You’re viewing a text-only version of this website that uses less data. View the main version of the website including all images and videos.
ਕੀ ਰੂਸ ਦੇ ਵਪਾਰੀ ਦਾ ਕਤਲ ਹੋਇਆ?
ਰੂਸੀ ਜਸੂਸ ਨੂੰ ਜ਼ਹਿਰ ਦੇਣ ਦਾ ਮਾਮਲਾ ਅਜੇ ਸੁਰਖ਼ੀਆਂ ਵਿੱਚ ਹੀ ਹੈ ਅਤੇ ਇਸੇ ਦੌਰਾਨ ਬਰਤਾਨੀਆ ਦੀ ਪੁਲਿਸ ਨੇ ਦੱਖਣ-ਪੱਛਮੀ ਲੰਡਨ ਵਿੱਚ ਰੂਸੀ ਵਪਾਰੀ ਨਿਕੋਲਾਈ ਗਲੁਸਕੋਵ ਦੀ ਮੌਤ ਦੀ ਜਾਂਚ ਕਤਲ ਸ਼ੱਕ ਨਾਲ ਸ਼ੁਰੂ ਕਰ ਦਿੱਤੀ ਹੈ।
68 ਸਾਲਾ ਗਲੁਸਕੋਵ ਦੀ ਲਾਸ਼ ਬੀਤੀ 12 ਮਾਰਚ ਨੂੰ ਆਪਣੇ ਘਰ ਵਿੱਚ ਮਿਲੀ ਸੀ। ਪੋਸਟਮਾਰਟਮ ਰਿਪੋਰਟ ਵਿੱਚ ਉਨ੍ਹਾਂ ਦੀ ਮੌਤ ਦਾ ਕਾਰਨ ਗਲੇ ਵਿੱਚ ਪੈਣ ਵਾਲੇ ਦਬਾਅ ਨੂੰ ਦੱਸਿਆ ਗਿਆ ਸੀ।
ਰੂਸੀ ਜਸੂਸ ਸਰਗੇਈ ਸਕਰਿਪਲ ਅਤੇ ਉਨ੍ਹਾਂ ਦੀ ਧੀ ਯੂਲਿਆ ਉੱਤੇ ਹੋਏ ਕਥਿਤ ਨਰਵ ਏਜੰਟ ਦੇ ਹਮਲੇ ਦੇ ਦੋ ਹਫ਼ਤਿਆਂ ਬਾਅਦ ਹੁਣ ਇਹ ਨਵੀਂ ਜਾਂਚ ਸ਼ੁਰੂ ਹੋਈ ਹੈ। ਰੂਸੀ ਜਸੂਸ ਉੱਤੇ ਹਮਲਾ ਬਰਤਾਨੀਆ ਦੇ ਸ਼ਹਿਰ ਸਾਲਿਸਬਰੀ ਵਿੱਚ ਹੋਇਆ ਸੀ।
ਭਾਵੇਂ ਬਰਤਾਨੀਆ ਦੀ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ ਹੈ।
ਪੁਤੀਨ ਉੱਤੇ ਨਿਸ਼ਾਨਾ
ਬਰਤਾਨੀਆ ਦੇ ਵਿਦੇਸ਼ ਮੰਤਰੀ ਬੋਰਿਸ ਜੌਨਸਨ ਨੇ ਇੱਕ ਵਾਰ ਫਿਰ ਸਕਰਿਪਲ ਨੂੰ ਜ਼ਹਿਰ ਦੇਣ ਦੇ ਪਿੱਛੇ ਰੂਸ ਦਾ ਹੱਥ ਹੋਣ ਦੀ ਗੱਲ ਕਹੀ ਹੈ।
ਬੋਰਿਸ ਜੌਨਸਨ ਨੇ ਕਿਹਾ, "ਇਸ ਗੱਲ ਦੀ ਬਹੁਤ ਹੱਦ ਤੱਕ ਸੰਭਾਵਨਾ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਹੀ ਸਕਰਿਪਲ ਨੂੰ ਜ਼ਹਿਰ ਦੇਣ ਦਾ ਹੁਕਮ ਦਿੱਤਾ ਹੋਵੇ। ਦੂਜੀ ਸੰਸਾਰ ਲੜਾਈ ਤੋਂ ਬਾਅਦ ਬਰਤਾਨੀਆ ਵਿੱਚ ਇਹ ਆਪਣੇ ਤਰ੍ਹਾਂ ਦੀ ਪਹਿਲੀ ਘਟਨਾ ਹੈ।"
ਭਾਵੇਂ ਰੂਸ ਲਗਾਤਾਰ ਆਪਣੇ ਉੱਤੇ ਲੱਗ ਰਹੇ ਦੋਸ਼ਾਂ ਨੂੰ ਖ਼ਾਰਜ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਬਰਤਾਨੀਆ ਸਾਰੇ ਦੋਸ਼ਾਂ ਦੇ ਸੰਬੰਧ ਵਿੱਚ ਪੱਕੇ ਸਬੂਤ ਪੇਸ਼ ਕਰੇ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ, "ਮੈਂ ਇਹ ਸਾਫ਼ ਕਰਨਾ ਚਾਹੁੰਦਾ ਹਾਂ ਕਿ ਰੂਸ ਉੱਤੇ ਲਾਏ ਜਾ ਰਹੇ ਸਾਰੇ ਇਲਜ਼ਾਮ ਬੇਬੁਨਿਆਦ ਹਨ ਅਤੇ ਉਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ।"
ਬੀਬੀਸੀ ਪੱਤਰਕਾਰ ਡੈਨੀ ਸ਼ਾਅ ਦਾ ਕਹਿਣਾ ਹੈ ਕਿ ਰੂਸੀ ਵਪਾਰੀ ਨਿਕੋਲਾਈ ਗਲੁਸਕੋਵ ਦੀ ਮੌਤ ਦੀ ਜਾਂਚ ਵਿੱਚ ਇੱਕ ਖ਼ਾਸ ਗੱਲ ਨਜ਼ਰ ਆ ਰਹੀ ਹੈ ਕਿ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਕੱਟੜਪੰਥੀ ਵਿਰੋਧੀ ਪੁਲਿਸ ਨੂੰ ਦਿੱਤੀ ਹੈ।
ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਰੂਸੀ ਵਪਾਰੀ ਨਿਕੋਲਾਈ ਗਲੁਸਕੋਵ ਉੱਤੇ ਰੂਸ ਵਿੱਚ ਵੱਡੇ ਪੈਮਾਨੇ ਉੱਤੇ ਧੋਖਾਧੜੀ ਕਰਨ ਦੇ ਇਲਜ਼ਾਮ ਸਨ।