You’re viewing a text-only version of this website that uses less data. View the main version of the website including all images and videos.
ਗਰਾਊਂਡ ਰਿਪੋਰਟ: ਉੱਤਰੀ ਤੇ ਦੱਖਣੀ ਕੋਰੀਆ ਦੀ ਸਰਹੱਦ 'ਤੇ ਸੁਰੰਗਾਂ ਤੇ ਲੈਂਡਮਾਈਨਾਂ
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ, ਉੱਤਰੀ ਤੇ ਦੱਖਣੀ ਕੋਰੀਆ ਦੀ ਸਰਹੱਦ ਤੋਂ
ਸਰਹੱਦ 'ਤੇ ਵਸੇ ਇਸ ਆਖ਼ਰੀ ਪਿੰਡ ਵਿੱਚ ਸੰਨਾਟਾ ਪਸਰਿਆ ਹੋਇਆ ਹੈ ਜਿਸਨੂੰ ਇੱਕ ਅੱਧੀ ਬਖ਼ਤਰਬੰਦ ਗੱਡੀ ਕਦੇ-ਕਦਾਈਂ ਤੋੜ ਦਿੰਦੀ ਹੈ।
ਦੱਖਣੀ ਕੋਰੀਆ ਦੇ ਇੱਕ ਪਿੰਡ ਵਿੱਚ ਸਵੇਰ ਦੇ ਸਾਢੇ ਦਸ ਵੱਜੇ ਹਨ।
ਯੋਂਗਰਾਮ ਰੀ ਪਿੰਡ ਦੇ ਬਾਅਦ ਤੋਂ ਹੀ ਉੱਤਰ ਅਤੇ ਦੱਖਣ ਦੇ ਵਿੱਚ ਦਾ ਡਿਮਿਲੀਟ੍ਰਾਈਜ਼ਡ ਜ਼ੋਨ ਸ਼ੁਰੂ ਹੋ ਜਾਂਦਾ ਹੈ।
ਅਨੁਮਾਨ ਹੈ ਕਿ ਇਸ ਜ਼ੋਨ ਵਿੱਚ ਦਸ ਲੱਖ ਤੋਂ ਵੀ ਜ਼ਿਆਦਾ ਲੈਂਡਮਾਈਨਸ ਦਾ ਜਾਲ ਵਿਛਿਆ ਹੋਇਆ ਹੈ।
ਇੱਧਰ ਪਿੰਡ ਦੇ ਬਿਰਧ ਆਸ਼ਰਮ ਵਿੱਚ ਕਰੀਬ ਇੱਕ ਦਰਜਨ ਔਰਤਾਂ ਖਾਣਾ ਪਰੋਸੇ ਜਾਣ ਦੀ ਉਡੀਕ ਵਿੱਚ ਹਨ।
ਕਈ ਕਿਸਮ ਦੀਆਂ ਸੁੱਕੀਆਂ ਮੱਛੀਆਂ, ਪੋਰਕ ਚੌਲ, ਕਿਮਚੀ ਸਲਾਦ ਅਤੇ ਕੋਰੀਆ ਦੀ 'ਕੌਮੀ ਸ਼ਰਾਬ' ਸੋਜੂ ਅੱਜ ਮੇਜ਼ 'ਤੇ ਹੈ।
ਇਹ ਉਹ ਲੋਕ ਹਨ ਜਿਨ੍ਹਾਂ ਨੇ ਦੇਸ ਦੀ ਹਿੰਸਕ ਵੰਡ ਨੂੰ ਦੇਖਿਆ ਹੈ ਤੇ ਉਨ੍ਹਾਂ ਦੇ ਚਿਹਰਿਆ 'ਤੇ ਅੱਜ ਵੀ ਦਹਿਸ਼ਤ ਦੀ ਛਾਪ ਹੈ।
90 ਸਾਲ ਦੀ ਲੀ ਸੁਨ ਜਾ ਨੇ 1950 ਵਿੱਚ ਇਸੇ ਪਿੰਡ ਵਿੱਚ ਲੋਕਾਂ ਦਾ ਕਤਲੇਆਮ ਦੇਖਿਆ।
