ਗਰਾਂਊਂਡ ਰਿਪੋਰਟ: ਬਰਮਾ ਦੇ ਹਿੰਦੂਆਂ ਦਾ ਕਤਲ ਕਿਸਨੇ ਕੀਤਾ?

- ਲੇਖਕ, ਨੀਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਦੁਪਹਿਰ ਹੋਣ ਜਾ ਰਹੀ ਹੈ ਅਤੇ ਸਿਤਵੇ ਹਵਾਈ ਅੱਡੇ 'ਤੇ ਅੱਧੇ ਘੰਟੇ ਤੋਂ ਪੁਲਿਸ ਵਾਲਿਆਂ ਦੀ ਪੁੱਛਗਿੱਛ ਜਾਰੀ ਹੈ।
ਮੈਂ ਰਖਾਈਨ ਕਿਉਂ ਜਾਣਾ ਚਾਹੁੰਦਾ ਹਾਂ? ਕੈਮਰੇ ਵਿੱਚ ਕੀ ਲੈਣ ਆਇਆ ਹਾਂ? ਮੇਰੇ ਪਾਸਪੋਰਟ ਵਿੱਚ ਬੰਗਲਾਦੇਸ਼ ਦਾ ਵੀਜ਼ਾ ਕਿਉਂ ਲਿਆ ਗਿਆ ਸੀ?
ਮੇਰਾ ਧਿਆਨ ਘੜੀ ਵੱਲ ਜ਼ਿਆਦਾ ਹੈ ਕਿਉਂਕਿ ਰਖਾਈਨ ਦੀ ਰਾਜਧਾਨੀ ਸਿਤਵੇ ਦੇ ਬਾਹਰ ਹਿੰਦੂਆਂ ਦੇ ਸ਼ਰਣਾਨਰਥੀ ਕੈਂਪ ਪਹੁੰਚਣ ਦੀ ਜਲਦੀ ਹੈ।
ਪਹੁੰਚਦੇ-ਪਹੁੰਚਦੇ 4.30 ਵਜ ਗਏ ਹਨ, ਹਲਕਾ ਮੀਂਹ ਪੈਣਾ ਸ਼ੁਰੂ ਹੋ ਚੁੱਕਾ ਹੈ ਅਤੇ ਇੱਕ ਪੁਰਾਣੇ ਮੰਦਿਰ ਦੇ ਨੇੜੇ ਕੁਝ ਟੈਂਟ ਲੱਗੇ ਹੋਏ ਹਨ।
ਖੌਫ਼ ਵਿੱਚ ਹਿੰਦੂ
ਪਰ ਨਜ਼ਰ ਇੱਕ ਮਹਿਲਾ 'ਤੇ ਟਿੱਕ ਜਾਂਦੀ ਹੈ ਜਿਸਦੀ ਅੱਖਾਂ ਵਿੱਚ ਨਮੀ ਹੈ ਅਤੇ ਜੋ ਸਾਨੂੰ ਉਮੀਦ ਨਾਲ ਦੇਖ ਰਹੀ ਹੈ।
40 ਸਾਲ ਦੀ ਕੂਕੂ ਬਾਬਾ ਹਾਲ ਹੀ ਵਿੱਚ ਮਾਂ ਬਣੀ ਹੈ ਅਤੇ ਉਨ੍ਹਾਂ ਦਾ ਪੁੱਤਰ ਸਿਰਫ਼ 11 ਦਿਨਾਂ ਦਾ ਹੈ।
ਇਹ ਹਿੰਦੂ ਹਨ ਅਤੇ ਰਖਾਈਨ ਸੂਬੇ ਵਿੱਚ ਇਨ੍ਹਾਂ ਦੀ ਆਬਾਦੀ ਦਸ ਹਜ਼ਾਰ ਦੇ ਕਰੀਬ ਹੈ।
ਕੂਕੂ ਬਾਲਾ ਗੱਲ ਕਰਦੇ ਹੋਏ ਜ਼ੋਰ ਨਾਲ ਰੌਣ ਲੱਗੀ।
ਉਸਨੇ ਕਿਹਾ, "ਮੇਰੇ ਪਤੀ ਅਤੇ ਮੇਰੀ 8 ਸਾਲ ਦੀ ਬੇਟੀ ਕੰਮ ਦੇ ਲਈ ਦੂਜੇ ਪਿੰਡ ਗਏ ਸੀ। ਸ਼ਾਮ ਨੂੰ ਮੇਰੀ ਭੈਣ ਕੋਲ ਅੱਤਵਾਦੀਆਂ ਦੀ ਫੋਨ ਆਇਆ ਕਿ ਦੋਵਾਂ ਦੀ ਕੁਰਬਾਨੀ ਦੇ ਦਿੱਤੀ ਗਈ ਹੈ ਅਤੇ ਤੁਹਾਡੇ ਨਾਲ ਵੀ ਇਹ ਹੋਵੇਗਾ।''

"ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ। ਮੈਂ ਘਰ ਦੇ ਅੰਦਰ ਲੁਕੀ ਰਹੀ ਅਤੇ ਤਿੰਨ ਦਿਨ ਬਾਅਦ ਫੌਜ ਸਾਨੂੰ ਇੱਥੇ ਲੈ ਕੇ ਆਈ।''
ਮਿਆਂਮਾਰ ਸਰਕਾਰ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ 25 ਅਗਸਤ ਦੇ ਹਮਲੇ ਵਿੱਚ ਕਈ ਹਿੰਦੂਆਂ ਨੂੰ ਮਾਰ ਦਿੱਤਾ ਸੀ।
ਦੇਸ ਦੀ ਫੌਜ ਨੇ ਇਸੇ ਤਰੀਕੇ ਦੀ ਦਰਦਨਾਕ ਕਹਾਣੀਆਂ ਨੂੰ ਆਧਾਰ ਬਣਾਉਂਦੇ ਹੋਏ ਰਖਾਈਨ ਵਿੱਚ ਜਾਰੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਸੂਬੇ ਤੋਂ 6 ਲੱਖ ਤੋਂ ਵੀ ਜ਼ਿਆਦਾ ਰੋਹਿੰਗਿਆ ਮੁਸਲਮਾਨ ਭੱਜ ਕੇ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਪਨਾਹ ਲੈ ਚੁੱਕੇ ਹਨ। ਉਨ੍ਹਾਂ ਨੇ ਮਿਆਂਮਾਰ ਸਰਕਾਰ 'ਤੇ ਕਤਲ ਅਤੇ ਬਲਾਤਕਾਰ ਦੇ ਇਲਜ਼ਾਮ ਲਾਏ ਹਨ।
ਹਿੰਸਾ ਦੀ ਸ਼ੁਰੂਆਤ ਅਗਸਤ ਵਿੱਚ ਹੋਈ ਸੀ ਜਦੋਂ ਅੱਤਵਾਦੀਆਂ ਨੇ 30 ਪੁਲਿਸ ਥਾਣਿਆਂ 'ਤੇ ਹਮਲਾ ਕੀਤਾ ਸੀ।
ਇਸਦੇ ਜਵਾਬ ਵਿੱਚ ਮਿਆਂਮਾਰ ਸਰਕਾਰ ਦੀ ਕਰੜੀ ਕਾਰਵਾਈ ਨੂੰ ਯੂ.ਐੱਨ ਨੇ ਨਸਲਕੁਸ਼ੀ ਦੱਸਿਆ ਹੈ।
ਸੁਰੱਖਿਅਤ ਟਿਕਾਣਿਆਂ ਦੀ ਤਲਾਸ਼
ਮਹੀਨਿਆਂ ਤੋਂ ਜਾਰੀ ਹਿੰਸਾ ਵਿੱਚ ਕੂਕੂ ਬਾਲਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੁਰੇ ਹਾਲੇ ਹਨ।
ਉਨ੍ਹਾਂ ਨੇ ਕਿਹਾ, "ਜੇ ਮੇਰੇ ਪਤੀ ਜ਼ਿੰਦਾ ਹੁੰਦੇ ਤਾਂ ਇਸ ਬੱਚੇ ਦਾ ਨਾਂ ਉਹੀ ਰੱਖਦੇ। ਮੈਂ ਕੀ ਕਰਾਂ? ਕਿੱਥੇ ਜਾਵਾਂ? ਮੇਰੀ ਧੀ ਅਤੇ ਪਤੀ ਦੀ ਲਾਸ਼ ਤੱਕ ਨਹੀਂ ਮਿਲੀ ਹੈ। ਕੀ ਤੁਸੀਂ ਉਨ੍ਹਾਂ ਨੂੰ ਲੱਭਣ ਵਿੱਚ ਤੁਸੀਂ ਮੇਰੀ ਮਦਦ ਕਰੋਗੇ?''
