ਕਿਹੜੀ ਪੇਂਟਿੰਗ ਹੈ ਸ਼੍ਰੋਮਣੀ ਕਮੇਟੀ ਦੇ ਸਲਾਨਾ ਬਜਟ ਨਾਲੋਂ ਢਾਈ ਗੁਣਾ ਮਹਿੰਗੀ ?

ਤਸਵੀਰ ਸਰੋਤ, CHRISTIE'S
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵਿਸ਼ਵ ਪੱਧਰੀ ਸਮਾਜਸੇਵੀ ਕਾਰਜਾਂ ਅਤੇ ਧਰਮ ਪ੍ਰਚਾਰ ਲਈ ਅਰਬਾਂ ਰੁਪਏ ਦੇ ਬਜਟ ਵਾਲੀ ਸੰਸਥਾ ਹੈ। ਸ਼੍ਰੋਮਣੀ ਕਮੇਟੀ ਦਾ ਬਜਟ ਕਈ ਛੋਟੇ ਮੋਟੇ ਸੂਬਿਆਂ ਦੇ ਸਲਾਨਾ ਬਜਟ ਦੇ ਬਰਾਬਰ ਮੰਨਿਆ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਸਾਲ 2017 ਦਾ ਸਲਾਨਾ ਬਜਟ 1106 ਕਰੋੜ ਰੁਪਏ ਪਾਸ ਕੀਤਾ ਗਿਆ ਸੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼੍ਰੋਮਣੀ ਕਮੇਟੀ ਦੇ ਕੁੱਲ ਸਲਾਨਾ ਬਜਟ ਤੋਂ ਢਾਈ ਗੁਣਾ ਵੱਧ ਕੀਮਤ 'ਤੇ ਇੱਕ ਪੇਂਟਿੰਗ ਨਿਲਾਮ ਹੋਈ ਹੈ।
ਅਮਰੀਕਾ ਦੇ ਨਿਊਯਾਰਕ 'ਚ ਈਸਾ ਮਸੀਹ ਦੀ ਕਈ ਸਦੀਆਂ ਪੁਰਾਣੀ ਪੇਂਟਿੰਗ ਨੂੰ ਕਰੀਬ 2940 ਕਰੋੜ ਰੁਪਏ 'ਚ ਖਰੀਦਿਆ ਗਿਆ ਹੈ।

ਤਸਵੀਰ ਸਰੋਤ, Hulton Archive
ਈਸਾ ਮਸੀਹ ਦੀ ਇਸ 500 ਸਾਲ ਪੁਰਾਣੀ ਪੇਂਟਿੰਗ ਦਾ ਨਾਂ ਸਾਲਵਾਡੋਰ ਮੁੰਡੀ (ਦੁਨੀਆਂ ਦੇ ਰਾਖੇ) ਹੈ। ਜਿੰਨਾਂ ਨੂੰ 'ਲਿਓਨਾਰਦੋ ਦਾ ਵਿੰਚੀ' ਨੇ ਬਣਾਇਆ ਸੀ।
ਕਦੋ ਬਣੀ ਤੇ ਸਾਹਮਣੇ ਆਈ ਇਹ ਪੇਂਟਿੰਗ ?
ਮਸ਼ਹੂਰ ਕਲਾਕਾਰ ਲਿਓਨਾਰਦੋ ਦਾ ਵਿੰਚੀ ਨੇ ਸਾਲ 1519 'ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ।
ਦੁਨੀਆਂ 'ਚ ਇਸ ਵੇਲੇ ਉਨ੍ਹਾਂ ਦੀਆਂ 20 ਤੋਂ ਘੱਟ ਪੇਂਟਿੰਗਾਂ ਮੌਜੂਦ ਹਨ।
ਸਾਹਮਣੇ ਨਹੀਂ ਆਇਆ ਖਰੀਦਦਾਰ
ਇਸ ਪੇਂਟਿੰਗ ਨੂੰ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਨਾਲ ਖਰੀਦਿਆ ਗਿਆ ਹੈ। ਹਾਲਾਂਕਿ ਪੇਂਟਿੰਗ ਖਰੀਦਣ ਵਾਲੇ ਦਾ ਨਾਂ ਗੁਪਤ ਰੱਖਿਆ ਗਿਆ ਹੈ।

