You’re viewing a text-only version of this website that uses less data. View the main version of the website including all images and videos.
ਇੰਡੀਗੋ ਕੁੱਟਮਾਰ ਮਾਮਲਾ: ਏਅਰਲਾਇਨ ਦੀ ਜਵਾਬਤਲਬੀ
ਭਾਰਤੀ ਏਅਰਲਾਈਨ ਇੰਡੀਗੋ ਦੇ ਮੁਲਾਜ਼ਮਾਂ ਵੱਲੋਂ ਕਥਿਤ ਤੌਰ ਤੇ ਯਾਤਰੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਤੂਲ ਫੜ੍ਹ ਗਿਆ ਹੈ।
ਸੋਸ਼ਲ ਮੀਡੀਆ ਅਤੇ ਟੀ.ਵੀ ਚੈੱਨਲਾਂ ਉੱਤੇ ਇਸ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਰਾਜ ਮੰਤਰੀ ਜਯੰਤ ਸਿਨਹਾ ਨੇ ਇਸਦਾ ਸਖ਼ਤ ਨੋਟਿਸ ਲਿਆ ਹੈ।
ਸਿਨਹਾ ਨੇ ਆਪਣੇ ਟਵੀਟ ਵਿੱਚ 15 ਅਕਤੂਬਰ ਨੂੰ ਵਾਪਰੀ ਇਸ ਘਟਨਾ ਨੂੰ ਮੰਦਭਾਗਾ ਦੱਸਦਿਆਂ ਲਿਖਿਆ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਕੰਪਨੀ ਦੀ ਜਵਾਬਤਲਬੀ ਕੀਤੀ ਹੈ।
ਸਿਨਹਾ ਨੇ ਇੱਕ ਹੋਰ ਟਵੀਟ ਵਿੱਚ ਦਾਅਵਾ ਕੀਤਾ ਹੈ ਕਿ ਏਅਰਲਾਈਨ ਵੱਲੋਂ ਕਥਿਤ ਮੁਲਜ਼ਮ ਮੁਲਾਜ਼ਮਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਪੀੜ੍ਹਤ ਯਾਤਰੀਆਂ ਵੱਲੋਂ ਅਪਰਾਧਿਕ ਸ਼ਿਕਾਇਤ ਦਰਜ ਕਰਵਾਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਟਵੀਟਰ ਉੱਤੇ ਅੱਗੇ ਲਿਖਿਆ ਕਿ ਉਹ ਪੀੜ੍ਹਤ ਯਾਤਰੀਆਂ ਨੂੰ ਮਿਲਣਗੇ ਅਤੇ ਉਨ੍ਹਾਂ ਦੀ ਸ਼ਿਕਾਇਤ ਸੁਣਨਗੇ।
ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਏਅਰਸੇਵਾ ਅਤੇ ਡੀਜੀਸੀਏ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਵਾਇਰਲ ਹੋ ਰਹੀ ਵੀਡੀਓ ਦੀ ਬੀਬੀਸੀ ਤਸਦੀਕ ਨਹੀਂ ਕਰਦਾ ਪਰ ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਰਕਾਰ ਨੇ ਏਅਰਲਾਈਨ ਦੀ ਜਵਾਬ ਤਲਬੀ ਕੀਤੀ ਹੈ।
ਪੀੜ੍ਹਤ ਯਾਤਰੀ ਤੋਂ ਮੁਾਫ਼ੀ
ਪੀਟੀਆਈ ਦੀ ਖ਼ਬਰ ਮੁਤਾਬਕ ਇੰਡੀਗੋ ਦੇ ਮੁਖੀ ਅਤੇ ਕੁਲਵਕਤੀ ਡਾਇਰੈਕਟਰ ਅਦਿੱਤਯ ਘੋਸ਼ ਨੇ ਪੀੜ੍ਹਤ ਯਾਤਰੀ ਤੋਂ ਮੁਾਫ਼ੀ ਮੰਗੀ ਹੈ ਅਤੇ ਕਥਿਤ ਮੁਲਜ਼ਮਾਂ ਖਿਲਾਫ਼ ਕਾਰਾਵਾਈ ਦੀ ਪੁਸ਼ਟੀ ਕੀਤੀ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ ਇੰਦਰਾ ਗਾਂਧੀ ਏਅਰਪੋਰਟ ਉੱਤੇ ਇੰਡੀਗੋ ਦੇ ਮੁਲਾਜ਼ਮ ਇੱਕ ਅੱਧਖੜ ਉਮਰ ਦੇ ਵਿਅਕਤੀ ਨਾਲ ਝਗੜਦੇ ਦਿਖ ਰਹੇ ਹਨ।
ਇੱਕ ਮੁਲਾਜ਼ਮ ਛੁਡਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਪਰ ਇੱਕ ਮੁਲਾਜ਼ਮ ਨੇ ਯਾਤਰੀ ਨੂੰ ਜ਼ਮੀਨ ਤੇ ਸੁੱਟ ਕੇ ਉਸਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ।
ਇਸ ਤੋਂ ਪਹਿਲਾਂ ਕੌਮਾਂਤਰੀ ਬੈਡਮਿੰਟਨ ਖਿਡਾਰਣ ਪੀ.ਵੀ ਸਿੰਧੂ ਨੇ 4 ਨਵੰਬਰ ਨੂੰ ਇਸੇ ਏਅਰਲਾਈਨ ਦੇ ਮੁਲਾਜ਼ਮਾਂ ਵੱਲੋਂ ਉਸ ਨਾਲ ਬਦਸਲੂਕੀ ਕਰਨ ਦੀ ਸ਼ਿਕਾਇਤ ਕੀਤੀ ਸੀ।