ਤੁਸੀਂ ਦੁਨੀਆਂ ਦੇ ਅਨੋਖੇ ਜੰਗੀ ਮਿਊਜ਼ੀਅਮ ਦੇਖੇ?

    • ਲੇਖਕ, ਫਿਓਨਾ ਮੈਕਡੋਨਲਡ
    • ਰੋਲ, ਪੱਤਰਕਾਰ, ਬੀਬੀਸੀ

ਬ੍ਰਿਟੇਨ ਦੇ ਫੋਟੋਗ੍ਰਾਫ਼ਰ ਜੈਸਨ ਲਰਕਿਨ ਨੇ ਦੁਨੀਆਂ ਦੇ ਵੱਖ-ਵੱਖ ਦੇਸਾਂ ਦੇ ਮਿਲਟਰੀ ਮਿਊਜ਼ੀਅਮ ਦੇ ਅੰਦਰ ਦੀਆਂ ਤਸਵੀਰਾਂ ਖਿੱਚੀਆਂ ਹਨ। ਜਿੰਨ੍ਹਾਂ ਵਿੱਚ ਯੂਨਾਨ, ਕਿਊਬਾ ਅਤੇ ਬ੍ਰਿਟੇਨ ਸ਼ਾਮਿਲ ਹਨ। ਉਨ੍ਹਾਂ ਤਸਵੀਰਾਂ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਵੱਖ-ਵੱਖ ਦੇਸਾਂ ਵਿੱਚ ਹਿੰਸ ਦੇ ਇਤਿਹਾਸ ਨੂੰ ਸੰਜੋਇਆ ਗਿਆ ਹੈ।

ਇਸ ਦੌਰਾਨ ਜੈਸਨ ਨੇ ਕਿਹਾ, "ਬੜੀ ਅਸਾਨੀ ਨਾਲ ਘਟਨਾਵਾਂ ਦੀ ਕੱਟ-ਵੱਢ ਕਰਕੇ ਚੋਣ ਕੀਤੀ ਗਈ ਹੈ। ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਹੋਣੀ ਚਾਹੀਦੀ ਸੀ।"

2008 ਤੋਂ 2016 ਵਿਚਾਲੇ ਜੈਸਨ ਨੇ ਕਿਊਬਾ, ਯੂਨਾਨ, ਇਜ਼ਰਾਈਲ, ਬ੍ਰਿਟੇਨ, ਅਮਰੀਕਾ ਤੇ ਵਿਅਤਨਾਮ ਦਾ ਦੌਰਾ ਕੀਤਾ।

"ਹਰ ਦੇਸ ਵਿੱਚ ਆਪਣੇ ਇਤਿਹਾਸ ਨੂੰ ਪੇਸ਼ ਕਰਨ ਦਾ ਇੱਕ ਵੱਖਰਾ ਤਰੀਕਾ ਹੈ। ਤੱਥਾਂ ਨਾਲੋਂ ਜ਼ਿਆਦਾ ਅਨੁਭਵ ਪੇਸ਼ ਕੀਤਾ ਗਿਆ ਹੈ- ਜੋ ਦਰਸ਼ਕਾਂ ਨੂੰ ਇਤਿਹਾਸ ਨਾਲ ਜੋੜਦਾ ਹੈ।"

ਹਾਲਾਂਕਿ ਉਨ੍ਹਾਂ ਨੇ ਯੂਨਾਨ ਦੇ ਕਈ ਮਿਊਜ਼ਮਾਂ ਤੋਂ ਫੋਟੋਗ੍ਰਾਫ਼ੀ ਦੀ ਸ਼ੁਰੂਆਤ ਕੀਤੀ ਤੇ ਫਿਰ ਇਜ਼ਰਾਈਲ ਉੱਤੇ ਜ਼ਿਆਦਾ ਧਿਆਨ ਦਿੱਤਾ।

"ਜਦੋਂ ਮੈਂ ਉੱਥੇ ਸੀ ਤਾਂ ਮੈਂ ਸੋਚਿਆ ਕਿ ਇਜ਼ਰਾਈਲ, ਜੋ ਜ਼ਿਆਦਾਤਰ ਹਿੰਸਾ ਤੇ ਤਣਾਅ ਭਰਪੂਰ ਰਿਹਾ ਹੈ ਉੱਥੇ ਸਿਰਫ਼ ਮਿਊਜ਼ਮ ਉੱਤੇ ਕੇਂਦਰਿਤ ਕਰਨਾ ਬਿਹਤਰ ਰਹੇਗਾ ਜੋ ਕਿ ਜੰਗ, ਤਣਾਅ ਦਾ ਮੰਜ਼ਰ ਰਹਿ ਚੁੱਕਿਆ ਹੈ।"

