ਨਿਊਯਾਰਕ ਹਮਲਾ: 'ਮੈਂ ਦੇਖਿਆ ਟਰੱਕ ਨੇ ਦੋ ਲੋਕਾਂ ਨੂੰ ਕੁਚਲ ਦਿੱਤਾ'

ਤਸਵੀਰ ਸਰੋਤ, Reuters
ਅਮਰੀਕਾ ਵਿੱਚ ਜਦੋਂ ਇੱਕ ਟਰੱਕ ਨੇ ਸਾਈਕਲ ਲੇਨ ਵਿੱਚ ਵੜ ਕੇ ਲੋਕਾਂ ਨੂੰ ਕੁਚਲਦੇ ਹੋਏ ਇੱਕ ਸਕੂਲ ਬੱਸ ਨੂੰ ਟੱਕਰ ਮਾਰੀ ਤਾਂ ਬਾਬਾਟੁੰਡੇ ਓਗੁਨੀਈ ਉੱਥੇ ਹੀ ਮੌਜੂਦ ਸਨ।
ਉਨ੍ਹਾਂ ਅੱਖੀਂ ਦੇਖਿਆ ਕਿ ਇੱਕ ਟਰੱਕ ਚੱਕਰ ਲਗਾ ਰਿਹਾ ਹੈ। ਫੇਰ ਤੇਜ਼ ਗਤੀ ਨਾਲ ਡਰਾਈਵਰ ਨੇ ਟੱਰਕ ਸਾਈਕਲ ਲੇਨ ਤੇ ਚੜ੍ਹਾ ਦਿੱਤਾ।
ਲੋਅਰ ਮੈਨਹੈਟਨ ਵਿੱਚ ਇਸ ਹਮਲੇ ਦੌਰਾਨ 8 ਲੋਕ ਮਾਰੇ ਗਏ ਅਤੇ 11 ਲੋਕ ਜ਼ਖਮੀ ਹੋਏ ਹਨ।
ਇੱਕ 29 ਸਾਲਾ ਨੌਜਵਾਨ ਨੂੰ ਪੁਲਿਸ ਅਧਿਕਾਰੀਆਂ ਨੇ ਗੋਲੀ ਮਾਰੀ ਤੇ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀਆਂ ਨੇ ਬਾਅਦ ਵਿੱਚ ਕਿਹਾ ਕਿ ਇਹ ਇੱਕ ਦਹਿਸ਼ਤਗਰਦੀ ਹਮਲਾ ਹੈ।
ਅੱਖੀਂ ਡਿੱਠਾ ਹਾਲ
ਓਗੁਨੀਈ 23 ਸਾਲਾ ਕੰਪਿਊਟਰ ਸਾਈਂਸ ਦਾ ਵਿਦਿਆਰਥੀ ਹੈ। ਬੀਬੀਸੀ ਨਾਲ ਗੱਲਬਾਤ ਦੌਰਾਨ ਉਸ ਨੇ ਸਾਰਾ ਵਾਕਿਆ ਬਿਆਨ ਕੀਤਾ ਜੋ ਉਸ ਨੇ ਦੇਖਿਆ ਸੀ।

ਤਸਵੀਰ ਸਰੋਤ, BABATUNDE OGUNNIY
"ਅਸੀਂ ਕਾਲਜ ਦੇ ਬਾਹਰ ਬੈਠੇ ਸੀ ਤੇ ਇਸ ਟਰੱਕ ਨੂੰ ਆਉਂਦੇ ਹੋਏ ਦੇਖਿਆ। ਚੱਕਰ ਲਾਉਂਦਾ ਹੋਇਆ ਤੇ ਮੋੜ ਮੁੜਦਾ ਹੋਇਆ-ਇਹ ਟਰੱਕ 60 ਜਾਂ 70 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਿਹਾ ਸੀ, ਉਹ ਵੀ ਉਸ ਇਲਾਕੇ ਵਿੱਚ ਜਿੱਥੇ ਸਪੀਡ ਲਿਮਿਟ 40 ਹੈ। ਇਹ ਬਹੁਤ ਹੀ ਭੀੜ-ਭਾੜ ਵਾਲਾ ਇਲਾਕਾ ਹੈ।"
"ਇਸ ਦੌਰਾਨ ਉਸ ਨੇ ਦੋ ਲੋਕਾਂ ਨੂੰ ਟੱਕਰ ਮਾਰੀ। ਫਿਰ ਉਹ ਪੈਦਲ ਚੱਲਣ ਵਾਲੇ ਤੇ ਮੋਟਰਸਾਈਕਲ ਵਾਲੇ ਰਾਹ 'ਤੇ ਚਲਾ ਗਿਆ। ਉਸ ਨੇ ਇੱਕ ਸਕੂਲ ਬੱਸ ਨੂੰ ਟੱਕਰ ਮਾਰੀ ਤੇ ਝਟਕੇ ਨਾਲ ਘੁੰਮ ਕੇ ਚਲਾ ਗਿਆ।"
"ਲੋਕਾਂ ਨੇ ਟਰੱਕ ਵੱਲ ਭੱਜਣਾ ਸ਼ੁਰੂ ਕੀਤਾ ਦੇਖਣ ਲਈ ਕਿ ਆਖਿਰ ਕੀ ਹੋ ਰਿਹਾ ਹੈ। ਫਿਰ ਫਾਈਰਿੰਗ ਸ਼ੁਰੂ ਹੋਈ ਤਾਂ ਲੋਕਾਂ ਨੇ ਉਲਟੀ ਦਿਸ਼ਾ ਵਿੱਚ ਭੱਜਣਾ ਸੁਰੂ ਕਰ ਦਿੱਤਾ।"