''ਮੇਰੇ ਪਤੀ ਹੁਣ ਨਹੀਂ ਰਹੇ ਅਤੇ ਬੱਚੇ ਵੱਡੇ ਹੋ ਕੇ ਦੂਜੀਆਂ ਥਾਵਾਂ 'ਤੇ ਜਾ ਕੇ ਵਸ ਚੁੱਕੇ ਹਨ। ਪਿਛਲੇ ਸਾਲਾਂ ਵਿੱਚ ਤਣਾਅ ਵਿੱਚ ਵਧਿਆ ਹੈ। ਹੁਣ ਮੈਂ ਆਪਣੀ ਥਾਂ ਤਾਂ ਨਹੀਂ ਛੱਡਾਂਗੀ ਪਰ ਹਾਂ, ਰੋਜ਼ ਦਿਮਾਗ ਵਿੱਚ ਇਹ ਗੱਲ ਜ਼ਰੂਰ ਉੱਠਦੀ ਹੈ ਕਿ ਜੰਗ ਮੁੜ ਨਾ ਛਿੜ ਜਾਵੇ। ਜ਼ਾਹਿਰ ਹੈ, ਡਰ ਵੀ ਲੱਗਦਾ ਹੈ।''
ਲੀ ਸੁਨ ਜਾ ਇਸ ਬਿਰਧ ਆਸ਼ਰਮ ਵਿੱਚ ਇਕੱਲੀ ਔਰਤ ਸੀ ਜੋ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਹੋਈ।
ਦੂਜਿਆਂ ਨੇ ਉੱਤਰੀ ਕੋਰੀਆ ਦੇ ਬਾਰੇ ਵਿੱਚ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਮਨਾਂ ਕਰ ਦਿੱਤਾ ਕਿਉਂਕਿ ਇਨ੍ਹਾਂ ਵਿੱਚੋਂ ਕਈ ਉੱਥੋਂ ਹੀ ਆਏ ਹਨ ਅਤੇ ਕੁਝ ਦੇ ਰਿਸ਼ਤੇਦਾਰ ਅਜੇ ਵੀ ਉੱਥੇ ਹੀ ਹਨ।
ਪਰ ਲੀ ਸੁਨ ਜਾ ਇਸ ਗੱਲ ਤੋਂ ਬਿਲਕੁਲ ਅਣਜਾਣ ਹੈ ਕਿ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਮਿਜ਼ਾਈਲ 'ਤੇ ਮਿਜ਼ਾਈਲ ਟੈਸਟ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ,''ਮੈਂ ਟੈਲੀਵਿਜ਼ਨ ਤਾਂ ਦੇਖਦੀ ਹਾਂ ਪਰ ਕਿਮ ਦੇ ਬਾਰੇ ਬਹੁਤ ਘੱਟ ਹੀ ਗੱਲ ਹੁੰਦੀ ਹੈ। ਉਂਝ ਉੱਤਰ ਕੋਰੀਆ ਹਮੇਸ਼ਾ ਤੋਂ ਜੰਗ-ਪਸੰਦ ਰਿਹਾ ਹੈ। ਚਿੰਤਾ ਵੀ ਇਸੇ ਗੱਲ ਦੀ ਹੈ।''
ਯੋਂਗਰਾਮ ਰੀ ਵਰਗੇ ਦਰਜਨਾਂ ਪਿੰਡ ਉੱਤਰੀ ਕੋਰੀਆ ਸਰਹੱਦ ਦੇ ਨੇੜੇ ਵਸੇ ਹੋਏ ਹਨ।
ਹਰ ਪਿੰਡ ਵਿੱਚ ਵੱਡੇ-ਵੱਡੇ ਬੰਕਰ ਤਿਆਰ ਹਨ ਅਤੇ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿੱਚ ਚਲੇ ਜਾਣ 'ਤੇ ਪਰਮਾਣੂ ਜਾਂ ਰਸਾਇਣ ਹਮਲੇ ਤੋਂ ਵੀ ਬਚਿਆ ਜਾ ਸਕਦਾ ਹੈ।
