ਪਤਨੀ ਮੇਲਾਨੀਆ ਟਰੰਪ ਨੇ ਹੀ ਕੀਤੀ ਡੌਨਲਡ ਟਰੰਪ ਦੀ ਪਾਲਿਸੀ ਦੀ 'ਨਿੰਦਾ'

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਪਤਨੀ 'ਫਰਸਟ ਲੇਡੀ' ਮੇਲਾਨੀਆ ਟਰੰਪ ਨੇ ਮੈਕਸੀਕੋ ਦੀ ਸਰਹੱਦ ਵੱਲੋਂ ਪਰਵਾਸੀਆਂ ਦੇ ਗ਼ੈਰ-ਕਾਨੂੰਨੀ ਦਾਖ਼ਲੇ ਨੂੰ ਰੋਕਣ ਲਈ ਮਾਪਿਆਂ ਨਾਲੋਂ ਵੱਖ ਕੀਤੇ ਜਾ ਰਹੇ ਬੱਚਿਆਂ 'ਤੇ ਬੋਲਦਿਆਂ ਇਸ ਦੀ ਨਿਖੇਧੀ ਕੀਤੀ ਹੈ।

ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਪਤਨੀ ਲੌਰਾ ਬੁਸ਼ ਨੇ ਵੀ ਇਸ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਅਨੈਤਿਕ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਨਾਲ ਲਗਦੀ ਮੈਕਸੀਕੋ ਦੀ ਸਰਹੱਦ ਵੱਲੋਂ ਪਰਵਾਸੀਆਂ ਦੇ ਗ਼ੈਰ-ਕਾਨੂੰਨੀ ਦਾਖ਼ਲੇ 'ਤੇ ਲਗਾਮ ਕੱਸਣ ਦਾ ਫ਼ੈਸਲਾ ਲਿਆ ਸੀ।

ਜਿਸ ਦੇ ਤਹਿਤ ਸਰਹੱਦ 'ਤੇ ਮਾਪਿਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰ ਕੇ ਰੱਖਿਆ ਜਾ ਰਿਹਾ ਹੈ।

ਪਿਛਲੇ ਕਰੀਬ ਛੇ ਹਫਤਿਆਂ ਦੌਰਾਨ ਲਗਭਗ 2000 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕੀਤਾ ਗਿਆ ਹੈ ਅਤੇ ਦੁਨੀਆਂ ਭਰ ਵਿੱਚ ਇਸ ਦੀ ਬੇਹੱਦ ਆਲੋਚਨਾ ਕੀਤੀ ਜਾ ਰਹੀ ਹੈ।

'ਬੱਚਿਆਂ ਦਾ ਵਿਛੋੜਾ ਦੇਖ ਬੁਰਾ ਲਗਦਾ ਹੈ'

ਪਹਿਲੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ "ਜ਼ੀਰੋ ਟੌਲਰੈਂਸ" 'ਤੇ ਉਪਜੇ ਵਿਵਾਦ 'ਤੇ ਟਿੱਪਣੀ ਕਰਦਿਆਂ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਕਿਹਾ ਹੈ ਕਿ ਬੱਚਿਆਂ ਨੂੰ ਇਸ ਤਰ੍ਹਾਂ ਉਨ੍ਹਾਂ ਦੇ ਮਾਪਿਆਂ ਤੋਂ ਵਿਛੜਦੇ ਦੇਖ ਬੁਰਾ ਲਗਦਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਇਸ ਲਈ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਗ਼ੈਰ-ਕਾਨੂੰਨੀ ਪਰਵਾਸ ਨੂੰ ਰੋਕਣ ਵਿੱਚ ਸਫ਼ਲਤਾ ਹਾਸਿਲ ਕਰਨ ਲਈ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ।"

ਮੇਲਾਨੀਆਂ ਦੀ ਬੁਲਾਰਾ ਮੁਤਾਬਕ ਮੇਲਾਨੀਆ ਨੇ ਕਿਹਾ, "ਅਸੀਂ ਮੰਨਦੇ ਹਾਂ ਕਿ ਸਾਨੂੰ ਸਾਰੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਅਜਿਹਾ ਮੁਲਕ ਵੀ ਬਣੀਏ ਜੋ ਦਿਲ ਨਾਲ ਵੀ ਸ਼ਾਸਨ ਕਰੇ।"

'ਕਠੋਰ, ਅਨੈਤਿਕ ਅਤੇ ਦਿਲ ਤੋੜਨ ਵਾਲੀ ਪਾਲਿਸੀ'

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ਼ ਬੁਸ਼ ਦੀ ਪਤਨੀ ਲੌਰਾ ਬੁਸ਼ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ 'ਜ਼ੀਰੋ ਟੋਲਰੈਂਸ' ਪਾਲਿਸੀ ਕਠੋਰ, ਅਨੈਤਿਕ ਅਤੇ ਦਿਲ ਤੋੜਨ ਵਾਲੀ ਹੈ।

ਕੀ ਕਹਿੰਦੇ ਹਨ ਅੰਕੜੇ?

ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਅੰਕੜਿਆਂ ਮੁਤਾਬਕ 19 ਅਪ੍ਰੈਲ ਤੋਂ 31 ਮਈ ਤੱਕ 1995 ਬੱਚਿਆਂ ਨੂੰ 1840 ਬਾਲਗਾਂ ਕੋਲੋਂ ਵੱਖ ਕੀਤਾ ਗਿਆ।

ਇਨ੍ਹਾਂ ਬੱਚਿਆਂ ਦੀ ਉਮਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਨ੍ਹਾਂ ਬੱਚਿਆਂ ਨੂੰ ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਕੋਲ ਭੇਜ ਦਿੱਤਾ ਜਾਂਦਾ ਹੈ। ਜਦੋਂ ਤੱਕ ਅਧਿਕਾਰੀ ਕੇਸਾਂ ਦੇ ਨਿਪਟਾਰੇ ਦੀ ਕੋਸ਼ਿਸ਼ ਕਰਦੇ ਹਨ ਤਾਂ ਬੱਚਿਆਂ ਨੂੰ ਫੋਸਟਰ ਹੋਮਜ਼ ਜਾਂ ਜਿੱਥੇ ਡਿਟੇਨ ਕੀਤੇ ਵਿਅਕਤੀਆਂ ਨੂੰ ਰੱਖਿਆ ਜਾਂਦਾ ਹੈ ਉਸ ਥਾਂ 'ਤੇ ਹੀ ਰੱਖਿਆ ਜਾਂਦਾ ਹੈ।

ਸੰਯੁਕਤ ਰਾਸ਼ਟਰ ਨੇ ਬੱਚਿਆਂ ਨੂੰ ਵਿਛੋੜਨ ਦੀ ਪ੍ਰਕਿਰਿਆ ਫੌਰੀ ਤੌਰ ਤੇ ਬੰਦ ਕਰਨ ਨੂੰ ਕਿਹਾ ਹੈ।

ਦੂਜੇ ਦੇਸਾਂ ਵਿੱਚ ਅਜਿਹਾ ਕਾਨੂੰਨ ਨਹੀਂ ਹੈ। ਜੇਕਰ ਕੋਈ ਕਿਸੇ ਦੇਸ ਵਿੱਚ ਸ਼ਰਨ ਲੈਣ ਆਉਂਦਾ ਹੈ ਤਾਂ ਘੱਟੋ ਘੱਟ ਉਸ ਦੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਨਹੀਂ ਕੀਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)