ਕਿਵੇਂ ਮਾਂ-ਬਾਪ ਦੀ ਮੌਤ ਤੋਂ ਚਾਰ ਸਾਲ ਬਾਅਦ ਹੋਇਆ ਬੱਚੇ ਦਾ ਜਨਮ!

ਤਸਵੀਰ ਸਰੋਤ, iStock/bbc
ਪਹਿਲੀ ਵਾਰੀ 'ਚ ਤਾਂ ਇਸ ਖ਼ਬਰ 'ਤੇ ਯਕੀਨ ਕਰਨਾ ਔਖਾ ਹੈ ਪਰ ਹਾਂ ਅਸਲ 'ਚ ਅਜਿਹਾ ਹੋਇਆ ਹੈ।
ਇਹ ਮਾਮਲਾ ਚੀਨ ਦਾ ਹੈ, ਜਿੱਥੇ ਮਾਤਾ-ਪਿਤਾ ਦੀ ਮੌਤ ਤੋਂ ਚਾਰ ਸਾਲ ਬਾਅਦ ਇੱਕ ਸਰੋਗੇਟ ਮਾਂ ਨੇ ਉਨ੍ਹਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ।
ਚੀਨੀ ਮੀਡੀਆ ਮੁਤਾਬਕ ਬੱਚੇ ਦੇ ਅਸਲ ਮਾਤਾ-ਪਿਤਾ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਸਾਲ 2013 ਵਿੱਚ ਮਾਰੇ ਗਏ ਜੋੜੇ ਨੇ ਭਰੂਣ ਸੁਰੱਖਿਅਤ ਰਖਵਾ ਦਿੱਤਾ ਸੀ।
ਉਹ ਚਾਹੁੰਦੇ ਸੀ ਕਿ ਆਈਵੀਐਫ਼ ਤਕਨੀਕ ਜ਼ਰੀਏ ਉਨ੍ਹਾਂ ਦਾ ਬੱਚਾ ਇਸ ਦੁਨੀਆਂ ਵਿੱਚ ਆਏ।
ਦੁਰਘਟਨਾ ਤੋਂ ਬਾਅਦ ਜੋੜੇ ਦੇ ਮਾਤਾ-ਪਿਤਾ ਨੇ ਭਰੂਣ ਦੀ ਵਰਤੋਂ ਦੀ ਇਜਾਜ਼ਤ ਲਈ ਲੰਬੀ ਕਾਨੂੰਨੀ ਲੜਾਈ ਲੜੀ।
ਦੱਖਣ ਪੂਰਬੀ ਏਸ਼ੀਆ ਦੇਸ ਲਾਓਸ ਦੀ ਇੱਕ ਸਰੋਗੇਟ ਮਾਂ ਨੇ ਇਸ ਬੱਚੇ ਨੂੰ ਜਨਮ ਦਿੱਤਾ ਸੀ ਅਤੇ 'ਦਿ ਬੀਜਿੰਗ ਨਿਊਜ਼' ਅਖ਼ਬਾਰ ਨੇ ਇਸੇ ਹਫ਼ਤੇ ਇਸ ਨੂੰ ਛਾਪਿਆ ਹੈ।
ਇਹ ਪਹਿਲਾ ਮਾਮਲਾ ਸੀ
ਦੁਰਘਟਨਾ ਸਮੇਂ ਭਰੂਣ ਨੂੰ ਨਾਂਜਿੰਗ ਹਸਪਤਾਲ ਵਿੱਚ ਮਾਈਨਸ 196 ਡਿਗਰੀ ਦੇ ਤਾਪਮਾਨ 'ਤੇ ਨਾਈਟਰੋਜਨ ਵਿੱਚ ਸੁਰੱਖਿਅਤ ਰੱਖਿਆ ਗਿਆ ਸੀ।

