ਗੈਰ-ਕਾਨੂੰਨੀ ਪਰਵਾਸੀਆਂ ਤੋਂ ਪੀੜਤ ਰਹੇ ਲੋਕਾਂ ਨਾਲ ਟਰੰਪ ਦੀ ਮੁਲਾਕਾਤ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੇ ਵਿਵਾਦ ਵਿੱਚ ਘਿਰੇ ਹੋਏ ਹਨ।

ਇਸੇ ਦੌਰਾਨ ਉਨ੍ਹਾਂ ਨੇ ਗੈਰ-ਕਾਨੂੰਨੀ ਪਰਵਾਸੀਆਂ ਹੱਥੋਂ ਮਾਰੇ ਗਏ ਅਮਰੀਕੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕੀਤੀ।

ਇਹ ਮੁਲਾਕਾਤ ਉਨ੍ਹਾਂ ਪੀੜਤ ਲੋਕਾਂ ਨਾਲ ਸੀ ਜਿਨ੍ਹਾਂ ਪਹਿਲਾਂ ਅਮਰੀਕਾ ਵਿੱਚ ਗੈਰ-ਕਾਨੂੰਨੀ ਪਰਵਾਸੀਆਂ ਵੱਲੋਂ ਅੰਜਾਮ ਦਿੱਤੇ ਗਏ ਅਪਰਾਧਾਂ ਵਿੱਚ ਆਪਣਿਆਂ ਨੂੰ ਗੁਆ ਲਿਆ ਸੀ।

ਡੌਨਲਡ ਟਰੰਪ ਨੇ ਪਰਿਵਾਰਾਂ ਨੂੰ ਕਿਹਾ, "ਤੁਹਾਡੇ ਪਿਆਰਿਆਂ ਦੀ ਮੌਤ ਵਿਅਰਥ ਨਹੀਂ ਜਾਵੇਗੀ।"

ਰਾਸ਼ਟਰਪਤੀ ਟਰੰਪ ਦੀ ਗੈਰ-ਕਾਨੂੰਨੀ ਪਰਵਾਸੀਆਂ ਬਾਰੇ ਆਪਣੀ ਨਵੀਂ ਨੀਤੀ ਜਿਸ ਤਹਿਤ 2,000 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਕੇ ਡਿਟੈਂਸਨ ਕੇਂਦਰਾਂ ਵਿੱਚ ਰੱਖਿਆ ਗਿਆ ਹੈ ਕਰਕੇ ਕੌਮਾਂਤਰੀ ਪੱਧਰ 'ਤੇ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ।

ਜਨਤਕ ਦਬਾਅ ਅੱਗੇ ਝੁਕਦਿਆਂ ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਨ ਦਾ ਫੈਸਲਾ ਵਾਪਸ ਲੈ ਲਿਆ ਅਤੇ ਕਿਹਾ, "ਬੱਚਿਆਂ ਦੀਆਂ ਤਸਵੀਰਾ ਦੇਖ ਕੇ ਮੇਰਾ ਦਿਲ ਪਸੀਜ ਗਿਆ।"

ਟਰੰਪ ਪ੍ਰਸਾਸ਼ਨ ਵੱਲੋਂ ਅਪਣਾਈ ਜ਼ੀਰੋ ਟੌਲਰੈਂਸ ਦੀ ਨੀਤੀ ਤਹਿਤ ਦਸਤਾਵੇਜ਼ਾਂ ਤੋਂ ਬਿਨਾਂ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਖਿਲਾਫ ਅਪਰਾਧਿਕ ਕੇਸ ਬਣਾ ਕੇ ਜੇਲ੍ਹ ਭੇਜਿਆ ਜਾਂਦਾ ਸੀ ਅਤੇ ਕਾਨੂੰਨੀ ਤੌਰ 'ਤੇ ਬੱਚਿਆਂ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਇਸ ਲਈ ਉਨ੍ਹਾਂ ਨੂੰ ਵਖਰੀਆਂ ਥਾਵਾਂ ਉੱਤੇ ਰੱਖਿਆ ਜਾਂਦਾ ਸੀ।

ਰਾਸ਼ਟਰਪਤੀ ਟਰੰਪ ਨੇ ਕੀ ਕਿਹਾ?

