ਹਾਰਲੇ-ਡੇਵਿਡਸਨ ਅਮਰੀਕਾ ਤੋਂ ਬਾਹਰ ਵੀ ਕਰੇਗੀ ਰੁਖ਼

ਹਾਰਲੇ ਡੇਵਿਡਸਨ ਕੰਪਨੀ ਨੇ ਮੋਟਰਸਾਈਕਲ ਦੀ ਪ੍ਰੋਡਕਸ਼ਨ ਦਾ ਕੰਮ ਅਮਰੀਕਾ ਤੋਂ ਬਾਹਰ ਹੋਰਨਾਂ ਦੇਸਾਂ ਵਿੱਚ ਵਧਾਉਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਯੂਰਪੀ ਯੂਨੀਅਨ ਵੱਲੋਂ ਟੈਰਿਫ਼ ਵਧਾਏ ਜਾਣ ਤੋਂ ਬਾਅਦ ਲਿਆ ਗਿਆ ਹੈ।

ਭਾਰਤ ਵਿੱਚ ਹਾਰਲੇ-ਡੇਵਿਡਸਨ ਨੇ ਹਰਿਆਣਾ ਦੇ ਬਾਵਲ ਵਿੱਚ 2011 ਵਿੱਚ ਇੱਕ ਅਸੈਂਬਲੀ ਯੂਨਿਟ ਲਗਾਈ।

ਕੰਪਨੀ ਦੇ ਪਲਾਂਟ ਅਮਰੀਕਾ ਤੋਂ ਇਲਾਵਾ ਆਸਟਰੇਲੀਆ, ਬਰਾਜ਼ੀਲ ਅਤੇ ਥਾਈਲੈਂਡ ਵਿੱਚ ਲੱਗੇ ਹੋਏ ਹਨ।

ਕੰਪਨੀ ਵੱਲੋਂ ਪਹਿਲੇ ਕੁਆਰਟਰ ਦੀ ਸੇਲ ਦੇ ਅੰਕੜੇ ਵੈੱਬਸਾਈਟ 'ਤੇ ਪੇਸ਼ ਕੀਤੇ ਗਏ ਹਨ। ਇਸ ਮੁਤਾਬਕ ਸਾਲ 2018 ਦੇ ਪਹਿਲੇ ਕਵਾਰਟਰ ਵਿੱਚ ਹਾਰਲੇ-ਡੇਵਿਡਸਨ ਦੀ ਵਿਸ਼ਵ ਪੱਧਰੀ ਸੇਲ 51,086 ਹੋਈ ਹੈ ਜਦੋਂਕਿ ਏਸ਼ੀਆ ਪੈਸੀਫਿਕ ਵਿੱਚ ਕੁਲ ਸੇਲ 6,329 ਹੋਈ ਹੈ ਜੋ ਕਿ ਪਿਛਲੇ ਸਾਲ 6,863 ਸੀ।

ਪਿਛਲੇ ਹਫ਼ਤੇ ਯੂਰਪੀ ਯੂਨੀਅਨ ਨੇ ਅਮਰੀਕੀ ਸਾਮਾਨ 'ਤੇ ਟੈਰਿਫ਼ ਵਧਾ ਦਿੱਤਾ ਸੀ ਜਿਸ ਵਿੱਚ ਬੌਰਬੌਨ, ਸੰਤਰੇ ਦਾ ਜੂਸ ਅਤੇ ਮੋਟਰਸਾਈਕਲ ਸ਼ਾਮਿਲ ਸਨ।

ਯੂਰਪੀ ਯੂਨੀਅਨ ਨੇ ਇਹ ਫੈਸਲਾ ਸਟੀਲ ਅਤੇ ਅਲਮੀਨਅਮ ਦੀ ਦਰਾਮਦ 'ਤੇ ਅਮਰੀਕੀ ਡਿਊਟੀ ਵਧਾਏ ਜਾਣ ਤੋਂ ਬਾਅਦ ਲਿਆ ਸੀ।

ਵਿਸਕੌਨਸਿਨ ਦੀ ਕੰਪਨੀ ਹਾਰਲੇ ਡੇਵਿਡਸਨ ਦਾ ਕਹਿਣਾ ਹੈ ਕਿ ਟੈਰਿਫ਼ ਕਾਰਨ ਵਧੀਆਂ ਕੀਮਤਾਂ ਦਾ ਅਸਰ ਕੌਮਾਂਤਰੀ ਸੇਲ 'ਤੇ ਪੈ ਸਕਦਾ ਹੈ।

ਹਾਰਲੇ-ਡੇਵਿਡਸਨ ਨੇ ਦਾਅਵਾ ਕੀਤਾ ਹੈ ਕਿ ਉਹ ਕੌਮਾਂਤਰੀ ਪਲਾਂਟਾਂ ਵਿੱਚ ਨਿਵੇਸ਼ ਵਧਾਉਣਗੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਦੇਸਾਂ ਵਿੱਚ ਇਹ ਨਿਵੇਸ਼ ਵਧਾਇਆ ਜਾਵੇਗਾ।

