ਮਿਲੋ ਘਰ ਵੇਚ ਕਾਰੋਬਾਰ ਸ਼ੁਰੂ ਕਰ ਬਣੀ ਅਰਬਪਤੀ ਨੂੰ

ਤਸਵੀਰ ਸਰੋਤ, Mecca
ਜੋ ਹੋਰਗਨ ਮੇਕਾ ਨਾਂ ਦੇ ਸਟੋਰ ਦੀ ਮਾਲਕ ਹੈ ਜਿਸ 'ਚ ਵੱਡੀਆਂ ਕੰਪਨੀਆਂ ਦਾ ਮੇਕਅੱਪ ਦਾ ਸਮਾਨ ਵੇਚਿਆ ਜਾਂਦਾ ਹੈ
ਮੇਕਅੱਪ ਖਰੀਦਣ ਵਾਲੀਆਂ ਸਾਰੀਆਂ ਔਰਤਾਂ ਜਾਣਦੀਆਂ ਹਨ ਕਿ ਇਹ ਕਿਨਾਂ ਮੁਸ਼ਕਿਲ ਕੰਮ ਹੈ।
ਦੁਕਾਨਾਂ 'ਤੇ ਵੱਖ-ਵੱਖ ਬ੍ਰਾਂਡ ਦੇ ਕਾਊਂਟਰ ਲੱਗੇ ਹੁੰਦੇ ਹਨ ਜਿਨਾਂ 'ਤੇ ਮੌਜੂਦ ਕੁੜੀਆਂ ਆਪਣੇ-ਆਪਣੇ ਪ੍ਰੋਡਕਟ ਨੂੰ ਵੇਚਣ ਵਿੱਚ ਲੱਗੀਆਂ ਰਹਿੰਦੀਆਂ ਹਨ, ਫਿਰ ਭਾਵੇਂ ਉਹ ਗਾਹਕ ਦੀ ਚਮੜੀ ਲਈ ਸਹੀ ਹੋਵੇ ਜਾਂ ਨਾਹ।
ਜੋ ਹੋਰਗਨ ਇਸ ਜ਼ੋਰ-ਜ਼ਬਰਦਸਤੀ ਤੋਂ ਇਨਾਂ ਪਰੇਸ਼ਾਨ ਹੋ ਗਈ ਕਿ ਉਨ੍ਹਾਂ ਇਸ ਵਤੀਰੇ ਨੂੰ ਬਦਲਣ ਦਾ ਫ਼ੈਸਲਾ ਲਿਆ।
ਫਰਾਂਸ ਦੀ ਇੱਕ ਵੱਡੀ ਕੌਸਮੈਟਿਕ ਕੰਪਨੀ ਲੋਰਿਅਲ 'ਚ ਬਤੌਰ ਪ੍ਰੋਜੈਕਟ ਮੈਨੇਜਰ ਕੰਮ ਕਰਨ ਵਾਲੀ ਜੋ ਨੇ ਆਪਣੀ ਨੌਕਰੀ ਛੱਡੀ, ਘਰ ਵੇਚਿਆ ਅਤੇ ਆਪਣਾ ਖ਼ੁਦ ਦਾ ਸਟੋਰ ਖੋਲ ਲਿਆ।
ਮੇਕਾ ਨਾਂ ਦੇ ਇਸ ਕੌਸਮੈਟਿਕ ਬੁਟੀਕ 'ਚ ਨਾਰਸ ਅਤੇ ਅਰਬਨ ਡੀਕੇ ਵਰਗੀਆਂ ਚੰਗੀਆਂ ਕੰਪਨੀਆਂ ਦਾ ਮੇਕਅੱਪ ਵੇਚਿਆ ਜਾਂਦਾ ਸੀ।
ਨਾਲ ਹੀ ਸਮਾਨ ਦੀਆਂ ਖ਼ੂਬੀਆਂ ਬਾਰੇ ਸਾਫ਼ ਤੌਰ 'ਤੇ ਜਾਣਕਾਰੀ ਦਿੱਤੀ ਜਾਂਦੀ ਸੀ, ਜਿਸ ਨਾਲ ਗਾਹਕ ਸੋਚ ਸਮਝ ਕੇ ਫ਼ੈਸਲਾ ਕਰ ਸਕੇ।
1997 'ਚ ਇਹ ਬਿਲਕੁਲ ਨਵਾਂ ਕੌਂਸੈਪਟ ਸੀ। ਇਸ ਲਈ ਇਸ ਦੀ ਸ਼ੌਹਰਤ ਇੰਨੀ ਤੇਜ਼ੀ ਨਾਲ ਵਧੀ ਕਿ ਸਿਰਫ਼ ਦੋ ਦਹਾਕਿਆਂ 'ਚ ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਮੇਕਾ ਦੇ 87 ਸਟੋਰ ਹਨ।
