ਯੂਰਪੀਅਨ ਯੂਨੀਅਨ ਨੇ ਅਮਰੀਕਾ ਨੂੰ ਕਿਹਾ- ਟੈਕਸ ਸਾਨੂੰ ਵੀ ਲਾਉਣੇ ਆਉਂਦੇ ਹਨ ਭਰਾ!

ਚੀਨ ਸਮੇਤ ਯੂਰਪੀ ਸਮਾਨ ਉੱਪਰ ਅਮਰੀਕੀ ਡਿਊਟੀ ਦੇ ਜਵਾਬ ਵਿੱਚ ਯੂਰਪੀ ਯੂਨੀਅਨ ਨੇ ਵੀ ਅਮਰੀਕੀ ਵਸਤਾਂ ਉੱਪਰ ਪਰਤਵੀਂ ਡਿਊਟੀ ਲਾ ਦਿੱਤੀ ਹੈ।

ਯੂਰਪੀ ਯੂਨੀਅਨ ਵੱਲੋਂ ਲਾਈ 2.8 ਬਿਲੀਅਨ ਯੂਰੋ ਦੀ ਇਹ ਡਿਊਟੀ ਸ਼ੁੱਕਰਵਾਰ ਤੋਂ ਲਾਗੂ ਹੋ ਗਈ। ਇਹ ਡਿਊਟੀ ਬੌਰਬਨ ਵਿਸਕੀ, ਮੋਟਰਸਾਈਕਲਾਂ ਅਤੇ ਔਰੇਂਜ ਜੂਸ ਉੱਪਰ ਲਾਈ ਗਈ ਹੈ।

ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਜੀਨ-ਕਲਾਉਡੇ ਜੰਕਰ ਨੇ ਕਿਹਾ ਕਿ ਅਮਰੀਕਾ ਵੱਲੋਂ ਯੂਰਪੀ ਦੇਸਾਂ ਉੱਪਰ ਲਾਈਆਂ ਗਈਆਂ ਡਿਊਟੀਆਂ "ਹਰੇਕ ਤਰਕ ਅਤੇ ਇਤਿਹਾਸ ਦੇ ਉਲਟ ਹਨ। ਸਾਡੀ ਪ੍ਰਤੀਕਿਰਿਆ ਸਪੱਸ਼ਟ ਪਰ ਸੰਜਮੀਂ ਹੋਵੇਗੀ।"

ਟਰੰਪ ਪ੍ਰਸ਼ਾਸਨ ਨੇ ਮਾਰਚ ਵਿੱਚ ਅਮਰੀਕਾ ਵਿੱਚ ਦਰਾਮਦ ਹੋਣ ਵਾਲੇ ਸਟੀਲ ਉੱਪਰ 25 ਫੀਸਦੀ ਅਤੇ ਐਲਮੀਨਿਅਮ ਉੱਪਰ 10 ਫੀਸਦੀ ਡਿਊਟੀ ਲਾਉਣ ਦਾ ਐਲਾਨ ਕੀਤਾ ਸੀ।

ਅਮਰੀਕਾ ਦੇ ਇਸ ਫੈਸਲੇ ਨਾਲ ਉਸਦੇ ਹੋਰ ਨੇੜਲੇ ਸਹਿਯੋਗੀਆਂ ਸਮੇਤ ਯੂਰਪੀ ਯੂਨੀਅਨ, ਕੈਨੇਡਾ, ਮੈਕਸੀਕੋ ਵਰਗੇ ਦੇਸ ਪ੍ਰਭਾਵਿਤ ਹੋਏ ਸਨ।

ਜੰਕਰ ਪਹਿਲਾਂ ਹੀ ਇਸ ਫੈਸਲੇ ਦੀ ਆਲੋਚਨਾ ਕਰ ਚੁੱਕੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਡਬਲਿਨ ਵਿੱਚ ਆਇਰਿਸ਼ ਸੰਸਦ ਨੂੰ ਸੰਬੋਧਨ ਦੌਰਾਨ ਕਿਹਾ "ਅਸੀਂ ਯੂਰਪੀ ਯੂਨੀਅਨ ਨੂੰ ਬਚਾਉਣ ਲਈ ਜੋ ਕਰਨਾ ਪਿਆ ਕਰਾਂਗੇ।"

ਯੂਰਪ ਵਿੱਚ ਆਉਣ ਵਾਲੇ ਜ਼ਿਆਦਾਤਰ ਸਾਮਾਨ ਜਿਵੇਂ- ਤੰਬਾਕੂ, ਹਾਰਲੇ ਡੇਵਿਡਸਨ ਮੋਟਰਸਾਈਕਲ, ਕਰੇਨਬੈਰੀਜ਼ ਅਤੇ ਮੂੰਗਫਲੀਆਂ ਦੇ ਮੱਖਣ ਉੱਪਰ ਹੁਣ 25 ਫੀਸਦੀ ਡਿਊਟੀ ਲੱਗੇਗੀ।

ਹਾਲਾਂਕਿ ਯੂਰਪੀ ਯੂਨੀਅਨ ਨੇ ਜੁੱਤੀਆਂ, ਕੁਝ ਕੱਪੜਿਆਂ ਅਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਉੱਪਰ 50 ਫੀਸਦੀ ਡਿਊਟੀ ਵੀ ਲਾਈ ਹੈ।

ਇੱਕ ਪਾਸੇ ਇਹ ਨਵੀਆਂ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਦੂਸਰੇ ਪਾਸੇ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧ ਰਿਹਾ ਹੈ।

