦੇ ਸਾਹਿਬ ਸਿੰਘ ਨੱਤ 'ਤੇ ਦੋ ਲੋਕਾਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਨੇ ਉਨ੍ਹਾਂ ਨੂੰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਜਿਸ ਕਾਰਨ ਉਹ ਹੇਠਾਂ ਡਿੱਗ ਗਏ।
ਯੂਨੀਅਨ ਸਿਟੀ ਪੁਲਿਸ ਦੇ ਮੁਖੀ ਡੈਰੀਲ ਮੈਕਐਲੀਸਟਰ ਨੇ ਬਾਅਦ ਵਿੱਚ ਖੁਲਾਸਾ ਕੀਤਾ ਕਿ ਉਨ੍ਹਾਂ ਦਾ 18 ਸਾਲ ਦਾ ਪੁੱਤਰ ਇਸ ਵਿੱਚ ਦੋਸ਼ੀ ਹੈ।
ਇਹ ਵੀ ਪੜ੍ਹੋ:
ਪੁਲਿਸ ਮੁਤਾਬਕ ਉਹ ਇਸ ਦੀ ਜਾਂਚ ਲੁੱਟ-ਖੋਹ ਦੇ ਮਾਮਲੇ ਵਜੋਂ ਕਰ ਰਹੇ ਹਨ ਨਾ ਕਿ ਨਫ਼ਰਤੀ ਹਮਲੇ ਵਜੋਂ।
ਮੈਕਐਲੀਸਟਰ ਨੇ ਆਪਣੇ ਪੁੱਤਰ ਨੂੰ ਇਸ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ, "ਸ਼ਬਦਾਂ ਵਿੱਚ ਸ਼ਾਇਦ ਹੀ ਇਹ ਬਿਆਨ ਕੀਤਾ ਜਾ ਸਕੇ ਕਿ ਮੇਰੀ ਪਤਨੀ, ਬੇਟੀਆਂ ਅਤੇ ਮੈਨੂੰ ਇਸ ਘਟਨਾ ਨੇ ਕਿੰਨਾ ਸ਼ਰਮਿੰਦਾ, ਨਿਰਾਸ਼ ਅਤੇ ਦੁਖੀ ਕੀਤਾ ਹੈ।"

ਤਸਵੀਰ ਸਰੋਤ, PAUL J. RICHARDS/AFP/Getty Images
"ਅਸੀਂ ਆਪਣੇ ਬੱਚਿਆਂ ਨੂੰ ਨਫ਼ਰਤ ਅਤੇ ਹਿੰਸਾ ਨਹੀਂ ਸਿਖਾਉਂਦੇ, ਦੂਜਿਆਂ ਨੂੰ ਦੁਖ ਦੇਣਾ ਸਾਡੀ ਸ਼ਬਦਾਵਲੀ ਵਿੱਚ ਹੀ ਨਹੀਂ ਹੈ, ਸਾਡੀਆਂ ਕਦਰਾਂ ਕੀਮਤਾਂ ਨੂੰ ਇਨ੍ਹਾਂ ਦੇ ਨਾਲ ਨਾ ਰਲਾਇਆ ਜਾਵੇ।"
ਪੁਲਿਸ ਮੁਖੀ ਦੇ ਪੁੱਤਰ ਟਾਇਰੌਨ ਮੈਕਐਲੀਸਟਰ ਨੂੰ ਬੁੱਧਵਾਰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਉਸ ਨੂੰ ਕੈਲੀਫੋਰਨੀਆ ਵਿੱਚ ਮੈਨਟਕਾ ਪਾਰਕ ਵਿੱਚ ਸਾਹਿਬ ਸਿੰਘ 'ਤੇ ਹਮਲਾ ਕਰਨ ਦੇ ਦੋਸ਼ ਵਜੋਂ ਸਖ਼ਤ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਵੇਗਾ।
ਪੁਲਿਸ ਮੁਖੀ ਇਸ ਕੇਸ ਦੀ ਜਾਂਚ ਨਹੀਂ ਕਰ ਰਹੇ ਪਰ ਉਨ੍ਹਾਂ ਮੁਤਾਬਕ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਫੜ੍ਹਵਾਉਣ ਵਿੱਚ ਪੁਲਿਸ ਦੀ ਮਦਦ ਕੀਤੀ।
ਇਹ ਵੀ ਪੜ੍ਹੋ:
ਸਾਹਿਬ ਸਿੰਘ 'ਤੇ ਪਾਰਕ ਵਿੱਚ ਦੋ ਲੋਕਾਂ ਨੇ ਹਮਲਾ ਕੀਤਾ, ਇੱਕ ਨੇ ਉਨ੍ਹਾਂ ਨੂੰ ਮੁੱਕੇ ਮਾਰਨੇ ਸ਼ੁਰੂ ਕੀਤੇ ਅਤੇ ਉਹ ਹੇਠਾਂ ਡਿੱਗ ਗਏ।