ਇਨ੍ਹਾਂ ਸਟੋਰਜ਼ ਦੀ ਸਲਾਨਾ ਕਮਾਈ 287 ਮਿਲਿਅਨ ਆਸਟਰੇਲੀਆਈ ਡਾਲਰ ਯਾਨਿ ਕਈ ਹਜ਼ਾਰ ਕਰੋੜ ਰੁਪਏ ਹੈ।
ਸਹੀ ਸਮੇਂ 'ਤੇ ਸਹੀ ਮੌਕੇ ਦੀ ਪਛਾਣ ਕਰਨ ਵਾਲੀ ਜੋ ਹੋਰਗਨ ਅੱਜ ਆਸਟਰੇਲੀਆ ਦੀ ਬਿਊਟੀ ਇੰਡਸਟਰੀ ਦੇ ਸਭ ਤੋਂ ਵੱਡੇ ਨਾਵਾਂ 'ਚੋਂ ਇੱਕ ਹੈ।

ਤਸਵੀਰ ਸਰੋਤ, Mecca
ਮਾਂ ਨੂੰ ਤਿਆਰ ਹੁੰਦੇ ਦੇਖਦੀ ਸੀ ਜੋ
ਆਪਣਾ ਬਚਪਨ ਲੰਡਨ 'ਚ ਬਿਤਾਉਣ ਵਾਲੀ ਜੋ ਆਪਣੀ ਮਾਂ ਨੂੰ ਤਿਆਰ ਹੁੰਦੇ ਦੇਖਦੀ ਸੀ, ਮੇਕਅੱਪ ਨਾਲ ਉਨ੍ਹਾਂ ਨੂੰ ਉਦੋਂ ਤੋਂ ਹੀ ਪਿਆਰ ਹੋ ਗਿਆ ਸੀ।
ਜੋ ਨੇ ਦੱਸਿਆ, ''ਅਸੀਂ ਆਪਣੇ ਪੁਰਾਣੇ ਤਰੀਕੇ ਦੇ ਡ੍ਰੈਸਿੰਗ ਟੇਬਲ 'ਤੇ ਬਹਿ ਕੇ ਗੱਲਬਾਤ ਕਰਦੇ ਸੀ, ਉਹ ਸਾਡੇ ਲਈ ਬੜਾ ਖ਼ਾਸ ਸਮਾਂ ਹੁੰਦਾ ਸੀ।''
ਜਦੋਂ ਹੋਰਗਨ 15 ਸਾਲ ਦੀ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਲੰਡਨ ਛੱਡ ਕੇ ਆਸਟਰੇਲੀਆ ਦੇ ਪਰਥ 'ਚ ਵਸ ਗਿਆ।
ਆਪਣੀ ਉਮਰ ਦੀ ਸਾਰੀਆਂ ਕੁੜੀਆਂ ਦੀ ਤਰ੍ਹਾਂ ਜੋ ਨੂੰ ਵੀ ਮੇਕਅੱਪ ਕਰਨਾ ਪਸੰਦ ਸੀ ਪਰ ਉਨ੍ਹਾਂ ਕਦੇ ਨਹੀਂ ਸੀ ਸੋਚਿਆ ਕਿ ਇੱਕ ਦਿਨ ਮੇਕਅੱਪ ਹੀ ਉਨ੍ਹਾਂ ਦਾ ਕਰੀਅਰ ਬਣ ਜਾਵੇਗਾ।
ਪਰਥ ਤੋਂ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੋ ਨੇ ਪੱਛਮੀ ਆਸਟਰੇਲੀਆ ਤੋਂ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ ਅਤੇ ਫ਼ਿਰ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਕਮਯੂਨਿਕੇਸ਼ਨ 