ਤਸਵੀਰ ਸਰੋਤ, AFP
ਨਿਊਯਾਰਕ 'ਚ ਨਿਲਾਮੀ ਦੌਰਾਨ ਖਰੀਦਦਾਰ ਨੇ 20 ਮਿੰਟ ਤੱਕ ਟੈਲੀਫੋਨ 'ਤੇ ਗੱਲ ਕਰਦੇ ਹੋਏ ਇਸ ਪੇਂਟਿੰਗ ਲਈ 40 ਕਰੋੜ ਡਾਲਰ ਦੀ ਅਖ਼ੀਰਲੀ ਬੋਲੀ ਲਗਾਈ।
ਫ਼ੀਸ ਦੇ ਨਾਲ ਇਸ ਦੀ ਕੀਮਤ ਕਰੀਬ 45 ਕਰੋੜ ਡਾਲਰ ਹੋ ਗਈ।
ਕਦੀ ਸਿਰਫ਼ 60 ਡਾਲਰ 'ਚ ਵਿਕੀ ਸੀ ਇਹ ਪੇਂਟਿੰਗ
ਕਦੀ ਇਸ ਨੂੰ ਪੇਂਟਿੰਗ ਸਿਰਫ਼ 60 ਡਾਲਰ 'ਚ ਨਿਲਾਮ ਕੀਤਾ ਗਿਆ ਸੀ।
ਉਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਪੇਂਟਿੰਗ ਦਾ ਵਿੰਚੀ ਦੇ ਕਿਸੇ ਚੇਲੇ ਨੇ ਬਣਾਈ ਹੈ।

ਤਸਵੀਰ ਸਰੋਤ, Reuters
ਬੀਬੀਸੀ ਪੱਤਰਕਾਰ ਵਿੰਸੇਂਟ ਡੋਦ ਕਹਿੰਦੇ ਹਨ ਕਿ ਹੁਣ ਤੱਕ ਇਹ ਆਮ ਸਹਿਮਤੀ ਨਹੀਂ ਬਣੀ ਹੈ ਕਿ ਇਹ ਲਿਓਨਾਰਦੋ ਦਾ ਵਿੰਚੀ ਦੀ ਪੇਂਟਿੰਗ ਹੈ।
ਇੱਕ ਅਲੋਚਕ ਕਹਿੰਦੇ ਹਨ ਕਿ ਪੇਂਟਿੰਗ 'ਤੇ ਇੰਨੀ ਵਾਰ ਕੰਮ ਹੋ ਚੁੱਕਿਆ ਹੈ ਕਿ ਇਕੋ ਹੀ ਵੇਲੇ ਇਹ ਨਵੀਂ ਅਤੇ ਪੁਰਾਣੇ ਲੱਗਦੀ ਹੈ।
ਕਲਚਰ ਡਾਟ ਕੌਮ 'ਤੇ ਜੇਨੀ ਸਾਲਟਜ਼ ਲਿਖਦੀ ਹੈ, "ਜੇਕਰ ਕੋਈ ਨਿੱਜੀ ਸੰਗ੍ਰਹਿਕਰਤਾ ਇਸ ਪੇਂਟਿੰਗ ਨੂੰ ਖਰੀਦ ਕੇ ਆਪਣੇ ਅਪਾਰਟਮੈਂਟ ਅਤੇ ਸਟੋਰ 'ਚ ਰੱਖਦਾ ਹੈ, ਤਾਂ ਇਹ ਉਨ੍ਹਾਂ ਲਈ ਠੀਕ ਹੈ।"

ਤਸਵੀਰ ਸਰੋਤ, Hulton Archive
ਮੰਨਿਆ ਜਾਂਦਾ ਹੈ ਕਿ ਪੇਂਟਿੰਗ 15ਵੀਂ ਸਦੀ 'ਚ ਇੰਗਲੈਂਡ ਦੇ ਰਾਜਾ ਚਾਰਲਸ ਪ੍ਰਥਮ ਦੀ ਜਾਇਦਾਦ ਸੀ।
ਚਾਰ ਸਾਲਾ ਪਹਿਲਾ ਰੂਸੀ ਸੰਗ੍ਰਹਿਕਰਤਾ ਦਮਿਤਰੀ ਈ ਰਯਾਬੋਲੋਵਲੇਵ ਨੇ ਇਸ ਪੇਂਟਿੰਗ ਨੂੰ 12.7 ਕਰੋੜ ਡਾਲਰ 'ਚ ਖਰੀਦਿਆ ਸੀ।
19ਵੀਂ ਸਦੀ ਦੀ ਪੇਂਟਿੰਗ ਅਤੇ ਹੋਰ ਕਲਾਕ੍ਰਿਤੀਆਂ ਦੇ ਖੇਤਰ 'ਚ ਮਾਹਿਰ ਡਾ. ਟਿਮ ਹੰਟਰ ਇਸ ਪੇਂਟਿੰਗ ਨੂੰ 21ਵੀਂ ਸਦੀ ਦੀ ਸਭ ਤੋਂ ਵੱਡੀ ਖੋਜ ਦੱਸਦੇ ਹਨ।