ਉਸ ਨੇ ਸਾਹਿਬ ਸਿੰਘ 'ਤੇ ਕਈ ਮੁੱਕੇ ਵਰਸਾਏ ਅਤੇ ਉਨ੍ਹਾਂ 'ਤੇ ਥੁੱਕ ਕੇ ਉਨ੍ਹਾਂ ਨੂੰ ਜ਼ਮੀਨ 'ਤੇ ਹੀ ਛੱਡ ਕੇ ਭੱਜ ਗਏ।
ਪੁਲਿਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਵਿਚੋਂ ਇੱਕ ਨੇ ਹਵਾਈ ਫਾਇਰਿੰਗ ਕੀਤੀ ਹੋਣੀ ਹੈ ਤਾਂ ਜੋ ਲੋਕ ਉੱਥੋਂ ਹਟ ਜਾਣ।
ਪੁਲਿਸ ਮੁਖੀ ਨੇ ਲਿਖਿਆ, "ਪੀੜਤ ਨੂੰ ਥੋੜ੍ਹੀਆਂ ਹੀ ਸੱਟਾਂ ਲੱਗੀਆਂ ਹਨ ਪਰ ਤੁਸੀਂ ਕਲਪਨਾ ਕਰ ਸਕਦੇ ਹੋ ਸਿੱਖ ਭਾਈਚਾਰੇ ਨੂੰ ਇਸ ਨਾਲ ਕਿੰਨਾ ਦੁੱਖ ਪਹੁੰਚਿਆ ਹੋਵੇਗਾ।"
ਉਨ੍ਹਾਂ ਨੇ ਇਹ ਵੀ ਲਿਖਿਆ, "ਕਿਸੇ ਵੀ ਪਿਤਾ ਵਾਂਗ ਆਪਣੇ ਪੁੱਤਰ ਨੂੰ ਬਚਾਉਣ ਦੀ ਇੱਛਾ ਰੱਖਣ ਦੇ ਬਾਵਜੂਦ ਮੇਰੀ ਸਹੁੰ ਕਾਨੂੰਨ ਪ੍ਰਤੀ ਸੀ ਅਤੇ ਹਮੇਸ਼ਾ ਰਹੇਗੀ।"
ਸਾਹਿਬ ਸਿੰਘ ਨੱਤ ਪਰਿਵਾਰ ਕੇਜੀਓ ਟੀਵੀ ਨੂੰ ਦੱਸਿਆ ਕਿ ਉਹ ਜਖ਼ਮੀ ਹਾਲਤ ਵਿੱਚ ਆਪਣੇ ਘਰ ਪਹੁੰਚੇ ਅਤੇ ਹੁਣ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ।

ਤਸਵੀਰ ਸਰੋਤ, Getty Images
ਸਾਹਿਬ ਸਿੰਘ ਦੇ ਜਵਾਈ ਮਨਮੀਤ ਸਿੰਘ ਵਿਰਕ ਨੇ ਦੱਸਿਆ ਹੈ, "ਹਰ ਕੋਈ ਡਰਿਆ ਹੋਇਆ ਹੈ।"
ਮੈਨਟੀਕਾ ਸਿਟੀ ਪੁਲਿਸ ਮੁਤਾਬਕ ਇਹ ਹਮਲਾ ਲੁੱਟ-ਖੋਹ ਦੀ ਵਾਰਦਾਤ ਲੱਗ ਰਿਹਾ ਹੈ ਅਤੇ "ਇਸ ਦੇ ਨਫ਼ਰਤੀ ਹਮਲੇ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ।''
ਸਿੱਖ ਕੋਲੀਸ਼ਨ ਸਿਵਿਲ ਰਾਇਟਸ ਗਰੁੱਪ ਦੇ ਕਾਰਕੁਨ ਪ੍ਰਭਜੋਤ ਸਿੰਘ ਨੇ ਕੇਜੀਓ ਟੀਵੀ ਨੂੰ ਦੱਸਿਆ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਹੈ, ਇਹ ਕੋਈ ਵੀ ਹੋ ਸਕਦਾ ਹੈ।"
ਸਾਹਿਬ ਸਿੰਘ 'ਤੇ ਹੋਣ ਵਾਲਾ ਹਮਲਾ ਇਸ ਹਫ਼ਤੇ ਦਾ ਦੂਜਾ ਹਮਲਾ ਹੈ।
ਇਸ ਤੋਂ ਪਹਿਲਾਂ 50 ਸਾਲਾਂ ਸੁਰਜੀਤ ਸਿੰਘ ਮੱਲ੍ਹੀ ਨਾਲ ਕੁੱਟਮਾਰ ਹੋਈ ਸੀ ਕਿਉਂਕਿ ਉਨ੍ਹਾਂ ਨੇ ਸਟਾਨਿਸਲੌਸ ਕਾਊਂਟੀ ਦੇ ਸਥਾਨਕ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਮੁਹਿੰਮ ਦੇ ਸੰਕਤੇ ਦਿੱਤੇ ਸਨ।
ਸੀਬੀਸੀ ਸੈਕਰਾਮੈਂਟੋ ਮੁਤਾਬਕ ਹਮਲਾਵਰਾਂ ਨੇ ਮੱਲ੍ਹੀ ਦੇ ਵਾਹਨ 'ਤੇ ਸਪਰੇਅ ਕਰਕੇ ਲਿਖ ਦਿੱਤਾ ਸੀ ਕਿ "ਆਪਣੇ ਦੇਸ ਵਾਪਸ ਜਾਓ"।