'ਚ ਮਾਸਟਰਸ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਲੰਡਨ 'ਚ ਲੋਰਿਅਲ ਦੇ ਨਾਲ ਨੌਕਰੀ ਸ਼ੁਰੂ ਕੀਤੀ ਅਤੇ ਬਾਅਦ 'ਚ ਮੇਲਬਰਨ ਆਫ਼ਿਸ ਸ਼ਿਫ਼ਟ ਹੋ ਗਈ।
ਜੋ ਦੇ ਮੁਤਾਬਕ ਉਨ੍ਹਾਂ ਲੋਰਿਅਲ ਨੂੰ ਮੇਕਅੱਪ ਦੀ ਵਜ੍ਹਾ ਕਰਕੇ ਨਹੀਂ ਸਗੋ ਮਾਰਕਿਟਿੰਗ ਸਿੱਖਣ ਲਈ ਚੁਣਿਆ ਸੀ।
ਉਹ ਦੱਸਦੇ ਹਨ, ''ਲੋਰਿਆਲ ਦੀ ਨੌਕਰੀ ਬਹੁਤ ਮੁਸ਼ਕਿਲ ਸੀ, ਉਸ 'ਚ ਸ਼ੁਰੂਆਤ 'ਚ ਹੀ ਨਤੀਜੇ ਦੇਣ ਦਾ ਦਬਾਅ ਸੀ ਅਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਸੀ।''
ਜਿਸ ਸਮੇਂ ਜੋ ਨੇ ਲੋਰਿਆਲ ਛੱਡ ਕੇ ਮੇਕਾ ਖੋਲਣ ਦਾ ਫ਼ੈਸਲਾ ਕੀਤਾ ਉਨ੍ਹਾਂ ਦੀ ਉਮਰ ਮਹਿਜ਼ 29 ਸਾਲ ਸੀ।
ਜੋ ਅਨੁਸਾਰ ਉਨ੍ਹਾਂ ਦੀ ਉਮਰ ਉਨ੍ਹਾਂ ਲਈ ਫਾਇਦੇਮੰਦ ਰਹੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਨੌਜਵਾਨਾਂ ਨੂੰ ਕੀ ਚਾਹੀਦਾ ਹੈ।
''ਮੈਂ ਖ਼ੁਦ ਗਾਹਕ ਸੀ, ਜਦੋਂ ਤੁਸੀਂ ਆਪ ਗਾਹਕ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਕੰਮ ਹੋਰ ਸੌਖਾ ਹੋ ਜਾਂਦਾ ਹੈ।''

ਤਸਵੀਰ ਸਰੋਤ, Mecca
ਹਾਲਾਂਕਿ ਸਫ਼ਰ ਹਮੇਸ਼ਾ ਸੌਖਾ ਨਹੀਂ ਰਿਹਾ
ਮੇਕਾ ਸ਼ੁਰੂ ਕਰਨ ਦੇ ਕੁਝ ਸਾਲ ਬਾਅਦ ਹੀ ਆਸਟਰੇਲੀਆਈ ਡਾਲਰ ਦੀ ਕੀਮਤ ਡਿੱਗ ਗਈ ਜਿਸ ਵਜ੍ਹਾ ਨਾਲ ਵਿਦੇਸ਼ੀ ਕੰਪਨੀਆਂ ਦਾ ਸਮਾਨ ਖਰੀਦਣਾ ਹੋਰ ਵੀ ਮੁਸ਼ਕਿਲ ਹੋ ਗਿਆ।
