ਕੋਲੰਬੀਆ 'ਚ ਕੌਫ਼ੀ ਦੇ ਪੌਦਿਆਂ ਨੂੰ ਕਿਹੜੀ ਬਿਮਾਰੀ ਲੱਗ ਰਹੀ ਹੈ?

ਤਸਵੀਰ ਸਰੋਤ, Getty Images
ਜੇ ਤੁਸੀਂ ਕੌਫ਼ੀ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਕੌਫ਼ੀ ਦੇ ਬੂਟਿਆਂ ਨੂੰ ਆਪਣੀ ਲਪੇਟ ਵਿੱਚ ਲੈਣ ਵਾਲੀ ਇੱਕ ਬਿਮਾਰੀ ਤੁਹਾਡੇ ਸ਼ੌਂਕ ਉੱਤੇ ਬੁਰੀ ਨਜ਼ਰ ਪਾ ਰਹੀ ਹੈ।
ਲਾਤੀਨੀ ਅਮੀਰੀਕੀ ਦੇਸ ਕੋਲੰਬੀਆ ਦੁਨੀਆਂ ਵਿੱਚ ਕੌਫ਼ੀ ਉਤਪਾਦਨ ਕਰਨ ਵਾਲਾ ਤੀਜਾ ਵੱਡਾ ਦੇਸ ਹੈ ਜੇ ਵੱਡੇ ਪੱਧਰ ਉੱਤੇ ਦੁਨੀਆਂ ਦੇ ਵੱਖ-ਵੱਖ ਦੇਸਾਂ ਨੂੰ ਕੌਫ਼ੀ ਬਰਾਮਦ ਕਰਦਾ ਹੈ। ਬੀਤੇ ਸਾਲ ਹੀ ਕੋਲੰਬੀਆ ਨੇ ਤਕਰੀਬਨ ਦੋ ਅਰਬ ਡਾਲਰ ਤੋਂ ਵੱਧ ਦੀ ਕੌਫ਼ੀ ਬਰਾਮਦ ਕੀਤੀ ਸੀ।
ਇਕੱਲੀ ਕੌਫ਼ੀ ਹੀ ਕੌਲੰਬੀਆ ਦੀ ਕੁੱਲ ਬਰਾਮਦ ਦਾ 7.7 ਫੀਸਦੀ ਹੈ, ਪਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੋਲੰਬੀਆ ਤੋਂ ਕੌਫ਼ੀ ਦੀ ਬਰਾਮਦ ਬੰਦ ਹੋ ਜਾਵੇ।
ਜੇ ਅਜਿਹਾ ਹੋਇਆ ਤਾਂ ਦੁਨੀਆਂ ਭਰ ਵਿੱਚ ਕੌਫ਼ੀ ਸ਼ੌਕੀਨਾਂ ਨੂੰ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ।
ਬੂਟਿਆਂ ਦੀਆਂ ਪੱਤੀਆਂ ਵਿੱਚ ਜੰਗਾਲ
ਦਰਅਸਲ ਕੋਲੰਬੀਆਂ ਵਿੱਚ ਕੌਫ਼ੀ ਦੇ ਬੂਟੇ ਇੱਕ ਖਾਸ ਕਿਸਮ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਬਿਮਾਰੀ ਵਿੱਚ ਬੂਟਿਆਂ ਦੀਆਂ ਪੱਤੀਆਂ ਉੱਤੇ ਜੰਗਾਲ ਦੀ ਰੰਗਤ ਵਾਲੀ ਪਰਤ ਜੰਮ ਜਾਂਦੀ ਹੈ ਤੇ ਹੌਲੀ-ਹੌਲੀ ਬੂਟਿਆਂ ਦਾ ਰੰਗ ਬਦਲ ਦਿੰਦੀ ਹੈ।

ਤਸਵੀਰ ਸਰੋਤ, Getty Images
ਫਿਰ ਬੂਟੇ ਦੇ ਪੱਤੇ ਤੇਜ਼ੀ ਨਾਲ ਝੜਨ ਲਗਦੇ ਹਨ।
