ਪ੍ਰੈੱਸ ਰਿਵੀਊ: ਰਾਹੁਲ ਗਾਂਧੀ ਨੇ ਕਿਹਾ, ਪੀਐਮ ਬਣਨ ਲਈ ਤਿਆਰ ਹਾਂ

ਕਰਨਾਟਕ ਵਿੱਚ ਇੱਕ ਚੋਣ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦੇਸ ਦੇ ਪ੍ਰਧਾਨਮੰਤਰੀ ਬਣਨ ਲਈ ਤਿਆਰ ਹਨ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਰਾਹੁਲ ਗਾਂਧੀ ਨੂੰ ਇੱਕ ਸਵਾਲ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ, ''ਜੇ ਚੋਣਾਂ ਵਿੱਚ ਕਾਂਗਰਸ ਸਭ ਤੋਂ ਵੱਡੀ ਜਿੱਤ ਹਾਸਲ ਕਰਦੀ ਹੈ ਤਾਂ ਮੈਂ ਪੀਐਮ ਬਣਾਂਗਾ। ਕਿਉਂ ਨਹੀਂ ਬਣਾਂਗਾ?''

ਉਨ੍ਹਾਂ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ 2019 ਵਿੱਚ ਮੋਦੀ ਮੁੜ ਤੋਂ ਪੀਐਮ ਨਹੀਂ ਬਣਨਗੇ ਅਤੇ ਮੋਦੀ ਖੁਦ ਵੀ ਇਸ ਗੱਲ ਨੂੰ ਜਾਣਦੇ ਹਨ ਜੋ ਉਨ੍ਹਾਂ ਦੇ ਚਿਹਰੇ 'ਤੇ ਵੀ ਸਾਫ਼ ਨਜ਼ਰ ਆਉਂਦਾ ਹੈ।

ਦਿ ਟ੍ਰਿਬਿਊਨ ਮੁਤਾਬਕ ਅੰਡਰ-19 ਵਰਲਡ ਕੱਪ ਜੇਤੂ ਚੰਡੀਗੜ ਦੇ ਸ਼ੁਬਮਨ ਗਿੱਲ ਇੰਡੀਆ ਏ ਸਕੁਆਡ ਦਾ ਹਿੱਸਾ ਹਨ। ਇੰਡੀਆ ਏ ਟੂਰ ਜੂਨ, ਜੁਲਾਈ ਵਿੱਚ ਇੰਗਲੈਂਡ ਵਿੱਚ ਹੋਵੇਗਾ।

ਇਹ ਵੀ ਤੈਅ ਹੋਇਆ ਹੈ ਕਿ ਕ੍ਰਿਕਟਰ ਐੱਮ ਵਿਜੇ, ਮੁਹੰਮਦ ਸ਼ਮੀ ਅਤੇ ਰਿਧਿਮਾਨ ਸਾਹਾ ਇੰਡੀਆ ਏ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਤਿਆਰੀ ਵਜੋਂ ਖੇਡਣਗੇ।

ਉਸ ਤੋਂ ਬਾਅਦ ਪਹਿਲੀ ਅਗਸਤ ਨੂੰ ਉਨ੍ਹਾਂ ਦਾ ਇੰਗਲੈਂਡ ਖਿਲਾਫ਼ ਐਜਬੈਸਟਨ ਵਿੱਚ ਪਹਿਲਾ ਟੈਸਟ ਹੈ।

ਵਿਜੇ ਮਾਲਿਆ 13 ਭਾਰਤੀ ਬੈਂਕਾਂ ਵੱਲੋਂ ਕੀਤਾ ਗਿਆ 1.55 ਬਿਲੀਅਨ ਡਾਲਰ ਦਾ ਮੁਕੱਦਮਾ ਹਾਰ ਗਏ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜੱਜ ਐਨਡਰਿਊ ਹੈਨਸ਼ਾਅ ਨੇ ਮਾਲਿਆ ਦੀ ਜਾਇਦਾਦ ਫਰੀਜ਼ ਕਰਨ ਦਾ ਹੁਕਮ ਦਿੱਤਾ।

