ਪਾਕਿਸਤਾਨ: ਕਾਨੂੰਨ ਮੰਤਰੀ ਜ਼ਾਹਿਦ ਹਾਮਿਦ ਨੇ ਦਿੱਤਾ ਅਸਤੀਫ਼ਾ

ਪਾਕਿਸਤਾਨ ਵਿੱਚ ਚੱਲ ਰਹੇ ਮੁਜਾਹਰਿਆਂ ਤੋਂ ਬਾਅਦ, ਕਾਨੂੰਨ ਮੰਤਰੀ ਜ਼ਾਹਿਦ ਹਾਮਿਦ ਨੇ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇ ਦਿੱਤਾ ਹੈ।

ਪਿਛਲੇ ਕਈ ਹਫ਼ਤਿਆਂ ਤੋਂ ਇਸਾਲਾਮਾਬਾਦ 'ਚ ਤਹਿਰੀਕ-ਏ-ਲੱਬੈਕ ਯਾ ਰਸੂਲ ਅੱਲਾ ਦੇ ਅਸ਼ਰਫ਼ ਜਲਾਨੀ ਧੜੇ ਤੇ ਸੁੰਨੀ ਤਹਿਰੀਕ ਵੱਲੋਂ ਮੁਜਾਹਰਾ ਚੱਲ ਰਿਹਾ ਸੀ।

ਇਹ ਮੰਗ ਕੀਤੀ ਜਾ ਰਹੀ ਸੀ ਕਿ ਜ਼ਾਹਿਦ ਹਾਮਿਦ ਅਸਤੀਫ਼ਾ ਦੇਣ। ਇਸ ਲਈ 22 ਦਿਨਾਂ ਤੋਂ ਇਸਲਾਮਾਬਾਦ ਵਿੱਚ ਮੁਜਾਹਰਾ ਕੀਤਾ ਜਾ ਰਿਹਾ ਸੀ।

ਪਾਕਿਸਤਾਨ ਵਿੱਚ ਹੰਗਾਮੇ ਕਾਰਨ ਆਫ਼ ਏਅਰ ਕੀਤੇ ਗਏ ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਸਾਈਟਾਂ ਦੀ ਮੁੜ ਬਹਾਲੀ ਹੋ ਗਈ ਹੈ।

ਸੁਪਰੀਮ ਕੋਰਟ ਦੇ ਹੁਕਮਾਂ ਨਾਲ ਧਰਨੇ ਨੂੰ ਖ਼ਤਮ ਕਰਵਾਉਣ ਲਈ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਜ਼ਬਰਦਸਤ ਹੰਗਾਮਾ ਹੋ ਗਿਆ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੀਡੀਆ ਦੇ ਜ਼ਰੀਏ ਮੁਜਾਹਰਾਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦਾ ਲਾਹੌਰ, ਕਰਾਚੀ ਅਤੇ ਸਿਆਲਕੋਟ ਵਰਗੀਆਂ ਥਾਵਾਂ 'ਤੇ ਵੀ ਅਸਰ ਹੁੰਦਾ ਦੇਖ ਪ੍ਰਸ਼ਾਸਨ ਨੇ ਸਾਰੇ ਨਿੱਜੀ ਨਿਊਜ਼ ਚੈਨਲਾਂ ਨੂੰ ਆਫ਼ ਏਅਰ ਕਰ ਦਿੱਤਾ ਸੀ।

ਕਿਉਂ ਲੱਗੀ ਸੀ ਰੋਕ ?

ਇਨ੍ਹਾਂ ਸਭ ਦੌਰਾਨ ਇੱਕ ਦੌਰ ਅਜਿਹਾ ਆਇਆ ਕਿ ਪਾਕਿਸਤਾਨ ਦੀ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਸਾਰੇ ਨਿੱਜੀ ਚੈਨਲਾਂ ਦੇ ਪ੍ਰਸਾਰਣ ਉੱਤੇ ਰੋਕ ਲਗਾ ਦਿੱਤੀ।

ਇਹ ਦੱਸਿਆ ਗਿਆ ਕਿ ਪੁਲਿਸ ਕਾਰਵਾਈ ਦੇ ਸਿੱਧੇ ਪ੍ਰਸਾਰਣ ਨਾਲ ਧਾਰਮਿਕ ਭਾਵਨਾਵਾਂ ਭੜਕ ਰਹੀਆਂ ਹਨ।

ਇਸ ਦੇ ਨਾਲ ਹੀ ਇਸ ਫ਼ਸਾਦ ਵਿੱਚ ਕਈ ਪੱਤਰਕਾਰਾਂ ਦੇ ਜਖ਼ਮੀ ਹੋਣ ਦੀ ਵੀ ਖ਼ਬਰ ਸੀ।

ਅੱਗੇ ਦੀ ਕਾਰਵਾਈ

ਫਿਲਹਾਲ ਡਾਇਰੈਕਟਰ ਜਨਰਲ ਪੈਰਾ ਮਿਲਟਰੀ ਫੋਰਸ ਰੈਂਜਰ ਦੇ ਮੇਜਰ ਜਨਰਲ ਅਜ਼ਰ ਨਾਵੇਦ ਨੂੰ 26 ਨਵੰਬਰ ਤੋਂ 3 ਦਸੰਬਰ ਤੱਕ ਇਸ ਕਾਰਵਾਈ ਦੀ ਅਗਵਾਈ ਦਾ ਜ਼ਿੰਮਾ ਸੌਂਪਿਆ ਗਿਆ ਹੈ।

ਲਾਹੌਰ, ਇਸਲਾਮਾਬਾਦ, ਕਰਾਚੀ, ਪੇਸ਼ਾਵਰ, ਮੁਲਤਾਨ, ਸਿਆਲਕੋਟ, ਗੁਰਜਰਵਾਲਾ, ਗੁਜਰਾਤ, ਪਿੰਡੀ ਭੱਟੀਆਂ ਸਮੇਤ ਪੂਰੇ ਦੇਸ਼ ਵਿੱਚ ਮੁਜ਼ਾਹਰੇ ਜਾਰੀ ਹਨ।

ਤਹਿਰੀਕੇ-ਏ-ਲੱਬੈਕ ਨੇ ਕੱਲ੍ਹ ਪੂਰੀ ਤਰ੍ਹਾਂ ਬੰਦ ਦਾ ਸੱਦਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਕੁਝ ਟਰਾਂਸਪੋਰਟਰ ਐਸੋਸੀਏਸ਼ਨਾਂ ਨੇ ਵੀ ਕੱਲ ਸ਼ਾਮ ਲਈ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)