ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਹਿੰਸਕ ਝੜਪ ਦੀ ਕਹਾਣੀ

    • ਲੇਖਕ, ਫਰਾਨ ਰਫ਼ੀ
    • ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਇਸਲਾਮਿਕ ਮੁਜਾਹਰਾਕਾਰੀਆਂ 'ਤੇ ਪੁਲਿਸ ਅਤੇ ਫੌਜੀ ਕਾਰਵਾਈ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ।

ਇਸਲਾਮਾਬਾਦ 'ਚ ਤਹਿਰੀਕ-ਏ-ਲੱਬੈਕ ਜਾਂ ਰਸੂਲ ਅੱਲਾ ਦੇ ਅਸ਼ਰਫ਼ ਜਲਾਨੀ ਧੜੇ ਅਤੇ ਸੁੰਨੀ ਤਹਿਰੀਕ ਨੇ ਪਿਛਲੇ 20 ਦਿਨਾਂ ਤੋਂ ਧਰਨਾ ਦਿੱਤਾ ਹੋਇਆ ਸੀ।

ਇਸ ਧਰਨੇ ਨੂੰ ਖ਼ਤਮ ਕਰਵਾਉਣ ਲਈ ਸ਼ਨੀਵਾਰ ਸਵੇਰੇ ਮੁਜਾਹਰਾਕਾਰੀਆਂ ਉੱਪਰ ਸੁਰੱਖਿਆ ਦਸਤਿਆਂ ਨੇ ਕਾਰਵਾਈ ਕੀਤੀ ਜਿਸ ਨਾਲ ਜ਼ਬਰਦਸਤ ਹੰਗਾਮਾ ਹੋ ਗਿਆ।

ਇਹ ਧਰਨਾ ਫ਼ੈਜ਼ਾਬਾਦ ਇੰਟਰਚੇਂਜ 'ਤੇ ਦਿੱਤਾ ਜਾ ਰਿਹਾ ਸੀ। ਇਹ ਉਹ ਥਾਂ ਹੈ ਜਿੱਥੇ ਰਾਜਧਾਨੀ ਇਸਲਾਮਾਬਾਦ ਮੁਲਕ ਦੇ ਦੂਜੇ ਹਿੱਸੇ ਨਾਲ ਜੁੜਦੀ ਹੈ।

ਸੋਸ਼ਲ ਮੀਡੀਆ ਅਤੇ ਮੀਡੀਆ ਦੇ ਜ਼ਰੀਏ ਮੁਜਾਹਰਾਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦਾ ਲਾਹੌਰ, ਕਰਾਚੀ ਅਤੇ ਸਿਆਲਕੋਟ ਵਰਗੀਆਂ ਥਾਵਾਂ 'ਤੇ ਵੀ ਅਸਰ ਹੁੰਦਾ ਦੇਖ ਪ੍ਰਸ਼ਾਸਨ ਨੇ ਸਾਰੇ ਨਿੱਜੀ ਨਿਊਜ਼ ਚੈਨਲਾਂ ਨੂੰ ਆਫ਼ ਏਅਰ ਕਰ ਦਿੱਤਾ।

ਸ਼ਨੀਵਾਰ ਸਵੇਰੇ ਇਸਲਾਮਿਕ ਮੁਜਾਹਰਾਕਾਰੀ ਕਨੂੰਨ ਮੰਤਰੀ ਜਾਹਿਦ ਹਮੀਦ ਦੇ ਅਸਤੀਫੇ ਦੀ ਮੰਗ ਕਰ ਰਹੇ ਸੀ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਟੱਕਰ ਹੋਈ।

ਕਨੂੰਨ ਮੰਤਰੀ ਜਾਹਿਦ ਹਮੀਦ ਨੇ ਆਪਣੀ ਸਹੁੰ ਵਿੱਚ ਪੈਂਗਬਰ ਦਾ ਨਾਂ ਲਿਆ ਜਿਸ ਤੋਂ ਬਾਅਦ ਇੱਕ ਕੱਟਰ ਇਸਲਾਮੀ ਪਾਰਟੀ ਨੇ ਉਨ੍ਹਾਂ ਦੀ ਬਰਖਾਸਤਗੀ ਦੀ ਮੰਗੀ ਕੀਤੀ ਸੀ।

ਇਸ ਲਈ ਕਈ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਹੇ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਅੱਜ ਮੁਜਾਹਰਾਕਾਰੀਆਂ ਨੂੰ ਸੁਰੱਖਿਆ ਦਸਤੇ ਹਟਾਉਣ ਗਏ ਸੀ।

ਕੀ ਮਾਮਲਾ ਹੈ?