ਤਸਵੀਰ ਸਰੋਤ, Reuters
"ਇਹ ਹੈਰਾਨ ਕਰਨ ਵਾਲਾ ਸੀ-ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕੀ ਹੈ। ਪਹਿਲਾਂ ਅਜਿਹਾ ਲੱਗਿਆ ਕਿ ਸ਼ਾਇਦ ਕੋਈ ਹਾਦਸਾ ਹੈ।"
ਜਦੋਂ ਲੋਕਾਂ ਨੂੰ ਲੱਗਿਆ ਝਟਕਾ
ਉਸ ਨੇ ਦੱਸਿਆ ਕਿ ਲੋਕ ਹੱਕੇ-ਬੱਕੇ ਸਨ ਤੇ ਜਾਣਦੇ ਨਹੀਂ ਸੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।
"ਸਾਨੂੰ ਹਾਲੇ ਤੱਕ ਪਤਾ ਨਹੀਂ ਸੀ ਕਿ ਜਿੰਨ੍ਹਾਂ ਲੋਕਾਂ ਨੂੰ ਟਰੱਕ ਨੇ ਟੱਕਰ ਮਾਰੀ ਸੀ ਉਹ ਮਰ ਗਏ ਸਨ। ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਪੁਲਿਸ ਨੂੰ ਬੁਲਾਈਏ ਜਾਂ ਐਮਰਜੰਸੀ ਸੇਵਾਵਾਂ ਨੂੰ ਜਾਂ ਫਿਰ ਸਾਨੂੰ ਲੁਕਨ ਦੀ ਥਾਂ ਲੱਭਣੀ ਚਾਹੀਦੀ ਹੈ।"

ਤਸਵੀਰ ਸਰੋਤ, Reuters
"ਅਸੀਂ ਦੇਖਿਆ ਕਿ ਫਾਇਰ ਮਹਿਕਮਾ ਬੱਚਿਆਂ ਨੂੰ ਬੱਸ 'ਚੋਂ ਉਤਾਰ ਰਿਹਾ ਸੀ। ਉਹ ਬੱਸ ਨੂੰ ਥੋੜਾ ਦੂਰ ਲੈ ਗਏ ਤਾਕਿ ਉਸ ਅੰਦਰ ਜਾ ਸਕਣ। ਮੈਨੂੰ ਨਹੀਂ ਪਤਾ ਕਿ ਇਸ ਦੌਰਾਨ ਸਭ ਠੀਕ ਸਨ ਜਾਂ ਨਹੀਂ।"
"ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਦੋ ਲੋਕ ਜੋ ਅਸੀਂ ਦੇਖੇ ਸਨ ਸਿਰਫ਼ ਉਹ ਹੀ ਨਹੀਂ, ਹੋਰ ਵੀ ਮਾਰੇ ਗਏ ਸਨ।"
ਉਸ ਨੇ ਕਿਹਾ ਕਿ ਮਾਹੌਲ ਹੁਣ ਹੱਕੇ-ਬੱਕੇ ਤੋਂ ਝਟਕੇ ਵਿੱਚ ਬਦਲ ਗਿਆ ਸੀ ਕਿਉਂਕਿ ਉਨ੍ਹਾਂ ਇੱਕ ਹਮਲਾ ਅੱਖੀਂ ਦੇਖਿਆ ਸੀ।
"ਇਹ ਉਹ ਚੀਜ਼ ਹੈ, ਜੋ ਤੁਸੀਂ ਕਦੇ ਦੇਖਣ ਦੀ ਉਮੀਦ ਨਹੀਂ ਕਰਦੇ। ਤੁਸੀਂ ਟੀਵੀ 'ਤੇ ਜਾਂ ਖਬਰਾਂ 'ਚ ਹੀ ਦੇਖਦੇ ਹੋ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਤੁਹਾਡੇ ਸਾਹਮਣੇ ਹੋ ਸਕਦਾ ਹੈ। ਤੁਹਾਡੇ ਇੰਨਾ ਨੇੜੇ!"

