ਕੀ ਕੋਰੀਆਈ ਮੁਲਕਾਂ ਦੀ ਬੈਠਕ ਗੱਲ ਅਮਨ ਤੱਕ ਲੈ ਜਾਵੇਗੀ?

    • ਲੇਖਕ, ਡਾ. ਜੋਹਨ ਨੈਲਸਨ-ਰਾਈਟ
    • ਰੋਲ, ਚੈਥਮ ਹਾਊਸ ਅਤੇ ਕੈਂਬਰਿਜ ਯੂਨੀਵਰਸਿਟੀ

ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਦੀ ਆਪਣੇ ਦੱਖਣ ਕੋਰੀਆਈ ਹਮਰੁਤਬਾ ਕਿੰਮ ਜੌਂਗ-ਉਨ ਨਾਲ ਹੋਈ ਬੈਠਕ ਕਈ ਪੱਖਾਂ ਤੋਂ ਅਹਿਮ ਹੈ।

ਘੱਟੋ-ਘੱਟ ਇਹ ਦੋਹਾਂ ਦੇਸਾਂ ਦੇ ਦੁਵੱਲੇ ਸੰਬੰਧਾਂ ਵਿੱਚ ਸੁਧਾਰ ਦੇ ਮਾਮਲੇ ਵਿੱਚ ਇੱਕ ਸਪਸ਼ਟ ਪਹਿਲ ਹੈ।

ਇਸ ਬੈਠਕ ਦੇ ਸਿੱਟੇ ਵਜੋਂ ਜਾਰੀ ਹੋਇਆ ਸ਼ਾਂਤੀ, ਖੁਸ਼ਹਾਲੀ ਅਤੇ ਏਕੀਕਰਨ ਬਾਰੇ ਪੈਨਮੁਨਜੁਆਨ ਦਾ ਨਵਾਂ ਐਲਾਨਨਾਮਾ, ਕੋਰੀਆਈ ਦੇਸਾਂ ਨੂੰ ਅਤੇ ਕੌਮਾਂਤਰੀ ਭਾਈਚਾਰੇ ਨੂੰ ਚਿਰ ਸਥਾਈ ਅਮਨ ਵੱਲ ਲਿਜਾਵੇਗਾ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹੈ।

ਉੱਤਰੀ ਕੋਰੀਆ ਦੇ ਕਿਸੇ ਆਗੂ ਦਾ ਦੱਖਣੀ ਕੋਰੀਆ ਦੀ ਮਿੱਟੀ 'ਤੇ ਪਹਿਲੀ ਵਾਰ ਪੈਰ ਰੱਖਣ ਦਾ ਮਹੱਤਵ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਨੌਜਵਾਨ ਤਾਨਾਸ਼ਹਾ ਦੀ ਆਤਮ ਵਿਸ਼ਵਾਸ਼ ਅਤੇ ਉਨ੍ਹਾਂ ਦੀ ਸਿਆਸੀ ਸੂਝ ਤੇ ਸਮੇਂ ਦੀ ਨਬਜ਼ ਪਛਾਨਣ ਦੀ ਯੋਗਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਦੱਖਣੀ ਕੋਰੀਆ ਵਿੱਚ ਪੈਰ ਰੱਖਿਆ ਅਤੇ ਫਿਰ ਆਪ ਮੁਹਰੇ ਹੀ ਮੂਨ ਜੇ-ਇਨ ਨੂੰ ਆਪਣੇ ਵਾਲੇ ਪਾਸੇ ਲੈ ਗਏ। ਇਸ ਤਰ੍ਹਾਂ ਉਨ੍ਹਾਂ ਨੇ ਦੋਹਾਂ ਦੇਸਾਂ ਅਤੇ ਦੋਹਾਂ ਲੀਡਰਾਂ ਦੀ ਬਰਾਬਰੀ ਜ਼ਾਹਰ ਕੀਤੀ।

ਇਸ ਦੇ ਨਾਲ ਹੀ ਸਰਹੱਦ ਲਾਈਨ ਨੂੰ ਫਿੱਕੀ ਕਰ ਦਿੱਤਾ ਅਤੇ ਦੋਹਾਂ ਦੇਸਾਂ ਦੇ ਏਕੀਕਰਨ ਦੇ ਉਦੇਸ਼ ਵੱਲ ਵੀ ਸੰਕੇਤ ਕੀਤਾ।