ਇਹ ਧਰਨਾ 2017 ਦੇ ਚੋਣ ਸੁਧਾਰ ਬਿਲ ਵਿੱਚ ਸੋਧ ਲਈ ਕੀਤਾ ਜਾ ਰਿਹਾ ਸੀ। ਇਹ ਬਿਲ ਹਜ਼ਰਤ ਮੁਹੰਮਦ ਦੀ ਸਰਬਉੱਚਤਾ ਨੂੰ ਚੁਣੌਤੀ ਦਿੰਦਾ ਹੈ।

ਇਸ ਮਸਲੇ ਨੂੰ ਲੈ ਕੇ ਕਨੂੰਨ ਮੰਤਰੀ ਦੀ ਬਰਖਾਸਤਗੀ ਦੀ ਮੰਗ ਕਰ ਰਹੇ ਸਨ। ਹਾਲਾਂ ਕਿ ਸਰਕਾਰ ਨੇ ਇਸ ਨੂੰ ਕਲੈਰੀਕਲ ਭੁੱਲ ਕਹਿ ਕੇ ਠੀਕ ਕਰ ਦਿੱਤਾ ਸੀ।

ਇਸਲਾਮਾਬਾਦ ਹਾਈ ਕੋਰਟ ਨੇ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਉਹ ਮੁਜਾਹਰਾਕਾਰੀਆਂ ਨੂੰ ਨਿਸ਼ਚਿਤ ਮਿਆਦ ਵਿੱਚ ਹਟਾਵੇ। ਇਹ ਮਿਆਦ ਵਧਾਈ ਵੀ ਜਾਂਦੀ ਰਹੀ ਪਰ ਸ਼ਨੀਵਾਰ ਸਵੇਰੇ 7 ਵਜੇ ਇਸ ਮਕਸਦ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਨਿਊਜ਼ ਚੈਨਲਾਂ ਉੱਤੇ ਰੋਕ

ਇਸੇ ਦੌਰਾਨ ਪਾਕਿਸਤਾਨ ਦੀ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਸਾਰੇ ਖ਼ਬਰ ਚੈਨਲਾਂ ਉੱਪਰ ਰੋਕ ਲਾ ਦਿੱਤੀ ਹੈ। ਇਹ ਚੈਨਲ ਸਰਕਾਰੀ ਹੁਕਮਾਂ ਦੇ ਉਲਟ ਸਾਰੇ ਹਾਲ ਦਾ ਸਿੱਧਾ ਪ੍ਰਸਾਰਣ ਵਿਖਾ ਰਹੇ ਸਨ।

ਫ਼ਿਲਹਾਲ ਸਰਕਾਰੀ ਟੈਲੀਵੀਜ਼ਨ ਚੈਨਲ ਇਹ ਪ੍ਰਸਾਰਣ ਵਿਖਾ ਰਿਹਾ ਹੈ। ਕਈ ਪੱਤਰਕਾਰਾਂ ਦੇ ਵੀ ਫ਼ਸਾਦ ਵਿੱਚ ਜਖ਼ਮੀਂ ਹੋਣ ਦੀ ਖ਼ਬਰ ਆਈ ਹੈ।

