ਅਮਰੀਕਾ ਨੇ ਛੇ ਹਫ਼ਤਿਆਂ 'ਚ 2000 ਪਰਵਾਸੀ ਬੱਚੇ ਪਰਿਵਾਰਾਂ ਤੋਂ ਵੱਖ ਕੀਤੇ

ਕੀ ਤੁਸੀਂ ਕਦੇ ਉਨ੍ਹਾਂ ਬੱਚਿਆਂ ਬਾਰੇ ਸੋਚਿਆ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਂਆਂ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਅਮਰੀਕਾ ਦੀ ਮੈਕਿਸੀਕੋ ਨਾਲ ਜੁੜੀ ਸਰਹੱਦ ਉੱਪਰ ਅੱਜ-ਕੱਲ੍ਹ ਇਹੀ ਕੀਤਾ ਜਾ ਰਿਹਾ ਹੈ।

ਅਮਰੀਕਾ ਨੇ ਛੇ ਹਫਤਿਆਂ ਦੌਰਾਨ ਲਗਪਗ 2000 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕੀਤਾ ਹੈ।

ਟਰੰਪ ਪ੍ਰਸ਼ਾਸ਼ਨ ਨੇ ਅਮਰੀਕਾ ਵਿੱਚ ਮੈਕਸੀਕੋ ਦੀ ਸਰਹੱਦ ਵੱਲੋਂ ਪਰਵਾਸੀਆਂ ਦੇ ਗੈਰ-ਕਾਨੂੰਨੀ ਦਾਖਲੇ ਨੂੰ ਰੋਕਣ ਦਾ ਫੈਸਲਾ ਲਿਆ ਸੀ।

ਇਸ ਮਗਰੋਂ ਬਾਲਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਇਸ ਮਸਲੇ ਕਰਕੇ ਅਮਰੀਕਾ ਵਿੱਚ ਸਿਆਸੀ ਹਲਚਲ ਵੀ ਤੇਜ਼ ਹੋ ਰਹੀ ਹੈ।

ਬਾਈਬਲ ਅਤੇ ਸਿਆਸਤ

ਵੀਰਵਾਰ ਨੂੰ ਅਟਾਰਨੀ ਜਰਨਲ ਜੈਫ਼ ਸੈਸ਼ਨਜ਼ ਨੇ ਸਰਕਾਰ ਦੀ ਪ੍ਰਵਾਸ ਨੀਤੀ ਦੀ ਹਮਾਇਤ ਲਈ ਬਾਈਬਲ ਦਾ ਹਵਾਲਾ ਦਿੱਤਾ ਸੀ ਜਿਸ ਮਗਰੋਂ ਉਨ੍ਹਾਂ ਦੀ ਆਲੋਚਨਾ ਵੀ ਹੋਈ ਸੀ।

ਬਾਈਬਲ ਦੇ ਨਵੇਂ ਅਹਿਦਨਾਮੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਬੱਚੇ ਨਾਲ ਹੋਣ ਕਰਕੇ ਤੁਸੀਂ ਸਰਹੱਦ ਲੰਘਣ ਦੇ ਜੁਰਮ ਦੀ ਸਜ਼ਾ ਤੋਂ ਨਹੀਂ ਬਚ ਸਕਦੇ।

ਆਲੋਚਕਾਂ ਨੇ ਕਿਹਾ ਸੀ ਕਿ ਬਾਈਬਲ ਦੀ ਵਰਤੋਂ ਤਾਂ ਕਦੇ ਅਮਰੀਕਾ ਦੀ ਗੁਲਾਮ ਪ੍ਰਥਾ ਦੇ ਪੱਖ ਵਿੱਚ ਵੀ ਕੀਤੀ ਗਈ ਸੀ।

ਉਨ੍ਹਾਂ ਨੇ ਸੰਤ ਪਾਲ ਦੇ ਰੋਮਨ ਲੋਕਾਂ ਨੂੰ ਕਾਨੂੰਨ ਦਾ ਪਾਲਣ ਕਰਨ ਲਈ ਕਹਿਣ ਵਾਲੀ ਚਿੱਠੀ ਵਿੱਚੋਂ ਹਵਾਲਾ ਦਿੱਤਾ ਸੀ।

ਹੁਣ ਸਰੱਹਦ ਲੰਘਣ ਵਾਲਿਆਂ ਨਾਲ ਮੁਲਜ਼ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਜਦਕਿ ਲੰਮੇ ਸਮੇਂ ਤੋਂ ਪਹਿਲੀ ਵਾਰ ਇਹ ਕੰਮ ਕਰਨ ਵਾਲਿਆਂ ਦੀ ਭੁੱਲ ਮੰਨਿਆਂ ਜਾਂਦਾ ਸੀ।

ਅਮਰੀਕਾ ਨੇ ਉਸ ਪੁਰਾਣੀ ਨੀਤੀ ਵਿੱਚ ਬਦਲਾਅ ਕੀਤਾ ਹੈ। ਬਾਲਗਾਂ ਉੱਪਰ ਇਲਜ਼ਾਮਮ ਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਲ ਸਫ਼ਰ ਕਰ ਰਹੇ ਬੱਚਿਆਂ ਨੂੰ ਲਾਵਾਰਸ ਕਿਹਾ ਜਾਂਦਾ ਹੈ।

ਕੀ ਕਹਿੰਦੇ ਹਨ ਅੰਕੜੇ?

ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਅੰਕੜਿਆਂ ਮੁਤਾਬਕ 19 ਅਪ੍ਰੈਲ ਤੋਂ 31 ਮਈ ਤੱਕ 1995 ਬੱਚਿਆਂ ਨੂੰ 1840 ਬਾਲਗਾਂ ਕੋਲੋਂ ਵੱਖ ਕੀਤਾ ਗਿਆ।

ਇਨ੍ਹਾਂ ਬੱਚਿਆਂ ਦੀ ਉਮਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਨ੍ਹਾਂ ਬੱਚਿਆਂ ਨੂੰ ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਕੋਲ ਭੇਜ ਦਿੱਤਾ ਜਾਂਦਾ ਹੈ। ਜਦੋਂ ਤੱਕ ਅਧਿਕਾਰੀ ਕੇਸਾਂ ਦੇ ਨਿਪਟਾਰੇ ਦੀ ਕੋਸ਼ਿਸ਼ ਕਰਦੇ ਹਨ ਤਾਂ ਬੱਚਿਆਂ ਨੂੰ ਫੋਸਟਰ ਹੋਮਜ਼ ਜਾਂ ਜਿੱਥੇ ਡਿਟੇਨ ਕੀਤੇ ਵਿਅਕਤੀਆਂ ਨੂੰ ਰੱਖਿਆ ਜਾਂਦਾ ਹੈ ਉਸ ਥਾਂ ਉੱਤੇ ਲਿਜਾਇਆ ਜਾਂਦਾ ਹੈ।

ਸੰਯੁਕਤ ਰਾਸ਼ਟਰ ਨੇ ਬੱਚਿਆਂ ਨੂੰ ਵਿਛੋੜਨ ਦੀ ਪ੍ਰਕਿਰਿਆ ਫੌਰੀ ਤੌਰ ਤੇ ਬੰਦ ਕਰਨ ਨੂੰ ਕਿਹਾ ਹੈ।

ਦੂਜੇ ਦੇਸਾਂ ਵਿੱਚ ਅਜਿਹਾ ਕਾਨੂੰਨ ਨਹੀਂ ਹੈ। ਜੇਕਰ ਕੋਈ ਕਿਸੇ ਦੇਸ ਵਿੱਚ ਸ਼ਰਨ ਲੈਣ ਆਉਂਦਾ ਹੈ ਤਾਂ ਘੱਟੋ ਘੱਟ ਉਸ ਦੇ ਬੱਚਿਆਂ ਨੂੰ ਉਸਤੋਂ ਵੱਖ ਨਹੀਂ ਕੀਤਾ ਜਾਂਦਾ ਹੈ।

ਸਿਆਸੀ ਪ੍ਰਤੀਕਿਰਿਆ ਕਿਹੋ-ਜਿਹੀ ਰਹੀ?

ਟਰੰਪ ਪ੍ਰਸ਼ਾਸ਼ਨ ਦੀ ਨੀਤੀ ਨੂੰ ਕੁਝ ਰਿਪਬਲਿਕਨਾਂ ਦੀ ਹਮਾਇਤ ਹੈ ਪਰ ਕਈਆਂ ਨੇ ਇਸ ਦੀ ਨਿੰਦਾ ਕੀਤੀ ਹੈ।

ਅਮਰੀਕੀ ਸਦਨ ਦੇ ਸਪੀਕਰ ਪਾਲ ਰਿਆਨ ਨੇ ਕਿਹਾ ਸੀ ਕਿ ਉਹ ਇਸ ਨੀਤੀ ਤੋਂ ਖੁਸ਼ ਨਹੀਂ ਹਨ।

ਇਸੇ ਹਫਤੇ ਰਿਪਲਿਕਨਾਂ ਨੇ ਪ੍ਰਵਾਸ ਬਾਰੇ ਇੱਕ ਨਵੇਂ ਕਾਨੂੰਨ ਦਾ ਖਰੜਾ ਲਿਆਂਦਾ ਜਿਸ ਨਾਲ ਸਰਹੱਦ ਉੱਤੇ ਹੋਣ ਵਾਲਾ ਮਾਪਿਆਂ ਅਤੇ ਬੱਚਿਆਂ ਦਾ ਵਿਛੋੜਾ ਰੁਕ ਸਕੇਗਾ।

ਨਵੀਂ ਯੋਜਨਾਂ ਤਹਿਤ ਪਰਿਵਾਰਾਂ ਨੂੰ ਇਕੱਠਿਆਂ ਹੀ ਹਿਰਾਸਤ ਵਿੱਚ ਰੱਖਿਆ ਜਾਵੇਗਾ। ਇਸ ਬਿਲ ਉੱਪਰ ਅਗਲੇ ਹਫਤੇ ਵੋਟਿੰਗ ਹੋਣੀ ਹੈ।

ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਇਸ ਬਿਲ ਉੱਪਰ ਦਸਤਖ਼ਤ ਨਹੀਂ ਕਰਨਗੇ।

ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੈਕਸਸ ਨੇੜੇ ਹੀ ਇਨ੍ਹਾਂ ਬੱਚਿਆਂ ਨੂੰ ਟੈਂਟ ਵਿੱਚ ਰੱਖਣ ਲਈ ਥਾਂ ਨਿਸ਼ਚਿਤ ਕਰ ਲਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)