ਬਲਾਗ: ਨਵਾਜ਼ ਸ਼ਰੀਫ਼: ਮੌਕੇ ਮਿਲਦੇ ਰਹੇ ਤੇ ਮੀਆਂ ਸਾਬ੍ਹ ਗੁਆਉਂਦੇ ਰਹੇ

ਤਸਵੀਰ ਸਰੋਤ, Getty Images
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ, ਬੀਬੀਸੀ ਲਈ
ਹੁਣ ਤਾਂ ਲਗਦਾ ਹੈ ਮੁਨੀਰ ਨਿਆਜ਼ੀ ਨੇ ਨਜ਼ਮ 'ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ ਹਰ ਕਾਮ ਮੇਂ' ਨਵਾਜ਼ ਸ਼ਰੀਫ਼ ਲਈ ਲਿਖੀ ਸੀ।
ਅਦਾਲਤ ਕੱਛੂਕੁੰਮੇ ਦੀ ਰਫ਼ਤਾਰ ਨਾਲ ਚਲਦੀ ਹੈ ਅਤੇ ਸਿਆਸਤ ਖ਼ਰਗੋਸ਼ ਦੀ ਤਰ੍ਹਾਂ ਟਪੂਸੀਆਂ ਮਾਰਦੀ ਹੈ।
ਜੇ ਖ਼ਰਗੋਸ਼ ਲੋੜ ਨਾਲੋਂ ਵੱਧ ਆਤਮਵਿਸ਼ਵਾਸ਼ ਦਾ ਸ਼ਿਕਾਰ ਨਾ ਹੋਵੇ ਉਹ ਦੌੜ ਜਿੱਤ ਜਾਂਦਾ ਹੈ, ਪਰ ਜੇਕਰ ਸੱਚੀ ਅਜਿਹਾ ਹੋ ਜਾਵੇ ਤਾਂ ਪੀੜ੍ਹੀ ਦਰ ਪੀੜ੍ਹੀ ਖ਼ਰਗੋਸ਼ ਅਤੇ ਕੱਛੂਕੁੰਮੇ ਦੀ ਕਹਾਣੀ ਕੌਣ ਪੜ੍ਹੇਗਾ?
ਗ਼ਲਤ ਵਕਤ 'ਤੇ ਗ਼ਲਤ ਫ਼ੈਸਲਾ ਤਾਂ ਮਾਫ਼ ਕੀਤਾ ਜਾ ਸਕਦਾ ਹੈ ਪਰ ਸਹੀ ਸਮੇਂ 'ਤੇ ਗ਼ਲਤ ਫ਼ੈਸਲੇ ਦਾ ਕੁਝ ਨਹੀਂ ਕੀਤਾ ਜਾ ਸਕਦਾ।
ਕਾਮੇਡੀ ਅਤੇ ਸਿਆਸਤ ਵਿੱਚ ਸਾਰਾ ਖੇਡ ਟਾਈਮਿੰਗ ਦਾ ਹੈ। ਇੱਕ ਵੀ ਗ਼ੈਰ-ਜ਼ਰੂਰੀ ਪਲ ਲਤੀਫ਼ੇ ਨੂੰ ਕਾਸ਼ੀਫ਼ਾ ਅਤੇ ਇੱਕ ਦਿਨ ਦੀ ਸੁਸਤੀ ਆਗੂ ਨੂੰ ਕਈ ਸਾਲਾਂ ਤੱਕ ਮੁਸ਼ਕਿਲਾਂ ਵਿੱਚ ਪਾ ਸਕਦੀ ਹੈ।
ਸਿਆਸਤ ਦਾ ਸੁਸਤੀ ਨਾਲ ਉਹੀ ਰਿਸ਼ਤਾ ਹੈ ਜੋ ਰੇਲ ਦੇ ਚੱਕੇ ਦਾ ਪੈਂਚਰ ਹੋਣ ਨਾਲ ਹੈ।