ਤਸਵੀਰ ਸਰੋਤ, CHINA PHOTOS/bbc
ਕਾਨੂੰਨੀ ਮੁਕੱਦਮਾ ਜਿੱਤਣ ਤੋਂ ਬਾਅਦ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਉਸ 'ਤੇ ਅਧਿਕਾਰ ਮਿਲਿਆ।
ਰਿਪੋਰਟ ਮੁਤਾਬਕ ਪਹਿਲਾਂ ਅਜਿਹਾ ਕੋਈ ਮਾਮਲਾ ਨਹੀਂ ਸੀ ਜਿਸਦੀ ਮਿਸਾਲ 'ਤੇ ਉਨ੍ਹਾਂ ਨੂੰ ਬੱਚੇ ਦੇ ਭਰੂਣ 'ਤੇ ਅਧਿਕਾਰ ਦਿੱਤਾ ਜਾ ਸਕੇ।
ਉਨ੍ਹਾਂ ਨੂੰ ਭਰੂਣ ਦੇ ਤਾਂ ਦਿੱਤਾ ਗਿਆ ਪਰ ਕੁਝ ਹੀ ਸਮੇਂ ਬਾਅਦ ਦੂਜੀ ਸਮੱਸਿਆ ਸਾਹਮਣੇ ਆ ਗਈ।
ਇਸ ਭਰੂਣ ਨੂੰ ਨਾਂਜਿੰਗ ਹਸਪਤਾਲ ਤੋਂ ਸਿਰਫ਼ ਇਸੇ ਸ਼ਰਤ 'ਤੇ ਲਿਜਾਇਆ ਜਾ ਸਕਦਾ ਸੀ ਕਿ ਦੂਜਾ ਹਸਪਤਾਲ ਉਸ ਨੂੰ ਸੰਭਾਲ ਕੇ ਰੱਖੇਗਾ।
ਪਰ ਭਰੂਣ ਦੇ ਮਾਮਲੇ ਵਿੱਚ ਕਾਨੂੰਨੀ ਅਨਿਸ਼ਚਿਤਤਾ ਦੇਖਦੇ ਹੋਏ ਸ਼ਾਇਦ ਹੀ ਕੋਈ ਦੂਜਾ ਹਸਪਤਾਲ ਇਸ ਵਿੱਚ ਉਲਝਣਾ ਚਾਹੁੰਦਾ।
ਚੀਨ ਵਿੱਚ ਸਰੋਗੇਸੀ ਗ਼ੈਰ-ਕਾਨੂੰਨੀ ਹੈ ਇਸ ਲਈ ਇੱਕ ਹੀ ਆਪਸ਼ਨ ਸੀ ਕਿ ਚੀਨ ਤੋਂ ਬਾਹਰ ਸਰੋਗੇਟ ਮਾਂ ਲੱਭੀ ਜਾਵੇ।
ਨਾਗਰਿਕਤਾ ਦਾ ਸਵਾਲ?
ਇਸ ਲਈ ਦਾਦਾ ਅਤੇ ਨਾਨਾ ਨੇ ਸਰੋਗੇਸੀ ਏਜੰਸੀ ਜ਼ਰੀਏ ਲਾਓਸ ਨੂੰ ਚੁਣਿਆ ਜਿੱਥੇ ਸਰੋਗੇਸੀ ਕਾਨੂੰਨੀ ਸੀ।

ਤਸਵੀਰ ਸਰੋਤ, Science Photo Library/bbc
ਕੋਈ ਏਅਰਲਾਈਨ ਲਿਕਵਡ ਨਾਈਟਰੋਜਨ ਦੀ ਬੋਤਲ(ਜਿਸ 'ਚ ਭਰੂਣ ਨੂੰ ਰੱਖਿਆ ਗਿਆ ਸੀ) ਲੈ ਕੇ ਜਾਣ ਨੂੰ ਤਿਆਰ ਨਹੀਂ ਨਹੀਂ ਸੀ। ਇਸ ਲਈ ਉਸ ਨੂੰ ਕਾਰ ਰਾਹੀਂ ਲਾਓਸ ਲਿਆਂਦਾ ਗਿਆ।
ਲਾਓਸ ਵਿੱਚ ਸਰੋਗੇਟ ਮਾਂ ਦੀ ਕੁੱਖ ਵਿੱਚ ਇਸ ਭਰੂਣ ਨੂੰ ਪਲਾਂਟ ਕਰ ਦਿੱਤਾ ਗਿਆ ਅਤੇ ਦਸੰਬਰ 2017 ਵਿੱਚ ਬੱਚਾ ਪੈਦਾ ਹੋਇਆ।
ਤਿਆਂਤਿਆਂ ਨਾਮ ਦੇ ਇਸ ਬੱਚੇ ਲਈ ਨਾਗਰਿਕਤਾ ਦੀ ਵੀ ਸਮੱਸਿਆ ਸੀ।
ਬੱਚਾ ਲਾਓਸ ਵਿੱਚ ਨਹੀਂ ਚੀਨ ਵਿੱਚ ਪੈਦਾ ਹੋਇਆ ਸੀ ਕਿਉਂਕਿ ਸਰੋਗੇਟ ਮਾਂ ਨੇ ਟੂਰਿਸਟ ਵੀਜ਼ੇ 'ਤੇ ਜਾ ਕੇ ਬੱਚੇ ਨੂੰ ਜਨਮ ਦਿੱਤਾ।
ਬੱਚੇ ਦੇ ਮਾਂ-ਬਾਪ ਤਾਂ ਜ਼ਿੰਦਾ ਨਹੀਂ ਸੀ, ਇਸ ਲਈ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਹੀ ਖ਼ੂਨ ਅਤੇ ਡੀਐਨਏ ਟੈਸਟ ਦੇਣਾ ਪਿਆ। ਤਾਂ ਜੋ ਸਾਬਤ ਹੋ ਸਕੇ ਕਿ ਬੱਚਾ ਉਨ੍ਹਾਂ ਦਾ ਦੋਹਤਾ/ਪੋਤਾ ਹੈ ਅਤੇ ਉਸਦੇ ਮਾਤਾ-ਪਿਤਾ ਚੀਨੀ ਨਾਗਰਿਕ ਸਨ।