ਕਿਊਬਾ ਵਿੱਚ ਜੈਸਨ ਨੇ ਇੱਕ ਹੋਰ ਵਖਰੇਵਾਂ ਦੇਖਿਆ।

"ਇਹ ਕ੍ਰਾਂਤੀਕਾਰੀਆਂ ਬਾਰੇ ਹੈ, ਪਹਿਲੇ ਸੌ ਕ੍ਰਾਂਤੀਕਾਰੀਆਂ ਬਾਰੇ। ਹਰ ਇੱਕ ਚੀਜ਼, ਜੋ ਵੀ ਉਨ੍ਹਾਂ ਨੇ ਪਾਈ ਜਾਂ ਛੂਹੀ, ਉਹ ਯਾਦਗਾਰ ਬਣ ਗਈ ਅਤੇ ਕੱਚ ਦੇ ਕਮਰਿਆਂ ਵਿੱਚ ਕੈਦ ਕਰ ਦਿੱਤੀ। ਇਹ ਇਤਿਹਾਸ ਬਿਆਨ ਕਰਨ ਦੇ ਨਾਲ-ਨਾਲ ਇਤਿਹਾਸ ਦੀਆਂ ਸ਼ਖ਼ਸੀਅਤਾਂ ਨੂੰ ਹੀਰੋ ਬਣਾਉਣ ਦਾ ਤਰੀਕਾ ਹੈ।"

ਵਿਅਤਨਾਮ ਵਿੱਚ ਉਨ੍ਹਾਂ ਨੇ ਹਥਿਆਰ ਤੇ ਜੰਗ ਦੀ ਮਸ਼ੀਨਰੀ ਦੀਆਂ ਤਸਵੀਰਾਂ ਨੂੰ ਕੈਦ ਕੀਤਾ।

"ਵਿਅਤਨਾਮ ਵਿੱਚ ਜ਼ਿਆਦਾਤਰ ਸ਼ਿਲਪ-ਕਲਾਕ੍ਰਿਤੀਆਂ ਦੀ ਪੇਸ਼ਕਾਰੀ ਕੀਤੀ ਗਈ ਹੈ। ਜ਼ਿਆਦਾ ਮੂਰਤੀਆਂ ਹਨ ਤੇ ਜ਼ਿਆਦਾਤਰ ਕਲਾਕਾਰਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਜੋ ਕਿ ਜੰਗ ਦੇ ਅਵਸ਼ੇਸ਼ਾਂ ਦੀ ਮੁੜ ਸੰਰਚਨਾ ਕਰ ਸਕਣ ਤੇ ਉਨ੍ਹਾਂ ਉੱਤੇ ਟੈਂਕ ਰੱਖ ਕੇ ਬੰਬ ਦੇ ਗੋਲਿਆਂ ਨੂੰ ਮੂਰਤੀਆਂ ਵਿੱਚ ਤਬਦੀਲ ਕਰ ਦੇਣ।"

ਹਾਲਾਂਕਿ ਕਈ ਮਿਊਜ਼ਮ ਹਨ ਜਿਨ੍ਹਾਂ ਵਿੱਚ ਬਰੀਕੀ ਨਾਲ ਇਤਿਹਾਸ ਪੇਸ਼ ਕੀਤਾ ਗਿਆ ਹੈ। "ਵਿਅਤਨਾਮ ਵਿੱਚ ਕਈ ਮਿਊਜ਼ੀਅਮ ਹਨ, ਜੋ ਕਿ ਇਤਿਹਾਸ ਨੂੰ ਸੰਤੁਲਿਤ ਰੂਪ ਵਿੱਚ ਪੇਸ਼ ਕਰਦੇ ਹਨ। ਬ੍ਰਿਟੇਨ ਵਿੱਚ ਵੀ ਲੰਡਨ ਦੇ ਇੰਪੀਰੀਅਲ ਵਾਰ ਮਿਊਜ਼ੀਅਮ ਵਿੱਚ ਬਰੀਕੀ ਨਾਲ ਇਤਿਹਾਸ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇਰਾਕ ਅਤੇ ਅਫ਼ਗਾਨਿਸਤਾਨ ਵਿਚਾਲੇ ਤਣਾਅ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। "

"ਕੈਂਬ੍ਰਿਜ ਦੇ ਡਕਸਫੋਰਡ ਵਿੱਚ ਇੰਪੀਰੀਅਲ ਵਾਰ ਮਿਊਜ਼ੀਅਮ ਵਿੱਚ ਸਿਰਫ਼ ਜੰਗ ਦੀ ਮਸ਼ੀਨਰੀ ਹੈ। ਇਹ ਜ਼ਿਆਦਾਤਰ ਪਰਿਵਾਰਾਂ ਲਈ ਘੁੰਮਣ ਫਿਰਨ ਦੀ ਥਾਂ ਹੈ। ਇਹ ਮਨੋਰੰਜਨ ਦਾ ਸਾਧਨ ਹਨ, ਇੱਥੇ ਹਵਾਈ ਸ਼ੋਅ ਹੁੰਦੇ ਹਨ।"

