ਇਸਰਾਈਲ ਨੂੰ ਆਪਣੀ ਸੁਰੱਖਿਆ ਕਰਨ ਦਾ ਹੱਕ-ਅਮਰੀਕਾ

ਇਸਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਹੈ।

ਇਸਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ 'ਤੇ ਹੁੰਦੇ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਦੀ ਉਨ੍ਹਾਂ ਦੀ ਸਾਫ਼ ਨੀਤੀ ਹੈ।

ਇਸਰਾਈਲ ਦਾ ਕਹਿਣਾ ਹੈ ਕਿ ਉਸਨੇ ਸੀਰੀਆ ਵਿੱਚ ਆਪਣਾ ਇੱਕ ਲੜਾਕੂ ਜਹਾਜ਼ ਡੇਗੇ ਜਾਣ ਮਗਰੋਂ ਲੰਘੇ 35 ਸਾਲਾਂ ਦੇ ਸਭ ਤੋਂ ਵੱਡੇ ਹਵਾਈ ਹਮਲੇ ਕੀਤੇ ਹਨ।

ਇਰਾਨੀ ਹਵਾਈ ਫ਼ੌਜ ਦੇ ਸੀਨੀਅਰ ਜਰਨੈਲ ਟੋਮਰ ਬਾਰ ਨੇ ਕਿਹਾ ਹੈ ਕਿ ਸੀਰੀਆ ਖਿਲਾਫ਼ ਇਹ ਹਮਲੇ 1982 ਦੀ ਲਿਬਨਾਨ ਜੰਗ ਮਗਰੋਂ ਸਭ ਤੋਂ ਵੱਡੇ ਸਨ।

ਇਸਰਾਈਲ ਦੀ ਫੌਜ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਦਮਿਸ਼ਕ ਦੇ ਨੇੜੇ 12 ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਰਾਨ ਨੇ ਇਲਜ਼ਾਮਾਂ ਨੂੰ ਨਕਾਰਿਆ

ਇਸਰਾਈਲੀ ਫੌਜ ਨੇ ਪਹਿਲੀ ਵਾਰ ਸੀਰੀਆ ਵਿੱਚ ਇਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਵੀ ਕੀਤਾ ਹੈ।

ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸੀਰੀਆ ਦੀਆਂ ਫ਼ੌਜਾਂ ਨੇ ਉਸ ਦਾ ਇੱਕ ਐਫ਼-16 ਲੜਾਕੂ ਜਹਾਜ਼ ਹਮਲਾ ਕਰਕੇ ਨਸ਼ਟ ਕੀਤਾ ਸੀ। ਇਹ ਇਸਰਾਈਲੀ ਹਵਾਈ ਖੇਤਰ ਵਿੱਚ ਦੇਖੇ ਗਏ ਇੱਕ ਡਰੋਨ ਦਾ ਪਿੱਛਾ ਕਰ ਰਿਹਾ ਸੀ।

ਇਰਾਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।

ਇਸਰਾਈਲੀ ਰਾਸ਼ਟਰਪਤੀ ਬੈਂਜਾਮਿਨ ਨੇਤਿਨਯਾਹੂ ਨੇ ਕਿਹਾ ਸੀ ਕਿ ਉਹ ਜਹਾਜ਼, ਦੇਸ ਦੀ ਸਰਹੱਦ ਵਿੱਚ ਆ ਵੜੇ ਇਰਾਨੀ ਡਰੋਨ ਦੇ ਲਾਂਚ ਵਾਲੀ ਥਾਂ ਨੂੰ ਨਿਸ਼ਾਨਾ ਬਣਾਉਣ ਜਾ ਰਿਹਾ ਸੀ।

