ਸਾਊਦੀ ਅਰਬ ਤੇ ਯੂ.ਏ.ਈ ਹੁਣ ਨਹੀਂ ਰਹੇ ‘ਟੈਕਸ ਫ੍ਰੀ’

ਤਸਵੀਰ ਸਰੋਤ, Getty Images
ਸਾਊਦੀ ਅਰਬ ਤੇ ਅਮੀਰਾਤ ਵਿੱਚ ਪਹਿਲੀ ਵਾਰ ਵੈਲਿਊ ਐਡਿਡ ਟੈਕਸ ਲਾਗੂ ਕੀਤਾ ਗਿਆ ਹੈ। ਜ਼ਿਆਦਾਤਰ ਚੀਜ਼ਾਂ ਅਤੇ ਸੇਵਾਵਾਂ 'ਤੇ 5 ਫੀਸਦ ਟੈਕਸ ਲਾਇਆ ਗਿਆ ਹੈ।
ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਲੋਕ ਹਨ ਅਤੇ ਇਹ ਦੇਸ ਟੈਕਸ ਫ੍ਰੀ ਸਕੀਮ ਦਾ ਭਰੋਸਾ ਦੇ ਕੇ ਹੁਣ ਤੱਕ ਉਨ੍ਹਾਂ ਨੂੰ ਖਿੱਚ ਰਹੇ ਸੀ।
ਤੇਲ ਦੀਆਂ ਕੀਮਤਾਂ ਵਿੱਚ ਕਮੀ ਦਾ ਅਸਰ ਹੁਣ ਇਨ੍ਹਾਂ ਮੁਲਕਾਂ ਦੇ ਖਜ਼ਾਨਿਆਂ 'ਤੇ ਵੀ ਪੈਣ ਲੱਗਿਆ ਹੈ ਅਤੇ ਇਹ ਦੇਸ ਇਸ ਕਮੀ ਨੂੰ ਪੂਰਾ ਕਰਨ ਦੇ ਲਈ ਕਈ ਕਦਮ ਚੁੱਕ ਰਹੇ ਹਨ।
12 ਅਰਬ ਦਿਰਹਮ ਦੀ ਉਮੀਦ
ਮਾਲੀਆ ਵਧਾਉਣ ਦੇ ਇਰਾਦੇ ਨਾਲ ਚੁੱਕਿਆ ਇਹ ਕਦਮ ਇੱਕ ਜਨਵਰੀ ਤੋਂ ਲਾਗੂ ਹੋ ਗਿਆ ਹੈ। ਸੰਯੁਕਤ ਅਰਬ ਅਮੀਰਾਤ ਦਾ ਅੰਦਾਜ਼ਾ ਹੈ ਕਿ ਪਹਿਲੇ ਸਾਲ ਵੈਟ ਤੋਂ ਆਮਦਨ 12 ਅਰਬ ਦਿਰਹਮ ਰਹੇਗੀ।
ਹੁਣ ਇਨ੍ਹਾਂ ਦੇਸਾਂ ਵਿੱਚ ਪੈਟਰੋਲ-ਡੀਜ਼ਲ, ਖਾਣਾ, ਕੱਪੜੇ, ਰੋਜ਼ਾਨਾ ਇਸਤੇਮਾਲ ਦੀਆਂ ਵਸਤਾਂ ਅਤੇ ਹੋਟਲ ਦੇ ਬਿੱਲ 'ਤੇ ਵੈਟ ਲੱਗਣਾ ਸ਼ੁਰੂ ਹੋ ਗਿਆ ਹੈ।

ਤਸਵੀਰ ਸਰੋਤ, Getty Images
ਪਰ ਮੈਡੀਕਲ ਇਲਾਜ, ਮਾਲੀ ਸੇਵਾਵਾਂ ਅਤੇ ਪਬਲਿਕ ਟ੍ਰਾਂਸਪੋਰਟ ਨੂੰ ਟੈਕਸ ਤੋਂ ਬਾਹਰ ਰੱਖਿਆ ਗਿਆ ਹੈ।
ਸਊਦੀ ਅਰਬ ਵਿੱਚ 90 ਫੀਸਦ ਤੋਂ ਵੀ ਵੱਧ ਅਤੇ ਯੂ.ਏ.ਈ ਵਿੱਚ 80 ਫੀਸਦ ਤੋਂ ਵੱਧ ਮਾਲੀਆ ਤੇਲ ਸਨਅਤ ਤੋਂ ਆਉਂਦਾ ਹੈ।
ਦੋਹਾਂ ਦੇਸਾਂ ਵਿੱਚ ਸਰਕਾਰੀ ਖ਼ਜ਼ਾਨੇ ਨੂੰ ਵਧਾਉਣ ਦੇ ਲਈ ਪਹਿਲਾਂ ਤੋਂ ਕਈ ਕਦਮ ਚੁੱਕੇ ਗਏ ਹਨ।
ਕਈ ਹੋਰ ਟੈਕਸ ਲੱਗੇ
ਸਊਦੀ ਅਰਬ ਵਿੱਚ ਤੰਬਾਕੂ ਅਤੇ ਸਾਫਟ ਡ੍ਰਿੰਕਸ 'ਤੇ ਟੈਕਸ ਲਾਇਆ ਜਾਵੇਗਾ, ਪਰ ਸਥਾਨਕ ਲੋਕਾਂ ਨੂੰ ਕੁਝ ਸਬਸਿਡੀ ਦਿੱਤੀ ਜਾਵੇਗੀ।
ਸੰਯੁਕਤ ਅਰਬ ਅਮੀਰਾਤ ਵਿੱਚ ਰੋਡ ਟੈਕਸ ਵਧਾ ਦਿੱਤਾ ਗਿਆ ਹੈ ਅਤੇ ਸੈਰ ਸਪਾਟਾ ਟੈਕਸ ਲਾਗੂ ਕੀਤਾ ਗਿਆ ਹੈ।
ਪਰ ਅਜੇ ਤੱਕ ਆਮਦਨ 'ਤੇ ਟੈਕਸ ਲਾਉਣ ਦੀ ਕੋਈ ਯੋਜਨਾ ਨਹੀਂ ਹੈ।
ਗਲਫ ਕਾਪਰੇਸ਼ਨ ਕਾਊਂਸਿਲ ਦੇ ਹੋਰ ਮੈਂਬਰ- ਬਹਰੀਨ, ਕੁਵੈਤ, ਓਮਾਨ ਅਤੇ ਕਤਰ ਵੀ ਵੈਟ ਨੂੰ ਲਾਗੂ ਕਰਨ ਦੇ ਲਈ ਅਹਿਦ ਦੋਹਰਾ ਚੁੱਕੇ ਹਨ। ਹਾਲਾਂਕਿ ਕੁਝ ਦੇਸਾਂ ਨੇ ਇਸ ਨੂੰ ਫਿਲਹਾਲ ਟਾਲ ਦਿੱਤਾ ਹੈ।