ਮੀਆਂ ਸਾਬ੍ਹ ਨੂੰ ਪਹਿਲਾ ਸੁਨਹਿਰੀ ਮੌਕਾ ਪਨਾਮਾ ਗੇਟ ਦੇ ਜਨਤਕ ਹੋਣ 'ਤੇ ਮਿਲਿਆ ਸੀ। ਜੇਕਰ ਸੰਸਦ ਵਿੱਚ ਆਪਣੀ ਬੇਗੁਨਾਹੀ ਅਤੇ ਪਨਾਮਾ ਨਾਲ ਆਪਣੇ ਸਬੰਧ ਨਾ ਹੋਣ ਦਾ ਦਾਅਵਾ ਕਰਨ ਦੀ ਥਾਂ ਉਸੇ ਭਾਸ਼ਨ ਵਿੱਚ ਮੀਆਂ ਸਾਬ੍ਹ ਕਹਿ ਦਿੰਦੇ ਕਿ ਮੈਂ ਜਿਸ ਅਹੁਦੇ 'ਤੇ ਤੀਜੀ ਵਾਰ ਚੁਣਿਆ ਗਿਆ ਉਸ ਤੋਂ ਬਾਅਦ ਜਨਤਾ ਦੇ ਭਰੋਸੇ ਦਾ ਤਕਾਜ਼ਾ ਹੈ ਕਿ ਮੇਰੇ ਉੱਪਰ ਇੱਕ ਵੀ ਉਂਗਲ ਉੱਠੇ ਤਾਂ ਮੈਨੂੰ ਉਸ ਅਹੁਦੇ 'ਤੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਮੈਂ ਦੁਬਾਰਾ ਆਵਾਂਗਾ ਪਰ ਉਸ ਵੇਲੇ ਜਦੋਂ ਖ਼ੁਦ ਨੂੰ ਬੇਗੁਨਾਹ ਸਾਬਿਤ ਕਰ ਦਿਆਂਗਾ।
ਉਨ੍ਹਾਂ ਜੁਮਲਿਆਂ ਦੇ ਨਾਲ ਮੀਆਂ ਸਾਬ੍ਹ ਦੇ ਸ਼ੇਅਰ ਸਿਆਸੀ ਸ਼ੇਅਰ ਬਾਜ਼ਾਰ ਦੀ ਛੱਤ ਪਾੜ ਸਕਦੇ ਸਨ ਪਰ ਇਹ ਹੋ ਨਹੀਂ ਸਕਿਆ ਅਤੇ ਉਨ੍ਹਾਂ ਦੇ ਸਾਥੀ ਪੰਪ ਦਿੰਦੇ ਰਹੇ ਕਿ ਮੀਆਂ ਸਾਬ੍ਹਾ ਦੱਬ ਕੇ ਰੱਖੋ।

ਤਸਵੀਰ ਸਰੋਤ, AFP
ਦੂਜਾ ਮੌਕਾ ਉਸ ਵੇਲੇ ਆਇਆ ਜਦੋਂ ਸੁਪਰੀਮ ਕੋਰਟ ਨੇ ਪਨਾਮਾ ਪੇਪਰ ਮਾਮਲੇ ਨੂੰ ਸੁਣਵਾਈ ਯੋਗ ਸਮਝਣ ਤੋਂ ਇਨਕਾਰ ਕਰਕੇ ਨੇਤਾਵਾਂ ਨੂੰ ਮੌਕਾ ਦਿੱਤਾ ਕਿ ਉਹ ਆਪਣੇ ਕੱਪੜੇ ਸੁਪਰੀਮ ਕੋਰਟ ਦੀਆਂ ਪੌੜੀਆਂ ਉੱਤੇ ਧੋਣ ਦੀ ਥਾਂ ਸੰਸਦ ਦੇ ਅੰਦਰ ਧੋਣ।
ਉਸ ਵੇਲੇ ਵਿਰੋਧੀ ਪਾਰਟੀਆਂ ਵੀ ਤਿਆਰ ਸਨ ਕਿ ਇੱਕ ਸੰਸਦੀ ਕਮੇਟੀ ਇਸ ਮਾਮਲੇ ਦੀ ਜਾਂਚ ਕਰਕੇ ਕਿਸੇ ਨਤੀਜੇ ਉੱਤੇ ਪਹੁੰਚੇ, ਪਰ ਮੀਆਂ ਸਾਬ੍ਹ ਨੇ ਇੱਕਪਾਸੜ ਜਾਂਚ ਕਮਿਸ਼ਨ ਦਾ ਐਲਾਨ ਕਰ ਦਿੱਤਾ।
