You’re viewing a text-only version of this website that uses less data. View the main version of the website including all images and videos.
ਗਰਭਪਾਤ ਨੂੰ ਕਾਨੂੰਨੀ ਮਾਨਤਾ ਨਾ ਦੇਣ ਪਿੱਛੇ ਦਲੀਲਾਂ
ਗਰਭ ਦੇ ਪਹਿਲੇ 14 ਹਫ਼ਤਿਆਂ ਵਿੱਚ ਗਰਭਪਾਤ ਨੂੰ ਅਰਜਨਟੀਨਾ ਵਿੱਚ ਕਾਨੂੰਨੀ ਬਣਾਉਣ ਦੀ ਲੜਾਈ ਹੁਣ ਮੁੱਕ ਗਈ ਹੈ। ਅਰਜਨਟੀਨਾ ਦੀ ਸੈਨੇਟ ਵਿੱਚ ਕਾਨੂੰਨੀ ਗਰਭਪਾਤ ਬਿੱਲ ਰੱਦ ਹੋ ਗਿਆ ਹੈ।
ਸਦਨ ਵਿੱਚ 16 ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ 38 ਸੈਨੇਟਰਾਂ ਨੇ ਇਸ ਦੇ ਖਿਲਾਫ ਵੋਟ ਪਾਈ ਤੇ 31 ਨੇ ਇਸ ਦੇ ਹੱਕ ਵਿੱਚ। ਸੈਨੇਟ ਵਿੱਚ 42 ਮਰਦ ਤੇ 30 ਔਰਤਾਂ ਸਨ, ਜਿਨ੍ਹਾਂ ਚੋਂ ਅੱਧੀਆਂ ਔਰਤਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ ਤੇ ਅੱਧੀਆਂ ਨੇ ਬਿੱਲ ਦੇ ਖਿਲਾਫ।
ਵਧੇਰੇ ਮਰਦਾਂ ਨੇ ਬਿੱਲ ਦੇ ਖਿਲਾਫ ਵੋਟਾਂ ਪਾਈਆਂ। ਬਿੱਲ ਨੂੰ ਮੁੜ ਤੋਂ ਲਿਆਉਣ ਵਾਸਤੇ ਇੱਕ ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ।
ਇਹ ਵੀ ਪੜ੍ਹੋ:
ਅਰਜਨਟੀਨਾ ਵਿੱਚ ਗਰਭਪਾਤ ਸ਼ੁਰੂਆਤ ਤੋਂ ਕਾਨੂੰਨੀ ਹੈ ਪਰ ਸਿਰਫ਼ ਦੋ ਮਾਮਲਿਆਂ ਵਿੱਚ। ਇੱਕ ਜਦੋਂ ਮਾਂ ਦੀ ਜਾਨ ਨੂੰ ਖਤਰਾ ਹੋਵੇ ਅਤੇ ਦੂਜਾ ਬਲਾਤਕਾਰ ਦੇ ਮਾਮਲੇ ਵਿੱਚ।
ਦੱਖਣੀ ਅਮਰੀਕੀ ਦੇਸਾਂ ਵਿੱਚ ਉਰੁਗੁਆਏ ਤੇ ਕਿਊਬਾ ਹੀ ਅਜਿਹੇ ਦੇਸ਼ ਹਨ ,ਜਿਨ੍ਹਾਂ ਵਿੱਚ ਗਰਭਪਾਤ ਕਾਨੂੰਨੀ ਹੈ।