"ਕਈ ਦੇਸਾਂ ਦੇ ਲੋਕ ਮਿਊਜ਼ਮਾਂ ਵਿੱਚ ਕੀਤੀ ਪੇਸ਼ਕਾਰੀ ਤੋਂ ਸੰਤੁਸ਼ਟ ਨਹੀਂ ਹਨ। ਜ਼ਿਆਦਾਤਰ ਮਿਊਜ਼ੀਅਮਾਂ ਵਿੱਚ ਉਹੀ ਪੇਸ਼ ਕੀਤਾ ਗਿਆ ਹੈ ਜੋ ਸਰਕਾਰ, ਫੌਜ ਜਾਂ ਕੁਝ ਅਮੀਰ ਰੂਸਖਦਾਰ ਲੋਕ ਕਹਿਣਾ ਚਾਹੁੰਦੇ ਹਨ।"

ਜੋ ਨਹੀਂ ਕਿਹਾ ਗਿਆ ਉਸ ਦੀ ਵੀ ਉੰਨੀ ਹੀ ਅਹਿਮੀਅਤ ਹੈ ਜਿੰਨੀ ਕਹੀ ਗਈ ਗੱਲ ਦੀ ਹੈ।

ਜੰਗ ਦੀ ਪੇਸ਼ਕਾਰੀ ਦੀ ਵੀ ਉੰਨੀ ਹੀ ਅਹਿਮੀਅਤ ਹੈ। ਕਈ ਤਸਵੀਰਾਂ ਖਿਡੌਣੇ ਜਾਪਦੀਆਂ ਹਨ।

ਕਿਆਰੋ ਦੇ ਜੰਗੀ ਮਿਊਜ਼ਅਮ ਸਥਿਤ ਅਕਤੂਬਰ 1973 ਦੀ ਜੰਗ ਸਬੰਧੀ ਫੋਟੋ ਬਾਰੇ ਜੈਸਨ ਨੇ ਕਿਹਾ, "ਇਹ ਜੰਗੀ ਤਸਵੀਰ ਦਿਲਚਸਪ ਹੈ ਕਿਉਂਕਿ ਇਹ ਉੱਤਰੀ ਕੋਰੀਆਈ ਲੋਕਾਂ ਨੇ ਬਣਾਈ ਸੀ। ਉਨ੍ਹਾਂ ਨੇ ਇਹ ਮਿਊਜ਼ੀਅਮ ਇਜਿਪਟ ਦੇ ਲੋਕਾਂ ਲਈ ਬਣਾਇਆ। ਉਨ੍ਹਾਂ ਦੇ ਕਲਾਕਾਰ ਆਏ ਕਿਉਂਕਿ ਪਿਓਂਗਯਾਗ ਵਿੱਚ ਵੀ ਅਜਿਹੀ ਹੀ ਤਸਵੀਰ ਸੀ। ਇਸ ਤੋਂ ਪਤਾ ਲਗਦਾ ਹੈ ਕਿ ਉੱਤਰੀ ਕੋਰੀਆ ਦੇ ਲੋਕ ਜੰਗ ਨੂੰ ਕਿਵੇਂ ਦੇਖਦੇ ਹਨ।"

ਜੈਸਨ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਮਿਊਜ਼ੀਅਮ ਦੀਆਂ ਇਨ੍ਹਾਂ ਤਸਵੀਰਾਂ ਰਾਹੀਂ ਪੇਸ਼ਕਾਰੀ ਨਾਲ ਅਲੋਚਨਾ ਦੀ ਸੰਭਾਵਨਾ ਹੈ।

"ਇਸ ਤੋਂ ਪਹਿਲਾਂ ਮੈਂ ਕਦੇ ਮਿਊਜ਼ਮ ਉੱਤੇ ਸਵਾਲੀਆ ਨਿਸ਼ਾਨ ਨਹੀਂ ਲਾਇਆ ਸੀ। ਜਿਸ ਤਰ੍ਹਾਂ ਪੇਸ਼ਕਾਰੀ ਕੀਤੀ ਹੈ,ਮੈਂ ਉਸ ਨੂੰ ਉਸੇ ਤਰੀਕੇ ਨਾਲ ਹੀ ਕਬੂਲ ਕੀਤਾ ਹੈ ਅਤੇ ਅਧਿਕਾਰੀਆਂ ਦੀ ਜ਼ੁਬਾਨ ਨੂੰ ਹੀ ਆਖਰੀ ਸ਼ਬਦ ਮੰਨਿਆ ਹੈ।"

'ਫੇਕ ਨਿਊਜ਼' ਦੇ ਦੌਰ ਵਿੱਚ ਅਧਿਕਾਰੀਆਂ ਉੱਤੇ ਸਵਾਲ ਚੁੱਕਣ ਤੋਂ ਇਲਾਵਾ, ਲੋੜ ਹੈ ਹਕੀਕਤ ਤੋਂ ਕਹਾਣੀਆਂ ਨੂੰ ਵੱਖ ਕਰਨ ਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)