ਇਸ ਮਗਰੋਂ ਦੋਹਾਂ ਲੀਡਰਾਂ ਦੀਆਂ ਖੁੱਲ੍ਹੀ ਹਵਾ ਵਿੱਚ ਗੈਰ ਰਸਮੀਂ ਤਰੀਕੇ ਨਾਲ ਗੱਲਬਾਤ ਕਰਦਿਆਂ ਦੀਆਂ ਤਸਵੀਰਾਂ ਰਾਹੀਂ ਸੰਕੇਤ ਦਿੱਤਾ ਗਿਆ ਕਿ ਦੋਵੇਂ ਦੇਸ ਆਪਣੀ ਹੋਣੀ ਦੇ ਆਪ ਹੀ ਵਿਧਾਤਾ ਹਨ।

ਹੱਥ ਮਿਲਾ ਕੇ ਤੇ ਭਰਵੀਆਂ ਜੱਫ਼ੀਆਂ ਪਾ ਕੇ ਦੋਹਾਂ ਕੋਰੀਆਈ ਦੇਸਾਂ ਨੇ ਆਪਣੇ ਭਵਿੱਖ ਦੇ ਨਿਰਧਾਰਕ ਹੋਣ ਦੇ ਸੁਨੇਹੇ ਨੂੰ ਤਾਕਤ ਦਿੱਤੀ।

ਜਦੋਂ ਪ੍ਰਾਇਦੀਪ ਦਾ ਅਤੀਤ ਭੁਲਾਉਣ ਦੀ ਪ੍ਰਕਿਰਿਆ 'ਤੇ ਬਾਹਰੀ ਤਾਕਤਾਂ, ਭਾਵੇਂ ਚੀਨ, ਜਪਾਨ, ਜਾਂ ਠੰਡੀ ਜੰਗ ਦੌਰਾਨ ਅਮਰੀਕਾ ਤੇ ਸਾਬਕਾ ਸੋਵੀਅਤ ਰੂਸ ਵੱਲੋਂ ਅਕਸਰ ਆਪਣੇ ਨਿੱਜੀ ਹਿਤਾਂ ਕਰਕੇ ਦੱਬ ਲਿਆ ਜਾਂਦਾ ਹੈ।

ਕੌਮਾਂਤਰੀ ਮੀਡੀਆ ਨੂੰ ਦਿੱਤੇ ਸਾਂਝੇ ਬਿਆਨ ਨੂੰ ਕਿਮ ਨੇ ਦੁਨੀਆਂ ਦੀਆਂ ਪੂਰਬ ਧਾਰਨਾਵਾਂ ਨੂੰ ਚੁਣੌਤੀ ਦੇਣ ਲਈ ਵਰਤਿਆ।

ਕਿੰਮ ਦੀ ਪ੍ਰੈਸ ਮਿਲਣੀ ਨੇ ਉਨ੍ਹਾਂ ਦਾ ਅਕਸ ਬਦਲਿਆ

ਕਿਮ ਦੀ ਪ੍ਰੈਸ ਮਿਲਣੀ ਨੇ ਉਨ੍ਹਾਂ ਦੇ ਸਖ਼ਤ, ਤਾਨਾਸ਼ਹ ਲੀਡਰ ਦੇ ਅਕਸ ਨੂੰ ਸਾਧਾਰਨ, ਇਨਸਾਨੀ ਸਿਆਸਤਦਾਨ ਦੇ ਅਕਸ ਵਿੱਚ ਬਦਲ ਦਿੱਤਾ ਜੋ ਅਮਨ ਅਤੇ ਕੌਮੀ ਏਕੀਕਰਨ ਲਈ ਕੰਮ ਕਰਨਾ ਚਾਹੁੰਦਾ ਹੈ।

ਕਿਸੇ ਸਨਕੀ ਨੂੰ ਇਹ ਉੱਤਰੀ ਕੋਰੀਆ ਵੱਲੋਂ ਹੁਣ ਤੱਕ ਕੀਤੇ ਜਾ ਚੁੱਕੇ ਵਿਕਾਸ ਨੂੰ ਟਿਕਾਣੇ ਲਾਉਣ ਲਈ ਕੀਤੇ ਜਾ ਰਹੇ ਪ੍ਰਾਪੇਗੰਡੇ ਦੀ ਇੱਕ ਸੌਖੀ ਜਿੱਤ ਲੱਗ ਸਕਦੀ ਹੈ।