ਇਸ ਹਫਤੇ ਦੇ ਸ਼ੁਰੂ ਵਿੱਚ ਰਾਸ਼ਟਰਪਤੀ ਟਰੰਪ ਨੇ ਚੀਨ ਨੂੰ ਆਪਣਾ ਵਿਹਾਰ ਨਾ ਬਦਲਣ ਦੀ ਸੂਰਤ ਵਿੱਚ 200 ਬਿਲੀਅਨ ਮੁੱਲ ਦੀਆਂ ਹੋਰ ਵਸਤਾਂ ਉੱਪਰ ਵੀ 10 ਫੀਸਦੀ ਡਿਊਟੀ ਲਾਉਣ ਦੀ ਧਮਕੀ ਦਿੱਤੀ ਸੀ।

ਹਾਲਾਂਕਿ ਚੀਨ ਨੇ ਅਮਰੀਕਾ ਉੱਪਰ ਬਹੁਤ ਜ਼ਿਆਦਾ "ਦਬਾਅ ਪਾਉਣ ਅਤੇ ਬਲੈਕਮੇਲ ਕਰਨ" ਦੇ ਇਲਜ਼ਾਮ ਲਾਏ ਸਨ ਅਤੇ ਕਿਹਾ ਸੀ ਕਿ ਉਹ ਵੀ "ਸਖ਼ਤ ਕਦਮ" ਚੁੱਕੇਗਾ।

ਅਮਰੀਕਾ ਡਿਊਟੀ ਕਿਉਂ ਲਾ ਰਿਹਾ ਹੈ?

ਟਰੰਪ ਦਾ ਮੰਨਣਾ ਹੈ ਕਿ ਜੇ ਤਹਾਨੂੰ ਵਪਾਰ ਵਿੱਚ ਘਾਟਾ ਪੈਂਦਾ ਹੈ। ਤੁਹਾਡਾ ਦਰਾਮਦ, ਬਰਾਮਦ ਨਾਲੋਂ ਵੱਧ ਹੈ ਤਾਂ ਤੁਸੀਂ-ਗੁਆ ਰਹੇ ਹੋ।

ਟਰੰਪ ਨੂੰ ਬਹੁਤੀ ਚਿੜ ਤਾਂ ਅਮਰੀਕਾ ਨੂੰ ਚੀਨ ਅਤੇ ਮੈਕਸੀਕੋ ਨਾਲ ਵਪਾਰ ਵਿੱਚ ਪੈਂਦੇ ਘਾਟੇ ਤੋਂ ਹੈ ਪਰ ਉਨ੍ਹਾਂ ਨੇ ਸੰਕੇਤ ਦਿੱਤੇ ਸਨ ਕਿ ਉਹ ਕਿਸੇ ਵੀ ਦੇਸ ਨੂੰ ਵਪਾਰ ਵਿੱਚ ਅਮਰੀਕਾ ਤੋਂ ਲਾਭ ਨਹੀਂ ਲੈਣ ਦੇਣਗੇ।

ਪਿਛਲੇ ਸਾਲਾਂ ਦੌਰਾਨ ਅਮਰੀਕਾ ਦਾ ਵਪਾਰਕ ਘਾਟਾ ਵਧਿਆ ਹੈ ਅਤੇ ਉਸ ਨੂੰ ਹਰ ਸਾਲ 50 ਬਿਲੀਅਨ ਡਾਲਰ ਦਾ ਘਾਟਾ ਪੈਂਦਾ ਹੈ। ਇਸ ਦਾ ਇੱਕ ਕਾਰਨ ਉਸਦੀ ਮਜ਼ਬੂਤ ਆਰਥਿਕਤਾ ਹੋ ਸਕਦੀ ਹੈ ਜਿਸ ਕਰਕੇ ਅਮਰੀਕੀ ਵਿਦੇਸ਼ੀ ਸਮਾਨ ਖਰੀਦੇ ਦੇ ਹਨ। ਨਵੀਆਂ ਡਿਊਟੀਆਂ ਇਸੇ ਅਸਾਵੇਂਪਣ ਨੂੰ ਦੂਰ ਕਰਨ ਲਈ ਲਾਈਆਂ ਗਈਆਂ ਸਨ।

ਇਨ੍ਹਾਂ ਡਿਊਟੀਆਂ ਕਰਕੇ ਕਿਊਬਿਕ ਵਿੱਚ ਹੋਈ ਜੀ-7 ਦੇਸਾਂ ਦੇ ਸੰਮੇਲਨ ਵਿੱਚ ਦੁਨੀਆਂ ਦੇ ਵੱਡੇ ਅਰਥਚਾਰਿਆਂ ਦੇ ਦੇਸਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਉਨ੍ਹਾਂ ਦੀ ਨੀਤੀ ਬਾਰੇ ਘੇਰਿਆ।

ਜਰਮਨੀ ਦੀ ਚਾਂਸਲਰ ਐਂਗਲਾ ਮਰਕਲ ਦੇ ਅਧਿਕਾਰਕ ਟਵਿੱਟਰ ਅਕਾਊਂਟ ਤੋਂ ਪਾਈ ਗਈ ਤਸਵੀਰ ਵਿੱਚ ਮੈਂਬਰ ਦੇਸਾਂ ਦੇ ਆਗੂਆਂ ਨੇ ਟਰੰਪ ਨੂੰ ਇੱਕ ਮੇਜ਼ ਉੱਪਰ ਘੇਰਿਆ ਹੋਇਆ ਹੈ ਜਦਕਿ ਟਰੰਪ ਆਪਣੀਆਂ ਬਾਹਾਂ ਇਕੱਠੀਆਂ ਕਰੀ ਬੈਠੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)