ਨਤੀਜੇ ਆਉਣ ਤੋਂ ਬਾਅਦ ਬਿੱਲ ਦੇ ਵਿਰੋਧੀਆਂ ਨੇ ਜਸ਼ਨ ਮਨਾਇਆ ਜਦਕਿ ਬਿੱਲ ਦੇ ਹੱਕ ਵਿੱਚ ਬੋਲਣ ਵਾਲੇ ਲੋਕਾਂ ਨੇ ਹੰਗਾਮਾ ਕੀਤਾ ਤੇ ਪੁਲੀਸ 'ਤੇ ਹਮਲਾ ਵੀ।
ਗਰਭਪਾਤ ਦੇ ਵਿਰੋਧ ਤੇ ਹੱਕ 'ਚ
ਗਰਭਪਾਤ ਨੂੰ ਕਾਨੂੰਨੀ ਬਣਾਉਣ ਲਈ ਲੜ ਰਹੇ ਕਾਰਕੁਨਾਂ ਮੁਤਾਬਕ ਇਹ ਮੁੱਦਾ ਸਿਹਤ ਨਾਲ ਜੁੜਿਆ ਹੈ ਨਾ ਕਿ ਪਰੰਪਰਾਵਾਂ ਦੇ ਨਾਲ।
ਗੈਰ ਕਾਨੂੰਨੀ ਗਰਭਪਾਤ ਕਰਕੇ ਕਈ ਔਰਤਾਂ ਨੂੰ ਹਰ ਸਾਲ ਹਸਪਤਾਲ ਵਿੱਚ ਭਰਤੀ ਕਰਾਇਆ ਜਾਂਦਾ ਹੈ ਤੇ 2016 ਵਿੱਚ ਇਸ ਕਾਰਨ 43 ਔਰਤਾਂ ਦੀ ਜਾਨ ਵੀ ਗਈ ਹੈ।
ਹਾਲਾਂਕਿ ਦੂਜੇ ਪਾਸੇ ਵਿਰੋਧੀਆਂ ਮੁਤਾਬਕ ਗਰਭਪਾਤ ਇੱਕ ਬਹੁਤ ਮਤਲਬੀ ਫੈਸਲਾ ਹੈ।
ਇਹ ਵੀ ਪੜ੍ਹੋ:
'ਮੁਜਰਮ ਵਾਂਗ ਵਤੀਰਾ'
ਐਨਾ ਕੋਰੀਆ ਨਾਂ ਦੀ ਇੱਕ ਔਰਤ ਨੂੰ 11 ਸਾਲ ਪਹਿਲਾਂ ਗਰਭ ਦੌਰਾਨ ਪਤਾ ਲੱਗਿਆ ਕਿ ਉਸ ਦੇ ਬੱਚੇ ਨੂੰ ਐਡਵਰਡਜ਼ ਸਿੰਡਰੋਮ ਹੈ ਅਤੇ ਬੱਚਾ ਪੈਦਾ ਹੁੰਦੇ ਹੀ ਮਰ ਜਾਵੇਗਾ।
ਇਸ ਲਈ ਉਸਨੇ ਗਰਭਪਾਤ ਕਰਾਉਣ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ, ''ਮੈਂ ਗਿਰਜਾਘਰ ਨੇੜੇ ਇੱਕ ਡਾਕਟਰ ਕੋਲ ਗਈ, ਜਿਸਨੇ ਮੈਨੂੰ ਗਰਭਪਾਤ ਨਾ ਕਰਾਉਣ ਦਾ ਸਲਾਹ ਦਿੱਤੀ ਤਾਂ ਜੋ ਮੈਂ ਆਪਣੇ ਮਰੇ ਹੋਏ ਬੱਚੇ ਨੂੰ ਗਲੇ ਲਗਾ ਸਕਾਂ।''
ਦੂਜੇ ਡਾਕਟਰ ਨੇ ਉਸ ਤੋਂ ਗਰਭਪਾਤ ਲਈ ਬਹੁਤ ਜ਼ਿਆਦਾ ਪੈਸੇ ਮੰਗੇ ਅਤੇ ਕਿਹਾ ਕਿ ਉਸਦੀ ਬੱਚੇਦਾਨੀ ਵਿੱਚ ਟਿਊਮਰ ਸੀ ਤੇ ਉਹ ਜ਼ਿੰਦਾ ਨਹੀਂ ਬਚ ਸਕੇਗੀ।
ਐਨਾ ਨੂੰ ਇੱਕ ਹੋਰ ਡਾਕਟਰ ਨੇ ਕਿਸੇ ਨੂੰ ਵੀ ਨਾ ਦੱਸਣ ਦੀ ਸਲਾਹ ਦਿੱਤੀ ਅਤੇ ਉਸਨੂੰ ਇੱਕ ਮੁਜਰਮ ਵਾਂਗ ਮਹਿਸੂਸ ਕਰਵਾਇਆ।
