ਪ੍ਰੈੱਸ ਰਿਵੀਊ꞉ ਸਿੰਗਾਪੁਰ 'ਚ ਰਿਸ਼ਵਤ ਦੇ ਇੱਕ ਵੱਡੇ ਮਾਮਲੇ 'ਚ ਪੰਜਾਬਣ ਸਲਾਖਾਂ ਪਿੱਛੇ

ਸਿੰਗਾਪੁਰ ਨਿਵਾਸੀ ਭਾਰਤੀ ਮੂਲ ਦੀ ਔਰਤ ਸ਼ੈਰੋਂ ਰਸ਼ੈਲ ਗੁਰਸ਼ਰਨ ਕੌਰ ਨੂੰ ਅਮਰੀਕੀ ਨੇਵੀ ਦੇ ਸਭ ਤੋਂ ਵੱਡੇ ਰਿਸ਼ਵਤ ਮਾਮਲੇ ਵਿੱਚ ਜੇਲ੍ਹ ਹੋਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਗੁਰਸ਼ਰਨ ਕੌਰ 35 ਮਿਲੀਅਨ ਡਾਲਰ ਦੇ ਫੈਟ ਲਓਨਾਰਡ ਘਪਲੇ ਵਿੱਚ ਸਜ਼ਾ ਹੋਈ ਹੈ ਜਿਸ ਵਿੱਚ ਅਮਰੀਕੀ ਨੇਵੀ ਦੇ ਹੋਰ ਵੀ ਕਈ ਸੀਨੀਅਰ ਅਫਸਰਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਸਜ਼ਾਵਾਂ ਹੋਈਆਂ ਹਨ।

ਖ਼ਬਰ ਮੁਤਾਬਕ ਗੁਰਸ਼ਰਨ ਕੌਰ ਨੂੰ ਇਸ ਮਾਮਲੇ ਵਿੱਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਹੋ ਸਕਦੀ ਹੈ। ਗੁਰਸ਼ਰਨ ਕੌਰ ਅਮਰੀਕੀ ਨੇਵੀ ਲਈ ਕੰਟਰੈਕਟ ਸਪੈਸ਼ਲਿਸਟ ਵਜੋਂ ਕੰਮ ਕਰਦੀ ਸੀ ਅਤੇ ਉਸਦੇ ਸਿੰਗਾਪੁਰ ਵਿਚਲੇ ਸਪਲਾਈ ਸਿਸਟਮ ਕਮਾਂਡ ਫਲੀਟ ਲੌਜਿਸਟਿਕ ਸੈਂਟਰ 'ਤੇ ਤੈਨਾਤ ਸੀ।

ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਮਾਈਨਿੰਗ ਵਿਭਾਗ ਅਤੇ ਮਾਲ ਵਿਭਾਗ ਵੱਲੋਂ ਮੌਕੇ ਉੱਤੇ ਜਾ ਕੇ ਨਿਸ਼ਾਨਦੇਹੀ ਕਰਨ ਉਪਰੰਤ ਸਾਫ ਕੀਤਾ ਗਿਆ ਕਿ ਘਟਨਾ ਵਾਲੀ ਥਾਂ 'ਤੇ ਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਐੱਸਡੀਐੱਮ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਹਰਸ਼ਾਬੇਲਾ ਖੱਡ ਅਤੇ ਖਾਣ ਬੇਈਂਹਾਰਾ 'ਚ ਮਾਈਨਿੰਗ ਕਾਨੂੰਨੀ ਤੌਰ ਉੱਤੇ ਹੋ ਰਹੀ ਸੀ।

ਖ਼ਬਰ ਮੁਤਾਬਕ ਗ੍ਰਿਫ਼ਤਾਰ ਕੀਤੇ ਤਿੰਨ ਕਥਿਤ ਦੋਸ਼ੀਆਂ ਨੂੰ ਮੁਲਜ਼ਮਾਂ ਨੂੰ ਚਾਰ ਦਿਨਾਂ ਦਾ ਪੁਲੀਸ ਰਿਮਾਂਡ ਦੇ ਦਿੱਤਾ ਗਿਆ ਹੈ।

'ਆਪ' ਅਤੇ ਵਿਰੋਧ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਵਿੱਚ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ।

