ਸੀਰੀਆ ਵਿੱਚ ਕੌਣ ਹਨ ਵ੍ਹਾਈਟ ਹੈਲਮੇਟ ਵਾਲੇ ਤੇ ਸੀਰੀਆ ਜੰਗ ਬਾਰੇ ਹੋਰ ਅਹਿਮ ਗੱਲਾਂ

ਇਸਰਾਈਲ ਨੇ ਕਿਹਾ ਹੈ ਕਿ ਉਸ ਨੇ ਜੰਗੀ ਇਲਾਕੇ ਦੱਖਣੀ-ਪੱਛਮੀ ਸੀਰੀਆ ਵਿੱਚ ਕੰਮ ਕਰ ਰਹੇ ਵ੍ਹਾਈਟ ਹੈਲਮੇਟ ਕਾਰਕੁਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੱਢਿਆ ਹੈ।

ਇਸਰਾਈਲ ਡਿਫੈਂਸ ਫੋਰਸਸ ਨੇ ਕਿਹਾ ਹੈ ਕਿ ਇਹ ਕਦਮ ਅਮਰੀਕਾ ਅਤੇ ਯੂਰਪੀ ਦੇਸਾਂ ਦੀ ਅਪੀਲ ਤੋਂ ਬਾਅਦ ਚੁੱਕਿਆ ਗਿਆ ਹੈ।

ਇਸਰਾਈਲ ਦੇ ਮੀਡੀਆ ਦਾ ਦਾਅਵਾ ਹੈ ਕਿ ਸੀਰੀਆ ਦੇ ਗੋਲਾਨ ਹਾਈਟਸ ਇਲਾਕੇ ਤੋਂ ਤਕਰੀਬਨ 800 ਲੋਕਾਂ ਨੂੰ ਰਾਤੋ-ਰਾਤ ਜੋਰਡਨ ਪਹੁੰਚਾਇਆ ਗਿਆ।

ਵ੍ਹਾਈਟ ਹੈਲਮੇਟ ਵਾਲੇ ਖੁ਼ਦ ਨੂੰ ਸੀਰੀਆ ਦੇ ਜੰਗੀ ਖੇਤਰਾਂ ਵਿੱਚ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੇ ਕਹਿੰਦੇ ਹਨ।

ਉਹ ਗੱਲ ਵੱਖ ਹੈ ਕਿ ਉਹ ਸਿਰਫ਼ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਕੰਮ ਕਰਦੇ ਹਨ ਪਰ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਝੁਕਾਅ ਕਿਸੇ ਵੀ ਗਰੁੱਪ ਵੱਲ ਨਹੀਂ ਹੈ।

ਇਹ ਵੀ ਪੜ੍ਹੋ:

ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸਮਰਥਕ ਤੇ ਸੀਰੀਆ ਦੇ ਮਿੱਤਰ ਦੇਸ ਰੂਸ ਦਾ ਕਹਿਣਾ ਹੈ ਕਿ ਵ੍ਹਾਈਟ ਹੈਲਮੇਟ ਵਾਲਿਆਂ ਦੇ ਜਿਹਾਦੀਆਂ ਨਾਲ ਸੰਬੰਧ ਹਨ।

ਕੌਣ ਹਨ ਵ੍ਹਾਈਟ ਹੈਲਮੇਟ?

  • ਸਾਲ 2013 ਵਿੱਚ ਕਾਰਕੁਨਾਂ ਵੱਜੋਂ ਇਸਦੀ ਸ਼ੁਰੂਆਤ ਹੋਈ।
  • ਅਧਿਕਾਰਤ ਤੌਰ 'ਤੇ ਇਨ੍ਹਾਂ ਨੂੰ ਸੀਰੀਆ ਸਿਵਲ ਡਿਫੈਂਸ ਕਿਹਾ ਜਾਂਦਾ ਹੈ।
  • ਹੁਣ ਤੱਕ ਤਕਰੀਬਨ 200 ਵ੍ਹਾਈਟ ਹੈਲਮੇਟ ਕਾਰਕੁਨ ਜੰਗੀ ਮੈਦਾਨ ਵਿੱਚ ਮਾਰੇ ਜਾ ਚੁੱਕੇ ਹਨ।
  • ਸ਼ਾਂਤੀ ਦੇ ਨੋਬਲ ਪੁਰਸਕਾਰ ਲਈ ਨਾਮਜਦ ਹਨ।
  • ਜੰਗੀ ਮੈਦਾਨ ਵਿੱਚ ਲੋਕਾਂ ਦੀ ਰੱਖਿਆ ਤੇ ਬਰਬਾਦ ਇਮਾਰਤਾਂ ਦੀ ਮੁਰੰਮਤ ਦਾ ਕੰਮ ਕਰਦੇ ਹਨ।

ਸੀਰੀਆ ਵਿੱਚ ਜੰਗ ਕਿਵੇਂ ਸ਼ੁਰੂ ਹੋਈ?

ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੀਰੀਆ ਵਿੱਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਸਿਆਸੀ ਆਜ਼ਾਦੀ ਵਰਗੇ ਮੁੱਦਿਆਂ ਨੂੰ ਲੈ ਕੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਖ਼ਿਲਾਫ਼ ਵਿਦਰੋਹ ਸ਼ੁਰੂ ਹੋ ਗਿਆ ਸੀ।

ਮਾਰਚ 2011 ਵਿੱਚ ਡੇਰਾ ਸ਼ਹਿਰ ਵਿੱਚ ਜਮਹੂਰੀਅਤ ਪੱਖੀ ਰੋਸ ਪ੍ਰਦਰਸ਼ਨਾਂ ਦੀ ਸ਼ੁਰੂਆਤ ਹੋਈ।

ਸਰਕਾਰ ਵੱਲੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਤਾਕਤ ਵਰਤੀ ਗਈ ਤਾਂ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਨੇ ਪੂਰੇ ਮੁਲਕ ਵਿੱਚ ਜ਼ੋਰ ਫੜ੍ਹ ਲਿਆ।

ਇਹ ਵੀ ਪੜ੍ਹੋ:

ਹੁਣ ਤੱਕ ਕਿੰਨੀਆਂ ਮੌਤਾਂ?

ਸੀਰੀਆ ਵਿੱਚ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀ ਇੰਗਲੈਂਡ ਦੀ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਮਾਰਚ 2018 ਤੱਕ 353,900 ਮੌਤਾਂ ਦਾ ਦਰਜ਼ ਕੀਤੀਆਂ ਜਿਨ੍ਹਾਂ ਵਿੱਚ 106,000 ਆਮ ਲੋਕ ਸ਼ਾਮਲ ਹਨ।

ਇਨ੍ਹਾਂ ਅੰਕੜਿਆਂ ਵਿੱਚ 56,900 ਉਨ੍ਹਾਂ ਲੋਕਾਂ ਨੂੰ ਨਹੀਂ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਲਾਪਤਾ ਹਨ, ਪਰ ਇਹ ਵੀ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਇਹ ਜੰਗ ਹੈ ਕੀ?

ਕਈ ਸੰਗਠਨ ਹਨ ਜਿਨ੍ਹਾਂ ਦੇ ਆਪੋ ਆਪਣੇ ਏਜੰਡੇ ਸੀਰੀਆ ਵਿੱਚ ਕੰਮ ਕਰਦੇ ਹਨ ਜਿਸਦੀ ਵਜ੍ਹਾ ਨਾਲ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ।

ਇਲਜ਼ਾਮ ਲਗਾਇਆ ਜਾਂਦਾ ਹੈ ਕਿ ਮੁਲਕ ਵਿੱਚ ਇਨ੍ਹਾਂ ਨੇ ਸੀਰੀਆ ਦੇ ਧਾਰਮਿਕ ਸੰਗਠਨਾਂ ਵਿੱਚ ਨਫ਼ਰਤ ਪੈਦਾ ਕੀਤੀ।

ਬਹੁ ਗਿਣਤੀ ਸੁੰਨੀ ਮੁਸਲਮਾਨਾਂ ਦਾ ਸੰਘਰਸ਼ ਸ਼ਿਆ ਰਾਸ਼ਟਰਪਤੀ ਬਸ਼ਰ-ਅਲ-ਅਸਦ ਖ਼ਿਲਾਫ਼ ਹੈ।

ਅਜਿਹੀ ਵੰਡ ਦੋਹਾਂ ਪੱਖਾਂ ਵਿੱਚ ਖੂਨੀ ਸੰਘਰਸ਼ ਵਿੱਚ ਤਬਦੀਲ ਹੋ ਗਈ। ਇਹੀ ਵਜ੍ਹਾ ਰਹੀ ਹੈ ਕਿ ਸੀਰੀਆ ਵਿੱਚ ਜਿਹਾਦੀ ਸੰਗਠਨ ਇਸਲਾਮਿਕ ਸਟੇਟ ਅਤੇ ਅਲ-ਕਾਇਦਾ ਨੇ ਪੈਰ ਫੈਲਾਏ।

ਸੀਰੀਆ ਵਿੱਚ ਸਵਰਾਜ ਦੀ ਮੰਗ ਕਰਨ ਵਾਲੇ ਕੁਰਦ ਲੜਾਕੇ ਹਾਲਾਂਕਿ ਅਸਦ ਦੀਆਂ ਫੌਜਾਂ ਖਿਲਾਫ਼ ਨਹੀਂ ਲੜੇ ਪਰ ਉਨ੍ਹਾਂ ਦਾ ਸੰਘਰਸ਼ ਵੀ ਜਾਰੀ ਹੈ।

ਕੌਣ-ਕੌਣ ਹੈ ਸ਼ਾਮਲ?

ਸੀਰੀਆ ਵਿੱਚ ਰਾਸ਼ਟਰਪਤੀ ਅਸਦ ਦੇ ਹਮਾਇਤੀ ਰੂਸ ਅਤੇ ਇਰਾਨ ਹਨ ਜਦਕਿ ਅਮਰੀਕਾ, ਤੁਰਕੀ ਅਤੇ ਸਾਊਦੀ ਅਰਬ ਲੜਾਕਿਆਂ ਦੀ ਹਮਾਇਤ ਕਰਦੇ ਹਨ।

ਅਮਰੀਕਾ, ਇੰਗਲੈਂਡ, ਫਰਾਂਸ ਅਤੇ ਹੋਰ ਪੱਛਮੀ ਦੇਸ ਵੀ ਲੜਾਕਿਆਂ ਨੂੰ ਇਨ੍ਹਾਂ ਖ਼ਤਰਨਾਕ ਨਹੀਂ ਮੰਨਦੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)