ਹੁਣ ਤੱਕ ਕੀਤੀ ਗਈ ਖੋਜ ਮੁਤਾਬਕ ਕੌਫ਼ੀ ਨੂੰ ਇਹ ਬਿਮਾਰੀ 'ਹੇਮੇਲਿਆ ਵਾਸਟੈਟਰਿਕਸ' ਨਾਮਕ ਉੱਲੀ ਕਾਰਨ ਹੁੰਦੀ ਹੈ। ਹਾਲਾਂਕਿ ਕੋਲੰਬੀਆ ਵਿੱਚ ਕੌਫੀ ਦੇ ਬੂਟਿਆਂ ਨੂੰ ਬਚਾਉਣ ਲਈ ਵੱਡੇ ਪੱਧਰ ਉੱਤੇ ਖੋਜ ਜਾਰੀ ਹੈ, ਪਰ ਹਾਲੇ ਤੱਕ ਇਸ ਬਿਮਾਰੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਜੇ ਇਹ ਬਿਮਾਰੀ ਇਸੇ ਤਰ੍ਹਾਂ ਫੈਲਦੀ ਰਹੀ ਤਾਂ ਜਲਦੀ ਹੀ ਕੋਲੰਬੀਆ ਵਿੱਚ ਕੌਫ਼ੀ ਦੀ ਪੈਦਾਵਾਰ ਖ਼ਤਮ ਹੋ ਜਾਵੇਗੀ।
'ਦਿ ਬਿਊਟੀ' ਐਂਡ 'ਦਿ ਬੀਸਟ'
ਕੌਫ਼ੀ ਨੂੰ ਲੱਗਣ ਵਾਲੀ ਇਹ ਜੰਗਾਲ ਵਿਸ਼ੇਸ਼ ਇਸ ਕਰਕੇ ਹੈ ਕਿਉਂਕਿ ਇਹ ਕੋਲੰਬੀਆ ਦੀ ਖਾਸੀਅਤ ਬਣ ਚੁੱਕੇ ਪੌਦੇ ਨੂੰ ਹੀ ਪ੍ਰਭਾਵਿਤ ਕਰ ਰਹੀ ਹੈ।

ਤਸਵੀਰ ਸਰੋਤ, Getty Images
ਕੋਲੰਬੀਆ ਵਿੱਚ ਦੋ ਕਿਸਮ ਦੀ ਕੌਫ਼ੀ ਪੈਦਾ ਹੁੰਦੀ ਹੈ। ਇੱਕ ਦਾ ਨਾਮ ਹੈ 'ਦਿ ਬਿਊਟੀ' ਅਤੇ ਦੂਜੀ ਦਾ ਨਾਮ ਹੈ 'ਦਿ ਬੀਸਟ'।
'ਦਿ ਬਿਊਟੀ' ਕੌਫ਼ੀ ਦੀ ਖੁਸ਼ਬੂ ਜ਼ਿਆਦਾ ਚੰਗੀ ਹੁੰਦੀ ਹੈ ਅਤੇ ਕੌਮਾਂਤਰੀ ਬਜ਼ਾਰ ਵਿੱਚ ਇਸ ਦੀ ਮੰਗ ਵੀ ਵੱਧ ਹੈ।
ਕੋਲੰਬੀਆ ਕੌਫ਼ੀ ਦੀ ਇਸੇ ਕਿਸਮ ਦੀ ਬਰਾਮਦ ਜ਼ਿਆਦਾ ਕਰਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ 'ਦਿ ਬਿਊਟੀ ਕੌਫ਼ੀ' ਦੇ ਬੂਟੇ ਹੀ ਸਭ ਤੋਂ ਜ਼ਿਆਦਾ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।
ਹਾਲਾਂਕਿ 'ਦਿ ਬੀਸਟ' ਵੀ ਚੰਗੀ ਕੌਫ਼ੀ ਮੰਨੀ ਜਾਂਦੀ ਹੈ। ਇਹ ਸਸਤੀ ਹੁੰਦੀ ਹੈ ਅਤੇ ਇਸ ਦੀ ਖੇਤੀ ਵੀ ਸੌਖੀ ਹੁੰਦੀ ਹੈ।

ਤਸਵੀਰ ਸਰੋਤ, Getty Images