ਇਸ ਦਾ ਸਿੱਧਾ ਨੁਕਸਾਨ ਜੋ ਨੂੰ ਹੋਇਆ, ''ਉਹ ਬੜਾ ਮੁਸ਼ਕਿਲ ਦੌਰ ਸੀ ਕਿਉਂਕਿ ਤੁਸੀਂ ਖ਼ੁਦ ਦੁੱਗਣੀ ਕੀਮਤ ਦੇ ਕੇ ਸਮਾਨ ਖਰੀਦਦੇ ਹੋ ਪਰ ਆਪਣੇ ਗਾਹਕ ਨੂੰ ਨਹੀਂ ਕਹਿ ਸਕਦੇ ਕਿ ਮੁਆਫ਼ ਕਰਿਓ, ਸਾਨੂੰ ਇਸ ਸਮਾਨ ਦੀ ਕੀਮਤ ਵਧਾਉਣੀ ਪਵੇਗੀ।''
ਇਸ ਨੂੰ ਇੱਕ ਸਿੱਖ ਦੱਸਦੇ ਹੋਏ ਜੋ ਕਹਿੰਦੀ ਹੈ, ''ਮੁੜ ਕੇ ਦੇਖਾਂ ਤਾਂ ਇਹ ਇੱਕ ਤੋਹਫ਼ੇ ਦੇ ਬਰਾਬਰ ਸੀ, ਇਸ ਨਾਲ ਮੇਰੇ ਦਿਮਾਗ ਨੂੰ ਕਮਾਲ ਦੀ ਧਾਰ ਮਿਲੀ, ਮੈਨੂੰ ਪਤਾ ਲੱਗਿਆ ਕਿ ਆਪਣੇ ਕਾਰੋਬਾਰ ਨੂੰ ਜਾਰੀ ਰੱਖਣ ਲਈ ਮੈਨੂੰ ਕਿਹੜੇ ਬਦਲਾਅ ਕਰਨੇ ਹੋਣਗੇ।''
ਜੋ ਨੇ ਤਕਰੀਬਨ ਡੇਢ ਦਹਾਕੇ ਤੱਕ ਬਾਜ਼ਾਰ 'ਤੇ ਇੱਕ ਸਾਰ ਰਾਜ ਕੀਤਾ। ਪਰ 2014 'ਚ ਸੇਫ਼ੋਰਾ ਦੇ ਆਸਟਰੇਲੀਆ ਆਉਂਦੇ ਸਾਰ ਹੀ ਉਨ੍ਹਾਂ ਸਾਹਮਣੇ ਇੱਕ ਵੱਡੀ ਚੁਣੌਤੀ ਖੜੀ ਹੋ ਗਈ।
ਸੇਫ਼ੋਰਾ ਫਰਾਂਸ ਦੇ ਬਹੁਤ ਵੱਡੇ ਵਪਾਰਿਕ ਸਮੂਹ LVMH (ਲੁਈ ਵਿਤਾਂ, ਮੋਵੇਤ ਏਨੇਸੀ) ਦਾ ਸਟੋਰ ਹੈ, ਜਿੱਥੇ ਕਈ ਵੱਡੀਆਂ ਕੰਪਨੀਆਂ ਦੇ ਮੇਕਅੱਪ ਅਤੇ ਬਿਊਟੀ ਪ੍ਰੋਡਕਟ ਮਿਲਦੇ ਹਨ।
ਆਸਟਰੇਲੀਆ 'ਚ ਸੇਫ਼ੋਰਾ ਦੇ 13 ਸਟੋਰ ਹਨ।

ਤਸਵੀਰ ਸਰੋਤ, Mecca
ਪਰ ਜੋ ਨੂੰ ਇਸ ਤੋਂ ਡਰ ਨਹੀਂ ਲਗਦਾ
ਉਨ੍ਹਾਂ ਦਾ ਕਹਿਣਾ ਹੈ ਕਿ ''ਸਾਡਾ ਮਕਸਦ ਮੁਕਾਬਲੇ 'ਚ ਵੱਧ ਸਮੇਂ ਤੱਕ ਬਣੇ ਰਹਿਣਾ ਅਤੇ ਉਨ੍ਹਾਂ ਨੂੰ ਮਾਤ ਦੇਣ ਦਾ ਹੈ।''
2001 'ਚ ਹੀ ਇੰਟਰਨੈੱਟ 'ਤੇ ਆ ਚੁੱਕੀ ਉਨ੍ਹਾਂ ਦੀ ਕੰਪਨੀ ਮੇਕਾ ਨੂੰ ਜਲਦੀ ਸ਼ੁਰੂਆਤ ਕਰਨ ਦਾ ਫਾਇਦਾ ਵੀ ਮਿਲਿਆ ਹੈ।