ਕਸ਼ਮੀਰ 'ਚ ਚਾਰ ਅੱਤਵਾਦੀਆਂ ਸਮੇਤ ਛੇ ਹਲਾਕ

ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਨੌਸ਼ਹਿਰਾ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਚਾਰ ਅੱਤਵਾਦੀਆਂ ਅਤੇ ਦੋ ਨਾਗਰਿਕਾਂ ਸਮੇਤ ਛੇ ਦੀ ਮੌਤ ਹੋਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਹੋਏ ਇਸ ਮੁਕਬਲੇ ਵਿੱਚ ਇੱਕ ਦਾਊਦ ਅਹਿਮਦ ਸੋਫ਼ੀ (33) ਇਸਲਾਮਿਕ ਸਟੇਟ ਜੰਮੂ ਅਤੇ ਕਸ਼ਮੀਰ ਦਾ ਕਮਾਂਡਰ ਸੀ।

ਇਹ ਚਾਰੇ ਇਸਲਾਮਿਕ ਸਟੇਟ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਅਤੇ ਹੋਰ ਭਰਤੀਆਂ ਕਰਨ ਦੀ ਯੋਜਨਾ ਬਣਾ ਰਹੇ ਸਨ।

ਖ਼ਬਰ ਮੁਤਾਬਕ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਸਰਕਾਰ ਨੇ ਕਸ਼ਮੀਰ ਵਿੱਚ ਇਸਲਾਮਿਕ ਸਟੇਟ ਦੀ ਮੌਜੂਦਗੀ ਨੂੰ ਨਕਾਰਿਆ ਸੀ।

ਮਰਨ ਵਾਲੇ ਨਾਗਰਿਕਾਂ ਵਿੱਚ ਇੱਕ ਪੁਲਿਸ ਵਾਲਾ ਅਤੇ ਇੱਕ ਸਥਾਨਕ ਨਾਗਰਿਕ ਹੈ।

ਟਰੂਡੋ ਦੀ ਭਾਰਤ ਫੇਰੀ ਦਾ ਬਿੱਲ 15 ਲੱਖ ਡਾਲਰ

ਕੈਨੇਡੀਅਨ ਸਰਕਾਰ ਵੱਲੋਂ ਜਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸੰਬੰਧੀ ਨਵੇਂ ਦਸਤਾਵੇਜ਼ਾਂ ਵਿੱਚ ਇਸ ਫੇਰੀ ਦਾ ਬਿੱਲ 15 ਲੱਖ ਡਾਲਰ ਤੋਂ ਟੱਪ ਗਿਆ ਹੈ।

ਕੈਨੇਡੀਅਨ ਅਖ਼ਬਾਰ ਦਿ ਗਲੋਬ ਐਂਡ ਮੇਲ ਦੀ ਖ਼ਬਰ ਮੁਤਾਬਕ ਇਸ ਬਿੱਲ ਵਿੱਚ ਪ੍ਰਧਾਨ ਮੰਤਰੀ ਦੀ ਹੋਟਲਾਂ ਵਿੱਚ ਰਿਹਾਇਸ਼, ਵੀਆਈਪੀ ਜਹਾਜ਼ ਵਿੱਚ ਸਟਾਫ਼ ਸਮੇਤ ਉਡਾਣਾਂ, ਮੋਬਾਈਲ ਫੀਸ, ਕੈਨੇਡੀਅਨ ਵਾਈਨ ਦੀ ਖਰੀਦ ਅਤੇ ਵੈਨਕੂਵਰ ਦੇ ਸ਼ੈਫ ਨੂੰ ਦਿੱਲੀ ਲੈ ਕੇ ਜਾਣ ਦੇ ਖਰਚੇ ਸ਼ਾਮਲ ਹਨ।

ਖ਼ਬਰ ਮੁਤਾਬਕ ਕੰਜਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਇਸ ਫੇਰੀ ਨੂੰ ਸਰਕਾਰੀ ਪੈਸੇ ਦੀ ਬਰਬਾਦੀ ਕਹਿੰਦੇ ਰਹੇ ਹਨ।

ਜਦਕਿ ਟਰੂਡੋ ਮੁਤਾਬਕ ਉਹ ਇਸ ਦੌਰਾਨ ਇੱਕ ਬਿਲੀਅਨ ਡਾਲਰ ਦੇ ਵਪਾਰਕ ਸਮਝੌਤੇ ਕਰਨ ਵਿੱਚ ਕਾਮਯਾਬ ਰਹੇ ਜਿੰਨ੍ਹਾਂ ਕਰਕੇ ਉੱਥੇ 5800 ਨੌਕਰੀਆਂ ਪੈਦਾ ਹੋਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)