ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦੇ ਸ਼ਾਹੀ ਵਿਆਹ ਬਾਰੇ ਜਾਣੋ ਇਹ ਖਾਸ ਗੱਲਾਂ

ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਹੁਣ ਵਿਆਹੁਣ ਜਾ ਰਹੇ ਹਨ। ਇਸ ਸਾਲ ਦੇ ਸਭ ਤੋਂ ਖ਼ਾਸ ਵਿਆਹ ਬਾਰੇ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ।

ਵਿੰਡਸਰ ਦੇ ਸੈਂਟ ਜੌਰਜ ਗਿਰਜਾਘਰ ਵਿਖੇ ਸ਼ਨੀਵਾਰ ਦੁਪਹਿਰ ਨੂੰ ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦਾ ਵਿਆਹ ਹੋਵੇਗਾ।

ਜਨਤਾ ਵਿੱਚੋਂ ਸੱਦੇ ਹੋਏ ਮਹਿਮਾਨ ਗਿਰਜਾ ਘਰ ਦੇ ਬਾਹਰ ਘਾਹ ਦੇ ਮੈਦਾਨ ਵਿੱਚ ਜੁੜਨਗੇ ਅਤੇ ਰਾਜ ਪਰਿਵਾਰ ਦੇ ਮੈਂਬਰਾਂ ਦਾ ਆਉਣਾ-ਜਾਣਾ ਦੇਖਣਗੇ।

ਸੈਂਟ ਜੌਰਜ ਗਿਰਜਾ ਘਰ ਦੇ ਬਾਹਰ ਬੈਠੇ ਲਗਪਗ 600 ਮਹਿਮਾਨਾਂ ਦੇ ਸਾਹਮਣੇ ਧਾਰਮਿਕ ਸਮਾਗਮ ਸ਼ੁਰੂ ਹੋਣਗੇ।

ਵਿਆਂਦੜ ਜੋੜਾ ਇੱਕ ਖੁੱਲ੍ਹੀ ਗੱਡੀ ਵਿੱਚ ਬੈਠ ਕੇ ਸੈਂਟ ਜੌਰਜ਼ ਚੈਪਲ ਤੋਂ 25 ਮਿੰਟਾਂ ਦੇ ਵਿੰਡਸਰ ਸ਼ਹਿਰ ਦੇ ਰਸਮੀ ਜਲੂਸ ਵਿੱਚ ਸ਼ਾਮਲ ਹੋਵੇਗਾ।

ਦੁਪਹਿਰ ਬਾਅਦ ਸੈਂਟ ਜੌਰਜ ਦੇ ਹਾਲ ਵਿੱਚ ਨਵੇਂ ਜੋੜੇ ਅਤੇ ਉਨ੍ਹਾਂ ਦੇ ਮਹਿਮਾਨਾਂ ਲਈ ਸਵਾਗਤੀ ਭੋਜ (ਰਿਸੈਪਸ਼ਨ) ਹੋਵੇਗਾ।

ਸ਼ਾਮ ਨੂੰ ਰਾਜਕੁਮਾਰ ਚਾਰਲਸ ਫਰੋਗਮੌਂਟ ਹਾਊਸ ਵਿਖੇ ਜੋੜੇ ਲਈ ਨਿੱਜੀ ਦਾਵਤ ਦੇਣਗੇ। ਇਸ ਵਿੱਚ 200 ਨਜ਼ਦੀਕੀ ਦੋਸਤ ਅਤੇ ਪਰਿਵਾਰ ਸ਼ਾਮਲ ਹੋਵੇਗਾ।

ਕੌਣ-ਕੌਣ ਪਹੁੰਚ ਰਿਹਾ ਹੈ?

ਵਿਆਹ ਲਈ 600 ਮਹਿਮਾਨਾਂ ਤੋਂ ਇਲਾਵਾ ਸ਼ਾਮ ਦੀ ਦਾਵਤ ਲਈ 200 ਹੋਰ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਮੇਘਨ ਦੇ ਪਿਤਾ ਥੌਮਸ ਮਾਰਕਲ ਆਪਣੇ ਹਾਲ ਹੀ ਵਿੱਚ ਹੋਏ ਦਿਲ ਦੇ ਅਪ੍ਰੇਸ਼ਨ ਕਰਕੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਣਗੇ।