ਜਿਸ ਵਿੱਚ ਉੱਤਰੀ ਕੋਰੀਆ 'ਫੌਰੀ ਹਥਿਆਰ ਤਿਆਗਣ' ਦੀਆਂ ਉਮੀਦਾਂ ਨੂੰ ਦਰਕਿਨਾਰ ਕਰਕੇ ਅਤੇ 'ਪੜਾਅ ਦਰ ਪੜਾਅ ਹਥਿਆਰ ਤਿਆਗਣ' ਦੀ ਗੱਲ ਕਰ ਕੇ ਸਫਲ ਵੀ ਹੋਇਆ ਹੈ।

ਸਾਂਝੇ ਐਲਾਨ ਵਿੱਚ ਕੋਰੀਆਈ ਲੀਡਰਾਂ ਦਰਮਿਆਨ ਹੋਈਆਂ 2000 ਅਤੇ 2007 ਦੀਆਂ ਬੈਠਕਾਂ ਅਤੇ ਉਸ ਤੋਂ ਪਹਿਲਾਂ 1991 ਵਿੱਚ ਹੋਈਆਂ ਦੁਵੱਲੀ ਸੁਲ੍ਹਾ-ਸਫ਼ਾਈ ਅਤੇ ਆਪਸੀ ਗੁੱਸੇਖੋਰੀ ਵਿਰੋਧੀ ਸੰਧੀਆਂ ਦੀ ਗੂੰਜ ਵੀ ਹੈ।

ਸਾਂਝੇ ਤਾਲਮੇਲ ਮਿਸ਼ਨ ਕਾਇਮ ਕਰਨੇ, ਫੌਜੀ ਗੱਲਬਾਤ ਅਤੇ ਆਪਸੀ ਭਰੋਸਾ ਵਿਕਸਿਤ ਕਰਨ ਦੇ ਯਤਨ, ਆਰਥਿਕ ਸਹਿਯੋਗ, ਅਤੇ ਦੋਹਾਂ ਦੇਸਾਂ ਦੇ ਨਾਗਰਿਕਾਂ ਦੇ ਆਪਸੀ ਮੇਲਜੋਲ ਨੂੰ ਵਧਾਉਣਾ ਪਹਿਲੇ ਸਮਝੌਤਿਆਂ ਵਿੱਚ ਵੀ ਸ਼ਾਮਲ ਰਿਹਾ ਹੈ।

ਇਸ ਦੇ ਬਾਵਜੂਦ ਸ਼ੁੱਕਰਵਾਰ ਦੇ ਐਲਾਨ ਵਧੇਰੇ ਸਟੀਕ ਹਨ। ਮਿਸਾਲ ਵਜੋਂ ਦੋਹਾਂ ਦੇਸਾਂ ਨੇ, ਇੱਕ ਦੂਜੇ ਖਿਲਾਫ ਨਫਰਤ ਵਾਲੀਆਂ ਸਾਰੀਆਂ ਗਤੀਵਿਧੀਆਂ ਭਾਵੇਂ ਉਹ ਜ਼ਮੀਨ 'ਤੇ ਹੋਣ, ਆਕਾਸ਼ 'ਚ ਹੋਣ 'ਤੇ ਭਾਵੇਂ ਸਮੁੰਦਰ ਵਿੱਚ ਰੋਕਣ ਦਾ ਅਤੇ ਆਪਸੀ ਭਰੋਸਾ ਵਿਕਸਿਤ ਕਰਨ ਦੇ ਯਤਨ ਤੇਜ਼ ਕਰਨ ਲਈ ਇੱਕ ਸਮਾਂਬੱਧ ਢੰਗ ਨਾਲ ਕੰਮ ਕਰਨ ਦਾ ਇਕਰਾਰ ਕੀਤਾ ਹੈ।