ਜਿਸ ਨੂੰ ਵਿਰੋਧੀ ਧਿਰ ਨੇ ਨਹੀਂ ਸਵੀਕਾਰਿਆ ਅਤੇ ਵਿਰੋਧੀ ਧਿਰ ਦੇ ਫਾਰਮੂਲੇ ਨੂੰ ਮਿਆਂ ਸਾਬ੍ਹ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਸਵੀਕਾਰ ਕਰ ਦਿੱਤਾ।
ਫੇਰ ਇਮਰਾਨ ਖ਼ਾਨ ਦੇ ਲਾਕ ਡਾਊਨ ਸਪੀਕਰ ਦੀ ਧਮਕੀ ਨੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੀ ਸੁਣਵਾਈ ਲਈ ਮਜਬੂਰ ਕਰ ਦਿੱਤਾ।
ਪਰ ਇਸ ਮਾਮਲੇ ਨੂੰ ਤਕਨੀਕੀ ਅਤੇ ਕਾਨੂੰਨੀ ਤਰੀਕੇ ਨਾਲ ਪੇਸ਼ੇਵਰ ਅੰਦਾਜ਼ ਵਿੱਚ ਬੰਦ ਕਮਰੇ ਦੀ ਸੁਣਵਾਈ ਤੱਕ ਸੀਮਤ ਕਰਨ ਦੀ ਬਜਾਇ ਇੱਕ ਸਮਾਨੰਤਰ ਅਦਾਲਤ ਸੁਪਰੀਮ ਕੋਰਟ ਦੀਆਂ ਪੌੜ੍ਹੀਆਂ 'ਤੇ ਲਗਾ ਲਈ।
ਇੰਝ ਅਦਾਲਤ ਸਮਰਥਕ ਅਤੇ ਅਦਾਲਤ ਵਿਰੋਧੀ ਗਰੁੱਪ ਉੱਭਰ ਕੇ ਸਾਹਮਣੇ ਆ ਗਏ ਤੇ ਮੀਡੀਆ ਦੀ ਮੇਹਰਬਾਨੀ ਨਾਲ ਪਨਾਮਾ ਇੱਕ ਦਲਦਲ ਵਾਂਗ ਫੈਲਦਾ ਗਿਆ।
ਫੇਰ ਉਸੇ ਦਲਦਲ ਵਿੱਚ ਬਹਿਸ, ਗਾਲ੍ਹਾਂ ਅਤੇ ਅਦਾਲਤ ਨਾਲ ਤੂੰ-ਤੂੰ ਮੈਂ-ਮੈਂ ਦੀਆਂ ਖ਼ਬਰਾਂ ਉੱਠਦੀਆਂ ਗਈਆਂ।
ਮੀਆਂ ਸਾਬ੍ਹ ਕਹਿੰਦੇ ਵੀ ਰਹੇ ਕਿ ਉਨ੍ਹਾਂ ਨੂੰ ਜੇਆਈਟੀ 'ਤੇ ਭਰੋਸਾ ਨਹੀਂ ਹੈ ਅਤੇ ਉਸ ਦੇ ਸਾਹਮਣੇ ਪੇਸ਼ ਵੀ ਹੁੰਦੇ ਰਹੇ। ਅਦਾਲਤ ਦਾ ਫ਼ੈਸਲਾ ਸਵੀਕਾਰ ਵੀ ਨਹੀਂ ਕੀਤਾ ਅਤੇ ਸੱਤਾ ਤੋਂ ਬੇਦਖ਼ਲ ਹੋਣ ਕਾਰਨ ਸਵੀਕਾਰ ਵੀ ਕਰ ਲਿਆ।
ਕਿਹਾ ਕਿ ਭ੍ਰਿਸ਼ਟਾਚਾਰ ਨਿਰੋਧਕ ਅਦਾਲਤ 'ਤੇ ਭਰੋਸਾ ਨਹੀਂ ਹੈ ਅਤੇ ਉਸ ਦੇ ਸਾਹਮਣੇ 100 ਤੋਂ ਵੱਧ ਵਾਰ ਪੇਸ਼ ਵੀ ਹੁੰਦੇ ਰਹੇ ਅਤੇ ਰੈਲੀਆਂ ਵਿੱਚ ਜਨਤਾ ਦੀ ਅਦਾਲਤ ਵਿੱਚ ਪੁੱਛਦੇ ਵੀ ਰਹੇ ਕਿ ਮੈਨੂੰ ਕਿਉਂ ਕੱਢਿਆ?

