ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਤੋਂ ਚੋਰੀ ਕੀਤਾ ਕਿਮ ਜੋਂਗ ਉਨ ਨੂੰ ਮਾਰਨ ਦਾ 'ਪਲਾਨ'

ਤਸਵੀਰ ਸਰੋਤ, AFP PHOTO/KCNA VIA KNS
ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਦੇ ਹੈਕਰਾਂ ਨੇ ਦੱਖਣੀ ਕੋਰੀਆ ਦੀ ਫੌਜ ਦੇ ਕੰਪਿਊਟਰਾਂ 'ਚੋਂ ਅਹਿਮ ਡਾਟਾ ਚੋਰੀ ਕਰ ਲਿਆ ਹੈ।
ਇਸ ਡਾਟੇ ਵਿੱਚ ਉੱਤਰੀ ਕੋਰੀਆਂ ਦੇ ਨੇਤਾ ਕਿਮ ਜੋਂਗ ਉਨ ਦੇ ਕ਼ਤਲ ਦੀ ਸਾਜ਼ਿਸ਼ ਦੀ ਯੋਜਨਾ ਵੀ ਸ਼ਾਮਿਲ ਹੈ।
ਦੱਖਣੀ ਕੋਰੀਆ ਦੇ ਇੱਕ ਸਾਂਸਦ ਰੀ ਸ਼ਿਓਲ ਦਾ ਕਹਿਣਾ ਹੈ ਕਿ ਇਹ ਚੋਰੀ ਕੀਤੀਆਂ ਗਈਆਂ ਜਾਣਕਾਰੀਆਂ ਦੇਸ ਦੇ ਰੱਖਿਆ ਮੰਤਰਾਲੇ ਦੀਆਂ ਹਨ।
ਇਸ ਵਿੱਚ ਉੱਤਰੀ ਕੋਰੀਆ ਅਤੇ ਅਮਰੀਕਾ ਦੀ ਸਾਂਝੀ ਯੁੱਧ ਨੀਤੀ ਅਤੇ ਯੁੱਧ ਦੇ ਹਾਲਾਤ 'ਚ ਬਚਾਅ ਦੇ ਤਰੀਕਿਆਂ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ।

ਤਸਵੀਰ ਸਰੋਤ, Reuters
ਫੌਜੀ ਕਮਾਂਡਰਾਂ ਨਾਲ ਜੁੜੀਆਂ ਜਾਣਕਾਰੀਆਂ ਵੀ ?
ਇਹਨਾਂ ਦਸਤਾਵੇਜ਼ਾਂ ਵਿੱਚ ਅਮਰੀਕਾ ਅਤੇ ਦੱਖਣੀ ਕੋਰੀਆ ਦੇ ਫੌਜੀ ਕਮਾਂਡਰਾਂ ਨਾਲ ਸਬੰਧਤ ਜਾਣਕਾਰੀਆਂ ਵੀ ਹਨ।
ਅਜੇ ਤੱਕ ਦੱਖਣੀ ਕੋਰੀਆ ਨੇ ਡਾਟਾ ਚੋਰੀ ਦੀਆਂ ਇਹਨਾਂ ਰਿਪੋਰਟਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
235 ਜੀਬੀ ਡਾਟਾ ਚੋਰੀ
ਚੋਰੀ ਕੀਤੇ ਗਏ ਡਾਟਾ ਵਿੱਚ ਦੱਖਣੀ ਕੋਰੀਆ ਦੇ ਵਿਸ਼ੇਸ਼ ਸੈਨਿਕ ਦਸਤਾਵੇਜ਼, ਪਾਵਰ ਪਲਾਂਟਾਂ ਅਤੇ ਅਹਿਮ ਸੈਨਿਕ ਠਿਕਾਣਿਆਂ ਬਾਰੇ ਵੀ ਜਾਣਕਾਰੀ ਸ਼ਾਮਲ ਹੈ।
ਸਾਂਸਦ ਰੀ ਨੇ ਦਾਅਵਾ ਕੀਤਾ ਹੈ ਕਿ ਕਰੀਬ 235 ਗੀਗਾਬਾਈਟ ਸੈਨਿਕ ਡਾਟਾ ਡਿਫੈਂਸ ਇੰਟੀਗ੍ਰੇਟਿਡ ਡਾਟਾ ਸੈਂਟਰ ਤੋਂ ਚੋਰੀ ਕੀਤਾ ਗਿਆ ਹੈ।
ਚੋਰੀ ਕੀਤੇ ਗਏ ਡਾਟਾ ਵਿਚੋਂ 80 ਫ਼ੀਸਦ ਦੀ ਪਛਾਣ ਕਰਨੀ ਅਜੇ ਬਾਕੀ ਹੈ।
ਪਿਛਲੇ ਸਾਲ ਦੀ ਘਟਨਾ
ਇਹ ਡਾਟਾ ਬੀਤੇ ਸਾਲ ਸਤੰਬਰ ਵਿੱਚ ਹੈਕ ਕੀਤਾ ਗਿਆ ਸੀ।
ਇਸ ਸਾਲ ਮਈ ਵਿੱਚ ਦੱਖਣੀ ਕੋਰੀਆ ਨੇ ਕਿਹਾ ਸੀ ਕਿ ਵੱਡੀ ਮਾਤਰਾ ਵਿੱਚ ਡਾਟਾ ਚੋਰੀ ਹੋਇਆ ਹੈ ਅਤੇ ਇਸ ਦੇ ਪਿੱਛੇ ਉੱਤਰੀ ਕੋਰੀਆ ਹੋ ਸਕਦਾ ਹੈ।
ਉਸ ਤੋਂ ਇਲਾਵਾ ਕੋਈ ਹੋਰ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ।

