ਟੈਕਸਸ ਸ਼ੂਟਿੰਗ ਦੀ ਮ੍ਰਿਤਕ ਵਿਦਿਆਰਥਣ ਨੇ 'ਨਾਂਹ' ਦੀ ਕੀਮਤ ਮੌਤ ਨਾਲ ਚੁਕਾਈ!

ਅਮਰੀਕਾ ਦੇ ਸੈਂਟਾ ਫੇ ਸਕੂਲ ਵਿੱਚ ਸ਼ੂਟਿੰਗ ਦੌਰਾਨ ਜਿਸ 16 ਸਾਲਾ ਕੁੜੀ ਦੀ ਮੌਤ ਹੋਈ ਸੀ ਉਸਦੀ ਮਾਂ ਦਾ ਕਹਿਣਾ ਹੈ ਕਿ ਹਮਲੇ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਕੁੜੀ ਨੇ ਸ਼ੱਕੀ ਕਾਤਲ ਦੀਮੀਤਰੋਸ ਪਗੋਤਿਜ਼ਰਸ ਦੀ ਪੇਸ਼ਕਸ਼ ਨੂੰ ਠੁਕਰਾਇਆ ਸੀ।

ਸੈਡੀ ਰੋਡਰੀਗੁਇਜ਼ ਦਾ ਕਹਿਣਾ ਹੈ ਕਿ ਉਸਦੀ ਧੀ ਸ਼ਾਨਾ ਫਿਸ਼ਰ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਸ਼ੱਕੀ ਹਮਲਾਵਰ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

''ਉਹ ਉਸ ਨੂੰ ਕਰੀਬ ਲਿਆਉਣ ਲਈ ਦਬਾਅ ਬਣਾ ਰਿਹਾ ਸੀ ਅਤੇ ਉਹ ਲਗਤਾਰ ਉਸ ਨੂੰ ਨਾਂਹ ਕਰ ਰਹੀ ਸੀ''

ਸ਼ੁੱਕਰਵਾਰ ਨੂੰ ਸਕੂਲ ਵਿੱਚ ਹੋਈ ਇਸ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ ਹੋਈ ਸੀ ਅਤੇ 13 ਜ਼ਖਮੀ ਹੋਏ ਸਨ।

ਰੋਡਰੀਗੁਇਜ਼ ਦਾ ਕਹਿਣਾ ਹੈ ਕਿ ਪਗੋਤਿਜ਼ਰਸ ਉਦੋਂ ਤੱਕ ਉਸ ਨੂੰ ਪ੍ਰੇਸ਼ਾਨ ਕਰਦਾ ਸੀ ਜਦੋਂ ਤੱਕ ਉਹ ਉਸਦੇ ਸਾਹਮਣੇ ਖੜ੍ਹੀ ਨਾ ਹੋ ਜਾਵੇ, ਉਸ ਨੂੰ ਕਲਾਸ ਵਿੱਚ ਸ਼ਰਮਿੰਦਾ ਕਰਦਾ ਸੀ।

ਉਨ੍ਹਾਂ ਕਿਹਾ,'' ਇੱਕ ਹਫ਼ਤਾ ਪਹਿਲਾਂ ਨੇ ਉਸ ਨੇ ਉਨ੍ਹਾਂ ਸਾਰੇ ਲੋਕਾਂ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਸੀ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦਾ ਸੀ।''

ਰੋਡਰੀਗੁਇਜ਼ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕੁੜੀ ਪਹਿਲੀ ਗੋਲੀ ਨਾਲ ਹੀ ਮਰ ਗਈ ਸੀ ਪਰ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਬਾਰੇ ਉਹ ਕਿਵੇਂ ਜਾਣਦੇ ਹਨ।

ਵਿਦਿਆਰਥਣ ਦੀ ਰਿਸ਼ਤੇਦਾਰ ਕੈਂਡੀ ਥਰਮਨ ਨੇ ਟਵਿੱਟਰ 'ਤੇ ਲਿਖਿਆ, ''9 ਮਈ ਨੂੰ ਸ਼ਾਨਾ 16 ਸਾਲ ਦੀ ਹੋਈ ਸੀ। ਉਸ ਨੂੰ ਆਪਣੀ ਪਹਿਲੀ ਕਾਰ ਮਿਲਣੀ ਚਾਹੀਦੀ ਸੀ ਨਾ ਕਿ ਉਸਦੀਆਂ ਆਖਰੀ ਰਸਮਾਂ ਹੋਣੀਆਂ ਚਾਹੀਦੀਆਂ ਸਨ।''