ਇਸ ਵਿੱਚ ਪਹਿਲੀ ਮਈ ਤੱਕ ਉਨ੍ਹਾਂ ਇਲਾਕਿਆਂ ਵਿੱਚੋਂ ਜਿੱਥੋਂ ਫੌਜਾਂ ਹਟਾ ਲਈ ਗਈ ਹੈ, ਉੱਥੇ ਇੱਕ ਦੂਜੇ ਖਿਲਾਫ਼ ਨਫਰਤ ਵਾਲੀਆਂ ਸਾਰੀਆਂ ਗਤੀਵਿਧੀਆਂ ਬੰਦ ਕਰਨਾ, ਮਈ ਵਿੱਚ ਹੀ ਫੌਜਾਂ ਦਰਮਿਆਨ ਦੁਵੱਲੀ ਗੱਲਬਾਤ ਸ਼ੁਰੂ ਕਰਨਾ, 2018 ਦੀਆਂ ਏਸ਼ੀਆਈ ਖੇਡਾਂ ਵਿੱਚ ਸਾਂਝੀ ਹਿੱਸੇਦਾਰੀ, 15 ਅਗਸਤ ਤੱਕ ਦੋਹਾਂ ਦੇਸਾਂ ਵਿੱਚ ਰਹਿ ਰਹੇ ਪਰਿਵਾਰਾਂ ਦੇ ਮਿਲਾਪ ਮੁੜ ਸ਼ੁਰੂ ਕਰਨੇ।

ਇਨ੍ਹਾਂ ਵਿੱਚੋਂ ਸ਼ਾਇਦ ਸਭ ਤੋਂ ਅਹਿਮ ਹੈ, ਇਸੇ ਸਾਲ ਦੀ ਪਤਝੜ ਤੱਕ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਾ ਉੱਤਰ ਵਿੱਚ ਮੋੜਵਾਂ ਦੌਰਾ।

ਐਲਾਨਨਾਮੇ ਵਿੱਚ ਦੋਹਾਂ ਦੇਸਾਂ ਵੱਲੋਂ ਅਮਰੀਕਾ ਤੇ ਚੀਨ ਨਾਲ ਸਾਂਝੀ ਗੱਲਬਾਤ ਕਰਨਾ ਵੀ ਸ਼ਾਮਲ ਹੈ।

ਮਹੱਤਵਪੂਰਨ ਮਸਲਿਆਂ 'ਤੇ ਬਾਹਰੀ ਤਾਕਤਾ ਨੂੰ ਸਮਾਂ ਸਾਰਣੀ ਵਿੱਚ ਲਿਆਉਣ ਨਾਲ ਪ੍ਰਾਇਦੀਪ ਵਿੱਚ ਤਣਾਅ ਦਾ ਖ਼ਤਰਾ ਘਟੇਗਾ। ਖਾਸ ਕਰਕੇ ਜਦੋਂ ਰਾਸ਼ਟਰਪਤੀ ਟਰੰਪ 'ਫਾਇਰ ਐਂਡ ਫਿਊਰੀ' ਵਾਲੀ ਭਾਸ਼ਾ ਵਰਤ ਰਹੇ ਹਨ।

ਇਸ ਸਮੇਂ ਰਾਸ਼ਟਰਪਤੀ ਮੂਨ ਵੀ ਆਪਣੇ ਪੰਜ ਸਾਲਾ ਕਰਾਜਕਾਲ ਦੀ ਸ਼ੁਰੂਆਤ ਵਿੱਚ ਹਨ। ਜਦਕਿ 2000 ਅਤੇ 2007 ਦੀਆਂ ਬੈਠਕਾਂ ਸਮੇਂ ਦੱਖਣੀ ਕੋਰੀਆ ਦੇ ਤਤਕਾਲੀ ਲੀਡਰ ਕਿੰਮ ਡੇ-ਜੌਂਗ ਅਤ ਰੋਹ ਮੂ-ਹਿਊਨ ਦੇ ਕਾਰਜ ਕਾਲਾਂ ਦਾ ਕਾਫੀ ਸਮਾਂ ਲੰਘਾ ਚੁੱਕੇ ਸਨ।

"ਇੱਕ ਕੌਮ, ਇੱਕ ਭਾਸ਼ਾ, ਇੱਕ ਖੂਨ"

ਇਸ ਪ੍ਰਕਾਰ ਦੋਹਾਂ ਆਗੂਆਂ ਕੋਲ ਆਪਣੀ ਗੱਲਬਾਤ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਮਾਂ ਹੈ। ਦੋਵੇਂ ਆਗੂ ਐਲਾਨਨਾਮੇ ਵਿੱਚ ਸ਼ਾਮਲ ਬਿੰਦੂਆਂ 'ਤੇ ਗੱਲਬਾਤ ਅੱਗੇ ਵਧਾਉਣ ਦੇ ਇੱਛੁਕ ਨਜ਼ਰ ਆਏ।