ਕੌਫ਼ੀ ਦੇ ਬੂਟਿਆਂ ਨੂੰ ਲੱਗਣ ਵਾਲੀ ਇਸ ਬਿਮਾਰੀ ਦੀ ਵਜ੍ਹਾ ਪਤਾ ਕਰਨ ਲਈ ਕੋਲੰਬੀਆ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ 1960 ਵਿੱਚ ਰਿਸਰਚ ਲੈਬ ਬਣਾਈ ਸੀ। ਇਸ ਦਾ ਨਾਮ ਸਿਨੇਕੈਫ਼ੇ ਰੱਖਿਆ ਗਿਆ।
ਨਵੀਂ ਕਿਸਮ ਦੇ ਕੌਫ਼ੀ ਦੇ ਬੂਟੇ
ਇਸ ਲੈਬਾਰਟਰੀ ਦੇ ਤਕਨੀਕੀ ਨਿਰਦੇਸ਼ਕ ਹਰਨੇਂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੋਜ ਨਾਲ ਹੀ ਨਵੀਂ ਕਿਸਮ ਦੀ ਕੌਫ਼ੀ ਦੇ ਬੂਟੇ ਉਗਾਏ ਗਏ ਹਨ। ਇਸ ਨਾਲ ਘਰੇਲੂ ਅਤੇ ਕੌਮਾਂਤਰੀ ਦੋਹਾਂ ਬਾਜ਼ਾਰਾਂ ਨੂੰ ਲਾਭ ਹੋਇਆ ਹੈ।
ਕੋਲੰਬੀਆ ਵਿੱਚ ਖੋਜਕਾਰ ਇਹ ਮੰਨ ਗਏ ਸਨ ਕਿ 'ਦ ਬਿਊਟੀ' ਅਤੇ 'ਦ ਬੀਸਟ' ਨੂੰ ਮਿਲਾ ਕੇ ਕੋਈ ਹੋਰ ਨਸਲ ਨਹੀਂ ਬਣਾਈ ਜਾ ਸਕਦੀ। ਲਿਹਾਜ਼ਾ ਉਨ੍ਹਾਂ ਨੇ 1927 ਵਿੱਚ ਇੱਕ ਹਾਈਬ੍ਰਿਡ ਨਸਲ ਦੀ ਕੌਫ਼ੀ ਪੈਦਾ ਕੀਤੀ, ਜਿਸ ਨੂੰ 'ਟੀਮੋਰ' ਨਾਂ ਦਿੱਤਾ ਗਿਆ।
1940 ਤੱਕ ਇਸ ਦੀ ਖੇਤੀ ਵੱਡੇ ਪੱਧਰ ਉੱਤੇ ਹੋਣ ਲੱਗੀ। ਇਸ ਕੌਫ਼ੀ ਦੇ ਬੀਜਾਂ ਵਿੱਚ 'ਦ ਬੀਸਟ' ਦੇ ਬੀਜਾਂ ਦੀ ਤਰ੍ਹਾਂ ਬਿਮਾਰੀ ਨਾਲ ਲੜਨ ਦੀ ਸਮਰੱਥਾ ਸੀ।
ਹਾਲਾਂਕਿ ਸੁਆਦ ਵਿੱਚ ਇਹ ਜ਼ਿਆਦਾ ਚੰਗੀ ਨਹੀਂ ਸੀ। ਇਸ ਲਈ ਇਹ ਕਾਰੋਬਾਰ ਜ਼ਿਆਦਾ ਵਧ-ਫੁੱਲ ਨਹੀਂ ਸਕਿਆ।
ਕਿਸ ਕੌਫ਼ੀ ਦੀ ਹੈ ਵਧੇਰੇ ਮੰਗ?
ਸਿਨੇਕੈਫ਼ੇ ਦੇ ਖੋਜਕਾਰਾਂ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ। 1980 ਵਿੱਚ ਅਖੀਰ ਉਨ੍ਹਾਂ ਨੂੰ ਉਹ ਬੂਟੇ ਮਿਲ ਗਏ ਜੋ 'ਦਿ ਬਿਊਟੀ' ਨਸਲ ਦੀ ਕੌਫ਼ੀ ਦੇ ਮੁਕਾਬਲੇ ਦੇ ਸੀ।

ਤਸਵੀਰ ਸਰੋਤ, Getty Images
ਇਸ ਨੂੰ ਨਾਮ ਵੀ 'ਕੋਲੰਬੀਆ' ਹੀ ਦਿੱਤਾ ਗਿਆ। ਅੱਜ ਕੌਮਾਂਤਰੀ ਬਜ਼ਾਰ ਵਿੱਚ ਇਸ ਦੀ ਕਾਫ਼ੀ ਮੰਗ ਹੈ।
ਕਿੰਨੀ ਖ਼ਤਰਨਾਕ ਹੈ ਇਹ ਉੱਲੀ?