ਹੁਣ ਉਹ ਇੰਗਲੈਂਡ ਅਤੇ ਵੇਲਜ਼ ਤੋਂ ਇੰਨੀ ਕੀਮਤ ਤੱਕ ਦੀ ਜਾਇਦਾਦ ਵੇਚ ਜਾਂ ਤਬਾਹ ਜਾਂ ਕਿਤੇ ਹੋਰ ਟ੍ਰਾਂਸਫਰ ਨਹੀਂ ਕਰ ਸਕਦੇ।

ਪਿਛਲੇ ਮਹੀਨੇ ਹਾਈ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਹੋਈ ਸੀ।

13 ਭਾਰਤੀ ਬੈਂਕਾਂ ਵਿੱਚ ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਬਰੋਡਾ, ਕੌਰਪੋਰੇਸ਼ਨ ਬੈਂਕ, ਫੈਡਕਸ ਬੈਂਕ ਲਿਮਿਟਿਡ, ਆਈਡੀਬੀਆਈ ਬੈਂਕ, ਇੰਡੀਅਨ ਓਵਰਸੀਸ ਬੈਂਕ, ਜੰਮੂ ਅਤੇ ਕਮਸ਼ੀਰ ਬੈਂਕ, ਪੰਜਾਬ ਅਤੇ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਮਾਈਸੂਰ, ਯੂਕੋ ਬੈਂਕ, ਯੁਨਾਈਟਿਡ ਬੈਂਕ ਆਫ ਇੰਡੀਆ ਅਤੇ ਜੇ ਐਮ ਫਾਈਨਾਨਸ਼ੀਅਲ ਐਸਟ ਰੀਕਨਸਟਰਕਸ਼ਨ ਕੰਪਨੀ ਪ੍ਰਾਈਵੇਟ ਲਿਮਿਟਿਡ ਸ਼ਾਮਲ ਹਨ।

ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਕਾਂਗਰਸ ਦੇ ਐਮਪੀ ਕਬਿਲ ਸਿੱਬਲ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਹਟਾਉਣ ਲਈ ਕੀਤੀ ਗਈ ਅਰਜ਼ੀ ਵਾਪਸ ਲੈ ਲਈ ਹੈ।

ਸੁਣਵਾਈ ਲਈ ਬਿਠਾਈ ਗਈ ਪੰਜ ਮੈਂਬਰੀ ਕਮੇਟੀ ਦੇ ਗਠਨ 'ਤੇ ਉਨ੍ਹਾਂ ਨੇ ਸਵਾਲ ਚੁੱਕੇ ਹਨ। ਉਨ੍ਹਾਂ ਮੁਤਾਬਕ ਇਹ ਕਮੇਟੀ ਚੀਫ ਜਸਟਿਸ ਦੇ ਹੀ ਆਰਡਰ 'ਤੇ ਬਣੀ ਹੈ ਅਤੇ ਇਸਲਈ ਉਹ ਪਹਿਲਾਂ ਇਸਨੂੰ ਹੀ ਚੁਣੌਤੀ ਦੇਣਾ ਚਾਹੁਣਗੇ।

ਪਹਿਲਾਂ, ਕਪਿਲ ਸਿੱਬਲ ਅਤੇ ਕਾਂਗਰਸ ਦੇ ਇੱਕ ਹੋਰ ਐਮਪੀ ਨੇ ਰਾਜ ਸਭਾ ਦੇ ਚੇਅਰਮੈਨ ਵੈਨਕੇਯਾਹ ਨਾਇਡੂ ਵੱਲੋਂ ਨੋਟਿਸ ਨੂੰ ਖਾਰਿਜ ਕਰਨ ਦੇ ਕਦਮ ਨੂੰ ਚੁਣੌਤੀ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)