ਰਖਾਈਨ ਸੂਬੇ ਦੀ ਰਾਜਧਾਨੀ ਸਿਤਵੇ ਵਿੱਚ ਕਰੀਬ 700 ਹਿੰਦੂ ਪਰਿਵਾਰਾਂ ਨੂੰ ਇੱਕ ਸਰਕਾਰੀ ਕੈਂਪ ਵਿੱਚ ਰੱਖਿਆ ਗਿਆ ਹੈ।
ਮੁਆਂਗਡੋ ਅਤੇ ਰਖਾਈਨ ਵਿੱਚ ਹਿੰਸਾ ਭੜਕਣ ਕਰਕੇ ਹਿੰਦੂ ਕਈ ਦਿਸ਼ਾਵਾਂ ਵੱਲ ਭੱਜੇ ਸੀ।

ਸਿਤੰਬਰ ਵਿੱਚ ਬੰਗਲਾਦੇਸ਼ ਦੇ ਕੁਤੁਪਾਲੋਂਗ ਇਲਾਕੇ ਵਿੱਚ ਮੇਰੀ ਮੁਲਾਕਾਤ ਅਨਿਕਾ ਧਰ ਨਾਲ ਹੋਈ ਸੀ ਜੋ ਮਿਆਂਮਾਰ ਦੇ ਫਕੀਰਾ ਬਾਜ਼ਾਰ ਦੀ ਰਹਿਣ ਵਾਲੀ ਹੈ।
ਪਤੀ ਦੇ ਕਤਲ ਦੇ ਬਾਅਦ ਭੱਜੀ ਅਨਿਕਾ ਨੇ ਮੈਨੂੰ ਦੱਸਿਆ ਸੀ ਕਿ ਇਹ ਕਤਲ ਕਾਲੇ ਨਕਾਬ ਵਾਲੇ ਹਮਲਾਵਰਾਂ ਨੇ ਕੀਤਾ ਸੀ। ਉਨ੍ਹਾਂ ਨੇ ਹਮਲਾਵਰਾਂ ਦੀ ਪਛਾਣ ਨਾ ਹੋਣ ਦੀ ਗੱਲ ਕਈ ਦਫ਼ਾ ਦੁਹਰਾਈ ਸੀ।
ਕਾਫ਼ੀ ਲੱਭਣ ਤੋ ਬਾਅਦ ਇੱਥੇ ਮੈਨੂੰ ਸਿਤਵੇ ਵਿੱਚ ਅਨਿਕਾ ਦੇ ਜੀਜਾ ਮਿਲੇ ਜਿਨ੍ਹਾਂ ਨੇ ਪਰਿਵਾਰ ਦੇ ਕਤਲਾਂ ਦੇ ਲਈ ਅੱਤਵਾਦੀਆਂ ਨੂੰ ਜ਼ਿੰਮ੍ਹੇਵਾਰ ਠਹਿਰਾਇਆ।
ਆਸ਼ੀਸ਼ ਕੁਮਾਰ ਨੇ ਦੱਸਿਆ, "ਮੇਰੀ ਧੀ ਦੀ ਤਬੀਅਤ ਖਰਾਬ ਸੀ ਇਸਲਈ ਮੈਂ ਉਸਨੂੰ ਫਕੀਰਾਬਾਜ਼ਾਰ ਇਲਾਕੇ ਵਿੱਚ ਆਪਣੇ ਸੁਹਰੇ ਪਰਿਵਾਰ ਕੋਲ ਛੱਡ ਮੁਆਂਗਡੋ ਆ ਗਿਆ ਸੀ।

"ਅਨਿਕਾ ਦੇ ਪਤੀ ਅਤੇ ਸੱਸ ਤੇ ਸੁਹਰੇ ਦੇ ਨਾਲ ਕਾਤਲ ਮੇਰੀ ਧੀ ਨੂੰ ਜੰਗਲ ਲੈ ਗਏ ਅਤੇ ਮਾਰ ਦਿੱਤਾ। ਜਦੋਂ ਬੰਗਲਾਦੇਸ਼ ਵਿੱਚ ਅਨਿਕਾ ਨਾਲ ਸੰਪਰਕ ਹੋਇਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਾ ਕਤਲ ਕਿਸ ਥਾਂ 'ਤੇ ਹੋਇਆ ਸੀ।