ਰਾਸ਼ਟਰਪਤੀ ਟਰੰਪ ਨੇ ਇਨ੍ਹਾਂ ਪਰਿਵਾਰਾਂ ਨਾਲ ਰੂਬਰੂ ਹੁੰਦਿਆਂ ਕਿਹਾ, "ਇਹ ਅਮਰੀਕੀ ਹਨ ਜੋਂ ਆਪਣੇ ਪਿਆਰਿਆਂ ਤੋਂ ਸਦਾ ਲਈ ਵਿਛੋੜ ਦਿੱਤੇ ਗਏ ਹਨ।ਮੈਂ ਇਸ ਤੋਂ ਬੁਰੇ ਦੀ ਕਲਪਨਾ ਨਹੀਂ ਕਰ ਸਕਦਾ, ਪਰ ਅਸੀਂ ਮਜ਼ਬੂਤੀ ਅਤੇ ਇਰਾਦੇ ਨਾਲ ਕੰਮ ਕਰਨ ਦਾ ਵਾਅਦਾ ਕਰਦੇ ਹਾਂ।"

ਉਨ੍ਹਾਂ ਅੱਗੇ ਕਿਹਾ, "ਜਦੋਂ ਤੱਕ ਸਾਡੀਆਂ ਸਰਹੱਦਾਂ, ਸਾਡੇ ਨਾਗਰਿਕ ਮਹਿਫੂਜ਼ ਨਹੀਂ ਹੋ ਜਾਂਦੇ ਅਸੀਂ ਆਰਾਮ ਨਹੀਂ ਕਰਾਂਗੇ।"

ਲੌਰਾ ਵਿਕਲਸਨ ਦੇ ਪੁੱਤਰ ਦਾ ਕਿਸੇ ਗੈਰ-ਕਾਨੂੰਨੀ ਪਰਵਾਸੀ ਨੇ ਕਤਲ ਕਰ ਦਿੱਤਾ ਸੀ।

ਉਨ੍ਹਾਂ ਦੱਸਿਆ, "ਸਾਡੇ ਕਿਸੇ ਬੱਚੇ ਨੂੰ ਅਲਵਿਦਾ ਕਹਿਣ ਲਈ ਇੱਕ ਮਿੰਟ ਵੀ ਨਹੀਂ ਮਿਲਿਆ। ਅਸੀਂ ਇੰਨੇ ਖੁਸ਼ਕਿਸਮਤ ਨਹੀਂ ਸੀ ਕਿ ਪੰਜ ਦਿਨਾਂ ਜਾਂ 10 ਦਿਨਾਂ ਲਈ ਵਿਛੋੜੇ ਜਾਂਦੇ। ਸਾਨੂ ਸਦਾ ਲਈ ਵਿਛੋੜ ਦਿੱਤਾ ਗਿਆ।"

ਪੂਰਾ ਪ੍ਰਸੰਗ ਕੀ ਹੈ?

ਟਰੰਪ ਪ੍ਰਸ਼ਾਸਨ ਦੀ ਨਵੀਂ ਜ਼ੀਰੋ ਟੌਲਰੈਂਸ ਦੀ ਨੀਤੀ ਮਈ ਵਿੱਚ ਸ਼ਰੂ ਹੋਈ ਜਿਸ ਤਹਿਤ ਹੁਣ ਤੱਕ 23 ਸੌ ਬੱਚਿਆਂ ਨੂੰ ਪਰਿਵਾਰਾਂ ਤੋਂ ਵੱਖ ਕਰਕੇ ਇਨ੍ਹਾਂ ਬੱਚਿਆਂ ਨੂੰ ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਕੋਲ ਭੇਜ ਦਿੱਤਾ ਜਾਂਦਾ ਹੈ।

