ਪਾਕਿਸਤਾਨ: ਜ਼ੈਨਬ ਦੇ ਕਾਤਲ ਨੂੰ ਮੌਤ ਦੀ ਸਜ਼ਾ

ਤਸਵੀਰ ਸਰੋਤ, AFP
ਪਾਕਿਸਤਾਨ ਦੀ ਅਦਾਲਤ ਨੇ 24 ਸਾਲਾ ਇਮਰਾਨ ਅਲੀ ਨੂੰ ਪਿਛਲੇ ਮਹੀਨੇ ਛੇ ਸਾਲ ਦੀ ਜ਼ੈਨਬ ਦਾ ਬਲਾਤਕਾਰ ਅਤੇ ਕਤਲ ਕਰਨ ਲਈ ਚਾਰ ਮੌਤ ਦੀਆਂ ਸਜ਼ਾਵਾਂ ਸੁਣਾਈਆਂ ਹਨ।
ਜ਼ੈਨਬ ਦੀ ਲਾਸ਼ ਕਸੂਰ ਸ਼ਹਿਰ ਵਿੱਚ ਕੂੜੇ 'ਤੇ ਸੁੱਟੀ ਹੋਈ ਮਿਲੀ ਸੀ। ਇਸ ਘਟਨਾ ਨਾਲ ਪਾਕਿਸਤਾਨ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਸੀ।
ਲੋਕ ਪੁਲਿਸ ਦੇ ਖ਼ਿਲਾਫ਼ ਸੜਕਾਂ 'ਤੇ ਆ ਗਏ ਸਨ। ਮੁਜ਼ਾਹਰਿਆਂ ਦੌਰਾਨ ਦੋ ਲੋਕਾਂ ਦੀ ਮੌਤ ਵੀ ਹੋ ਗਈ ਸੀ।
ਜਦੋਂ ਸਜ਼ਾ ਸੁਣਾਈ ਗਈ ਜ਼ੈਨਬ ਦੇ ਪਿਤਾ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਸਨ।

ਤਸਵੀਰ ਸਰੋਤ, Reuters
ਜ਼ੈਨਬ ਦੇ ਕਾਤਲ ਨੂੰ ਪੁਲਿਸ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਵੱਲੋਂ ਪਹਿਲਾਂ ਹੋਈਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਜੋੜਿਆ ਗਿਆ ਸੀ।
ਸੁਣਵਾਈ ਦੌਰਾਨ ਦਰਜਨਾਂ ਗਵਾਹਾਂ ਨੇ ਅਲੀ ਖ਼ਿਲਾਫ਼ ਗਵਾਹੀ ਦਿੱਤੀ। ਇਸ ਦੌਰਾਨ ਫੋਰੈਂਸਿਕ ਸਬੂਤ ਜਿਵੇਂ ਡੀਐੱਨਏ ਅਤੇ ਪੋਲੀਗ੍ਰਾਫ਼ ਟੈੱਸਟ ਵੀ ਪੇਸ਼ ਕੀਤੇ ਗਏ।
ਅਲੀ ਦੇ ਗੁਨਾਹ ਕਬੂਲ ਕਰਨ ਤੋਂ ਬਾਅਦ, ਉਸ ਦਾ ਵਕੀਲ ਇਸ ਕੇਸ ਤੋਂ ਪਿੱਛੇ ਹਟ ਗਿਆ ਸੀ।
ਅਲੀ ਨੂੰ ਮੌਤ ਦੀ ਸਜ਼ਾ ਜ਼ੈਨਬ ਨੂੰ ਅਗਵਾ ਕਰਨ ਲਈ, ਕਤਲ ਕਰਨ ਲਈ, ਅਤੇ ਦਹਿਸ਼ਤ ਫੈਲਾਉਣ ਲਈ ਦਿੱਤੀ ਗਈ।
ਪਾਕਿਸਤਾਨ ਦੇ ਅਖ਼ਬਾਰ ਡਾਅਨ ਮੁਤਾਬਕ ਅਲੀ ਕੋਲ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਲਈ 15 ਦਿਨ ਦਾ ਸਮਾਂ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਉੱਤੇ ਇਸ ਕੇਸ ਨੂੰ ਸੁਲਝਾਉਣ ਲਈ ਕਾਫ਼ੀ ਦਬਾਅ ਸੀ।
ਜ਼ੈਨਬ ਦੇ ਪਰਿਵਾਰ ਦਾ ਕਹਿਣਾ ਹੈ ਕਿ ਜ਼ੈਨਬ ਦੇ ਗੁੰਮ ਹੋਣ ਦੀ ਰਿਪੋਰਟ ਕਰਵਾਉਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਅਲੀ ਨੂੰ 23 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।












