ਭੇਡ ਕਰ ਸਕਦੀ ਹੈ ਮਨੁੱਖੀ ਚਿਹਰੇ ਦੀ ਪਛਾਣ

ਕੈਮਬ੍ਰਿਜ ਯੂਨੀਵਰਸਿਟੀ ਦੇ ਖੋਜਕਾਰ ਨੇ ਭੇਡਾਂ ਨੂੰ ਮਸ਼ਹੂਰ ਹਸਤੀਆਂ ਦੇ ਚਿਹਰੇ ਪਛਾਣ ਕਰਨ ਲਈ ਟ੍ਰੇਨਿੰਗ ਦਿੱਤੀ।

ਇਸ ਵਿੱਚ ਅਦਾਕਾਰ ਜੇਕ ਗਾਇਲਨਹਾਲ, ਐਮਾ ਵਾਟਸਨ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਬੀਬੀਸੀ ਨਿਊਜ਼ਰੀਡਰ ਫਿਔਨਾ ਬਰੂਸ ਦੇ ਚਿਹਰੇ ਸਨ।

ਟ੍ਰੇਨਿੰਗ ਤੋਂ ਬਾਅਦ ਭੇਡਾਂ ਨੇ ਅਣਪਛਾਤੇ ਚਿਹਰਿਆਂ ਤੋਂ ਜਾਣੇ ਪਛਾਣੇ ਚਿਹਰਿਆਂ ਦੀ ਚੋਣ ਕੀਤੀ।

ਜਿਸ ਨਾਲ ਸਾਬਤ ਹੁੰਦਾ ਹੈ ਕਿ ਭੇਡਾਂ ਕੋਲ ਵੀ ਪਛਾਣ ਕਰਨ ਦੀ ਸਮਝ ਹੈ।

ਇਸ ਤੋਂ ਪਹਿਲਾਂ ਹੋਏ ਇੱਕ ਪੁਰਾਣੇ ਸਰਵੇਖਣ ਮੁਤਾਬਕ ਭੇਡ ਹੋਰ ਭੇਡਾਂ ਦੀ ਪਛਾਣ ਵੀ ਕਰ ਸਕਦੀ ਹੈ ਅਤੇ ਮਨੁੱਖੀ ਚਰਵਾਹੇ ਦੀ ਵੀ।

ਸਰਵੇਖਣ ਦੇ ਲੇਖਕ ਪ੍ਰੋਫੈਸਰ ਜੈਨੀ ਮੌਰਟਨ ਨੇ ਦੱਸਿਆ, "ਅਸੀਂ ਇਹ ਵੇਖਣਾ ਚਾਹੁੰਦੇ ਸੀ ਕਿ ਇੱਕ ਭੇਡ ਤਸਵੀਰ ਤੋਂ ਕਿਸੇ ਦੀ ਪਛਾਣ ਕਰ ਸਕਦੀ ਹੈ ਜਾਂ ਨਹੀਂ। ਕੀ ਭੇਡ ਦੋ ਡਾਇਮੈਨਸ਼ਨ ਵਾਲੀ ਵਸਤੂ ਨੂੰ ਇੰਨਸਾਨ ਵਜੋਂ ਵੇਖਦੀ ਹੈ?"

ਅੱਠ ਵੈਲਸ਼ ਪਹਾੜੀ ਭੇਡਾਂ ਨੂੰ ਕਈ ਚਿਹਰਿਆਂ 'ਚੋਂ ਚਾਰ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਚੁਣਨ ਲਈ ਲਗਾਇਆ ਗਿਆ। ਸਹੀ ਚੋਣ ਕਰਨ 'ਤੇ ਭੇਡ ਨੂੰ ਇਨਾਮ ਵਜੋਂ ਖਾਣਾ ਦਿੱਤਾ ਗਿਆ।

ਭੇਡਾਂ ਨੂੰ ਦੋ ਕੰਪਿਊਟਰ ਸਕ੍ਰੀਨਾਂ 'ਤੇ ਵੱਖ ਵੱਖ ਚਿਹਰੇ ਵਿਖਾਏ ਗਏ। ਭੇਡਾਂ ਨੇ ਇੰਫਰਾਰੈੱਡ ਲਾਈਟ ਨੂੰ ਨੱਕ ਨਾਲ ਤੋੜਕੇ ਆਪਣੀ ਚੋਣ ਕੀਤੀ।

ਇਸ ਤੋਂ ਬਾਅਦ ਖੋਜਕਾਰਾਂ ਨੇ ਇੱਕ ਹੋਰ ਕੰਮ ਕੀਤਾ। ਉਹ ਵੇਖਣਾ ਚਾਹੁੰਦੇ ਸੀ ਕਿ ਕੀ ਇਹ ਜਾਨਵਰ ਵੱਖਰੇ ਐਂਗਲ ਤੋਂ ਲਈਆਂ ਗਈਆਂ ਤਸਵੀਰਾਂ 'ਚੋਂ ਵੀ ਪਛਾਣ ਕਰ ਸਕਦੇ ਹਨ ਜਾਂ ਨਹੀਂ। ਭੇਡਾਂ ਇਸ ਵਿੱਚ ਵੀ ਕਾਮਯਾਬ ਰਹੀਆਂ।

ਖੋਜਕਾਰ ਇਸ ਦੌਰਾਨ ਇਹ ਵੀ ਵੇਖਣਾ ਚਾਹੁੰਦੇ ਸਨ ਕਿ ਕੀ ਭੇਡ ਤਸਵੀਰ ਦੇਖ ਕੇ ਆਪਣੇ ਚਰਵਾਹੇ ਦੀ ਪਛਾਣ ਕਰ ਸਕਦੀ ਹੈ।

ਉਨ੍ਹਾਂ ਦੇ ਚਰਵਾਹਿਆਂ ਦੀਆਂ ਤਸਵੀਰਾਂ ਵੀ ਸਕ੍ਰੀਨ ਤੇ ਹੋਰ ਅਣਜਾਣ ਚਿਹਰਿਆਂ ਨਾਲ ਵਿਖਾਈਆਂ ਗਈਆਂ। ਪਰ ਭੇਡਾਂ ਨੇ ਫਿਰ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ।

ਇਹ ਨਤੀਜੇ ਸਾਬਤ ਕਰਦੇ ਹਨ ਕਿ ਭੇਡਾਂ ਵਿੱਚ ਵੀ ਚਿਹਰੇ ਨੂੰ ਪਛਾਣ ਕਰਨ ਦੀ ਸਮਝ ਬਾਂਦਰ, ਲੰਗੂਰ ਅਤੇ ਮਨੁੱਖਾਂ ਵਾਂਗ ਹੈ।

ਖੋਜਕਾਰ ਕਹਿੰਦੇ ਹਨ ਕਿ ਇਸ ਬਾਰੇ ਪੜਤਾਲ ਕਰਨਾ ਦਿਲਚਸਪ ਹੋਵੇਗਾ ਕਿ ਭੇਡ ਮਨੁੱਖੀ ਚਿਹਰੇ ਤੇ ਵੱਖ ਵੱਖ ਹਾਵ-ਭਾਵ ਦੀ ਪਛਾਣ ਕਰ ਸਕਦੀਆਂ ਹਨ।

ਇਹ ਜਾਣਕਾਰੀ ਨਿਊਰੋ ਨਾਲ ਜੁੜੀਆਂ ਬੀਮਾਰੀਆਂ ਹਨਟਿੰਗਟਨ ਅਤੇ ਪਾਰਕਿਨਸਨ ਵਿੱਚ ਵੀ ਸਹਾਇਕ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)