17 ਸਾਲਾ ਪਗੋਤਿਜ਼ਰਸ 'ਤੇ ਸਕੂਲ ਵਿੱਚ ਹੋਈ ਫਾਇਰਿੰਗ ਤੇ ਕਤਲ ਦੇ ਇਲਜ਼ਾਮ ਲੱਗੇ ਹਨ।

ਕੋਰਟ ਵਿੱਚ ਦਰਜ ਕੀਤੇ ਗਏ ਐਫੀਡੇਵਿਟ ਮੁਤਾਬਕ ਉਸ ਨੇ ਮੰਨਿਆ ਕਿ ''ਉਸ ਨੇ ਕਈ ਲੋਕਾਂ 'ਤੇ ਗੋਲੀਬਾਰੀ ਕੀਤੀ ਸੀ।''

ਸਬਿਕਾ ਸ਼ੇਖ਼ ਨੇ ਵੀ ਕੀਤੀਆਂ ਅੱਖਾਂ ਨਮ

ਇਸ ਹਮਲੇ ਵਿੱਚ ਪਾਕਸਿਤਾਨ ਦੀ ਵਿਦਿਆਰਥਣ ਸਬਿਕਾ ਸ਼ੇਖ ਦੀ ਵੀ ਮੌਤ ਹੋਈ ਸੀ ਜਿਸ ਨੂੰ ਹੌਸਟਨ ਦੀ ਮਸਜਿਦ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਗਈ।

ਟੈਕਸਸ ਦੇ ਮੁਸਲਿਮ ਭਾਈਚਾਰੇ ਦੇ 3000 ਮੈਂਬਰਾਂ ਨੇ ਮਸਜਿਦ ਵਿੱਚ ਇਕੱਠੇ ਹੋ ਕੇ 17 ਸਾਲਾ ਸਬਿਕਾ ਸ਼ੇਖ ਨੂੰ ਸ਼ਰਧਾਂਜਲੀ ਦਿੱਤੀ।

ਪਾਕਿਸਤਾਨੀ ਵਿਦਿਆਰਥਣ ਸਬਿਕਾ ਸ਼ੇਖ ਇੱਕ ਐਕਸਚੇਂਜ ਸਟੂਡੈਂਟ ਦੇ ਤੌਰ 'ਤੇ ਅਮਰੀਕਾ ਗਈ ਹੋਈ ਸੀ। ਉਸ ਨੂੰ ਕੇਨੇਡੀ-ਲੁਗਰ ਯੂਥ ਐਕਸਚੇਂਜ ਐਂਡ ਸਟਡੀ ਅਬ੍ਰੌਡ ਪ੍ਰੋਗਰਾਮ ਤਹਿਤ ਭੇਜਿਆ ਗਿਆ ਸੀ।

LA ਟਾਈਮਜ਼ ਨਾਲ ਗੱਲਬਾਤ ਦੌਰਾਨ ਸਬਿਕਾ ਦੇ ਪਰਿਵਾਰ ਨੇ ਕਿਹਾ ਕਿ ਉਹ ਦਿਨ ਗਿਣ ਰਹੇ ਸੀ ਕਿ ਕਦੋਂ ਉਨ੍ਹਾਂ ਦੀ ਧੀ ਗਰਮੀ ਦੀਆਂ ਛੁੱਟੀਆਂ ਲਈ ਘਰ ਆਵੇਗੀ।

''ਅਸੀਂ ਆਪਣੇ ਧੀ ਦੇ ਕਤਲ ਦੇ ਜ਼ਿੰਮੇਵਾਰ ਅਮਰੀਕੀ ਸੋਸਾਇਟੀ ਨੂੰ ਨਹੀਂ ਮੰਨ ਰਹੇ ਪਰ ਹਰ ਸਮਾਜ ਦੇ ਵਿੱਚ ਜਿਹੜੀ ਅੱਤਵਾਦੀ ਸੋਚ ਹੈ ਉਸ ਨਾਲ ਸਾਨੂੰ ਪੂਰੀ ਦੁਨੀਆਂ ਵਿੱਚ ਲੜਨ ਦੀ ਲੋੜ ਹੈ।''

ਉਸਦੇ ਇੱਕ ਰਿਸ਼ਤੇਦਾਰ ਅਨਸਰ ਸ਼ੇਖ ਨੇ ਕਿਹਾ,''ਅਮਰੀਕੀ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੇਸ ਵਿੱਚ ਹਰ ਕਿਸੇ ਨੂੰ ਸੌਖੇ ਤਰੀਕੇ ਨਾਲ ਹਥਿਆਰ ਨਾ ਮਿਲਣ ਤਾਂਕਿ ਮੁੜ ਅਜਿਹਾ ਨਾ ਵਾਪਰ ਸਕੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)