ਤਸਵੀਰ ਸਰੋਤ, Reuters
ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਵੱਲੋਂ ਲਗਾਏ ਗਏ ਚੋਰੀ ਦੇ ਇਲਜ਼ਾਮਾਂ ਨੂੰ ਖ਼ਾਰਜ ਕਰ ਦਿੱਤਾ ਹੈ।
ਦੱਖਣੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਯੋਨਹੈਪ ਮੁਤਾਬਕ ਪਿਛਲੇ ਕੁਝ ਸਾਲਾਂ 'ਚ ਉੱਤਰੀ ਕੋਰੀਆ ਵੱਲੋਂ ਕਈ ਵੱਡੇ ਸਾਈਬਰ ਹਮਲੇ ਹੋਏ ਹਨ।
ਜਿਸ ਦੇ ਨਿਸ਼ਾਨੇ 'ਤੇ ਬਹੁਤ ਸਾਰੀਆਂ ਸਰਕਾਰੀ ਵੈਬਸਾਈਟਾਂ ਅਤੇ ਠਿਕਾਣੇ ਸਨ।
ਤਿਆਰ ਕੀਤੇ ਹੈਕਰ
ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਨੇ ਸਾਈਬਰ ਹੈਕਿੰਗ ਲਈ ਵਿਸ਼ੇਸ਼ ਤੌਰ 'ਤੇ ਹੈਕਰ ਤਿਆਰ ਕੀਤੇ ਹਨ। ਜਿਨਾਂ ਨੂੰ ਚੀਨ ਸਮੇਤ ਕਈ ਦੇਸਾਂ 'ਚ ਤੈਨਾਤ ਕੀਤਾ ਗਿਆ ਹੈ।
ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਨੇ ਉਸ ਬਾਰੇ ਹੈਕਰ ਤਿਆਰ ਕਰਨ ਦੀ ਅਫ਼ਵਾਹ ਫੈਲਾਈ ਹੈ।
ਉੱਤਰੀ ਕੋਰੀਆ ਵੱਲੋਂ ਡਾਟਾ ਚੋਰੀ ਕਰਨ ਦੀਆਂ ਇਹਨਾਂ ਰਿਪੋਰਟਾਂ ਨਾਲ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਚੱਲ ਰਹੇ ਤਣਾਅ 'ਤੇ ਕੋਈ ਅਸਰ ਨਹੀਂ ਹੋਵੇਗਾ।
ਦੋਵਾਂ ਦੇਸਾਂ ਵਿਚਾਲੇ ਮਾਹੌਲ ਗਰਮ
ਦੋਵਾਂ ਦੇਸਾਂ ਵਿਚਾਲੇ ਪਹਿਲਾਂ ਹੀ ਤਿੱਖੀ ਸ਼ਬਦੀ ਜੰਗ ਚੱਲ ਰਹੀ ਹੈ।

ਤਸਵੀਰ ਸਰੋਤ, Reuters
ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਆਪਣੇ ਮਿਜ਼ਾਇਲ ਪ੍ਰੋਗਰਾਮ ਨੂੰ ਰੋਕ ਦੇਵੇ, ਜਦਕਿ ਉੱਤਰੀ ਕੋਰੀਆ ਕਹਿੰਦਾ ਰਿਹਾ ਹੈ ਕਿ ਉਹ ਆਪਣੀ ਪਰਮਾਣੂ ਸ਼ਕਤੀ ਨੂੰ ਵਧਾਉਂਦਾ ਰਹੇਗਾ।
ਪਿਛਲੇ ਕੁਝ ਦਿਨਾਂ ਦੌਰਾਨ ਉੱਤਰੀ ਕੋਰੀਆ ਨੇ ਮਿਜ਼ਾਇਲ 'ਚ ਜਾਣ ਲਈ ਸਮਰਥ ਛੋਟੇ ਹਾਈਡ੍ਰੋਜਨ ਬੰਬ ਵਿਕਸਿਤ ਕਰਨ ਦਾ ਵੀ ਦਾਅਵਾ ਕੀਤਾ ਹੈ।
ਦੋਵਾਂ ਦੇਸਾਂ ਦੇ ਨੇਤਾ ਕਈ ਵਾਰ ਇੱਕ ਦੂਜੇ ਨੂੰ ਤਬਾਹ ਕਰਨ ਦੀ ਧਮਕੀ ਵੀ ਦੇ ਚੁੱਕੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