ਤਸਵੀਰ ਸਰੋਤ, AFP/NA
ਜ਼ਾਹਿਰ ਹੈ ਮੀਆਂ ਸਾਬ੍ਹ ਸਿਰਫ਼ ਸਿਆਸੀ ਵਿਅਕਤੀ ਨਹੀਂ ਹਨ ਬਲਕਿ ਇੱਕ ਪਤੀ ਅਤੇ ਪਿਤਾ ਵੀ ਹਨ ਪਰ ਰਾਜਨੇਤਾ ਦੀ ਪ੍ਰੀਖਿਆ ਇਹੀ ਤਾਂ ਹੈ ਕਿ ਉਹ ਕਿਵੇਂ ਆਪਣੇ ਨਿੱਜੀ ਮਾਮਲਿਆਂ ਅਤੇ ਰਿਸ਼ਤੇ ਵੀ ਨਿਭਾਉਣ ਤੇ ਸਿਆਸੀ ਟਾਈਮਿੰਗ ਨੂੰ ਮੌਕੇ 'ਤੇ ਇਸਤੇਮਾਲ ਕਰਨ ਲਈ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਣ।
ਹਰ ਕੋਈ ਜਾਣਦਾ ਹੈ ਕਿ ਬੇਗ਼ਮ ਦੀ ਗੰਭੀਰ ਹਾਲਤ ਕਾਰਨ ਮਿਆਂ ਸਾਬ੍ਹ ਕਿਸ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੇ ਹਨ, ਪਰ ਇੱਕ ਪਤੀ ਅਤੇ ਪਰਿਵਾਰ ਦੇ ਮੋਢੀ ਹੋਣ ਦੇ ਨਾਲ-ਨਾਲ ਉਹ ਆਪਣੀ ਪਾਰਟੀ ਦੇ ਨੇਤਾ ਵੀ ਹਨ ਅਤੇ ਉਸ ਪਾਰਟੀ ਦੇ ਲੱਖਾਂ ਸਮਰਥਕ ਵੀ ਹਨ।
ਚੋਣਾਂ ਵਿੱਚ ਸਿਰਫ਼ ਢਾਈ ਹਫ਼ਤੇ ਦਾ ਸਮਾਂ ਬਾਕੀ ਹੈ। ਇੱਕ ਤਜ਼ਰਬੇਕਾਰ ਸਿਆਸਤਦਾਨ ਨੂੰ ਅਜਿਹੇ 'ਚ ਕੀ ਫ਼ੈਸਲਾ ਕਰਨਾ ਚਾਹੀਦਾ ਹੈ?