ਆਸ਼ੀਸ਼ ਦੀ ਧੀ ਅੱਠ ਸਾਲ ਦੀ ਸੀ। ਉਨ੍ਹਾਂ ਨੇ ਮੈਨੂੰ ਵੀਡੀਓ ਦਿਖਾਏ ਜਿਸ ਨੂੰ ਮਿਆਂਮਾਰ ਸਰਕਾਰ ਹਿੰਦੂਆਂ ਦੀ ਸਮੂਹਕ ਕਬਰ ਦੱਸ ਰਹੀ ਹੈ।
ਇਸੇ ਸਾਲ ਅਗਸਤ ਵਿੱਚ ਹੋਏ ਇਨ੍ਹਾਂ ਕਤਲਾਂ ਦੇ ਮਹੀਨੇ ਬਾਅਦ ਆਸ਼ੀਸ਼ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸੀ ਜਿੰਨ੍ਹਾਂ ਨੂੰ ਫੌਜ ਅੰਤਿਮ ਸਸਕਾਰ ਕਰਵਾਉਣ ਦੇ ਲੈ ਕੇ ਗਈ ਸੀ। ਅਫ਼ਸਰਾਂ ਦਾ ਕਹਿਣਾ ਹੈ ਕਿ ਇੱਥੋਂ 28 ਲਾਸ਼ਾਂ ਬਰਾਮਦ ਹੋਈਆਂ ਸੀ।

ਆਸ਼ੀਸ਼ ਨੇ ਕਿਹਾ, "ਪੂਰੇ ਇਲਾਕੇ ਵਿੱਚ ਬਦਬੂ ਫੈਲੀ ਹੋਈ ਸੀ ਅਤੇ ਸਾਨੂੰ ਘੰਟਿਆਂ ਤੱਕ ਖੁਦਾਈ ਕਰਨੀ ਪਈ। ਹੱਥ ਦੇ ਕੜੇ ਅਤੇ ਗੱਲ੍ਹ ਵਿੱਚ ਪਾਉਣ ਵਾਲੇ ਕਾਲੇ-ਲਾਲ ਰੇਸ਼ਮ ਦੇ ਧਾਗਿਆਂ ਕਰਕੇ ਮੈਂ ਉਸਨੂੰ ਪਛਾਣ ਸਕਿਆ।''
ਮਿਆਂਮਾਰ ਦੀ ਸਟੇਟ ਕਾਊਂਸਲਰ ਔਂ ਸਾਨ ਸੂ ਚੀ ਨੇ ਹਾਲ ਹੀ ਵਿੱਚ ਰਖਾਈਨ ਸੂਬੇ ਦਾ ਦੌਰਾ ਕਰ ਹਾਲਾਤ ਦਾ ਜਾਇਜ਼ਾ ਲਿਆ ਸੀ।
ਕੌਮਾਂਤਰੀ ਪੱਧਰ 'ਤੇ ਰੋਹਿੰਗਿਆ ਸੰਕਟ 'ਤੇ ਉਨ੍ਹਾਂ ਦੀ ਲੰਬੀ ਚੁੱਪੀ ਦੀ ਕਰੜੀ ਨਿੰਦਾ ਕੀਤੀ ਗਈ ਹੈ।
ਸਮੂਹਕ ਕਬਰਾਂ
ਇਸ ਗੱਲ ਨੂੰ ਸਾਬਿਤ ਕਰਨਾ ਬਹੁਤ ਮੁਸ਼ਕਿਲ ਹੈ ਕਿ ਸਮੂਹਕ ਕਬਰ ਵਿੱਚ ਮਿਲੇ ਲੋਕਾਂ ਦੇ ਕਤਲ ਕਿਸਨੇ ਕੀਤੇ ਸੀ।
