ਅਫਗਾਨਿਸਤਾਨ ਤੋਂ ਅਗਵਾ ਹੋਏ ਭਾਰਤੀਆਂ ਦੀ ਕਹਾਣੀ

    • ਲੇਖਕ, ਰਵੀ ਪ੍ਰਕਾਸ਼
    • ਰੋਲ, ਰਾਂਚੀ ਤੋਂ ਬੀਬੀਸੀ ਹਿੰਦੀ ਲਈ

ਅਫ਼ਗਾਨਿਸਤਾਨ ਵਿੱਚ 6 ਮਈ ਨੂੰ ਅਗਵਾ ਹੋਏ ਛੇ ਭਾਰਤੀ ਮਜ਼ਦੂਰਾਂ 'ਚੋਂ ਚਾਰ ਝਾਰਖੰਡ ਦੇ ਹਨ। ਇਹ ਲੋਕ ਸਾਲ 2014 ਵਿੱਚ ਝਾਰਖੰਡ ਤੋਂ ਕੰਮ ਕਰਨ ਲਈ ਅਫਗਾਨਿਸਤਾਨ ਗਏ ਸਨ।

ਇਹ ਮਜ਼ਦੂਰ ਆਰਪੀਜੀ ਗਰੁੱਪ ਦੀ ਕੰਪਨੀ ਕੇਈਸੀ ਇੰਟਰਨੈਸ਼ਨਲ ਲਈ ਕੰਮ ਕਰਦੇ ਸਨ। ਇਹ ਕੰਪਨੀ ਬਿਜਲੀ ਦੀ ਉਤਪਾਦਨ ਅਤੇ ਡਿਸਟ੍ਰੀਬਿਊਸ਼ਨ ਦਾ ਕੰਮ ਕਰਦੀ ਹੈ।

ਇਨ੍ਹਾਂ 'ਚੋਂ ਦੋ ਲੋਕ ਅਜੇ ਵੀ ਕਾਬੁਲ ਵਿੱਚ ਹਨ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਨ੍ਹਾਂ 'ਚੋਂ ਇੱਕ, ਕਿਸ਼ੁਨ ਮਹਿਤੋ ਨਾਲ ਮੇਰੀ ਗੱਲ ਹੋਈ।

ਕਿਸ਼ੁਨ ਜ਼ਿਲਾ ਗਿਰਿਡੀਹ ਦੇ ਬਾਗੋਦਰ ਖੇਤਰ ਦੇ ਰਹਿਣ ਵਾਲੇ ਹਨ।

ਉਨ੍ਹਾਂ ਕਾਬੁਲ ਤੋਂ ਫੋਨ 'ਤੇ ਦੱਸਿਆ ਕਿ ਆਪਣੇ ਦੋਸਤਾਂ ਦੇ ਅਗਵਾ ਹੋਣ ਤੋਂ ਬਾਅਦ ਉਹ ਡਰੇ ਹੋਏ ਹਨ ਅਤੇ ਜਲਦ ਭਾਰਤ ਆਉਣਾ ਚਾਹੁੰਦੇ ਹਨ।

ਕਿਸ਼ੁਨ ਨੂੰ ਉਮੀਦ ਹੈ ਕਿ ਭਾਰਤ ਅਤੇ ਅਫਗਾਨਿਸਤਾਨ ਦੀਆਂ ਸਰਕਾਰਾਂ ਉਨ੍ਹਾਂ ਦੀ ਮਦਦ ਕਰਨਗੀਆਂ। ਉਨ੍ਹਾਂ ਨੇ ਅਗਵਾ ਦੀ ਪੂਰੀ ਕਹਾਣੀ ਦੱਸੀ।