ਦਰਅਸਲ 'ਹੇਮੇਲਿਆ ਵਾਸਤ੍ਰਿਮਿਕਸ' ਕਾਈ ਇੱਕ ਖ਼ਤਰਨਾਕ ਉੱਲੀ ਹੈ। ਇਹ ਕੌਫ਼ੀ ਦੀਆਂ ਹਾਈਬ੍ਰਿਡ ਨਸਲਾਂ ਨੂੰ ਵੀ ਆਪਣੀ ਲਪੇਟ ਵਿੱਚ ਲੈਂਦੀ ਹੈ।
ਹਾਲਾਂਕਿ ਕੋਲੰਬੀਆ ਹਾਈਬ੍ਰਿਡ ਨਸਲ ਵਿੱਚ ਇਸ ਕਾਈ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੈ। ਫਿਰ ਵੀ ਇਹ ਕਿਸਮ ਇਸ ਤੋਂ ਬਚੀ ਨਹੀਂ ਹੈ।
ਕੁਝ ਖੋਜਕਾਰ ਮੰਨਦੇ ਹਨ ਕਿ ਜੇ ਠੰਡ ਵੱਧਦੀ ਹੈ ਤਾਂ ਪੱਤੀਆਂ ਉੱਤੇ ਇਸ ਕਾਈ ਦਾ ਖ਼ਤਰਾ ਕੁਝ ਘੱਟ ਹੋ ਜਾਂਦਾ। ਇੱਕ ਵਾਰੀ ਜੇ ਇਹ ਉੱਲੀ ਬੂਟੇ ਨੂੰ ਲੱਗ ਜਾਵੇ ਤਾਂ ਇਸ ਦੇ ਨਤੀਜੇ ਖ਼ਤਰਨਾਕ ਹੋ ਸਕਦੇ ਹਨ।
ਸਿਨੇਕੈਫ਼ੇ ਨਵੀਂ ਤਕਨੀਕ ਦੀ ਵਰਤੋਂ ਕਰਦੇ ਹੋਏ ਕੌਫ਼ੀ ਦੀਆਂ ਕਾਫ਼ੀ ਨਵੀਆਂ ਕਿਸਮਾਂ ਪੈਦਾ ਕਰਨ ਵਿੱਚ ਲੱਗੀ ਹੈ। 2005 ਵਿੱਚ ਉਨ੍ਹਾਂ ਨੇ ਕੌਫ਼ੀ ਦਾ ਇੱਕ ਨਵਾਂ ਬੀਜ ਲੱਭਿਆ ਜਿਸ ਦਾ ਨਾਮ ਹੈ 'ਕਾਸਤੀਲੋ'।

ਤਸਵੀਰ ਸਰੋਤ, Getty Images
ਇਸ ਬੀਜ ਦਾ ਨਾਮ ਇਸ ਨੂੰ ਲੱਭਣ ਵਾਲੇ ਵਿਗਿਆਨੀ ਦੇ ਨਾਮ ਉੱਤੇ ਰੱਖਿਆ ਗਿਆ ਹੈ।
'ਕੋਲੰਬੀਆ' ਬੀਜ ਤੋਂ ਬਾਅਦ ਲੱਭਿਆ ਜਾਣ ਵਾਲਾ ਇਹ ਦੂਜਾ ਅਜਿਹਾ ਕੌਫ਼ੀ ਦਾ ਬੀਜ ਹੈ ਜਿਸ ਨੂੰ ਕੌਮਾਂਤਰੀ ਬਜ਼ਾਰ ਵਿੱਚ ਪਸੰਦ ਕੀਤਾ ਗਿਆ ਹੈ।
...ਤਾਂ ਕੌਫ਼ੀ ਉੱਤੇ ਨਹੀਂ ਹੋਵੇਗਾ ਕਿਸੇ ਬਿਮਾਰੀ ਦਾ ਅਸਰ
2016 ਵਿੱਚ ਇੱਕ ਹੋਰ ਬੀਜ ਖੋਜੀਆਂ ਨੇ ਬਜ਼ਾਰ ਵਿੱਚ ਉਤਾਰਿਆ ਗਿਆ ਹੈ। ਇਸ ਦਾ ਨਾਮ ਹੈ 'ਸਿਨੇਕੈਫ਼ੇ-1'।
ਇਸ ਬੀਜ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਹੈ।
ਵਿਗਿਆਨੀਆਂ ਨੂੰ ਉਮੀਦ ਹੈ ਕਿ ਉਹ ਛੇਤੀ ਹੀ ਕੌਫ਼ੀ ਦੇ ਅਜਿਹੇ ਬੀਜਾਂ ਦੀ ਖੋਜ ਕਰ ਲੈਣਗੇ ਜਿੰਨ੍ਹਾਂ ਉੱਤੇ ਕਿਸੇ ਬਿਮਾਰੀ ਦਾ ਅਸਰ ਨਹੀਂ ਹੋਵੇਗਾ।

ਤਸਵੀਰ ਸਰੋਤ, Getty Images