ਇਸ ਗੱਲ ਨੂੰ ਵੀ ਸਾਬਿਤ ਕਰਨਾ ਨਾਮੁਮਕਿਨ ਜਿਹਾ ਹੈ ਕਿ ਇਸ ਪੂਰੇ ਕਾਂਡ ਵਿੱਚ ਸਰਕਾਰ ਦੀ ਭੂਮਿਕਾ ਕਿੰਨੀ ਸਹੀ ਰਹੀ ਹੈ।
ਮੁਸ਼ਕਿਲ ਨਾਲ ਰਖਾਈਨ ਪਹੁੰਚਣ ਤੋਂ ਬਾਅਦ ਉੱਤਰੀ ਹਿੱਸੇ ਵਿੱਚ ਜਾਣ ਦੀਆਂ ਸਾਡੀਆਂ ਤਮਾਮ ਗੁਜ਼ਾਰਿਸ਼ਾਂ ਨੂੰ ਸਰਕਾਰ ਨੇ ਸਾਫ਼ ਮਨ੍ਹਾ ਕਰ ਦਿੱਤਾ।
ਪਰ ਇਹ ਸਾਫ਼ ਹੈ ਕਿ ਰੋਹਿੰਗਿਆ ਮੁਸਲਮਾਨਾਂ ਵਾਂਗ ਆਪਣੇ ਘਰ ਅਤੇ ਕਰੀਬੀ ਰਿਸ਼ਤੇਦਾਰਾਂ ਨੂੰ ਗੁਆਉਣ ਵਾਲੇ ਇਸ ਸੂਬੇ ਦੇ ਹਿੰਦੂ ਨਾਗਰਿਕ ਇਸ ਹਿੰਸਾ ਵਿੱਚ ਪਿਸਦੇ ਨਜ਼ਰ ਆ ਰਹੇ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਤੋਂ ਮਿਲਦੀ ਮਦਦ ਕਰਕੇ ਹਿੰਦੂਆਂ ਨੂੰ ਉਨ੍ਹਾਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਅਫਸਰਾਂ ਦੀਆਂ ਨਜ਼ਰਾਂ ਵਿੱਚ ਹਿੰਦੂ ਵੀ ਸਰਕਾਰੀ ਮਦਦ ਦੀ ਤਾਰੀਫ਼ ਕਰਦੇ ਹਨ।
ਇੱਕ ਦੁਪਹਿਰ ਮੈਂ ਜਦੋਂ ਸਰਕਾਰੀ ਅਫ਼ਸਰ ਆਲੇ-ਦੁਆਲੇ ਨਹੀਂ ਸੀ ਤਾਂ ਮੈਂ ਕੁਝ ਹਿੰਦੂਆਂ ਨੂੰ ਮਿਲਣ ਗਿਆ। ਫਿਰ ਉਨ੍ਹਾਂ ਖੁੱਲ੍ਹ ਕੇ ਗੱਲ ਕੀਤੀ।
ਮੁਆਂਗਡੋ ਤੋਂ ਭੱਜ ਕੇ ਆਏ ਇੱਕ ਸ਼ਖਸ ਨੇ ਦੱਸਿਆ, "ਅਸੀਂ ਲੋਕ ਡਰੇ ਹੋਏ ਹਾਂ ਕਿਉਂਕਿ ਜੋ ਮੁਸਲਿਮਾਂ ਦੇ ਨਾਲ ਹੋ ਰਿਹਾ ਹੈ ਉਹ ਸਾਡੇ ਨਾਲ ਵੀ ਹੋ ਸਕਦਾ ਹੈ। ਸਰਕਾਰ ਨੇ ਸਾਨੂੰ ਪਛਾਣ ਵਾਲੇ ਕਾਰਡ ਤਾਂ ਦਿੱਤੇ ਹਨ ਪਰ ਉਹ ਸਾਨੂੰ ਨਾਗਰਿਕਤਾ ਨਹੀਂ ਦਿੰਦੀ।''