ਕੰਪਨੀ ਨੇ ਕਿਹਾ, "ਇਸ ਟੈਰਿਫ਼ ਦੀ ਕੀਮਤ ਦੇ ਅਸਰ ਨੂੰ ਝੱਲਣ ਲਈ ਹਾਰਲੇ-ਡੇਵਿਡਸਨ ਮੋਟਰਸਾਈਕਲ ਦੀ ਪ੍ਰੋਡਕਸ਼ਨ ਨੂੰ ਅਮਰੀਕਾ ਤੋਂ ਬਾਹਰ ਹੋਰਨਾਂ ਦੇਸਾਂ ਵਿੱਚ ਨਿਵੇਸ਼ ਦੀ ਯੋਜਨਾ ਬਣਾਏਗਾ।"

ਉਨ੍ਹਾਂ ਕਿਹਾ ਕਿ ਇਸ ਪੂਰੇ ਕੰਮ ਵਿੱਚ 9 ਤੋਂ 18 ਮਹੀਨੇ ਲੱਗਣ ਦੀ ਉਮੀਦ ਹੈ।

ਟਰੰਪ ਨੇ ਜਤਾਈ ਨਾਰਾਜ਼ਗੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਹਾਰਲੇ-ਡੇਵਿਡਸਨ ਦੇ ਫੈਸਲੇ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਹਾਲਾਂਕਿ ਟਰੰਪ ਦਾਅਵਾ ਕਰ ਰਹੇ ਹਨ ਕਿ ਸਰਕਾਰ ਵੱਲੋਂ ਲਾਏ ਟੈਰਿਫ਼ ਸਟੀਲ ਅਤੇ ਅਲਮੀਨੀਅਮ ਸਨਅਤ ਨੂੰ ਬਚਾਉਣ ਲਈ ਜ਼ਰੂਰੀ ਹਨ।

ਇਸ ਫੈਸਲੇ ਲ਼ਈ ਉਨ੍ਹਾਂ ਨੂੰ ਯੂਰਪੀਅਨ ਯੂਨੀਅਨ, ਕੈਨੇਡਾ, ਮੈਕੀਸਕੋ, ਭਾਰਤ ਸਣੇ ਕਈ ਦੇਸਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।

'ਇੱਕਲੌਤਾ ਬਦਲ'

ਹਾਰਲੇ-ਡੇਵਿਡਸਨ ਨੇ ਕਿਹਾ ਹੈ ਕਿ ਈਯੂ ਦੇ ਟੈਰਿਫ਼ ਕਾਰਨ ਯੂਰਪ ਵਿੱਚ ਬਰਾਮਦ ਕੀਤੀ ਜਾਣ ਵਾਲੀ ਬਾਈਕ ਦੀ ਕੀਮਤ ਵਿੱਚ 2200 ਡਾਲਰ ਦਾ ਵਾਧਾ ਹੋਵੇਗਾ ਕਿਉਂਕਿ ਦਰਾਮਦ ਟੈਕਸ 6 ਫੀਸਦੀ ਤੋਂ ਵਧਾ ਕੇ 31 ਫੀਸਦੀ ਕਰ ਦਿੱਤਾ ਗਿਆ ਹੈ।

ਪਿਛਲੇ ਸਾਲ ਯੂਰਪ ਵਿੱਚ 40,000 ਮੋਟਰਸਾਈਕਲ ਵੇਚਣ ਵਾਲੀ ਹਾਰਲੇ ਡੇਵਿਡਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਧੀਆ ਕੀਮਤਾਂ ਦਾ ਭਾਰ ਗਾਹਕਾਂ 'ਤੇ ਪਾਉਣ ਦੀ ਥਾਂ ਖੁੱਦ ਝੱਲਣ ਦਾ ਫੈਸਲਾ ਕੀਤਾ ਹੈ ਤਾਂ ਕਿ ਸੇਲ 'ਤੇ ਅਸਰ ਨਾ ਪਵੇ।

ਹਾਰਲੇ ਡੇਵਿਡਸਨ ਨੇ ਦਾਅਵਾ ਕੀਤਾ ਹੈ ਕਿ ਟੈਰਿਫ਼ ਵਧਣ ਕਾਰਨ ਪ੍ਰੋਡਕਸ਼ਨ ਨੂੰ ਸ਼ਿਫ਼ਟ ਕਰਨਾ ਹੀ ਇੱਕਲੌਤਾ ਬਦਲ ਬਚਿਆ ਹੈ ਤਾਂ ਜੋ ਮੋਟਰਸਾਈਕਲਾਂ ਈਯੂ ਅਤੇ ਯੂਰਪ ਵਿੱਚ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਯੂਰਪ ਵਿੱਚ ਵਪਾਰ ਚੱਲਦਾ ਰਹੇ।

ਪਿਛਲੇ ਸਾਲ ਦੇ ਅਖੀਰ ਤੱਕ ਅਮਰੀਕਾ ਵਿੱਚ 2100 ਮੁਲਜ਼ਮ ਮੈਨਿਊਫੈਕਚਰਿੰਗ ਪਲਾਂਟ ਵਿੱਚ ਨੌਕਰੀ ਕਰਦੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)