ਸ਼ੁੱਕਰਵਾਰ ਨੂੰ ਐਲਾਨ ਕੀਤਾ ਗਿਆ ਸੀ ਕਿ ਪਿਤਾ ਥੌਮਸ ਮਾਰਕਲ ਦੀ ਗੈਰ-ਮੌਜੂਦਗੀ ਵਿੱਚ ਰਾਜਕੁਮਾਰ ਚਾਰਲਸ ਉਨ੍ਹਾਂ ਦੀ ਥਾਂ ਰਸਮਾਂ ਪੂਰੀਆਂ ਕਰਨਗੇ।

ਰਾਜ ਮਹਿਲ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਰਾਜਕੁਮਾਰ ਮੇਘਨ ਦਾ ਘਰ ਵਿੱਚ ਸਵਾਗਤ ਕਰਕੇ ਖੁਸ਼ੀ ਮਹਿਸੂਸ ਕਰਨਗੇ।

ਮੇਘਨ ਦੇ ਮਾਤਾ ਡੋਰੀਆ ਰੈਗਲੈਂਡ, ਬੁੱਧਵਾਰ ਨੂੰ ਬਰਤਾਨੀਆ ਪਹੁੰਚ ਗਏ ਸਨ ਜਿੱਥੇ ਉਨ੍ਹਾਂ ਨੇ ਮਹਾਰਾਣੀ, ਡਿਊਕ ਆਫ਼ ਐਡਨਬਰਾ ਤੋਂ ਇਲਾਵਾ ਕੈਂਬਰਿਜ ਦੇ ਡਿਊਕ ਅਤੇ ਡਚਿਸ ਨਾਲ ਮੁਲਾਕਾਤ ਕਰਨੀ ਸੀ।

ਰਾਜਕੁਮਾਰ ਹੈਰੀ ਦੇ ਪਰਿਵਾਰ ਵੱਲੋਂ ਕਿੰਗਸਟਨ ਮਹਿਲ ਨੇ ਮਾਹਾਰਾਣੀ ਦੇ ਪਤੀ ਡਿਊਕ ਆਫ਼ ਐਡਨਬਰਾ, ਰਸਮਾਂ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦਾ ਹਾਲ ਹੀ ਵਿੱਚ ਕੂਲ੍ਹਾ ਬਦਲਿਆ ਗਿਆ ਸੀ।

ਰਾਜਕੁਮਾਰ ਹੈਰੀ ਦਾ ਸਭ ਤੋਂ ਛੋਟੇ ਭਤੀਜੇ, ਰਾਜਕੁਮਾਰ ਲੂਇਸ ਜੋ ਉਸ ਦਿਨ ਤਿੰਨ ਹਫ਼ਤਿਆ ਦੇ ਹੋ ਜਾਣਗੇ ਉੱਥੇ ਨਹੀਂ ਹੋਣਗੇ।

ਕਿਵੇਂ ਪਹੁੰਚਣਗੇ?

ਮੇਘਨ ਆਪਣੀ ਮਾਤਾ ਨਾਲ ਕਾਰ ਰਾਹੀਂ ਗਿਰਜਾ ਘਰ ਪਹੁੰਚਣਗੇ ਅਤੇ ਰਾਜਕੁਮਾਰ ਵੀ ਇਕੱਠੇ ਹੀ ਸਫਰ ਕਰਨਗੇ।

ਕਿਹੋ-ਜਿਹੇ ਪਹਿਰਾਵੇ ਹੋਣਗੇ?

ਸੱਦੇ ਵਿੱਚ ਦਿੱਤੇ ਡਰੈਸ ਕੋਡ ਮੁਤਾਬਕ ਪੁਰਸ਼ਾਂ ਲਈ "ਮੌਰਨਿੰਗ ਸੂਟ ਅਤੇ ਲਾਉਂਜ ਸੂਟ" ਜਦਕਿ ਔਰਤਾਂ ਲਈ "ਡੇ ਡਰੈਸ ਵਿਦ ਹੈਟ" ਪਹਿਨ ਕੇ ਆਉਣ ਲਈ ਕਿਹਾ ਗਿਆ ਹੈ।

ਜਿਸ ਦਾ ਮਤਲਬ ਹੈ ਕਿ ਪੁਰਸ਼ ਕਮੀਜ਼, ਟਾਈ-ਸੂਟ ਅਤੇ ਸਿਰਾਂ 'ਤੇ ਹੈਟ ਲੈ ਕੇ ਪਹੁੰਚਣਗੇ ਅਤੇ ਔਰਤਾਂ ਗੋਡਿਆਂ ਤੱਕ ਉੱਚੀਆਂ ਡਰੈਸਾਂ ਨਾਲ ਹੈਟ ਲਾ ਕੇ ਪਹੁੰਚਣਗੀਆਂ।