ਜਹਾਜ਼ ਦੇ ਦੋਵੇਂ ਪਾਇਲਟ ਜਹਾਜ਼ ਡਿੱਗਣ ਤੋਂ ਪਹਿਲਾਂ ਉੱਤਰੀ ਇਸਰਾਈਲ ਵਿੱਚ ਸੁਰੱਖਿਅਤ ਉਤਰਨ ਵਿੱਚ ਕਾਮਯਾਬ ਰਹੇ ਸਨ। ਇਸਰਾਈਲ ਦਾ ਕਹਿਣਾ ਹੈ ਕਿ ਉਸ ਨੇ ਸੀਰੀਆ ਵਿੱਚ ਸੀਰੀਆਈ ਤੇ ਇਰਾਨੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਇਸਰਾਈਲੀ ਫੌਜ ਦੇ ਬੁਲਾਰੇ ਜੋਨਾਥਨ ਕੌਰਨੀਕਸ ਨੇ ਕਿਹਾ, "ਅਸੀਂ ਖ਼ਾਸ ਤੌਰ 'ਤੇ 12 ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਵਿੱਚੋਂ 8 ਸੀਰੀਆ ਦੀ ਹਵਾਈ ਫ਼ੌਜ ਨਾਲ ਸੰਬੰਧਿਤ ਸਨ।''

ਉਨ੍ਹਾਂ ਅੱਗੇ ਕਿਹਾ, "ਇਹ ਉਹੀ ਟਿਕਾਣੇ ਹਨ ਜਿਨ੍ਹਾਂ ਤੋਂ ਇਸਰਾਈਲੀ ਲੜਾਕੂ ਜਹਾਜ਼ 'ਤੇ ਮਿਜ਼ਾਈਲਾਂ ਦਾਗੀਆਂ ਸਨ। ਬਾਕੀ ਟਿਕਾਣੇ ਇਸ ਲਈ ਖ਼ਾਸ ਹਨ ਕਿਉਂਕਿ ਉਹ ਸੀਰੀਆ ਵਿੱਚ ਇਰਾਨੀ ਟਿਕਾਣੇ ਸਨ। ਇਹ ਸਭ ਸੀਰੀਆ ਵਿੱਚ ਇਰਾਨ ਦੀਆਂ ਫ਼ੌਜੀ ਕੋਸ਼ਿਸ਼ਾਂ ਦਾ ਹਿੱਸਾ ਹਨ।"

ਇਜ਼ਰਾਈਲ ਦਾ ਇਹ ਵੀ ਕਹਿਣਾ ਹੈ ਇਨ੍ਹਾਂ ਹਮਲਿਆਂ ਦਾ ਨਿਸ਼ਾਨਾ ਸਿਰਫ਼ ਫ਼ੌਜੀ ਠਿਕਾਣੇ ਹੀ ਸਨ।

ਨੇਤਿਨਯਾਹੂ ਨੇ ਕਿਹਾ, "ਮੈਂ ਸੀਰੀਆ ਵਿੱਚ ਇਰਾਨੀ ਫ਼ੌਜ ਦੀ ਮੋਰਚੇਬੰਦੀ ਖਿਲਾਫ਼ ਲਗਾਤਾਰ ਚਿਤਾਵਨੀ ਦਿੰਦਾ ਰਿਹਾ ਹਾਂ। ਇਰਾਨ ਇਜਸਰਾਈਲ ਨੂੰ ਬਰਬਾਦ ਕਰਨ ਦੇ ਆਪਣੇ ਐਲਾਨੀਆ ਉਦੇਸ਼ ਨੂੰ ਪੂਰਾ ਕਰਨ ਲਈ ਸੀਰੀਆ ਦੀ ਧਰਤੀ ਦੀ ਵਰਤੋਂ ਕਰ ਰਿਹਾ ਹੈ।"

ਅਮਰੀਕਾ ਨੇ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ

ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਇਸਰਾਇਲ ਦੇ ਪੱਖ ਨੂੰ ਸਹੀ ਠਹਿਰਾਇਆ ਹੈ। ਅਮਰੀਕਾ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਪੂਰਾ ਹੱਕ ਹੈ ਤੇ ਇਸ ਵਿਵਾਦ ਲਈ ਉਸ ਨੇ ਇਰਾਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ।

ਰੂਸ ਦੇ ਰਾਸ਼ਟਰਪਤੀ ਵਾਲਦੀਮਿਰ ਪੁਤਿਨ ਨੇ ਇਸਰਾਈਲੀ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਗੱਲਬਾਤ ਵਿੱਚ ਇਸ ਮੁੱਦੇ ਨੂੰ ਜ਼ਿਆਦਾ ਵੱਡਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ ਐਨਟੋਨੀਓ ਗਿਊਟਰਸ ਨੇ ਫੌਰਨ ਸ਼ਾਂਤੀ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)