ਅਮਰੀਕਾ 'ਚ ਸੈਂਕੜੇ ਬੱਚਿਆਂ ਨੂੰ ਪਿੰਜਰਿਆਂ 'ਚ ਕੈਦ ਕੀਤਾ ਜਾ ਰਿਹੈ

ਮਾਸੂਮਾਂ ਦੇ ਚਿਹਰੇ ਨੂੰ ਦੇਖ ਕੇ ਤਾਂ ਕਿਸੇ ਦਾ ਵੀ ਦਿਲ ਪਸੀਜ ਜਾਂਦਾ ਹੈ ਪਰ ਇੱਥੇ ਤਾਂ ਹਜ਼ਾਰਾਂ ਬੱਚਿਆਂ ਦੇ ਰੋਣ-ਕੁਰਲਾਉਣ ਨੂੰ ਕਿਵੇਂ ਅਣਦੇਖਿਆ ਕਰ ਰਹੇ ਹਨ?

ਇਹ ਬੇਹੱਦ ਕਰੂਰਤਾ ਭਰਿਆ ਮੰਜ਼ਰ ਹੈ, ਜਿਸ ਵਿੱਚ ਰੋਂਦੇ ਤੇ ਕੁਰਲਾਉਂਦੇ ਹਨ ਅਤੇ ਤੁਸੀਂ ਉਪਰਲੀ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਉਨ੍ਹਾਂ ਨੂੰ ਪਿੰਜਰੇ 'ਚ ਕੈਦ ਕੀਤਾ ਗਿਆ ਹੈ।

ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ 'ਇਮੀਗ੍ਰੇਸ਼ਨ ਸੈਪਰੇਸ਼ਨ ਪਾਲਿਸੀ' ਦੀ, ਜਿਸ ਵਿੱਚ ਅਮਰੀਕਾ ਦੇ ਨਾਲ ਲਗਦੀ ਮੈਕਸੀਕੋ ਸਰਹੱਦ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਪਰਵਾਸੀਆਂ ਦੇ ਦਾਖ਼ਲ ਹੋਣ 'ਤੇ ਨਕੇਲ ਕੱਸਣ ਲਈ ਬੱਚਿਆਂ ਨੂੰ ਮਾਪਿਆਂ ਨੂੰ ਵਿਛੋੜ ਕੇ ਟੈਕਸਾਸ ਵਿੱਚ ਇੱਕ ਪਿੰਜਰੇ 'ਚ ਕੈਦ ਕਰਕੇ ਰੱਖਿਆ ਜਾ ਰਿਹਾ ਹੈ।

ਕੀ ਹੈ ਪਾਲਿਸੀ?

ਟਰੰਪ ਦੀ ਇਸ 'ਜ਼ੀਰੋ ਟੌਲਰੈਂਸ ਪਾਲਿਸੀ' ਦੇ ਤਹਿਤ ਅਪ੍ਰੈਲ ਦੇ ਅੱਧ ਤੋਂ ਮਈ ਦੇ ਅਖ਼ੀਰ ਤੱਕ ਕਰੀਬ 2000 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵਿਛੋੜਿਆ ਜਾ ਚੁੱਕਿਆ ਹੈ।

ਪ੍ਰਸ਼ਾਸਨ ਦੀ ਇਸ ਪਾਲਿਸੀ ਦੇ ਤਹਿਤ ਜਿਹੜੇ ਲੋਕ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੁੰਦੇ ਹਨ ਉਨ੍ਹਾਂ 'ਤੇ ਅਪਰਾਧਿਕ ਮਾਮਲੇ ਦਰਜ ਕੀਤ ਜਾ ਰਹੇ ਹਨ।

ਇਸ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੁੰਦਾ।

ਇੱਕ ਪਿੰਜਰੇ ਵਿੱਚ 20 ਬੱਚੇ

ਪਹਿਲਾਂ ਪ੍ਰਸ਼ਾਸਨ ਨੇ ਬੱਚਿਆਂ ਨੂੰ ਦੇ ਇਸ ਕੇਂਦਰ ਦੀਆਂ ਤਸਵੀਰਾਂ ਖਿੱਚਣ ਅਤੇ ਵੀਡੀਓ ਬਣਾਉਣ ਦੇ ਪਾਬੰਦੀ ਲਾਈ ਸੀ ਪਰ ਬਾਅਦ ਵਿੱਚ ਅਮਰੀਕੀ ਕਸਟਮ ਅਤੇ ਬੌਰਡਰ ਪ੍ਰੋਟੈਕਸ਼ਨ ਵਿਭਾਗ ਨੇ ਵੱਖ-ਵੱਖ ਤਸਵੀਰਾਂ ਜਾਰੀ ਕੀਤੀਆਂ।