ਜਦੋਂ ਤੱਕ ਅਧਿਕਾਰੀ ਕੇਸਾਂ ਦੇ ਨਿਪਟਾਰੇ ਦੀ ਕੋਸ਼ਿਸ਼ ਕਰਦੇ ਹਨ ਤਾਂ ਬੱਚਿਆਂ ਨੂੰ ਫੋਸਟਰ ਹੋਮਜ਼ ਜਾਂ ਜਿੱਥੇ ਡਿਟੇਨ ਕੀਤੇ ਵਿਅਕਤੀਆਂ ਨੂੰ ਰੱਖਿਆ ਜਾਂਦਾ ਹੈ ਉਸ ਥਾਂ ਉੱਤੇ ਲਿਜਾਇਆ ਜਾਂਦਾ ਹੈ।

ਕੁਝ ਥਾਵਾਂ ਤੇ ਤਾਂ ਪੰਜ ਸਾਲ ਤੋਂ ਛੋਟੇ ਬੱਚੇ ਵੀ ਰੱਖੇ ਗਏ ਹਨ

ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਵੀਰਵਾਰ ਨੂੰ ਦੱਸਿਆ ਕਿ ਮਈ ਤੋਂ ਹੁਣ ਤੱਕ 500 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾ ਦਿੱਤਾ ਗਿਆ ਹੈ ਪਰ ਬਾਕੀਆਂ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ।

ਇਨ੍ਹਾਂ ਕੇਂਦਰਾਂ ਵਿੱਚ ਰੱਖੇ ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਰਾਸ਼ਟਰਪਤੀ ਟਰੰਪ ਦੀ ਇਸ ਗੱਲ ਲਈ ਕੌਮਾਂਤਰੀ ਲੀਡਰਾਂ ਅਤੇ ਸੰਗਠਨਾਂ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਸੀ।

ਤਸਵੀਰਾਂ ਨੂੰ ਦੇਖ ਕੇ ਸੰਯੁਕਤ ਰਾਸ਼ਟਰ ਨੇ ਇਸ ਨੂੰ ਬੇਹੱਦ "ਅਨੈਤਿਕ" ਕਰਾਰ ਦਿੱਤਾ ਸੀ।

ਅਮਰੀਕੀ ਨੇਵੀ ਦੀ ਨਵੇਂ ਕੈਂਪ ਬਣਾਉਣ ਦੀ ਯੋਜਨਾ

ਅਮਰੀਕੀ ਜਲ ਸੈਨਾ ਪਰਾਵਾਸੀਆਂ ਉੱਪਰ ਸਖ਼ਤੀ ਦੀ ਯੋਜਨਾ ਨੂੰ ਅੱਗੇ ਵਧਾਉਂਦਿਆਂ ਆਰਜੀ ਕੈਂਪਾਂ ਦੇ ਨਿਰਮਾਣ ਦੀ ਯੋਜਨਾ ਬਣਾ ਰਹੀ ਹੈ।

ਟਾਈਮਜ਼ ਮੈਗਜ਼ੀਨ ਵੱਲੋਂ ਹਾਸਲ ਕੀਤੀ ਇੱਕ ਡਰਾਫਟ ਮੁਤਾਬਕ ਅਲਬਾਮਾ ਵਿੱਚ 25,000 ਲੋਕਾਂ ਲਈ, ਸੈਨ ਫਰਾਂਸਿਸਕੋ ਨੇੜੇ 47,000 ਲੋਕਾਂ ਲਈ ਅਤੇ 47,000 ਹੋਰ ਲੋਕਾਂ ਲਈ ਦੱਖਣੀ ਕੈਲੀਫੋਰਨੀਆ ਵਿੱਚ ਕੈਂਪ ਬਣਾਏ ਜਾਣਗੇ।

ਇਸ ਦਸਤਾਵੇਜ਼ ਮੁਤਾਬਕ ਜਲ ਸੈਨਾ 25,000 ਲੋਕਾਂ ਦੇ ਇੱਕ ਕੈਂਪ ਨੂੰ 6 ਮਹੀਨੇ ਚਲਾਉਣ ਲਈ ਅੰਦਾਜ਼ਨ 233 ਮਿਲੀਅਨ ਡਾਲਰ ਖਰਚ ਕਰੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)