You’re viewing a text-only version of this website that uses less data. View the main version of the website including all images and videos.
ਅਮਰੀਕਾ: 2018 ਦੇ ਪਹਿਲੇ ਮਹੀਨੇ ਹੀ ਅਮਰੀਕੀ ਸਕੂਲਾਂ 'ਚ ਖੂਨੀ ਵਾਰਦਾਤਾਂ ਸ਼ੁਰੂ
ਅਮਰੀਕੀ ਸੂਬੇ ਕੈਂਟੱਕੀ ਦੇ ਮਾਰਸ਼ਲ ਕਾਉਂਟੀ ਹਾਈ ਸਕੂਲ ਵਿੱਚ ਇੱਕ 15 ਸਾਲਾ ਵਿਦਿਆਰਥਣ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਇੱਕ 15 ਸਾਲਾ ਮੁੰਡੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਗੋਲੀਆਂ ਚਲਾਉਣ ਵਾਲੇ 15 ਸਾਲਾ ਮੁੰਡੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਸੂਬੇ ਦੀ ਪੁਲਿਸ ਮੁਤਾਬਕ ਅਣਪਛਾਤੇ ਕਿਸ਼ੋਰ ਨੂੰ ਅਚਾਨਕ ਗੋਲੀਆਂ ਚਲਾਉਣ ਦੇ 15 ਮਿੰਟ ਵਿੱਚ ਹੀ ਫੜ ਲਿਆ ਗਿਆ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਮੰਗਲਾਵਾਰ ਸਵੇਰੇ 08꞉00 ਵਜੇ ਦੀ ਹੈ।
ਸਥਾਨਕ ਮੀਡੀਆ ਮੁਤਾਬਕ ਕਿਸ਼ੋਰ ਨੇ ਸਕੂਲ ਮੈਦਾਨ ਵਿੱਚ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਹੈਂਡਗਨ ਨਾਲ ਇੱਧਰ-ਉੱਧਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਮਾਰਸ਼ਲ ਕਾਉਂਟੀ ਹਾਈ ਸਕੂਲ ਦਾ ਖੂਨੀ ਸਾਕਾ ਲਗਾਤਾਰ ਦੂਜੇ ਦਿਨ ਕਿਸੇ ਅਮਰੀਕੀ ਸਕੂਲ ਵਿੱਚ ਵਾਪਰੀ ਹਿੰਸਕ ਘਟਨਾ ਹੈ।
ਬੀਤੇ ਮੰਗਲਵਾਰ ਨੂੰ ਟੈਕਸਸ ਦੇ ਇਟਲੀ ਸਕੂਲ ਵਿੱਚ ਇੱਕ 16 ਸਾਲ ਦੇ ਮੁੰਡੇ ਨੇ 15 ਸਾਲਾ ਸਹਿ- ਵਿਦਿਆਰਥੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।
ਅਮਰੀਕਾ ਵਿੱਚ 2017 ਦੌਰਾਨ ਸਕੂਲੀ ਹਿੰਸਾ ਦੀਆਂ 09 ਵਾਰਦਾਤਾਂ ਹੋਈਆਂ ਸਨ, ਜਿਨ੍ਹਾਂ ਵਿੱਚ 15 ਜਣਿਆਂ ਦੀ ਮੌਤ ਹੋਈ ਸੀ।
ਕਿਸ਼ੋਰ 'ਤੇ ਕਤਲ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਲਾਈਆਂ ਜਾਣਗੀਆਂ।
ਭਗਦੜ ਵਿੱਚ ਵੀ ਵਿਦਿਆਰਥੀ ਜ਼ਖਮੀਂ