ਕਾਫ਼ੀ ਮਿੰਨਤਾ ਦੇ ਬਾਅਦ ਸਾਨੂੰ ਇੱਕ ਬੰਕਰ ਵਿੱਚ ਜਾਣ ਅਤੇ ਫ਼ਿਲਮ ਬਣਾਉਣ ਦੀ ਇਜਾਜ਼ਤ ਮਿਲੀ।
ਲੋਹੇ ਅਤੇ ਕੌਨਕ੍ਰੀਟ ਦੀਆਂ ਬਣੀਆਂ ਕੰਧਾਂ ਚਾਰ ਫੁੱਟ ਤੋਂ ਜ਼ਿਆਦਾ ਮੋਟੀਆਂ ਹਨ ਅਤੇ ਇਨ੍ਹਾਂ ਅੰਡਰ ਗ੍ਰਾਊਂਡ ਬੰਕਰਾਂ ਵਿੱਚ ਮੋਮਬੱਤੀਆ ਅਤੇ ਟੌਰਚ ਦੇ ਇਲਾਵਾ ਬਿਜਲੀ ਅਤੇ ਜਨਰੇਟਰ ਵੀ ਹੈ।
ਵੱਡੇ-ਵੱਡੇ ਫਰਿੱਜਾਂ ਵਿੱਚ ਤਿੰਨ ਮਹੀਨੇ ਤੱਕ ਦੇ ਖਾਣੇ ਦਾ ਸਮਾਨ, ਕੰਬਲ ਅਤੇ ਬੈਟਰੀ ਨਾਲ ਚੱਲਣ ਵਾਲੇ ਸ਼ੌਰਟਵੇਵ ਰੇਡੀਓ ਮੌਜੂਦ ਹੈ ਜਿਸ ਨਾਲ ਲੜਾਈ ਦੇ ਹਾਲਾਤ ਵਿੱਚ ਬਾਹਰੀ ਦੁਨੀਆਂ ਤੋਂ ਸੰਪਰਕ ਬਣਾ ਰਹੇ।
ਹਰ ਪਿੰਡ ਵਿੱਚ ਡਿਜੀਟਲ ਸਕਰੀਨ ਅਤੇ ਵੱਡੇ ਲਾਊਡਸਪੀਕਰ ਅਲਾਰਮ ਵੀ ਹਮੇਸ਼ਾ ਤਿਆਰ ਰਹਿੰਦੇ ਹਨ।
ਦੱਖਣੀ ਕੋਰੀਆ ਦੀ ਰਾਜਧਾਨੀ ਤੋਂ ਚਾਰ ਘੰਟੇ ਦੂਰ ਵਸੇ ਇਸ ਇਲਾਕੇ ਵਿੱਚ ਪਹੁੰਚਣ ਲਈ ਬਰਫ਼ੀਲੀਆਂ ਹਵਾਵਾਂ, ਖ਼ਤਮ ਨਾ ਹੋਣ ਵਾਲੀਆਂ ਸੁਰੰਗਾ ਅਤੇ -10 ਡਿਗਰੀ ਤੱਕ ਦੇ ਤਾਪਮਾਨ ਨਾਲ ਨਜਿੱਠਣਾ ਪੈਂਦਾ ਹੈ।
ਇਨ੍ਹਾਂ ਸਾਰੇ ਪਿੰਡਾਂ ਦੇ ਨੇੜੇ ਇੱਕ ਸ਼ਹਿਰ ਹੈ ਚੁਨਚਿਓਂ ਸ਼ਹਿਰ।
ਜਿਵੇਂ-ਜਿਵੇਂ ਸ਼ਹਿਰ ਕਰੀਬ ਆਉਂਦਾ ਹੈ, ਆਮ ਨਾਗਰਿਕ ਘੱਟ ਅਤੇ ਫੌਜੀ ਜ਼ਿਆਦਾ ਦਿਖਣ ਲੱਗਦੇ ਹਨ।
ਪੰਜ ਲੱਖ ਤੋਂ ਜ਼ਿਆਦਾ ਦੱਖਣੀ ਕੋਰੀਆਈ ਸੈਨਿਕ ਇਸ ਬਾਰਡਰ 'ਤੇ ਦਿਨ-ਰਾਤ ਤੈਨਾਤ ਰਹਿੰਦੇ ਹਨ।
ਬਾਰਡਰ ਦੇ ਦੂਜੇ ਪਾਸੇ ਉੱਤਰੀ ਕੋਰੀਆ ਦੀਆਂ ਤੋਪਾਂ ਦੇ ਮੁੰਹ ਵੀ ਇਸੇ ਪਾਸੇ ਮੁੜੇ ਹਨ।
ਇਸਦੇ ਬਾਵਜੂਦ ਜੋ ਸਰਹੱਦ 'ਤੇ ਰਹਿੰਦੇ ਹਨ, ਉਹ ਇੱਕ ਇੰਚ ਵੀ ਹਿਲਣਾ ਨਾਪਸੰਦ ਕਰਦੇ ਹਨ।