ਕਿਮ ਨੇ ਆਪਣੇ ਭਾਸ਼ਨ ਵਿੱਚ "ਇੱਕ ਕੌਮ, ਇੱਕ ਭਾਸ਼ਾ, ਇੱਕ ਖੂਨ" ਦੀ ਗੱਲ ਜ਼ੋਰ ਨਾਲ ਕੀਤੀ ਅਤੇ ਦੱਖਣੀ ਕੋਰੀਆ ਨਾਲ ਭਵਿੱਖ ਵਿੱਚ ਕਿਸੇ ਕਿਸਮ ਦੇ ਤਣਾਅ ਤੋਂ ਇਨਕਾਰ ਕੀਤਾ।

ਇਹ ਗੱਲ ਦੱਖਣੀ ਕੋਰੀਆ ਦੇ ਨਾਗਰਿਕਾਂ ਵਿੱਚ ਦੋਹਾਂ ਦੇਸਾਂ ਦੇ ਏਕੀਕਰਨ ਦੇ ਹਮਾਇਤੀਆਂ ਲਈ ਵੀ ਉਤਸ਼ਾਹ ਵਧਾਉਣ ਵਾਲੀ ਸੀ।

ਭਾਵੇਂ ਦੋਵੇਂ ਕੋਰੀਆਈ ਦੇਸ ਆਪਣਾ ਭਵਿੱਖ ਬਣਾਉਣ ਬਾਰੇ ਕਿੰਨੇ ਵੀ ਸੰਜੀਦਾ ਕਿਉਂ ਨਾ ਹੋਣ, ਅਮਰੀਕੀ ਰਾਸ਼ਟਰਪਤੀ ਟਰੰਪ ਦੀ ਫੈਸਲਾਕੁੰਨ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਸ ਦਿਸ਼ਾ ਵਿੱਚ ਮਈ ਜਾਂ ਜੂਨ ਮਹੀਨੇ ਹੋਣ ਵਾਲੀ ਕਿਮ-ਟਰੰਪ ਬੈਠਕ ਦਿਲਚਸਪ ਹੋਵੇਗੀ। ਇਸ ਨਾਲ ਉੱਤਰੀ ਕੋਰੀਆ ਦੀ ਸ਼ਾਂਤਮਈ ਸਮਝੌਤੇ ਲਈ ਦ੍ਰਿੜਤਾ ਵੀ ਪਰਖੀ ਜਾਵੇਗੀ।

ਉੱਤਰੀ ਕੋਰੀਆ ਦੀ "ਪਰਮਾਣੂ ਹਥਿਆਰ ਖ਼ਤਮ ਕਰਨ" ਦਾ ਇਕਰਾਰ ਅਮਰੀਕਾ ਦੀ "ਵਿਸਥਾਰਿਤ, ਪੁਸ਼ਟੀਯੋਗ ਅਤੇ ਮੁੜ ਤੋਂ ਨਾ ਸ਼ੁਰੂ ਵਾਲੇ ਹਥਿਆਰਾਂ ਦੇ ਪ੍ਰੋਗਰਾਮ" ਦੇ ਖਾਤਮੇ ਦੀ ਮੰਗ ਤੋਂ ਬਿਲਕੁਲ ਵੱਖ ਹੈ।

ਇਹ ਬੈਠਕ ਨਾ ਸਿਰਫ ਦੋਵੇਂ ਦੇਸਾਂ ਲਈ ਇਸ ਮੁੱਦੇ 'ਤੇ ਆਪਸੀ ਦੂਰੀ ਘਟਾਉਣ ਲਈ ਇੱਕ ਰਾਹ ਹੋਵੇਗੀ ਸਗੋਂ ਇਸ ਤੋਂ ਇਹ ਵੀ ਪਤਾ ਲੱਗੇਗਾ ਕਿ ਅਮਰੀਕਾ ਨੇ ਉੱਤਰ ਕੋਰੀਆ ਨਾਲ ਆਪਣੀ ਦੂਰੀ ਘੱਟ ਕਰਨ ਲਈ ਕਿੰਨੀ ਕੁ ਰਣਨੀਤੀ ਵਿਕਸਿਤ ਕੀਤੀ ਹੈ।