ਬੇਗ਼ਮ ਸਾਹਿਬਾ ਦੀ ਹਾਲਤ ਜੇਕਰ ਬਿਹਤਰ ਨਾ ਵੀ ਹੋਈ ਤਾਂ ਵੀ ਉਹ ਵੈਂਟੀਲੇਟਰ 'ਤੇ ਹੋਵੇਗੀ। ਮਿਆਂ ਸਾਬ੍ਹ ਉਨ੍ਹਾਂ ਦੇ ਸਿਰਹਾਨੇ ਬੈਠ ਕੇ ਕੀ ਮਦਦ ਕਰ ਸਕਦੇ ਹਨ?
ਪਰ ਹਕੀਕਤ ਇਹ ਹੈ ਕਿ ਚੋਣਾਂ ਵੈਂਟੀਲੇਟਰ 'ਤੇ ਨਹੀਂ ਹਨ। ਮਿਆਂ ਸਾਬ੍ਹ ਇਹ ਵੀ ਜਾਣਦੇ ਸਨ ਅਤੇ ਹਨ ਕਿ ਅਦਾਲਤ ਉਨ੍ਹਾਂ ਨੂੰ ਕਿਸੇ ਤਰ੍ਹਾਂ ਕੋਈ ਰਾਹਤ ਦੇਣ ਲਈ ਤਿਆਰ ਨਹੀਂ ਹੈ।
ਅਜਿਹੇ ਵਿੱਚ ਮੀਆਂ ਸਾਬ੍ਹ ਨੂੰ ਕੀ ਕਰਨਾ ਚਾਹੀਦਾ ਹੈ?
ਜਦੋਂ ਤੁਸੀਂ ਸਿਆਸਤ ਵਿੱਚ 35-40 ਸਾਲਾ ਤੋਂ ਹੋਵੋ ਤਾਂ ਤੁਹਾਡੇ ਨਾਲੋਂ ਜ਼ਿਆਦਾ ਕਿਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਕਾਰੋਬਾਰ ਵਿੱਚ ਟਾਈਮਿੰਗ ਹੀ ਸਾਰਾ ਕੁਝ ਹੈ।
7 ਦਿਨਾਂ ਬਾਅਦ ਵੀ ਜੇਕਰ ਤੁਸੀਂ ਆਉਂਦੇ ਹੋ ਤਾਂ ਉਹੀ ਹੋਵੇਗਾ ਜੋ ਅੱਜ ਹੋਣ ਵਾਲਾ ਸੀ ਪਰ 7 ਦਿਨ ਬਾਅਦ ਚੋਣ ਮੁਹਿੰਮ ਲਈ ਸਿਰਫ਼ ਇੱਕ ਹਫ਼ਤਾ ਰਹਿ ਜਾਵੇਗਾ।
ਮਰਹੂਮ ਬ੍ਰਿਤਾਨੀ ਪ੍ਰਧਾਨ ਮੰਤਰੀ ਹੈਰਲਡ ਵਿਲਸਨ ਅਨੁਸਾਰ ਸਿਆਸਤ ਵਿੱਚ ਇੱਕ ਹਫ਼ਤਾ ਬਹੁਤ ਲੰਬਾ ਸਮਾਂ ਹੁੰਦਾ ਹੈ। ਇਨਾਂ ਲੰਬਾ ਕਿ ਅਕਸਰ ਸਮਾਂ ਸਾਲਾਂ ਤੱਕ ਫ਼ੈਲ ਜਾਂਦਾ ਹੈ।
ਹੱਥਾਂ ਨਾਲ ਲਾਈ ਗੰਢ ਦੰਦਾਂ ਨਾਲ ਖੋਲ੍ਹਣਾ ਹੀ ਤਾਂ ਸਿਆਸਤ ਹੈ, ਪਰ ਇਹ ਨਹੀਂ ਹੋ ਸਕਦਾ ਤਾਂ ਫੇਰ ਤੁਸੀਂ ਇੱਕ ਹੋਰ ਵਾਰ ਨੀਂਦ ਪੂਰੀ ਕਰ ਸਕਦੇ ਹੋ।