"ਨਾ ਹੀ ਸਾਨੂੰ ਸਰਕਾਰੀ ਨੌਕਰੀ ਮਿਲਦੀ ਹੈ ਅਤੇ ਨਾ ਹੀ ਅਸੀਂ ਦੇਸ ਦੇ ਸਾਰੇ ਹਿੱਸਿਆਂ ਵਿੱਚ ਜਾ ਸਕਦੇ ਹਾਂ। ਜੇ ਅਸੀਂ ਮੰਗਾਂ ਰੱਖੀਆਂ ਤਾਂ ਮੈਨੂੰ ਡਰ ਹੈ, ਅਗਲਾ ਨੰਬਰ ਸਾਡਾ ਹੋਵੇਗਾ।''
ਖੌਫ਼ ਹਰ ਥਾਂ ਦਿਖਦਾ ਹੈ। ਚਿਆ ਵਿਨ ਰੋਹਿੰਗਿਆ ਮੁਸਲਮਾਨਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਲੀਡਰ ਹਨ ਅਤੇ ਸਾਂਸਦ ਵੀ ਰਹਿ ਚੁੱਕੇ ਹਨ।
ਉਨ੍ਹਾਂ ਨੂੰ ਮਿਆਂਮਾਰ ਸਰਕਾਰ ਦੇ ਦਾਅਵਿਆਂ 'ਤੇ ਸ਼ੱਕ ਹੈ ਜਿਸ ਵਿੱਚ ਕਿਹਾ ਗਿਆ ਕਿ ਸਮੂਹਕ ਕਬਰ ਵਿੱਚ ਮਿਲੇ ਲੋਕਾਂ ਦਾ ਕਤਲ ਅੱਤਵਾਦੀਆਂ ਵੱਲੋਂ ਕੀਤਾ ਗਿਆ ਹੈ।

ਉਨ੍ਹਾਂ ਕਿਹਾ, "ਰਖਾਈਨ ਵਿੱਚ ਆਰਸਾ ਗਰੁੱਪ ਨਾਲ ਸਬੰਧਿਤ ਅੱਤਵਾਦੀ ਗੈਰ ਕਨੂੰਨੀ ਹਨ ਅਤੇ ਉਹ ਗਲਤ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ।''
ਉਨ੍ਹਾਂ ਅੱਗੇ ਕਿਹਾ, "ਜੇ ਇਨ੍ਹਾਂ ਕਤਲਾਂ ਪਿੱਛੇ ਉਨ੍ਹਾਂ ਦਾ ਹੱਥ ਹੈ ਵੀ ਤਾਂ ਵੀ ਉਨ੍ਹਾਂ ਕੋਲ ਇੰਨਾਂ ਵਕਤ ਕਿੱਥੇ ਹੋਵੇਗਾ ਕਿ ਵਾਰਦਾਤ ਤੋਂ ਬਾਅਦ ਕਬਰਾਂ ਪੁੱਟਣ ਅਤੇ ਫਿਰ ਉਨ੍ਹਾਂ ਨੂੰ ਢੱਕਣ। ਇਹ ਲੋਕ ਹਮੇਸ਼ਾ ਭੱਜ ਰਹੇ ਹੁੰਦੇ ਹਨ ਅਤੇ ਲੁਕ ਰਹੇ ਹੁੰਦੇ ਹਨ।''
ਸਰਕਾਰ ਦਾ ਪੱਖ
ਉੱਧਰ ਮਿਆਂਮਾਰ ਦੀ ਸਰਕਾਰ ਇੰਨ੍ਹਾਂ ਦਾਅਵਿਆਂ ਨੂੰ ਖਾਰਿਜ ਕਰਦੀ ਹੈ ਕਿ ਰਖਾਈਨ ਵਿੱਚ ਰਹਿਣ ਵਾਲੇ ਹਿੰਦੂ, ਸਰਕਾਰ ਅਤੇ ਅੱਤਵਾਦੀਆਂ ਵਿਚਾਲੇ ਖ਼ੌਫ਼ ਵਿੱਚ ਜੀ ਰਹੇ ਹਨ।