ਰਾਸ਼ਟਰਪਤੀ ਮੂਨ ਨੇ ਇਸ ਇਤਿਹਾਸਕ ਪਹਿਲ ਲਈ ਚਤੁਰਾਈ ਨਾਲ ਅਤੇ ਵਾਰ-ਵਾਰ ਟਰੰਪ ਨੂੰ ਆਪਣੇ ਸਿਰ ਸਿਹਰਾ ਸਜਾਉਣ ਦਿੱਤਾ। ਉਹ ਸਮਝਦੇ ਹਨ ਕਿ ਰਾਸ਼ਟਰਪਤੀ ਟਰੰਪ ਦੀ ਹਉਮੈਂ ਨੂੰ ਪੱਠੇ ਪਾਉਣਾ ਦਾ, ਜੰਗ ਦਾ ਖ਼ਤਰਾ ਘਟਾਉਣ ਦਾ ਅਤੇ ਉਨ੍ਹਾਂ ਨੂੰ ਗੱਲਬਾਤ ਵਿੱਚ ਸ਼ਾਮਲ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਭਲੇ ਹੀ ਇਸ ਬੈਠਕ ਵਿੱਚੋਂ ਕੁਝ ਵੀ ਦੂਰ ਰਸੀ ਸਿੱਟਾ ਨਿਕਲ ਕੇ ਆਵੇ ਪਰ ਇਸ ਨੇ ਦੋਹਾਂ ਲੀਡਰਾਂ ਦੀ ਸਿਆਸੀ ਲਿਆਕਤ ਅਤੇ ਕੂਟਨਿਤਿਕ ਚੁਸਤੀ ਅਤੇ ਰਣਨਿਤਿਕ ਨਜ਼ਰੀਏ ਨੂੰ ਜ਼ਰੂਰ ਦੁਨੀਆਂ ਦੇ ਸਾਹਮਣੇ ਲਿਆਂਦਾ ਹੈ।

ਸ਼ੁੱਕਰਵਾਰ ਦਾ ਨਾਟਕੀ ਘਟਨਾਕ੍ਰਮ ਇਹ ਵੀ ਦੱਸਦਾ ਹੈ ਕਿ ਯੁੱਗ ਪਲਟਣ ਲਈ ਸ਼ਖਸ਼ੀਅਤ ਅਤੇ ਲੀਡਰਸ਼ਿਪ ਦੋ ਪ੍ਰਮੁੱਖ ਤੱਤ ਹਨ।

ਇਨ੍ਹਾਂ ਦੇ ਸਦਕਾ ਮੁਕਾਬਲਤਨ ਛੋਟੀਆਂ ਸ਼ਕਤੀਆਂ ਵੀ ਆਪਣੇ ਹਿੱਤਾਂ ਲਈ ਕੰਮ ਕਰ ਸਕਦੀਆਂ ਹਨ ਉਹ ਵੀ ਤਦ ਜਦੋਂ ਕਿੱਤੇ ਵੱਡੀਆਂ ਅਤੇ ਪ੍ਰਭਾਵਸ਼ਾਲੀ ਸ਼ਕਤੀਆਂ ਆਪਣੇ ਹਿੱਤਾਂ ਲਈ ਭਿੜ ਰਹੀਆਂ ਹੋਣ।

(ਲੇਖਕ, ਚੈਥਮ ਹਾਊਸ ਵਿਖੇ ਉੱਤਰਪੂਰਬ ਏਸ਼ੀਆ, ਏਸ਼ੀਆ-ਪ੍ਰਸ਼ਾਂਤ ਪ੍ਰੋਗਰਾਮ ਲਈ ਸੀਨੀਅਰ ਰਿਸਰਚ ਫੈਲੋ ਹਨ ਅਤੇ ਕੈਂਬਰਿਜ ਯੂਨੀਵਰਸਿਟੀ ਵਿਖੇ ਜਪਾਨੀ ਸਿਆਸਤ ਅਤੇ ਕੌਮਾਂਤਰੀ ਸੰਬੰਧਾਂ ਦੇ ਸੀਨੀਅਰ ਲੈਕਚਰਰਾਰ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)