ਕੀ ਹੈ ਪੂਰੀ ਕਹਾਣੀ

ਕਿਸ਼ੁਨ ਮਹਿਤੋ ਨੇ ਦੱਸਿਆ ਕਿ ਐਤਵਾਰ ਸਵੇਰੇ 9 ਵਜੇ ਉਨ੍ਹਾਂ ਦੇ ਦੋਸਤਾਂ ਨੂੰ ਅਗਵਾ ਕੀਤਾ ਗਿਆ। ਉਨ੍ਹਾਂ ਦੱਸਿਆ, ''ਛੇ ਮਈ ਸਵੇਰੇ ਨੌ ਵਜੇ ਮੇਰੇ ਚਾਰ ਦੋਸਤ, ਬਿਹਾਰ ਅਤੇ ਕੇਰਲ ਦੇ ਇੱਕ ਇੱਕ ਸਾਥੀ ਦੇ ਨਾਲ ਗੱਡੀ ਤੋਂ ਸਾਈਟ 'ਤੇ ਜਾ ਰਹੇ ਸੀ।''

''ਡਰਾਈਵਰ ਅਫਗਾਨਿਸਤਾਨ ਦਾ ਹੀ ਸੀ। ਇਨ੍ਹਾਂ ਦੀ ਗੱਡੀ ਸ਼ਹਿਰ ਪੁਲ-ਏ-ਕੁਮਹਰੀ ਤੋਂ ਕੁਝ ਹੀ ਕਿਲੋਮੀਟਰ ਦੂਰ ਸੀ ਕਿ ਇਲਾਕੇ ਬਾਗ-ਏ-ਸ਼ਾਮਲ ਵਿੱਚ ਕੁਝ ਬੰਦੂਕਧਾਰੀਆਂ ਨੇ ਇਨ੍ਹਾਂ ਨੂੰ ਅਗਵਾ ਕਰ ਲਿਆ।''

''ਸਾਡੇ ਰਹਿਣ ਦੀ ਥਾਂ (ਪੁਲ-ਏ-ਕੁਮਹਰੀ) ਤੋਂ ਸਾਈਟ ਸਿਰਫ ਅੱਧਾ ਘੰਟਾ ਦੂਰ ਹੈ। ਜਦ ਇਹ ਲੋਕ ਤਿੰਨ ਘੰਟਿਆਂ ਤੱਕ ਸਾਈਟ 'ਤੇ ਨਹੀਂ ਪਹੁੰਚੇ ਤਾਂ ਇਨਜੀਨੀਅਰ ਨੇ ਇਨ੍ਹਾਂ ਨੂੰ ਫੋਨ ਲਗਾਉਣਾ ਸ਼ੁਰੂ ਕਰ ਦਿੱਤਾ।''

ਤਾਲੀਬਾਨ ਨੇ ਕੀਤਾ ਅਗਵਾ

''ਇੱਕ ਇੱਕ ਕਰਕੇ ਸਾਰੇ ਸੱਤ ਲੋਕਾਂ ਨੂੰ ਫੋਨ ਕੀਤਾ ਗਿਆ। ਪਰ ਸਾਰਿਆਂ ਦੇ ਫੋਨ ਬੰਦ ਸੀ। ਜਿਸ ਤੋਂ ਬਾਅਦ ਕੰਪਨੀ ਦੇ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਜਿੱਥੋਂ ਅਗਵਾ ਦਾ ਪਤਾ ਲੱਗਿਆ।''

''ਹੁਣ ਡਰਾਈਵਰ ਸਮੇਤ ਸੱਤ ਲੋਕਾਂ ਦਾ ਕੁਝ ਪਤਾ ਨਹੀਂ ਚੱਲ ਰਿਹਾ ਹੈ। ਅਖਬਾਰ ਵਿੱਚ ਛਪਿਆ ਹੈ ਕਿ ਸ਼ਾਇਦ ਇਨ੍ਹਾਂ ਲੋਕਾਂ ਨੂੰ ਤਾਲੀਬਾਨ ਨੇ ਅਗਵਾ ਕਰ ਲਿਆ ਹੈ। ਪਰ ਕੋਈ ਵੀ ਸਾਫ ਸਾਫ ਕੁਝ ਦੱਸ ਨਹੀਂ ਪਾ ਰਿਹਾ।''

''ਐਤਵਾਰ ਸਵੇਰੇ ਇੱਕ ਦੋਸਤ ਨਾਲ ਮੇਰੀ ਫੋਨ 'ਤੇ ਗੱਲ ਹੋਈ। ਕੁਝ ਹੀ ਘੰਟਿਆਂ ਬਾਅਦ ਉਸਨੂੰ ਅਗਵਾ ਕਰ ਲਿਆ ਗਿਆ।''