ਸਰਕਾਰ ਉਨ੍ਹਾਂ ਨੂੰ ਬਚਾਉਣ ਦੇ ਨਾਲ-ਨਾਲ ਸਹੀ ਪਛਾਣ ਹੋਣ 'ਤੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਦੀ ਵੀ ਗੱਲ ਕਰਦੀ ਰਹੀ ਹੈ।

ਮਿਆਂਮਾਰ ਦੇ ਕੇਂਦਰੀ ਸਮਾਜ ਕਲਿਆਣ ਮੰਤਰੀ ਵਿਨ ਮਿਆਤ ਆਏ ਨੇ ਦੱਸਿਆ, "ਰਖਾਈਨ ਵਿੱਚ ਹਿੰਸਾ ਨਾਲ ਬਹੁਤ ਲੋਕ ਪ੍ਰਭਾਵਿਤ ਹੋਏ ਹਨ ਅਤੇ ਅੱਤਵਾਦੀਆਂ ਨੇ ਹਿੰਦੂਆਂ ਨੂੰ ਵੀ ਮਾਰਿਆ ਹੈ।''
"ਮੈਨੂੰ ਨਹੀਂ ਪਤਾ ਕੁਝ ਬੰਗਲਾਦੇਸ਼ ਕਿਉਂ ਭੱਜੇ? ਸ਼ਾਇਦ ਡਰ ਕਰਕੇ ਇੱਧਰ-ਉੱਧਰ ਭੱਜ ਗਏ ਸੀ, ਪਰ ਹੁਣ ਉਹ ਵਾਪਸ ਆ ਗਏ ਹਨ।''
ਉੱਧਰ ਅਨਿਕਾ ਧਰ ਹੁਣ ਮਿਆਂਮਾਰ ਪਰਤ ਆਈ ਹੈ। ਹਾਲਾਂਕਿ ਹੁਣ ਸਰਕਾਰ ਨੇ ਉਨ੍ਹਾਂ ਨੂੰ ਮੀਡੀਆ ਤੋਂ ਦੂਰ ਰੱਖਿਆ ਹੈ।
ਅਨਿਕਾ ਦਾ ਬੱਚਾ ਹੁਣ ਹਸਪਤਾਲ ਵਿੱਚ ਪੈਦਾ ਹੋ ਸਕੇਗਾ।

ਪਰ ਕੂਕੂ ਬਾਲਾ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਮੁਸ਼ਕਿਲਾਂ ਅਜੇ ਘੱਟ ਨਹੀਂ ਹੋਈਆਂ ਹਨ
ਸਾਡੀ ਮੁਸ਼ਕਿਲਾਂ ਤੋਂ ਕੁਝ ਦਿਨ ਬਾਅਦ ਉਨ੍ਹਾਂ ਨੂੰ ਉਨ੍ਹਾਂ ਪਿੰਡ ਵਾਪਸ ਭੇਜ ਦਿੱਤਾ ਗਿਆ।
ਰਖਾਈਨ ਵਿੱਚ ਹਾਲਾਤ ਚਿੰਤਾਜਨਕ ਹਨ। ਜੋ ਵਾਪਸ ਭੇਜ ਦਿੱਤੇ ਗਏ, ਉਨ੍ਹਾਂ ਨੂੰ ਵੀ ਨਹੀਂ ਪਤਾ, ਉਨ੍ਹਾਂ 'ਤੇ ਅਗਲਾ ਹਮਲਾ ਕੌਣ ਕਰੇਗਾ।