ਦੂਜੀ ਤਰਫ ਡਾਕਟਰ ਜੇਲ ਓਲੀ ਮੁਤਾਬਕ ਗਰਭਪਾਤ ਕਰਾਉਣਾ ਇੱਕ ਮਤਲਬੀ ਫੈਸਲਾ ਹੈ।
ਉਨ੍ਹਾਂ ਕਿਹਾ, ''ਜਿਵੇਂ ਹੀ ਬੱਚਾ ਗਰਭ ਵਿੱਚ ਆ ਜਾਂਦਾ ਹੈ, ਔਰਤ ਦੇ ਹੱਕ ਖਤਮ ਹੋ ਜਾਂਦੇ ਹਨ। ਮੇਰਾ ਸਰੀਰ ਹੈ ਤਾਂ ਮੈਂ ਤੈਅ ਕਰਾਂਗੀ, ਇਹ ਸੋਚਣਾ ਬਹੁਤ ਮਤਲਬੀ ਹੈ।''
ਸਿਆਸਤਦਾਨਾਂ ਦੀ ਰਾਇ
ਅਰਜਨਟੀਨਾ ਦੀ ਵੱਧ ਆਬਾਦੀ ਰੋਮਨ ਕੈਥਲਿਕ ਹੈ। ਪਿਛਲੇ ਕਈ ਸਾਲਾਂ ਤੋਂ ਗਰਭਪਾਤ ਦੇ ਹੱਕ ਵਿੱਚ ਕਾਰਕੁਨ ਇਸ ਬਿੱਲ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਰਾਸ਼ਟਰਪਤੀ ਮੌਰੀਸ਼ਇਓ ਮੈਕਰੀ ਵੀ ਇਸ ਬਿੱਲ ਦੇ ਖਿਲਾਫ ਹਨ, ਬਾਵਜੂਦ ਇਸਦੇ ਉਹ ਵੋਟਿੰਗ ਕਰਾਉਣ ਲਈ ਰਾਜ਼ੀ ਹੋਏ ਅਤੇ ਫੈਸਲਾ ਲੋਕਾਂ 'ਤੇ ਛੱਡਿਆ।
ਸਾਬਕਾ ਰਾਸ਼ਟਰਪਤੀ ਕ੍ਰਿਸਟੀਨਾ ਫਰਨੈਨਡੀਸ ਦਿ ਕਿਰਚਨਰ ਵੀ ਪਹਿਲਾਂ ਬਿੱਲ ਦੀ ਵਿਰੋਧੀ ਸੀ ਪਰ ਇੰਨੇ ਲੋਕਾਂ ਦਾ ਮਸਰਥਨ ਵੇਖ ਉਨ੍ਹਾਂ ਆਪਣੀ ਰਾਇ ਬਦਲ ਲਈ।
ਇਸ ਤੋਂ ਇਲਾਵਾ ਕੈਥਲਿਕ ਚਰਚ ਤੇ ਪੋਪ ਫਰਾਂਸਿਸ ਇਸ ਬਿੱਲ ਦੇ ਸਖ਼ਤ ਖਿਲਾਫ ਹਨ। ਉਨ੍ਹਾਂ ਮੁਤਾਬਕ ਗਰਭਪਾਤ ਕਿਸੇ ਵੀ ਪ੍ਰੇਸ਼ਾਨੀ ਦਾ ਹੱਲ ਨਹੀਂ ਹੈ।
ਉਹ ਰਾਸ਼ਟਰਪਤੀ ਦੇ ਇਰਾਦੇ ਨਾਲ ਵੀ ਸਹਿਮਤ ਨਹੀਂ ਹਨ ਕਿ ਲੋਕਾਂ ਨੂੰ ਖੁਦ ਤੈਅ ਕਰ ਲੈਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਮੁਤਾਬਕ ਜ਼ਿੰਦਗੀ ਵਿੱਚ ਰਾਇ ਤੋਂ ਵੱਧ ਅਸੂਲ ਹੁੰਦੇ ਹਨ।
ਧਾਰਮਿਕ ਸੰਸਥਾਵਾਂ ਵੀ ਇਸ ਬਿੱਲ ਦੇ ਖਿਲਾਫ ਹਨ।