ਮੇਕਾ ਦੀ ਵੈੱਬਸਾਈਟ ਨੂੰ ਹਰ ਮਹੀਨੇ 90 ਲੱਖ ਵਾਰ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵੀ ਪ੍ਰਚਾਰ ਕਰਦੇ ਹਨ।
ਜੋ ਹੋਰਗਨ ਅਨੁਸਾਰ ਮੁਕਾਬਲੇ ਨੂੰ ਮਾਤ ਦੇਣ ਲਈ ਉਨ੍ਹਾਂ ਦੀ ਸਭ ਤੋਂ ਪਹਿਲੀ ਨੀਤੀ ਆਪਣੀ ਗਾਹਕ ਸੇਵਾ ਨੂੰ ਬਿਹਤਰ ਕਰਨਾ ਹੈ।
ਇਸ ਲਈ ਕੰਪਨੀ ਆਪਣੀ ਟਰਨਓਵਰ ਦਾ ਤਿੰਨ ਫੀਸਦੀ ਆਪਣੇ 2500 ਤੋਂ ਵੱਧ ਕਰਮਚਾਰੀਆਂ ਦੀ ਟ੍ਰੇਨਿੰਗ 'ਤੇ ਖਰਚ ਕਰਦੀ ਹੈ।

ਤਸਵੀਰ ਸਰੋਤ, Mecca
ਪਤੀ ਨਾਲ ਮਿਲ ਕੇ ਜੋ ਸੰਭਾਲਦੀ ਹੈ ਕੰਪਨੀ
ਜੋ ਦੇ ਪਤੀ ਪੀਟਰ ਵੇਟਨਹਾਲ ਵੀ ਉਨ੍ਹਾਂ ਦਾ ਕੰਮ 'ਚ ਸਾਥ ਦਿੰਦੇ ਹਨ। ਉਹ 2005 'ਚ ਕੰਪਨੀ ਦੇ ਕੋ-ਚੀਫ਼ ਐਗਜ਼ਿਕਿਊਟਿਵ ਬਣੇ।
ਜੋ ਅਤੇ ਪੀਟਰ ਦੀ ਮੁਲਾਕਾਤ ਹਾਰਵਡ 'ਚ ਪੜ੍ਹਦੇ ਸਮੇਂ ਹੋਈ, ਉਨ੍ਹਾ ਦੇ ਦੋ ਬੱਚੇ ਹਨ।
ਜੋ ਮੁਤਾਬਕ ਉਹ ਖ਼ੁਦ ਨੂੰ ਅਤੇ ਆਪਣੇ ਪਤੀ ਨੂੰ ਕੋ-ਸੀਈਓ ਦੇ ਤੌਰ 'ਤੇ ਦੇਖਦੇ ਹਨ ਕਿਉਂਕਿ ਉਹ ਦੋਵੇਂ ਕੰਪਨੀ 'ਚ ਆਪਣੇ-ਆਪਣੇ ਤਰੀਕੇ ਨਾਲ ਯੋਗਦਾਨ ਦਿੰਦੇ ਹਨ।
ਉਹ ਸਿੱਧੇ-ਸਿੱਧੇ ਦੱਸਦੀ ਹੈ ਕਿ ''ਮੈਂ ਬਹੁਤ ਚੰਗੀ ਬੌਸ ਨਹੀਂ ਹਾਂ, ਮੈਨੂੰ ਪਤਾ ਹੈ ਕਿ ਅਜਿਹੇ ਕਈ ਕੰਮ ਹਨ ਜਿਹੜੀ ਮੈਂ ਚੰਗੇ ਤਰੀਕੇ ਨਾਲ ਨਹੀਂ ਕਰ ਪਾਉਂਦੀ।''
ਤਾਂ ਫ਼ਿਰ ਉਹ ਇੱਥੋਂ ਤੱਕ ਪਹੁੰਚੀ ਕਿਵੇਂ?
ਜੋ ਦਾ ਕਹਿਣਾ ਹੈ ਕਿ ''ਮੈਂ ਉਨ੍ਹਾਂ ਖ਼ੇਤਰਾਂ ਦੇ ਜਾਣਕਾਰਾਂ ਨੂੰ ਭਰਤੀ ਕਰਦੀ ਹਾਂ ਅਤੇ ਉਨ੍ਹਾਂ ਨੂੰ ਵੀ ਉਸ ਤਰ੍ਹਾਂ ਹੀ ਅੱਗੇ ਵਧਣ ਦਾ ਮੌਕਾ ਦਿੰਦੀ ਹਾਂ ਜਿਵੇਂ ਮੈਂ ਸਿੱਖਿਆ।''