ਟੈਕਸਾਸ ਵਿੱਚ ਇਸ ਕੈਂਪ ਨੂੰ ਉਰਸੁਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਰ ਮੈਕਸੀਕੋ ਦੀ ਸਰਹੱਦ ਤੋਂ ਮਾਪਿਆਂ ਨਾਲੋਂ ਵਿਛੋੜੇ ਗਏ ਇਨ੍ਹਾਂ ਬੱਚਿਆਂ ਅਤੇ ਬਾਲਗਾਂ ਨੂੰ ਰੱਖੇ ਜਾਣ ਵਾਲੇ ਇਸ ਪਿੰਜਰੇ ਨੂੰ 'ਲਾ ਪਰੇਰਾ' ਨਾਮ ਦਿੱਤਾ ਹੈ, ਜਿਸ ਦਾ ਸਪੇਨਿਸ਼ ਭਾਸ਼ਾ ਵਿੱਚ ਅਰਥ ਹੈ 'ਜਾਨਵਰਾਂ ਦੇ ਰਹਿਣ ਦੀ ਥਾਂ'।

ਦਿ ਐਸੋਸੀਏਟਡ ਪ੍ਰੈੱਸ ਮੁਤਾਬਕ "ਇੱਕ ਪਿੰਜਰੇ ਵਿੱਚ 20 ਬੱਚੇ ਰੱਖੇ ਜਾਂਦੇ ਹਨ। ਇਸ ਵਿੱਚ ਬੇਹੱਦ ਬੇਤਰਤੀਬੀ ਨਾਲ ਪਾਣੀ ਦੀਆਂ ਬੋਤਲਾਂ, ਚਿਪਸ ਦੇ ਪੈਕੇਟ ਅਤੇ ਵੱਡੀਆਂ-ਵੱਡੀਆਂ ਫੋਇਲ ਪੇਪਰ ਦੀਆਂ ਚਾਦਰਾਂ ਕੰਬਲ ਵਜੋਂ ਰੱਖੀਆਂ ਗਈਆਂ ਹਨ।"

ਤਸਵੀਰਾਂ ਨੂੰ ਦੇਖ ਕੇ ਸੰਯੁਕਤ ਰਾਸ਼ਟਰ ਨੇ ਇਸ ਨੂੰ ਬੇਹੱਦ "ਅਨੈਤਿਕ" ਕਰਾਰ ਦਿੱਤਾ ਹੈ।

ਟਰੰਪ ਦਾ ਤਰਕ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਅਮਰੀਕਾ ਨੂੰ "ਪਰਵਾਸੀ ਕੈਂਪ" ਨਹੀਂ ਬਣਨ ਦੇਣਗੇ।

ਵ੍ਹਾਈਟ ਹਾਊਸ ਵਿੱਚ ਉਨ੍ਹਾਂ ਨੇ ਕਿਹਾ, "ਅਮਰੀਕਾ ਪਰਵਾਸੀ ਕੈਂਪ ਨਹੀਂ ਬਣਨ ਦਿੱਤਾ ਜਾਵੇਗਾ ਅਤੇ ਨਾ ਹੀ ਅਤੇ ਇੱਥੇ ਸ਼ਰਨਾਰਥੀਆਂ ਲਈ ਕੋਈ ਸਹੂਲਤ ਹੈ।"

ਟਰੰਪ ਨੇ ਸੋਮਵਾਰ ਨੂੰ ਕਿਹਾ, "ਤੁਸੀਂ ਦੇਖ ਸਕਦੇ ਹੋ ਯੂਰਪ ਅਤੇ ਹੋਰਨਾਂ ਥਾਵਾਂ 'ਤੇ ਕੀ ਹੋ ਰਿਹਾ ਹੈ ਪਰ ਅਸੀਂ ਅਜਿਹਾ ਇੱਥੇ ਨਹੀਂ ਹੋਣ ਦੇ ਸਕਦੇ। ਮੇਰੇ ਸਾਹਮਣੇ ਤਾਂ ਬਿਲਕੁਲ ਵੀ ਅਜਿਹਾ ਨਹੀਂ ਹੋਵੇਗਾ।"

ਟਰੰਪ ਦੇ ਇਸ ਕਦਮ ਦਾ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਨਿੰਦਾ ਕਰ ਚੁੱਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)