ਉਨ੍ਹਾਂ ਅੱਗੇ ਦੱਸਿਆ, ''ਹੁਣ ਅਫਸੋਸ ਹੋ ਰਿਹਾ ਹੈ। ਮੈਂ ਪਿਛਲੀ 19 ਅਪ੍ਰੈਲ ਨੂੰ ਕੰਪਨੀ ਦੇ ਕੰਮ ਨਾਲ ਕਾਬੁਲ ਆ ਗਿਆ ਸੀ। ਇਸ ਤੋਂ ਬਾਅਦ ਮੇਰੇ ਪਿੰਡ ਬਾਗੋਦਰ ਦਾ ਇੱਕ ਹੋਰ ਸਾਥੀ 24 ਤਾਰੀਖ ਨੂੰ ਕਾਬੁਲ ਆਇਆ।''

''ਓਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਲੋਕ ਇੱਥੇ ਹੀ ਹਾਂ ਅਤੇ ਜੇ ਰੱਬ ਨੇ ਚਾਹਿਆ ਤਾਂ ਇੱਥੋਂ ਹੀ ਵਾਪਸ ਝਾਰਖੰਡ ਨੂੰ ਚਲੇ ਜਾਵਾਂਗੇ।''

''ਹੁਣ ਪੁਲ-ਏ-ਕੁਮਹਰੀ ਜਾਣ ਦਾ ਮਨ ਨਹੀਂ ਹੈ, ਬੱਸ ਸਾਡੇ ਦੋਸਤ ਛੇਤੀ ਰਿਹਾਅ ਹੋ ਜਾਣ।''

ਚਾਰ ਸਾਲ ਤੋਂ ਅਫਗਾਨਿਸਤਾਨ ਵਿੱਚ

''ਅਸੀਂ ਲੋਕ 29 ਮਈ, 2014 ਨੂੰ ਅਫਗਾਨਿਸਤਾਨ ਆਏ ਸੀ। ਮੇਰੇ ਨਾਲ ਬਾਗੋਦਰ ਦੇ ਛੇ ਹੋਰ ਲੋਕ ਸਨ। ਪਰ ਇਨ੍ਹਾਂ 'ਚੋਂ ਇੱਕ ਮੁੰਡਾ ਦੋ ਸਾਲ ਪੂਰੇ ਹੋਣ 'ਤੇ ਭਾਰਤ ਵਾਪਸ ਚਲਾ ਗਿਆ।''

''ਪੰਜ ਲੋਕ ਹੱਲੇ ਅਫਗਾਨਿਸਤਾਨ ਵਿੱਚ ਸਨ। ਇਨ੍ਹਾਂ 'ਚੋਂ ਹੀ ਤਿੰਨ ਲੋਕਾਂ ਨੂੰ ਅਗਵਾ ਕੀਤਾ ਗਿਆ ਹੈ।''

ਕੁਝ ਸਾਲ ਪਹਿਲਾਂ ਇਸੇ ਇਲਾਕੇ ਵਿੱਚ ਜੁਡਿਨ ਡੀਸੂਜ਼ਾ ਨਾਂ ਦੇ ਇੱਕ ਭਾਰਤੀ ਨੂੰ ਅਗਵਾ ਕਰ ਲਿਆ ਗਿਆ ਸੀ।

ਉਸ ਨੂੰ 40 ਦਿਨਾਂ ਬਾਅਦ ਛੱਡਿਆ ਗਿਆ ਸੀ।

ਉਦੋਂ ਇਹ ਹੱਲਾ ਹੋਇਆ ਕਿ ਤਾਲੀਬਾਨ ਨੇ ਉਸਨੂੰ ਅਗਵਾ ਕੀਤਾ ਹੈ ਪਰ ਤਾਲੀਬਾਨ ਦੇ ਨਾਂ 'ਤੇ ਚੋਰਾਂ ਦੇ ਇੱਕ ਗਰੁੱਪ ਨੇ ਉਸਨੂੰ ਚੁੱਕਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)