ਐੱਮਬੀਏ ਦੀ ਵਿਦਿਆਰਥਣ ਲਈ ਗੁਆਂਢੀਆਂ ਦਾ ਵਿਆਹ ਬਣਿਆ ਮੌਤ ਦਾ ਸਬੱਬ

ਤਸਵੀਰ ਸਰੋਤ, Satpal Rattan/BBC
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਸ਼ਨੀਵਾਰ ਰਾਤ ਨੂੰ ਐੱਮਬੀਏ ਦੀ ਵਿਦਿਆਰਥਣ ਸਾਕਸ਼ੀ ਅਰੋੜਾ ਆਪਣੇ ਘਰ ਦੀ ਛੱਤ ਤੋਂ ਗੁਆਂਢ ਵਿੱਚ ਚੱਲ ਰਿਹਾ ਵਿਆਹ ਸਮਾਗਮ ਦੇਖ ਰਹੀ ਸੀ ਕਿ ਅਚਾਨਕ ਇੱਕ ਗੋਲੀ ਉਸ ਦੇ ਆ ਕੇ ਵਜੀ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਹਾਦਸਾ ਮੁਹੱਲਾ ਚੱਠਾ ਬਾਜ਼ਾਰ ਵਿੱਚ ਵਾਪਰਿਆ। ਜ਼ਿਲ੍ਹੇ ਦੇ ਐੱਸਐੱਸਪੀ ਜੇ.ਐਲਿਨ ਕੇਜ਼ੀਅਨ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਇੱਕ ਮੁਲਜ਼ਮ ਅਸ਼ੋਕ ਖੋਸਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇੱਕ ਮੁਲਜ਼ਮ ਅਜੇ ਫਰਾਰ ਹੈ।''
"ਮ੍ਰਿਤਕ ਸਾਕਸ਼ੀ ਅਰੋੜਾ ਜਲੰਧਰ ਦੇ ਇੱਕ ਕਾਲਜ ਤੋਂ ਐੱਮਬੀਏ ਕਰ ਕਰ ਰਹੀ ਸੀ ਤੇ ਉਸ ਦੇ ਗੁਆਂਢ ਵਿੱਚ ਹੀ ਵਿਆਹ ਸਮਾਗਮ ਚੱਲ ਰਿਹਾ ਸੀ।''
'ਮੁਲਜ਼ਮ ਕੋਈ ਪੇਸ਼ਵਰ ਸ਼ੂਟਰ ਨਹੀਂ'
ਪੰਜਾਬ ਵਿੱਚ ਵਿਆਹ ਸਮਾਗਮਾਂ ਦੌਰਾਨ ਗੋਲੀ ਚੱਲਣ ਕਾਰਨ ਹੋਈ ਇਹ ਪਹਿਲੀ ਮੌਤ ਨਹੀਂ ਹੈ, ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਪੱਕੇ ਅੰਕੜੇ ਮੌਜੂਦ ਨਹੀਂ ਹਨ।

ਤਸਵੀਰ ਸਰੋਤ, Satpal Rattan/BBC
ਪੁਲਿਸ ਅਨੁਸਾਰ ਖੋਸਲਾ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਤੋਂ ਪਹਿਲਾਂ ਸੰਗੀਤ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਉਸੇ ਵੇਲੇ ਅਸ਼ੋਕ ਖੋਸਲਾ ਆਪਣੀ ਰਿਵਾਲਵਰ ਨਾਲ ਫਾਇਰ ਕਰ ਰਿਹਾ ਸੀ ਜਦਕਿ ਅਸ਼ੋਕ ਸੇਠੀ ਆਪਣੀ 12 ਬੋਰ ਦੀ ਦੁਨਾਲੀ ਨਾਲ ਫਾਇਰ ਕਰਕੇ ਜਸ਼ਨ ਮਨਾ ਰਿਹਾ ਸੀ।
ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਐੱਸਐੱਸਪੀ ਨੇ ਕਿਹਾ, "ਮੁਲਜ਼ਮ ਕੋਈ ਪੇਸ਼ਵਰ ਸ਼ੂਟਰ ਨਹੀਂ ਸਨ। ਫਾਇਰਿੰਗ ਦੌਰਾਨ ਮੁਲਜ਼ਮਾਂ ਨੂੰ ਪਤਾ ਹੋਵੇਗਾ ਕਿ ਕੁੜੀ ਬਾਹਰ ਖੜ੍ਹੀ ਹੈ ਤੇ ਗੋਲੀ ਕਿਸੇ ਨੂੰ ਵੀ ਲੱਗ ਸਕਦੀ ਹੈ।''

ਤਸਵੀਰ ਸਰੋਤ, Satpal Rattan/BBC
ਪੁਲਿਸ ਅਨੁਸਾਰ ਇੱਕ ਰਿਵਾਲਵਰ ਬਰਾਮਦ ਕਰ ਲਿਆ ਹੈ ਜੋ ਇੱਕ ਲਾਇਸੈਂਸੀ ਹਥਿਆਰ ਸੀ ਜਦਕਿ ਦੁਨਾਲੀ ਅਜੇ ਬਰਾਮਦ ਨਹੀਂ ਹੋਈ ਹੈ।