ਕੋਲੰਬੀਆ ਵਿੱਚ ਕੌਫ਼ੀ ਦਾ ਵਪਾਰ ਵੱਡੇ ਪੱਧਰ ਉੱਤੇ ਹੁੰਦਾ ਹੈ। ਦੇਸ ਦੇ ਤਕਰੀਬਨ ਸਾਢੇ ਸੱਤ ਲੱਖ ਲੋਕ ਇਸ ਨਾਲ ਜੁੜੇ ਹੋਏ ਹਨ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੌਫ਼ੀ ਦੀ ਖੇਤੀ ਦੇ ਖ਼ਤਮ ਹੋਣ ਨਾਲ ਕਿੰਨੇ ਵੱਡੇ ਪੱਧਰ ਉੱਤੇ ਲੋਕ ਬੇਰੁਜ਼ਗਾਰ ਹੋ ਜਾਣਗੇ।
ਲਿਹਾਜ਼ਾ ਜੇ ਹਾਈਬ੍ਰਿਡ ਕੌਫ਼ੀ ਬਜ਼ਾਰ ਵਿੱਚ ਥਾਂ ਬਣਾ ਲੈਂਦੀ ਹੈ ਤਾਂ ਛੋਟੇ ਮਜ਼ਦੂਰਾਂ ਸਾਹਮਣੇ ਰੋਜ਼ੀ-ਰੋਟੀ ਦੀ ਮੁਸ਼ਕਿਲ ਖੜ੍ਹੀ ਨਹੀਂ ਹੋਵੇਗੀ।
ਕੌਫ਼ੀ ਦੀ ਖੇਤੀ ਤੋਂ ਕਿਉਂ ਘਬਰਾਉਂਦੇ ਹਨ ਕਿਸਾਨ?
ਕੌਫ਼ੀ ਦੀ ਖੇਤੀ ਵਿੱਚ ਪਹਿਲਾਂ ਮੋਟੀ ਰਕਮ ਲਾਉਣੀ ਪੈਂਦੀ ਹੈ। ਕਈ ਸਾਲਾਂ ਬਾਅਦ ਜਦੋਂ ਬੀਜਾਂ ਦੀ ਗਿਣਤੀ ਚੰਗੀ ਹੋਣ ਲਗਦੀ ਹੈ ਤਾਂ ਕਮਾਈ ਹੋਣੀ ਸ਼ੁਰੂ ਹੁੰਦੀ ਹੈ। ਇਸ ਲਈ ਬਹੁਤ ਲੋਕ ਇਸ ਕਾਰੋਬਾਰ ਵਿੱਚ ਪੈਸਾ ਲਾਉਣ ਤੋਂ ਘਬਰਾਉਂਦੇ ਹਨ।
ਜਿਨ੍ਹਾਂ ਕਿਸਾਨਾਂ ਦਾ ਪੇਸ਼ਾ ਸਿਰਫ਼ ਕੌਫ਼ੀ ਦੀ ਖੇਤੀ ਹੁੰਦਾ ਹੈ, ਉਨ੍ਹਾਂ ਨੂੰ ਕੋਲੰਬੀਆ ਸਰਕਾਰ ਦੀ 'ਕੌਫ਼ੀ ਫੈਡਰੇਸ਼ਨ ਫੇਡਕੈਫੇ' ਕਰਜ਼ਾ ਦਿੰਦੀ ਹੈ।
ਕਿਸਾਨਾਂ ਨੂੰ ਸਸਤੇ ਬੀਜ ਵੀ ਮੁਹੱਈਆ ਕਰਵਾਏ ਜਾਂਦੇ ਹਨ। ਨਾਲ ਹੀ ਉਨ੍ਹਾਂ ਨੂੰ ਕੌਫ਼ੀ ਦੀ ਖੇਤੀ ਦੀ ਆਧੁਨਿਕ ਤਕਨੀਕ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਕੋਲੰਬੀਆ ਵਿੱਚ ਕੌਫ਼ੀ ਦਾ ਕਾਰੋਬਾਰ ਅਤੇ ਖੇਤੀ ਬਚਾਉਣ ਲਈ ਕਈ ਪੱਧਰ ਉੱਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਫ਼ੀ ਹੱਦ ਤੱਕ ਇਸ ਦਿਸ਼ਾ ਵਿੱਚ ਕਾਮਯਾਬੀ ਮਿਲ ਗਈ ਹੈ, ਪਰ ਫਿਰ ਵੀ ਬੂਟਿਆਂ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
ਬੀਸੀਸੀ ਫਿਊਚਰ ਦੀ ਵੈਬਸਾਈਟ ਉੱਪਰ ਮੂਲ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ।