ਬੀਬੀਸੀ ਉਰਦੂ ਦੀ ਖ਼ਬਰ ਮੁਤਾਬਕ ਪਾਕਿਸਤਾਨੀ ਮੈਡੀਕਲ ਸਾਇੰਸ ਇੰਸਟੀਚਿਊਟ ਵਿੱਚ ਦਾਖਲ 141 ਫੱਟੜਾਂ ਵਿੱਚੋਂ 57 ਪੁਲਿਸ ਵਾਲੇ ਅਤੇ 46 ਆਮ ਸ਼ਹਿਰੀ ਹਨ।

370 ਗਿਰਫ਼ਤਾਰੀਆਂ

ਇਸਲਾਮਾਬਾਦ ਦੇ ਆਸ ਪਾਸ ਦੀਆਂ ਸੜਕਾਂ ਉੱਪਰੋਂ ਆਵਾ ਜਾਈ ਰੋਕ ਦਿੱਤੀ ਗਈ ਹੈ। ਕਾਰਵਾਈ ਵਿੱਚ 8500 ਸੁਰੱਖਿਆ ਕਰਮੀ ਲੱਗੇ ਹੋਏ ਹਨ ਤੇ ਹੁਣ ਤੱਕ 370 ਗਿਰਫ਼ਤਾਰੀਆਂ ਕੀਤੀਆਂ ਗਈਆਂ ਹਨ।

ਮੁਜਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਵਰਤੀ ਗਈ ਤੇ ਜਵਾਬ ਵਿੱਚ ਉਨ੍ਹਾਂ ਨਾ ਪੱਥਰਬਾਜੀ ਕੀਤੀ।

ਕੀ ਹੈ ਤਾਜ਼ਾ ਹਾਲ?

ਬੀਬੀਸੀ ਉਰਦੂ ਦੇ ਪੱਤਰਕਾਰ ਸ਼ਹਜ਼ਾਦ ਮਲਿਕ ਮੁਤਾਬਕ ਮੁਜਾਹਰਾਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਸਮੇਤ ਇੱਕ ਬੱਸ ਨੂੰ ਅੱਗ ਲਾ ਦਿੱਤੀ।

ਮੁਜਾਹਰਾਕਾਰੀ ਸੜਕਾਂ ਉੱਪਰ ਜਿਹੜੇ ਤੰਬੂਆਂ ਵਿੱਚ ਲਾਏ ਹੋਏ ਸਨ ਉਹ ਸੁਰੱਖਿਆ ਕਰਮੀਆਂ ਨੇ ਪੁੱਟ ਦਿੱਤੇ ਹਨ। ਮੁਜਾਹਰਾਕਾਰੀਆਂ ਨੇ ਖਾਸ ਕਰ ਇਸਲਾਮਾਬਾਦ ਦੇ ਐਕਸਪ੍ਰੈਸ ਵੇ ਦੇ ਨਜ਼ਦੀਕ ਫ਼ੈਜ਼ਾਬਾਦ ਕੋਲ ਕਿਆਮ ਕੀਤਾ ਹੋਇਆ ਸੀ।

ਇਸਲਾਮਾਬਾਦ ਅਤੇ ਰਾਵਲ ਪਿੰਡੀ ਦੇ ਹੋਰ ਖੇਤਰਾਂ ਵਿੱਚ ਵੀ ਹਿੰਸਾ ਦੀਆਂ ਖ਼ਬਰਾਂ ਹਨ। ਬੀਬੀਸੀ ਨੂੰ ਕਾਰਵਾਈ ਮਗਰੋਂ ਦੇਸ ਦੇ ਹੋਰ ਖਿੱਤਿਆਂ ਜਿਵੇਂ- ਲਾਹੌਰ, ਕਰਾਚੀ ਅਤੇ ਪੇਸ਼ਾਵਰ ਵਿੱਚ ਵੀ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਹਨ।

ਪਿਛਲੇ ਦਿਨਾਂ ਵਿੱਚ ਮੁਜਾਹਰਾਕਾਰੀਆਂ ਉੱਪਰ ਕਈ ਕੇਸ ਦਰਜ ਹੋਏ ਹਨ। ਇਸ ਬੰਦ ਦਾ ਅਸਰ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਵਿੱਚ ਹਾਜਰੀ ਉੱਪਰ ਵੀ ਪਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)