ਮਰਹੂਮ ਬੇਲੀ ਹਾਲਟ ਜਿਸ ਦੀ ਮੌਕੇ ਤੇ ਮੌਤ ਹੋ ਗਈ ਤੇ ਪ੍ਰਸਟਨ ਕੌਪ ਜਿਸਨੇ ਹਸਪਤਾਲ ਵਿੱਚ ਦਮ ਤੋੜਿਆ ਸਣੇ ਇਸ ਘਟਨਾ ਦੌਰਾਨ 14 ਵਿਦਿਆਰਥੀਆਂ ਨੂੰ ਛੱਰੇ ਲੱਗੇ ਸਨ ਜਦ ਕਿ ਪੰਜ ਹੋਰ ਭਗਦੜ ਵਿੱਚ ਜ਼ਖਮੀ ਹੋਏ।
1500 ਵਿਦਿਆਰਥੀਆਂ ਦੇ ਇਸ ਸਕੂਲ ਦੇ ਇੱਕ ਪਾੜ੍ਹੇ ਜੇਸਨ ਹਾਲ ਨੇ ਘਟਨਾ ਬਾਰੇ ਦੱਸਿਆ। ਉਸ ਨੇ ਕਿਹਾ, "ਮੈਂ ਲੋਕਾਂ ਨੂੰ ਦਹਿਸ਼ਤ ਵਿੱਚ ਦੇਖਿਆ ਤੇ ਸਾਰੇ ਪਾਸੇ ਖੂਨ ਹੀ ਖੂਨ ਸੀ।"
"ਭਾਰੀ ਦੁਖਾਂਤ"
ਕੁੱਲ 4500 ਲੋਕਾਂ ਦੀ ਵਸੋਂ ਵਾਲੇ ਇਸ ਨਗਰ ਵਿੱਚ ਹਰ ਕੋਈ ਇਸ ਵਜ੍ਹਾ ਨਾਲ ਸਦਮੇ ਵਿੱਚ ਹੈ।
ਪੁਲਿਸ ਅਧਿਕਾਰੀ ਜੈਫਰੀ ਐਡਵਰਡ ਨੇ ਦੱਸਿਆ ਕਿ ਅਜਿਹਾ ਮਾਮਲਾ ਉਨ੍ਹਾਂ ਨੇ ਆਪਣੀ 25 ਸਾਲਾਂ ਦੀ ਪੁਲਿਸ ਦੀ ਨੌਕਰੀ ਦੌਰਾਨ ਕਦੇ ਨਹੀਂ ਦੇਖਿਆ।
ਸੂਬੇ ਦੇ ਗਵਰਨਰ ਮੈਟ ਬਿਵਿਨ ਨੇ ਇਸ ਘਟਨਾ ਨੂੰ ਇੱਕ ਟਵੀਟ ਜ਼ਰੀਏ "ਭਾਰੀ ਦੁਖਾਂਤ" ਕਿਹਾ ਹੈ।
ਉਨ੍ਹਾਂ ਕਿਹਾ ਕਿ, "ਮਾਰਸ਼ਲ ਕਾਊਂਟੀ ਵਰਗੇ ਨਿੱਘੇ ਭਾਈਚਾਰੇ ਵਿੱਚ ਇਹੋ-ਜਿਹੀ ਘਟਨਾ ਦੇ ਵਾਪਰਨ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ।" ਉਨ੍ਹਾਂ ਇਸ ਮੌਕੇ ਨਾਗਰਿਕਾਂ ਨੂੰ ਆਪਸੀ ਭਾਈਚਾਰਾ ਬਰਕਰਾਰ ਰੱਖਣ ਤੇ ਇੱਕ-ਦੂਜੇ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਲਾਕੇ ਵਿੱਚ ਪ੍ਰਾਰਥਨਾ ਸਭਾਵਾਂ
ਵਾਸ਼ਿੰਗਟਨ ਵਿੱਚ ਕੈਂਟੱਕੀ ਦੇ ਸੰਸਦ ਮੈਂਬਰ ਮਿੱਚ ਮੈਕਨਲ ਨੇ ਸੈਨੇਟ ਵਿੱਚ ਭਾਈਚਾਰੇ ਲਈ ਪ੍ਰਾਰਥਨਾ ਕੀਤੀ।
ਲਾਗਲੇ ਕਈ ਸਕੂਲਾਂ ਤੇ ਗਿਰਜਿਆਂ ਵਿੱਚ ਪੀੜਤਾਂ ਲਈ ਪ੍ਰਾਰਥਨਾ ਸਭਾਵਾਂ ਕੀਤੀਆਂ ਹਨ ਤੇ ਸਕੂਲ ਵਿੱਚ ਬੁੱਧਵਾਰ ਵਾਰ ਦੀ ਛੁੱਟੀ ਕਰ ਦਿੱਤੀ ਗਈ ਹੈ।
ਪਿਛਲੇ ਦਿਨਾਂ ਦੌਰਾਨ ਕਿਸੇ ਅਮਰੀਕੀ ਸਕੂਲ ਵਿੱਚ ਪਾੜ੍ਹੇ ਵੱਲੋਂ ਗੋਲੀਆਂ ਚਲਾਏ ਜਾਣ ਦੀ ਇਹ ਦੂਜੀ ਘਟਨਾ ਹੈ।
ਇਸ ਤੋਂ ਰਹਿਲਾਂ ਸੌਮਵਾਰ ਨੂੰ ਇੱਕ 16 ਸਾਲਾ ਵਿਦਿਆਰਥੀ ਵੱਲੋਂ ਚਲਾਈਆ ਗੋਲੀਆਂ ਵਿੱਚ ਇੱਕ 15 ਸਾਲਾ ਵਿਦਿਆਰਥਣ ਜ਼ਖਮੀ ਹੋ ਗਈ ਸੀ ਜੋ ਸਥਾਨਕ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਗੋਲੀਆਂ ਚਲਾਉਣ ਵਾਲਾ ਮੁੰਡਾ ਭਾਵੇਂ ਭੱਜਣ ਵਿੱਚ ਕਾਮਯਾਬ ਰਿਹਾ ਸੀ ਪਰ ਬਾਅਦ ਵਿੱਚ ਫੜ ਲਿਆ ਗਿਆ ਸੀ।