ਤਸਵੀਰ ਸਰੋਤ, Reuters
"ਕਿਸੇ ਵੀ ਹੋਰ ਚੀਜ਼ ਨਾਲੋਂ ਮੈਨੂੰ ਉਸ ਦਾ ਤੇਜ਼ ਰਫ਼ਤਾਰ ਨਾਲ ਟਰੱਕ ਚਲਾਉਣਾ ਤੇ ਇੰਜਨ ਘੁਮਾਉਣਾ ਯਾਦ ਹੈ।"
2017 ਵਿੱਚ ਹੋਏ ਹੋਰ ਹਮਲੇ
- 6 ਜਨਵਰੀ: ਫਲੋਰਿਡਾ ਦੇ ਫੋਰਟ ਲੋਡਰਡੇਲ ਹਵਾਈ ਅੱਡੇ 'ਤੇ ਗੋਲੀਬਾਰੀ ਹੋਈ। 5 ਲੋਕ ਮਾਰੇ ਗਏ ਜਦਕਿ 6 ਜ਼ਖਮੀ ਹੋਏ। 12 ਹਜ਼ਾਰ ਲੋਕਾਂ ਨੂੰ ਹਵਾਈ ਅੱਡਾ ਖਾਲੀ ਕਰਨਾ ਪਿਆ।
- 14 ਜਨਵਰੀ: ਵਰਜੀਨੀਆ ਦੇ ਅਲੈਗਜ਼ੈਂਡਰੀਆਂ ਦੇ ਬੇਸਬਾਲ ਮੈਦਾਨ ਵਿੱਚ ਰਿਪਬਲੀਕਨ ਸ਼ਖ਼ਸ'ਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਅਮਰੀਕੀ ਪ੍ਰਤੀਨਿਧੀ ਸਟੀਵ ਸਕੇਲਾਈਜ਼ ਸਣੇ 5 ਲੋਕ ਜ਼ਖਮੀ ਹੋ ਗਏ।
- 12 ਅਗਸਤ: ਵਰਜੀਨੀਆ ਦੇ ਚਾਰਲੇਟਵਿਲ 'ਚ ਮੁਜ਼ਾਹਰਾ ਕਰ ਰਹੇ ਲੋਕਾਂ 'ਤੇ ਗੱਡੀ ਚੜ੍ਹਾ ਦਿੱਤੀ ਗਈ। ਰੰਗ-ਭੇਦ ਦੇ ਖਿਲਾਫ਼ ਮੁਜ਼ਾਹਰੇ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
- 24 ਸਿਤੰਬਰ: ਟੈਨੇਸੀ ਦੇ ਐਨੀਟੋਕ ਵਿੱਚ ਚਰਚ ਸਰਵਿਸ ਦੌਰਾਨ ਇੱਕ ਨਕਾਬਪੋਸ਼ ਨੇ ਹਮਲਾ ਕੀਤਾ। ਹਮਲੇ ਦੌਰਾਨ ਚਰਚ ਵਿੱਚ ਪੁਲਿਸ ਤੇ 42 ਲੋਕ ਮੌਜੂਦ ਸਨ।
- 1 ਅਕਤੂਬਰ: ਨੇਵਾਡਾ ਦੇ ਲਾਸ ਵੇਗਾਸ ਵਿੱਚ ਕੰਨਸਰਟ ਵਿੱਚ ਹਮਲਾ ਕੀਤਾ। ਪੁਲਿਸ ਮੁਤਾਬਕ 58 ਲੋਕ ਮਾਰੇ ਗਏ, ਜਦਕਿ 515 ਲੋਕ ਜ਼ਖਮੀ ਹੋ ਗਏ। 64 ਸਾਲਾ ਹਮਲਾਵਰ ਸਟੀਫ਼ਨ ਪੈਡਕ ਨੇ ਖੁਦ ਨੂੰ ਗੋਲੀ ਮਾਰ ਲਈ। ਅਮਰੀਕਾ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਖਤਰਨਾਕ ਹਮਲਾ ਮੰਨਿਆ ਜਾਂਦਾ ਹੈ।