ਮੇਘਨ ਮਾਰਕਲ ਦੇ ਪਹਿਰਾਵੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ।

ਦਾਵਤ ਬਾਰੇ ਕਨਸੋਆਂ

ਸੈਂਟ ਜੌਰਜ ਦੇ ਹਾਲ ਵਿੱਚ ਮਾਹਾਰਾਣੀ ਵੱਲੋਂ ਦਿੱਤੀ ਜਾ ਰਹੀ ਦਾਅਵਤ ਵਿੱਚ ਲਗਪਗ 600 ਮਹਿਮਾਨ ਹਿੱਸਾ ਲੈਣਗੇ। ਕਿਹਾ ਜਾ ਰਿਹਾ ਹੈ ਕਿ ਮੇਘਨ ਇਸ ਮੌਕੇ ਪਿਛਲੀ ਰਵਾਇਤ ਨੂੰ ਤੋੜਦਿਆਂ ਲੋਕਾਂ ਨੂੰ ਸੰਬੋਧਨ ਵੀ ਕਰਨਗੇ।

ਢਲੀ ਸ਼ਾਮ ਨਵਾਂ ਵਿਆਹਿਆ ਜੋੜਾ, ਵਿੰਡਸਰ ਕਾਸਲ ਵਿੱਚ ਰਾਜਕੁਮਾਰ ਚਾਰਲਸ ਵੱਲੋਂ ਦਿੱਤੀ ਜਾ ਰਹੀ 200 ਮਹਿਮਾਨਾਂ ਵਾਲੀ ਦਾਅਵਤ ਵਿੱਚ ਸ਼ਿਰਕਤ ਕਰਨਗੇ।

ਇਨ੍ਹਾਂ ਸਾਰੇ ਸਮਾਗਮਾਂ ਲਈ ਭੁਗਤਾਨ ਰਾਜ ਪਰਿਵਾਰ ਵੱਲੋਂ ਕੀਤਾ ਜਾਵੇਗਾ।

ਵਿਆਹ ਦੇ ਕੇਕ ਬਾਰੇ ਕੀ ਖ਼ਿਆਲ ਹੈ?

ਰਾਜਕੁਮਾਰ ਹੈਰੀ ਅਤੇ ਮੇਘਨ ਮਾਰਕਲ ਨੇ ਆਪਣੇ ਵਿਆਹ ਲਈ ਔਰਗੈਨਿਕ ਲੈਮਨ ਅਤੇ ਇਲਡਰ ਫਲਾਵਰ ਕੇਕ ਦੀ ਚੋਣ ਕੀਤੀ ਹੈ।

ਇਸ ਸਮਾਗਮ ਵਿੱਚ ਅਟਲਾਂਟਿਕ ਮਹਾਂਸਾਗਰ ਦੇ ਪਾਰੋਂ ਵੀ ਮਹਿਮਾਨ ਪਹੁੰਚ ਰਹੇ ਹਨ ਇਸ ਲਈ ਕੇਕ ਬਣਾਉਣ ਦੀ ਜ਼ਿੰਮੇਵਾਰੀ ਪੂਰਬੀ ਲੰਡਨ ਦੀ ਵਾਇਲਟ ਬੇਕਰੀ ਦੇ ਮਾਲਕ ਕਲੇਅਰ ਪਟਾਕ ਨੂੰ ਦਿੱਤੀ ਗਈ ਹੈ।

ਕਿੱਥੇ ਹੈ ਹਨੀਮੂਨ?

ਹਨੀਮੂਨ ਦੀ ਤਰੀਖ ਅਤੇ ਥਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਹਨੀਮੂਨ ਅਜੇ ਇੱਕਦਮ ਸ਼ੁਰੂ ਨਹੀਂ ਹੋਵੇਗਾ।

ਵਿਆਹ ਤੋਂ ਇੱਕ ਹਫਤੇ ਬਾਅਦ ਪ੍ਰਿੰਸ ਹੈਰੀ ਤੇ ਮਾਰਕਲ ਸ਼ਾਹੀ ਜੋੜੇ ਵਜੋਂ ਆਪਣੇ ਪਹਿਲੇ ਸਮਾਗਮ ਵਿੱਚ ਸ਼ਾਮਿਲ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)